ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਲੋਕਾਂ ਨੂੰ ਨਹੀਂ ਮਿਲ ਰਹੀਆਂ ਜ਼ਰੂਰੀ ਵਸਤਾਂ

Posted On March - 27 - 2020

ਕਰਫਿਊ ਦਾ ਤੀਜਾ ਦਿਨ

ਕਰਫਿਊ ਦੀ ਉਲੰਘਣਾ ਕਰਨ ’ਤੇ 280 ਹੋਰ ਵਿਅਕਤੀ ਹਿਰਾਸਤ ਵਿੱਚ ਲਏ;
ਪੁਲੀਸ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ

ਲਾਲੜੂ ਵਿੱਚ ਵੀਰਵਾਰ ਨੂੰ ਇਕ ਰੇਹੜੀ ਤੋਂ ਸਬਜ਼ੀ ਖਰੀਦਦੇ ਹੋਏ ਲੋਕ।

ਦਵਿੰਦਰ ਪਾਲ
ਚੰਡੀਗੜ੍ਹ, 26 ਮਾਰਚ
ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਕਰੋਨਾਵਾਇਰਸ ਦੇ ਟਾਕਰੇ ਲਈ ਲਾਏ ਗਏ ਕਰਫਿਊ ਨੂੰ ਲਾਗੂ ਕਰਨ ਲਈ ਪੁਲੀਸ ਵੱਲੋਂ ਸਖ਼ਤੀ ਅਤੇ ਮਿਲਵਰਤਣ ਦੋਵੇਂ ਬਰਾਬਰ ਜਾਰੀ ਰੱਖੇ ਗਏ। ਪੁਲੀਸ ਵੱਲੋਂ ਸੂਬੇ ਦੇ ਲੋਕ ਸੰਪਰਕ ਵਿਭਾਗ ਰਾਹੀਂ ਦਿੱਤੀਆਂ ਰਿਪੋਰਟਾਂ ਮੁਤਾਬਕ ਜਿੱਥੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਵਸਤਾਂ ਖਾਸ ਕਰ ਰਾਸ਼ਨ ਅਤੇ ਸਬਜ਼ੀਆਂ ਆਦਿ ਮੁਹੱਈਆ ਕਰਾਉਣ ਦੀ ਡਿਊਟੀ ਨਿਭਾਈ ਗਈ ਉਥੇ ਲੋਕਾਂ ਨੂੰ ਸਖ਼ਤੀ ਨਾਲ ਘਰਾਂ ਅੰਦਰ ਬੈਠੇ ਰਹਿਣ ਲਈ ਕਦਮ ਵੀ ਚੁੱਕਣੇ ਪਏ। ਸੂਤਰਾਂ ਮੁਤਾਬਕ ਕਰਫਿਊ ਦੇ ਤੀਜੇ ਦਿਨ ਅੱਜ 180 ਦੇ ਕਰੀਬ ਪਰਚੇ ਦਰਜ ਕੀਤੇ ਗਏ ਅਤੇ 280 ਦੇ ਕਰੀਬ ਵਿਅਕਤੀਆਂ ਨੂੰ ਪਾਬੰਦੀਆਂ ਨਾ ਮੰਨਣ ਦੇ ਦੋਸ਼ਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜਨਤਕ ਜਥੇਬੰਦੀਆਂ ਨੇ ਪੰਜਾਬ ਪੁਲੀਸ ਵੱਲੋਂ ਕਰਫਿਊ ਲਾਗੂ ਕਰਨ ਲਈ ਅਪਣਾਏ ਗਏ ਗੈਰ-ਮਨੁੱਖੀ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਸੰਕਟ ਦੀ ਘੜੀ ’ਚ ਲੋਕਾਂ ਨੂੰ ਦਲੀਲ ਨਾਲ ਪੇਸ਼ ਆਉਣਾ ਚਾਹੀਦਾ ਹੈ। ਪੰਜਾਬ ਪੁਲੀਸ ਨੇ ਆਮ ਜਨਤਾ ਲਈ ਇੱਕ ਸਮਰਪਿਤ ਨੰਬਰ ‘112’ ਦਾ ਐਲਾਨ ਕੀਤਾ ਹੈ ਜੋ ਕਰਫਿਊ ਨਾਲ ਜੁੜੇ ਕਿਸੇ ਵੀ ਪੁਲੀਸ ਮਸਲੇ ਨੂੰ ਹੱਲ ਕਰਨ ਲਈ ਕਰਫਿਊ ਹੈਲਪਲਾਈਨ ਵਜੋਂ ਸਹਾਇਤਾ ਕਰੇਗਾ। ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦਾ ਕੋਈ ਵੀ ਵਿਅਕਤੀ ਐਮਰਜੈਂਸੀ ਦੌਰਾਨ ਹਸਪਤਾਲ ਜਾਣ, ਖਾਣੇ, ਕਰਿਆਨਾ, ਦਵਾਈਆਂ ਦੀ ਸਪਲਾਈ, ਐੱਲਪੀਜੀ ਸਿਲੰਡਰ ਵਰਗੀਆਂ ਸਹੂਲਤਾਂ ਦੀ ਜਾਣਕਾਰੀ ਜਾਂ ਮਦਦ ਲਈ ਹੈਲਪਲਾਈਨ ਨੰਬਰ 112 ਡਾਇਲ ਕਰ ਸਕਦਾ ਹੈ। ਜ਼ਰੂਰੀ ਸਾਮਾਨ ਲਿਜਾਣ ਵਾਲੇ ਟਰੱਕਾਂ ਦੀ ਬੇਰੋਕ ਆਵਾਜਾਈ ਅਤੇ ਈ-ਕਾਮਰਸ ਕੰਪਨੀਆਂ ਵੱਲੋਂ ਸਾਮਾਨ ਦੀ ਵੰਡ ਵਿੱਚ ਮੁਸ਼ਕਲ ਬਾਰੇ ਇਸ ਨੰਬਰ ’ਤੇ ਫੋਨ ਕੀਤਾ ਜਾ ਸਕਦਾ ਹੈ।
ਪੰਜਾਬ ਪੁਲੀਸ ਨੇ ਕਰਫਿਊ ਲਾਗੂ ਕਰਾਉਣ ਲਈ ਲਗਾਤਾਰ ਤੀਜੇ ਦਿਨ ਵੀ ਸਖ਼ਤੀ ਕੀਤੀ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਤਾੜਨਾ ਵੀ ਕੀਤੀ। ਪੁਲੀਸ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਪਾਬੰਦੀਆਂ ਤੋੜਨ ਵਾਲੇ ਲੋਕਾਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਜ਼ਿਆਦਾ ਮਾਮਲੇ ਜਲੰਧਰ ਸ਼ਹਿਰ, ਤਰਨਤਾਰਨ, ਕਪੂਰਥਲਾ, ਫਤਹਿਗੜ੍ਹ ਸਾਹਿਬ, ਲੁਧਿਆਣਾ ਆਦਿ ਜ਼ਿਲ੍ਹਿਆਂ ਵਿੱਚ ਦਰਜ ਕੀਤੇ ਗਏ। ਪੁਲੀਸ ਵੱਲੋਂ ਤਿੰਨ ਦਿਨਾਂ ਦੌਰਾਨ 700 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਬਹੁਤਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਅੱਜ ਵੀ 280 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦੀਆਂ ਰਿਪੋਰਟਾਂ ਹਨ। ਸੂਬੇ ਦੇ ਪਿੰਡਾਂ ਵਿੱਚ ਪਾਬੰਦੀਆਂ ਕਾਰਨ ਵੱਖਰੇ ਕਿਸਮ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿੰਡਾਂ ਵਿੱਚ ਸਥਿਤ ਛੋਟੇ ਦੁਕਾਨਦਾਰਾਂ ਅਤੇ ਮੈਡੀਕਲ ਸਟੋਰਾਂ ’ਤੇ ਸਟਾਕ ਖ਼ਤਮ ਹੋਣ ਨੇੜੇ ਹੈ। ਸਰਦੇ-ਪੁੱਜਦੇ ਲੋਕਾਂ ਨੇ ਪਾਬੰਦੀਆਂ ਕਾਰਨ ਸਾਮਾਨ ਤਾਂ ਖ਼ਰੀਦ ਲਿਆ ਹੈ ਪਰ ਪਿੰਡਾਂ ਦੀ ਗਰੀਬ ਵਸੋਂ, ਜਿਨ੍ਹਾਂ ਰੋਜ਼ਾਨਾ ਹੀ ਖ਼ਰੀਦ ਕੇ ਖਾਣਾ ਹੁੰਦਾ ਹੈ, ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੌਰਾਨ ਸਭ ਤੋਂ ਜ਼ਿਆਦਾ ਮਾੜੀ ਹਾਲਤ ਘਰਾਂ ਵਿੱਚੋਂ ਨਿੱਤ ਦਿਨ ਦੀਆਂ ਵਸਤਾਂ ਦੇ ਹਾਸਲ ਨਾ ਹੋਣ ਕਾਰਨ ਲੋਕਾਂ ਦੀ ਹੋਈ ਪਈ ਹੈ। ਸਰਕਾਰ ਅਤੇ ਪੁਲੀਸ ਵੱਲੋਂ ਲੋਕਾਂ ਨੂੰ ਵਸਤਾਂ ਪਹੁੰਚਾਉਣ ਦੇ ਦਾਅਵੇ ਤਾਂ ਕੀਤੇ ਗਏ ਹਨ ਪਰ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਤਕਲੀਫਾਂ ਜਨਤਕ ਕੀਤੀਆਂ ਹਨ। ਚੰਡੀਗੜ੍ਹ ਵਿੱਚ ਵੀ ਲੋਕਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ ਹਾਲਾਂਕਿ ਕੁਝ ਸੈਕਟਰਾਂ ਵਿੱਚ ਸਰਕਾਰੀ ਬੱਸਾਂ ਰਾਹੀਂ ਸਬਜ਼ੀਆਂ ਲੋਕਾਂ ਤੱਕ ਪੁੱਜਦੀਆਂ ਕੀਤੀਆਂ ਗਈਆਂ ਤੇ ਰਾਸ਼ਨ ਦੀਆਂ ਦੁਕਾਨਾਂ ਖੋਲ੍ਹ ਕੇ ਪੁਲੀਸ ਤਾਇਨਾਤ ਕਰਕੇ ਲੋਕਾਂ ਨੂੰ ਰਾਸ਼ਨ ਲੈਣ ਦੀ ਖੁੱਲ੍ਹ ਵੀ ਦਿੱਤੀ ਗਈ। ਚੰਡੀਗੜ੍ਹ ਦੇ ਕੁਝ ਸੈਕਟਰਾਂ ’ਚ ਵੇਰਕਾ ਅਤੇ ਵੀਟਾ ਦੇ ਬੂਥਾਂ ’ਤੇ ਲੋਕਾਂ ਦੀ ਭੀੜ ਜ਼ਰੂਰ ਦੇਖੀ ਗਈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਇੱਕ-ਦੋ ਦਿਨਾਂ ਤੱਕ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ ਜਾਣਗੀਆਂ। ਇੱਕ ਅਧਿਕਾਰੀ ਮੁਤਾਬਕ ਨਵਾਂ ਪ੍ਰਬੰਧ ਕਾਇਮ ਕਰਨ ਨੂੰ ਥੋੜਾ ਸਮਾਂ ਤਾਂ ਲੱਗ ਹੀ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਕਰੋਨਾਵਾਇਰਸ ਦੇ ਖਤਰੇ ਨੂੰ ਦੇਖਦਿਆਂ ਪਾਬੰਦੀਆਂ ਦਾ ਤਾਂ ਉਹ ਸਵਾਗਤ ਕਰਦੇ ਹਨ ਅਤੇ ਘਰਾਂ ਅੰਦਰ ਦੜ ਕੇ ਰਹਿਣ ਲਈ ਵੀ ਤਿਆਰ ਹਨ ਪਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਸਪਲਾਈ ਰੋਜ਼ਾਨਾ ਯਕੀਨੀ ਬਣਾਉਣ ਦੀ ਲੋੜ ਹੈ। ਲੁਧਿਆਣਾ, ਪਟਿਆਲਾ, ਮੁਹਾਲੀ, ਜਲੰਧਰ ਅਤੇ ਅੰਮ੍ਰਿਤਸਰ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਪ੍ਰਸ਼ਾਸਨ ਵੱਲੋਂ ਜੋ ਨੰਬਰ ਮੁਹੱਈਆ ਕਰਵਾਏ ਗਏ ਹਨ, ਉਹ ਹਾਲ ਦੀ ਘੜੀ ਉਨ੍ਹਾਂ ਨੰਬਰਾਂ ਅਤੇ ਦੁਕਾਨਾਂ ਰਾਹੀਂ ਮੁਕੰਮਲ ਰੂਪ ਵਿੱਚ ਸਹੂਲਤਾਂ ਸੰਭਵ ਨਹੀਂ ਹੋ ਸਕਦੀਆਂ ਅਤੇ ਪ੍ਰਸ਼ਾਸਨ ਨੇ ਵੀ ਦੁਕਾਨਦਾਰਾਂ ਨੂੰ ਮਾਲ ਵੇਚਣ ਦੀ ਪ੍ਰਵਾਨਗੀ ਦੇਣ ’ਚ ਦੇਰੀ ਕਰ ਦਿੱਤੀ ਹੈ ਜਿਸ ਕਰਕੇ ਪ੍ਰੇਸ਼ਾਨੀਆਂ ਖੜ੍ਹੀਆਂ ਹੋਈਆਂ।

ਸੁਖਬੀਰ ਵੱਲੋਂ ਪੁਲੀਸ ਸਖ਼ਤੀ ਦੀ ਨਿੰਦਾ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ ਲੜਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾਰੇ ਉਸਾਰੂ ਉਪਰਾਲਿਆਂ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਦੁਆਰਾ ਆਪਣੇ ਮਹਾਮਾਰੀ ਵਿਰੋਧੀ ਕਦਮਾਂ ਨੂੰ ਲਾਗੂ ਕਰਨ ਲਈ ਵਿਖਾਈ ਜਾ ਰਹੀ ਕਠੋਰਤਾ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਹੈ ਕਿ ਔਰਤਾਂ ਤੋਂ ਬੈਠਕਾਂ ਮਰਵਾਉਣੀਆਂ ਸਾਡੇ ਸਭਿਆਚਾਰ ਦੇ ਖਿਲਾਫ਼ ਹੈ। ਇੱਕ ਬਿਆਨ ਰਾਹੀਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਚਾਨਕ ਲਾਏ ਗਏ ਕਰਫਿਊ ਲਈ ਤਿਆਰ ਨਹੀਂ ਸਨ, ਜਿਸ ਕਰਕੇ ਉਹ ਹੈਰਾਨ ਹਨ। ਉਨ੍ਹਾਂ ਕਿਹਾ,‘ਮੈਂ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਾ ਹਾਂ, ਸਰਕਾਰ ਨੂੰ ਇਨ੍ਹਾਂ ਉਪਰਾਲਿਆਂ ਨੂੰ ਸੰਵੇਦਨਸ਼ੀਲਤਾ ਨਾਲ ਲਾਗੂ ਕਰਨਾ ਚਾਹੀਦਾ ਸੀ, ਨਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਾਸ ਕਰਕੇ ਔਰਤਾਂ ਖ਼ਿਲਾਫ ਕਰੂਰ ਤਾਕਤ ਦਾ ਇਸਤੇਮਾਲ ਕਰਨਾ ਚਾਹੀਦਾ ਸੀ। ਔਰਤਾਂ ਨੂੰ ਡੰਡ ਬੈਠਕਾਂ ਕੱਢਣ ਲਈ ਮਜ਼ਬੂਰ ਕਰਨਾ ਸਾਡੇ ਸੱਭਿਆਚਾਰ ਦੇ ਖ਼ਿਲਾਫ ਹੈ। ਇੱਥੇ ਇਹ ਕੰਮ ਪੁਰਸ਼ ਪੁਲਿਸ ਕਰਮਚਾਰੀਆਂ ਨੇ ਕਰਵਾਇਆ ਹੈ। ਇਹ ਬਿਲਕੁੱਲ ਵੀ ਸਵੀਕਾਰਯੋਗ ਨਹੀਂ ਹੈ। ਸ੍ਰੀ ਬਾਦਲ ਨੇ ਕਿਹਾ ਕਿ ਇੰਨੀ ਲੰਬੀ ਦੇਰ ਵਾਸਤੇ ਕੋਈ ਵੀ ਕਰਫਿਊ ਲੋਕਾਂ ਦੇ ਸਹਿਯੋਗ ਨਾਲ ਹੀ ਲਾਗੂ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਮੀਡੀਆ, ਖਾਸ ਕਰਕੇ ਇਲੈਕਟ੍ਰੋਨਿਕ ਅਤੇ ਆਨਲਾਈਨ ਮੀਡੀਆ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨਾ ਕਿ ਲੋਕਾਂ ਅੰਦਰ ਡਰ ਅਤੇ ਨਿਰਾਸ਼ਾ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਯਤਨਾਂ ਦੀ ਹਮਾਇਤ ਕਰਦੇ ਹਾਂ ਪਰ ਇਸ ਵਾਸਤੇ ਇਸਤੇਮਾਲ ਕੀਤੇ ਜਾ ਰਹੇ ਢੰਗ ਤਰੀਕਿਆਂ ਨਾਲ ਸਹਿਮਤ ਨਹੀਂ ਹਾਂ। ਇਹਨਾਂ ਤਰੀਕਿਆਂ ਨੂੰ ਬਦਲਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੇ ਨਿਯਮਾਂ ਦੀ ਪਾਲਣਾ ਵਿਚ ਪ੍ਰਸਾਸ਼ਨ ਦਾ ਪੂਰਾ ਸਹਿਯੋਗ ਦੇਣ। ਸ੍ਰੀ ਬਾਦਲ ਨੇ ਕਿਹਾ ਕਿ ਰਿਪੋਰਟਾਂ ਮੁਤਾਬਕ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੀ ਸਪਲਾਈ ਸੰਬੰਧੀ ਕੀਤੇ ਜਾ ਰਹੇ ਦਾਅਵੇ ਵੀ ਅੰਸ਼ਿਕ ਰੂਪ ਵਿਚ ਹੀ ਸੱਚੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਤਕ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਉਹ ਸਾਰੇ ਚੈਨਲਾਂ ਦਾ ਇਸਤੇਮਾਲ ਕਰੇ।

ਦਿਹਾੜੀਦਾਰਾਂ ਨੂੰ ਰਾਸ਼ਨ ਦੇ 10 ਲੱਖ ਪੈਕੇਟ ਵੰਡਣ ਦਾ ਐਲਾਨ

ਚੰਡੀਗੜ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਦਿਹਾੜੀਦਾਰ ਕਾਮਿਆਂ ਅਤੇ ਗੈਰ-ਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਸੁੱਕੇ ਰਾਸ਼ਨ ਦੇ 10 ਲੱਖ ਪੈਕੇਟ ਤੁਰੰਤ ਵੰਡਣ ਦਾ ਐਲਾਨ ਕੀਤਾ ਹੈ ਤਾਂ ਜੋ ਕੋਵਿਡ-19 ਕਾਰਨ ਕਰਫਿਊ ਲਾਉਣ ਨਾਲ ਪੈਦਾ ਹੋਏ ਹਾਲਾਤ ਮੌਕੇ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਪੁਲੀਸ ਨੂੰ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਦੀ ਹਦਾਇਤ ਵੀ ਕੀਤੀ ਹੈ।ਹਰੇਕ ਪੈਕੇਟ ਵਿੱਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਹੋਵੇਗੀ ਅਤੇ ਇਹ ਪੈਕੇਟ ਝੁੱਗੀ-ਝੌਂਪੜੀਆਂ ਅਤੇ ਹੋਰ ਇਲਾਕਿਆਂ ਵਿੱਚ ਵੰਡੇ ਜਾਣਗੇ। ਮੁੱਖ ਮੰਤਰੀ ਨੇ ਇਹ ਪੈਕੇਟ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿੱਚ ਵੀ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਕਿ ਘਰ-ਘਰ ਵੰਡਣ ਮੌਕੇ ਇਹ ਪੈਕੇਟ ਹਾਸਲ ਨਾ ਕਰ ਸਕਣ ਵਾਲੇ ਵਿਅਕਤੀਆਂ ਦੀ ਮਦਦ ਕੀਤੀ ਜਾ ਸਕੇ। ਉਹ ਖੁਰਾਕ ਲਈ ਹੈਲਪਲਾਈਨ ਨੰਬਰ ’ਤੇ ਵੀ ਕਾਲ ਕਰ ਸਕਦੇ ਹਨ। ਕੈਪਟਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਆਰਥਿਕ ਪੈਕੇਜ ਦੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸਮਾਜ ਦੇ ਕਈ ਤਬਕਿਆਂ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕੇਂਦਰ ਸਰਕਾਰ ਨੇ ਦਿਹਾੜੀਦਾਰਾਂ ਅਤੇ ਗੈਰ-ਸੰਗਠਤ ਖੇਤਰ ਦੇ ਕਾਮਿਆਂ ਨੂੰ ਫੌਰੀ ਰਾਹਤ ਨਹੀਂ ਦਿੱਤੀ ਜਿਨ੍ਹਾਂ ਨੂੰ ਕਰਫਿਊ/ਤਾਲਾਬੰਦੀ ਤੋਂ ਬਾਅਦ ਉਨ੍ਹਾਂ ਦੇ ਹੀ ਸਹਾਰੇ ਛੱਡ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪਾਰਟੀ ਦੀ ਅਗਵਾਈ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਗਈ ਵੀਡੀਓ ਕਾਨਫਰੰਸਿੰਗ ਦੌਰਾਨ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਵਿਚਲੇ ਗਰੀਬ ਲੋਕਾਂ ਤੱਕ ਪਹੁੰਚ ਕਰਨ ਲਈ ਹਰਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਨਾਗਰਿਕਾਂ ਨੂੰ ਸਹਾਇਤਾ ਦੇਣ ਲਈ ਸੂਬੇ ਵਿੱਚ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਕਾਂਗਰਸ ਪ੍ਰਧਾਨ ਨੂੰ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹਰੇਕ ਜ਼ਿਲ੍ਹੇ ਵਿੱਚ ਸਹਾਇਤਾ ਅਤੇ ਡਲਿਵਰੀ ਸਿਸਟਮ ਨੂੰ ਸੁਚਾਰੂ ਬਣਾਉਣ। ਇਸ ਸਬੰਧ ਵਿਚ ਅੱਜ ਹਾਲਾਤ ’ਚ ਹੋਰ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਸ਼ੁਰੂ ਕੀਤੀ ਗਈ ਈ-ਪਾਸ ਦੀ ਸਹੂਲਤ ਇਸ ਦਿਸ਼ਾ ਵਿਚ ਅਹਿਮ ਕਦਮ ਹੈ। ਕੁਝ ਇਲਾਕਿਆਂ ਵਿੱਚ ਦਵਾਈਆਂ ਵਾਲੀਆਂ ਦੁਕਾਨਾਂ ’ਤੇ ਭੀੜ ਵਧਣ ਦੀਆਂ ਰਿਪੋਰਟਾਂ ਮਗਰੋਂ ਕੈਪਟਨ ਨੇ ਭਰੋਸਾ ਦਿਵਾਇਆ ਕਿ ਦਵਾਈਆਂ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਡਾਕਟਰਾਂ ਅਤੇ ਸਿਹਤ ਕਰਮੀਆਂ ਨੂੰ ਵੀ ਭਰੋਸਾ ਦਿਵਾਇਆ ਕਿ ਕੋਵਿਡ-19 ਦੀਆਂ ਟੈਸਟਿੰਗ ਕਿੱਟਾਂ ਅਤੇ ਲੋੜੀਂਦਾ ਸਾਜ਼ੋ-ਸਾਮਾਨ ਉਪਲੱਬਧ ਹੈ।


Comments Off on ਲੋਕਾਂ ਨੂੰ ਨਹੀਂ ਮਿਲ ਰਹੀਆਂ ਜ਼ਰੂਰੀ ਵਸਤਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.