ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ

Posted On March - 29 - 2020

ਜੱਗਾ ਸਿੰਘ ਆਦਮਕੇ
ਸੈਰ ਸਫ਼ਰ

ਗਦੀਸਾਗਰ ਝੀਲ

ਜੈਸਲਮੇਰ ਪ੍ਰਸਿੱਧ ਸੈਲਾਨੀ ਕੇਂਦਰ ਹੈ। ਰਾਜਸਥਾਨ ਦੇ ਪੱਛਮ ਵਿਚ ਪਾਕਿਸਤਾਨੀ ਸਰਹੱਦ ਨੇੜੇ ਥਾਰ ਮਾਰੂਥਲ ਵਿਚ ਸਥਿਤ ਇਸ ਨਗਰ ਦੇ ਆਸ-ਪਾਸ ਮੀਲਾਂ ਵਿਚ ਫੈਲੇ ਰੇਤਲੇ ਟਿੱਬੇ, ਵਿਰਾਸਤੀ ਤੇ ਸੁੰਦਰ ਸਥਾਨ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੇ ਹਨ। ਸਰਦੀਆਂ ਵਿਚ ਇੱਥੇ ਦੇਸ਼-ਵਿਦੇਸ਼ ਦੇ ਸੈਲਾਨੀਆਂ ਦੀ ਪੂਰੀ ਰੌਣਕ ਹੁੰਦੀ ਹੈ। ਇੱਥੋਂ ਦੀਆਂ ਬਹੁਗਿਣਤੀ ਇਮਾਰਤਾਂ ਦੇ ਨਿਰਮਾਣ ਲਈ ਪੀਲੇ ਪੱਥਰਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਉੱਪਰ ਪੈਂਦੀ ਧੁੱਪ ਕਾਰਨ ਮਾਰਦੀ ਸੁਨਹਿਰੀ ਭਾਹ ਕਰਕੇ ਇਸ ਨੂੰ ‘ਰਾਜਸਥਾਨ ਦੀ ਸੁਨਹਿਰੀ ਨਗਰੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਜੈਪੁਰ ਤੋਂ 350, ਬੀਕਾਨੇਰ ਤੋਂ 330 ਅਤੇ ਜੋਧਪੁਰ ਤੋਂ 281 ਕਿਲੋਮੀਟਰ ਦੂਰ ਹੈ। ਇਸ ਨਗਰ ਦੀ ਸਥਾਪਨਾ ਭਾਟੀ ਸ਼ਾਸਕ ਰਾਵਲ ਜੈਸਲ ਨੇ 1156 ਈਸਵੀ ਵਿਚ ਕੀਤੀ। ਵੱਡੇ ਨਾਂ ਵਾਲਾ ਜੈਸਲਮੇਰ ਭੀੜੀਆਂ ਗਲੀਆਂ ਵਾਲਾ ਅਤੇ ਆਬਾਦੀ ਪੱਖੋਂ ਛੋਟਾ ਸ਼ਹਿਰ ਹੈ। ਇਸ ਸ਼ਹਿਰ ਵਿਚ ਵੱਡੀ ਗਿਣਤੀ ’ਚ ਵਿਰਾਸਤੀ ਸਥਾਨ ਹਨ। ਇਨ੍ਹਾਂ ਵਿਰਾਸਤੀ ਸਥਾਨਾਂ ਵਿਚੋਂ ਬਾਦਲ ਮਹੱਲ, ਨੱਥ ਮੱਲ ਦੀ ਹਵੇਲੀ, ਸਲੀਮ ਸਿੰਘ ਦੀ ਹਵੇਲੀ, ਪੱਟਵਾਂ ਦੀ ਹਵੇਲੀ ਆਦਿ ਪ੍ਰਮੁੱਖ ਹਨ। ਇਨ੍ਹਾਂ ਦੀ ਬਣਤਰ ਤੇ ਨੱਕਾਸ਼ੀ ਸੁੰਦਰ ਦਰਜੇ ਦੀ ਹੈ।
ਜੈਸਲਮੇਰ ਦਾ ਸਭ ਤੋਂ ਪ੍ਰਮੁੱਖ ਤੇ ਸੁੰਦਰ ਸੈਲਾਨੀ ਸਥਾਨ ਇੱਥੋਂ ਦਾ ਕਿਲ੍ਹਾ ਹੈ। ਪੀਲੇ ਰੰਗ ਦੇ ਪੱਥਰ ਤੋਂ ਬਣਿਆ ਹੋਣ ਕਾਰਨ ਇਸ ’ਤੇ ਸੂਰਜ ਦੀਆਂ ਕਿਰਨਾਂ ਪੈਣ ’ਤੇ ਇਹ ਸੋਨੇ ਵਾਂਗ ਚਮਕਦਾ ਹੈ। ਇਸੇ ਸਦਕਾ ਇਸ ਨੂੰ ‘ਸੋਨਾਰ ਕਿਲ੍ਹਾ’ ਜਾਂ ‘ਗੋਲਡਨ ਫੋਰਟ’ ਕਿਹਾ ਜਾਂਦਾ ਹੈ। ਤਿਕੋਣੀ ਪਹਾੜੀ ਤ੍ਰਿਕੂਟ ’ਤੇ ਸਥਿਤ ਇਹ ਕਿਲ੍ਹਾ ਸ਼ਹਿਰ ਦੇ ਸਾਰੇ ਪਾਸਿਓਂ ਵਿਖਾਈ ਦਿੰਦਾ ਹੈ। ਇਸ ਕਿਲ੍ਹੇ ਦੇ ਮੁੱਖ ਦਰਵਾਜ਼ੇ ਸਮੇਤ ਚਾਰ ਪੋਲ (ਦਰਵਾਜ਼ੇ) ਹਨ। ਇਨ੍ਹਾਂ ਵਿਚੋਂ ਗਣੇਸ਼ ਪੋਲ ਤੇ ਹਵਾ ਪੋਲ ਕਿਲ੍ਹੇ ਦੇ ਮੁੱਖ ਦਰਵਾਜ਼ੇ ਹਨ। ਕਿਲ੍ਹੇ ਦੀਆਂ ਪੀਲੇ ਪੱਥਰ ਨਾਲ ਬਣੀਆਂ ਇਮਾਰਤਾਂ ਅਤੇ ਮਹੱਲ ਨੱਕਾਸ਼ੀਦਾਰ ਵੇਲ ਬੂਟਿਆਂ, ਜਾਲੀਆਂ, ਕਿੰਗਰਿਆਂ ਵਾਲੀਆਂ ਖਿੜਕੀਆਂ ਆਦਿ ਕਾਰਨ ਬੇਹੱਦ ਸੁੰਦਰ ਹਨ। ਇਹ ਭਾਰਤ ਦਾ ਹੀ ਨਹੀਂ, ਦੁਨੀਆਂ ਦਾ ਅਜਿਹਾ ਵੱਡਾ ਕਿਲ੍ਹਾ ਹੈ ਜਿਸ ਦੇ ਅੰਦਰ ਸੈਂਕੜੇ ਘਰਾਂ ਵਿਚ ਲੋਕ ਵਸਦੇ ਹਨ। ਇਨ੍ਹਾਂ ਇਮਾਰਤਾਂ ਦਾ ਰੰਗ ਵੀ ਕਿਲ੍ਹੇ ਦੀ ਵਿਸ਼ੇਸ਼ਤਾ ਮੁਤਾਬਿਕ ਪੀਲਾ ਹੈ। ਇੱਥੇ ਆਏ ਸੈਲਾਨੀ ਕਿਲ੍ਹੇ ਵਿਚ ਰਾਤ ਠਹਿਰਨ ਦਾ ਲੁਤਫ਼ ਵੀ ਲੈਂਦੇ ਹਨ। ਜੈਸਲਮੇਰ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਕਿਲ੍ਹੇ ਵਿਚ ਨਿਵਾਸ ਕਰਦਾ ਹੈ। ਕਿਲ੍ਹੇ ਵਿਚਲੇ ਖ਼ੂਬਸੂਰਤ ਜੈਨ ਮੰਦਿਰ ਕਲਾ ਦਾ ਬੇਜੋੜ ਨਮੂਨਾ ਹਨ। ਇਨ੍ਹਾਂ ਮੰਦਿਰਾਂ ਦਾ ਨਿਰਮਾਣ 12ਵੀਂ ਤੋਂ 15ਵੀਂ ਸਦੀ ਦਰਮਿਆਨ ਹੋਇਆ ਹੈ। ਇਹ ਮੰਦਿਰ ਜੈਨ ਤੀਰਥੰਕਰਾਂ ਨੂੰ ਸਮਰਪਿਤ ਹਨ। ਇਨ੍ਹਾਂ ਮੰਦਿਰਾਂ ਵਿਚ ਦਿਲਵਾੜਾ ਸ਼ੈਲੀ ਵਿਚ ਪੌਰਾਣਿਕ ਕਥਾਵਾਂ ਨਾਲ ਸਬੰਧਤ ਮੂਰਤੀਆਂ ਉੱਕਰੀਆਂ ਹੋਈਆਂ ਹਨ। ਇੱਥੇ ਸਥਿਤ ਇਕ ਛੋਟੀ ਲਾਇਬਰੇਰੀ ਵਿਚ ਪੁਰਾਤਨ ਗ੍ਰੰਥ ਅਤੇ ਪਾਂਡੂ ਲਿਪੀਆਂ ਮੌਜੂਦ ਹਨ। ਕਿਲ੍ਹੇ ਦੀਆਂ ਦੀਵਾਰਾਂ ਤੀਹ ਫੁੱਟ ਉੱਚੀਆਂ ਹਨ ਅਤੇ ਸੁਰੱਖਿਆ ਲਈ ਇਸ ਵਿਚ 99 ਬੁਰਜ ਬਣਾਏ ਗਏ ਸਨ। ਇਸ ਕਿਲ੍ਹੇ ਵਿਚ ਰੰਗਮੱਹਲ, ਗਜ ਵਿਲਾਸ ਪ੍ਰਮੁੱਖ ਸਥਾਨ ਹਨ। ਕਿਲ੍ਹੇ ਦੀਆਂ ਦੀਵਾਰਾਂ ਤੋਂ ਬਾਹਰ ਵੀ ਚਾਰੇ ਪਾਸੇ ਸ਼ਹਿਰ ਵਸਿਆ ਹੋਇਆ ਹੈ। 2013 ਵਿਚ ਯੂਨੈਸਕੋ ਦੀ 37ਵੀਂ ਬੈਠਕ ਦੌਰਾਨ ਇਸ ਕਿਲ੍ਹੇ ਨੂੰ ਵਿਸ਼ਵ ਵਿਰਾਸਤੀ ਸਥਾਨਾਂ ਦੀ ਸੂਚੀ ਵਿਚ ਸ਼ੁਮਾਰ ਕੀਤਾ ਗਿਆ।

ਪੱਟਵਾਂ ਦੀ ਹਵੇਲੀ।

ਬਾਦਲ ਮਹੱਲ ਨੂੰ ਮੰਦਿਰ ਪੈਲੇਸ ਵੀ ਕਿਹਾ ਜਾਂਦਾ ਹੈ। ਇਹ ਜੈਸਲਮੇਰ ਦੇ ਸ਼ਾਹੀ ਪਰਿਵਾਰ ਦੇ ਨਿਵਾਸ ਲਈ ਕਿਲ੍ਹੇ ਤੋਂ ਬਾਹਰ ਬਣਾਇਆ ਮਹੱਲ ਹੈ। ਇਸ ਮਹੱਲ ਬਾਰੇ ਕਿਹਾ ਜਾਂਦਾ ਹੈ ਕਿ ਮਹਾਰਾਵਲ ਬੈਰੀਸਾਲ ਸਿੰਘ ਨੇ ਇਹ ਕਿਸੇ ਵਿਸ਼ਵਾਸ ਅਨੁਸਾਰ ਕਿਲ੍ਹੇ ਤੋਂ ਬਾਹਰ ਬਣਵਾਇਆ ਸੀ। ਇਸ ਕੰਪੈਲਕਸ ਵਿਚ ਪੰਜ ਮੰਜ਼ਿਲਾ ਤਾਜ਼ੀਆ ਟਾਵਰ ਸਥਿਤ ਹੈ। ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਤਾਜ਼ੀਆ ਸ਼ੈਲੀ ’ਤੇ ਆਧਾਰਿਤ ਹੈ। ਤਾਜ਼ੀਆ ਮਕਬਰਿਆਂ ਦੇ ਆਕਾਰ ’ਤੇ ਆਧਾਰਿਤ ਇਸ ਟਾਵਰ ਦਾ ਨਿਰਮਾਣ ਮੁਸਲਿਮ ਕਾਰੀਗਰਾਂ ਨੇ ਕੀਤਾ ਸੀ। ਇਹ ਟਾਵਰ ਸ਼ਿਲਪਕਲਾ ਦੇ ਪੱਖ ਤੋਂ ਕਾਫ਼ੀ ਸੁੰਦਰ ਹੈ। ਇਹ ਆਪਣੀਆਂ ਕੰਧਾਂ, ਲੱਕੜੀ ਆਦਿ ’ਤੇ ਹੋਈ ਸੁੰਦਰ ਨੱਕਾਸ਼ੀ ਕਾਰਨ ਪ੍ਰਸਿੱਧ ਹੈ। ਹਰੇਕ ਮੰਜ਼ਿਲ ’ਤੇ ਖ਼ੂਬਸੂਰਤ ਬਾਲਕੋਨੀਆਂ ਬਣੀਆਂ ਹੋਈਆਂ ਹਨ।
ਮਹਾਰਾਵਲ ਗਦਸੀ ਸਿੰਘ ਨੇ ਚੌਦ੍ਹਵੀਂ ਸਦੀ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਇਤਿਹਾਸਕ ਝੀਲ ਗਦੀਸਾਗਰ ਦਾ ਨਿਰਮਾਣ ਕਰਵਾਇਆ। ਇਹ ਝੀਲ ਕਦੇ ਸ਼ਹਿਰ ਲਈ ਪਾਣੀ ਦਾ ਮੁੱਖ ਸ੍ਰੋਤ ਸੀ। ਹੁਣ ਇਹ ਸਥਾਨ ਜੈਸਲਮੇਰ ਦਾ ਇਕ ਮਹੱਤਵਪੂਰਨ ਸੈਲਾਨੀ ਕੇਂਦਰ ਹੈ। ਇਸ ਝੀਲ ਦੇ ਪ੍ਰਵੇਸ਼ ਦੁਆਰ, ਝੀਲ ਕੰਢੇ ਬਣੇ ਮੰਦਿਰ, ਘਾਟ ਅਤੇ ਇਸ ਵਿਚ ਬਣੇ ਚਬੂਤਰੇ, ਛਤਰੀਆਂ ਕਾਫ਼ੀ ਸੁੰਦਰ ਹਨ। ਇਸ ਵਿਚ ਜਾਣ ਲਈ ਪੀਲੇ ਪੱਥਰ ਦਾ ਨੱਕਾਸ਼ੀਦਾਰ ਟੀਲੋਂ ਕਾ ਪੋਲ ਨਾਮੀਂ ਦਰਵਾਜ਼ਾ ਬਣਿਆ ਹੋਇਆ ਹੈ। ਸੂਰਜ ਨਿਕਲਣ ਸਮੇਂ ਜੈਸਲਮੇਰ ਦੇ ਕਿਲ੍ਹੇ ਦਾ ਸੁੰਦਰ ਨਜ਼ਾਰਾ ਇਸ ਝੀਲ ਵਿਚ ਵੇਖਿਆ ਜਾ ਸਕਦਾ ਹੈ। ਸਰਦੀਆਂ ਵਿਚ ਪਰਵਾਸੀ ਪੰਛੀ ਵੀ ਇਸ ਝੀਲ ਵੱਲ ਰੁਖ਼ ਕਰਦੇ ਹਨ। ਇਸ ਵਿਚ ਮੱਛੀਆਂ ਦੀ ਕਾਫ਼ੀ ਗਿਣਤੀ ਮੌਜੂਦ ਹੈ ਜਿਨ੍ਹਾਂ ਨੂੰ ਸੈਲਾਨੀ ਭੋਜਨ ਪਾਉਂਦੇ ਹਨ। ਸੁੰਦਰ ਤੇ ਸ਼ਾਂਤ ਵਾਤਾਵਰਨ ਦੇ ਨਾਲ ਨਾਲ ਝੀਲ ਵਿਚ ਕਿਸ਼ਤੀ ਸਵਾਰੀ ਦਾ ਲੁਤਫ਼ ਵੀ ਲਿਆ ਜਾ ਸਕਦਾ ਹੈ।
ਦੀਵਾਨ ਸਾਲਮ ਸਿੰਘ ਦੀ ਹਵੇਲੀ ਵੀ ਜੈਸਲਮੇਰ ਦਾ ਇਕ ਪ੍ਰਮੁੱਖ ਸੈਲਾਨੀ ਕੇਂਦਰ ਹੈ। ਇਹ ਕਿਲ੍ਹੇ ਤੋਂ ਕੁਝ ਦੂਰੀ ’ਤੇ ਅਮਰ ਸਾਗਰ ਪੋਲ ਦੇ ਨਜ਼ਦੀਕ ਸਥਿਤ ਹੈ। ਪੀਲੇ ਪੱਥਰ ਨਾਲ 1825 ਵਿਚ ਬਣੀ ਇਸ ਹਵੇਲੀ ਦੀ ਵਿਲੱਖਣ ਵਾਸਤੂਕਲਾ ਅਤੇ ਸ਼ੈਲੀ ਹੈ। ਇਸ ਦੀ ਮੋਰ ਦੇ ਆਕਾਰ ਦੀ ਛੱਤ ਅਤੇ 38 ਬਾਲਕੋਨੀਆਂ ਹਨ। ਇਸ ਹਵੇਲੀ ਦੀ ਬਣਤਰ ਜਹਾਜ਼ ਵਾਂਗ ਪ੍ਰਤੀਤ ਹੁੰਦੀ ਹੈ। ਹਵੇਲੀ ਦੇ ਪੱਥਰਾਂ ’ਤੇ ਕੀਤੀ ਨੱਕਾਸ਼ੀ ਅਤੇ ਜਾਲੀਆਂ, ਕਿੰਗਰਿਆਂ ਦੀ ਸ਼ਿਲਪਕਾਰੀ ਕਾਫ਼ੀ ਸੁੰਦਰ ਹੈ। ਹਵੇਲੀ ਦਾ ਨਿਰਮਾਣ ਬਿਨਾ ਸੀਮਿੰਟ ਤੋਂ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਸਾਲਮ ਸਿੰਘ ਨੇ ਇਸ ਹਵੇਲੀ ਨੂੰ ਕਿਲ੍ਹੇ ਤੋਂ ਉੱਚਾ ਬਣਵਾਇਆ ਸੀ। ਜੈਸਲਮੇਰ ਦੇ ਰਾਜੇ ਨੂੰ ਇਹ ਗੱਲ ਪਸੰਦ ਨਹੀਂ ਆਈ। ਇਸ ਕਾਰਨ ਇਸ ਦੀਆਂ ਉੱਪਰਲੀਆਂ ਦੋ ਮੰਜ਼ਿਲਾਂ ਨੂੰ ਢਹਾ ਦਿੱਤਾ ਸੀ।

ਗਦੀਸਾਗਰ ਝੀਲ ਵਿਚ ਬਣੀ ਛਤਰੀ।

ਦੀਵਾਨ ਨੱਥ ਮੱਲ ਦੀ ਦੋ ਮੰਜ਼ਿਲਾ ਹਵੇਲੀ ਜੈਸਲਮੇਰ ਦੀਆਂ ਸਭ ਤੋਂ ਸੁੰਦਰ ਹਵੇਲੀਆਂ ਵਿਚੋਂ ਇਕ ਹੈ। ਇਸ ਹਵੇਲੀ ਦਾ ਨਿਰਮਾਣ 1885 ਵਿਚ ਕੀਤਾ ਗਿਆ। ਇਸ ਹਵੇਲੀ ਦੇ ਨਿਰਮਾਣ ਸਮੇਂ ਜੈਸਲਮੇਰ ਦੇ ਮਹਾਰਾਜੇ ਲਈ ਮੰਦਿਰ ਮਹੱਲ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਇਸ ਦੇ ਮਹੱਲ ਤੋਂ ਵਿਹਲ ਸਮੇਂ ਕਾਰੀਗਰਾਂ ਵੱਲੋਂ ਨੱਥ ਮੱਲ ਦੀ ਹਵੇਲੀ ਦਾ ਨਿਰਮਾਣ ਕੀਤਾ ਗਿਆ। ਹਵੇਲੀ ਦੇ ਵਾਸਤੂਕਾਰਾਂ ਲਾਲੂ ਤੇ ਹਾਥੀ ਵੱਲੋਂ ਇਸ ਦੇ ਇਕ ਇਕ ਪਾਸੇ ਦਾ ਨਿਰਮਾਣ ਕੀਤੇ ਜਾਣ ਕਾਰਨ ਦੋਵੇਂ ਪਾਸਿਆਂ ਦੀ ਸ਼ੈਲੀ ਵਿਚ ਵਖਰੇਵਾਂ ਹੋਣ ਦੇ ਬਾਵਜੂਦ ਇਹ ਸਿਰਜਣਾ ਦੀ ਉੱਤਮ ਉਦਾਹਰਨ ਹੈ। ਬਾਅਦ ਵਿਚ ਮਹਾਰਾਵਲ ਬੈਰੀਸਾਲ ਸਿੰਘ ਨੇ ਇਸ ਹਵੇਲੀ ਨੂੰ ਦੀਵਾਨ ਨੱਥ ਮੱਲ ਨੂੰ ਭੇਂਟ ਕਰ ਦਿੱਤਾ ਸੀ। ਅੱਜ ਵੀ ਉਸ ਦੇ ਵੰਸ਼ਜ ਇਸ ਹਵੇਲੀ ਵਿਚ ਰਹਿੰਦੇ ਹਨ। ਇਹ ਹਵੇਲੀ ਬਹਾਰੋਂ ਨੱਕਾਸ਼ੀਦਾਰ ਅਤੇ ਅੰਦਰੋਂ ਕਾਫ਼ੀ ਸੁੰਦਰ ਹੈ। ਇਸ ਦੇ ਮੁੱਖ ਦਰਵਾਜ਼ੇ ’ਤੇ ਬਣੇ ਜਾਲੀਦਾਰ ਤੇ ਕਲਾਤਮਿਕ ਝਰੋਖੇ, ਛੱਜੇ ਆਦਿ ਕਲਾ ਦੇ ਬੇਜੋੜ ਨਮੂਨੇ ਹਨ। ਇਸ ਦੀ ਪਹਿਲੀ ਮੰਜ਼ਿਲ ’ਤੇ ਸੁੰਦਰ ਚਿੱਤਰਕਾਰੀ ਕੀਤੀ ਗਈ ਹੈ ਜਦੋਂਕਿ ਉੱਪਰਲੀ ਮੰਜ਼ਿਲ ਸਾਧਾਰਨ ਹੈ। ਅੰਦਰੂਨੀ ਚਿੱਤਰਕਾਰੀ ਪੱਖੋਂ ਵੀ ਇਹ ਮਹੱਤਵਪੂਰਨ ਹੈ। ਇਸ ਦੇ ਖੰਭਿਆਂ ਅਤੇ ਦੀਵਾਰਾਂ ’ਤੇ ਪਸ਼ੂ ਜਾਨਵਰਾਂ ਦੇ ਭਿੱਤੀ ਚਿੱਤਰਾਂ ਨੂੰ ਚਿਤਰਿਆ ਗਿਆ ਹੈ। ਇਸ ਵਿਚ ਉੱਕਰੇ ਕਾਰ ਅਤੇ ਪੱਖੇ ਦੇ ਚਿੱਤਰਾਂ ਸਬੰਧੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਬਾਰੇ ਸੁਣ ਕੇ ਹੀ ਕਲਾਕਾਰਾਂ ਨੇ ਚਿਤਰਿਆ ਸੀ। ਇਸ ਦੇ ਚਬੂਤਰੇ ’ਤੇ ਹਾਥੀ ਵੀ ਸਥਾਪਤ ਹਨ। ਹਵੇਲੀ ਮੁਗ਼ਲ ਤੇ ਰਾਜਪੂਤ ਭਵਨ ਨਿਰਮਾਣ ਕਲਾ ਦਾ ਸੁਮੇਲ ਹੈ।
ਇੱਥੋਂ ਦਾ ਥਾਰ ਹੈਰੀਟੇਜ ਅਜਾਇਬਘਰ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਸਥਿਤ ਹੈ। ਇਸ ਦਾ ਸੰਸਥਾਪਕ ਲੱਛਮੀ ਨਰਾਇਣ ਖੱਤਰੀ ਸੀ। ਇਸ ਵਿਚ ਇਤਿਹਾਸਕ ਦਸਤਾਵੇਜ਼, ਸਿੱਕੇ, ਲਿਪੀਆਂ, ਹਥਿਆਰਾਂ, ਰਾਜਸਥਾਨੀ ਬਸਤਰ, ਬਰਤਨ ਆਦਿ ਸੰਗ੍ਰਹਿਤ ਕੀਤੇ ਗਏ ਹਨ। ਗਦੀਸਰ ਝੀਲ ਕਿਨਾਰੇ ਇਕ ਹੋਰ ਅਜਾਇਬਘਰ ਸਥਿਤ ਹੈ। ਇਸ ਦੇ ਛੇ ਭਾਗਾਂ ਵਿਚ ਗਹਿਣੇ, ਸਿੱਕੇ, ਪੋਸਟ ਕਾਰਡ, ਊਠਾਂ ਨਾਲ ਸਬੰਧਤ ਸਾਮਾਨ, ਬਸਤਰਾਂ, ਚਿੱਤਰਾਂ ਆਦਿ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।

ਜੱਗਾ ਸਿੰਘ ਆਦਮਕੇ

ਸ਼ਹਿਰ ਵਿਚ 1800 ਤੋਂ 1860 ਦਰਮਿਆਨ ਬਣੀ ਪਟਵਾਂ ਦੀ ਹਵੇਲੀ ਆਪਣੀ ਸ਼ਿਲਪਕਲਾ ਕਾਰਨ ਪ੍ਰਸਿੱਧ ਹੈ। ਇਹ ਹਵੇਲੀ ਵੀ ਜੈਸਲਮੇਰ ਦਾ ਇਕ ਸੁੰਦਰ ਵਿਰਾਸਤੀ ਸਥਾਨ ਹੈ। ਇਹ ਹਵੇਲੀ ਪੰਜ ਹਵੇਲੀਆਂ ਦਾ ਸਮੂਹ ਹੈ। ਹਵੇਲੀਆਂ ਸੱਤ ਮੰਜ਼ਿਲਾ ਹਨ ਅਤੇ ਕਲਾ ਦੇ ਪੱਖ ਤੋਂ ਸੁੰਦਰ ਹਨ। ਇਹ ਹਵੇਲੀਆਂ ਨੱਕਾਸ਼ੀ ਅਤੇ ਚਿੱਤਰਕਾਰੀ ਕਾਰਨ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਇਨ੍ਹਾਂ ਦੀਆਂ ਪੰਜ ਦਰਜਨ ਬਾਲਕੋਨੀਆਂ, ਨੱਕਾਸ਼ੀਦਾਰ ਖੰਭੇ ਤੇ ਛੱਤਾਂ ਆਕਰਸ਼ਕ ਹਨ। ਮੌਜੂਦਾ ਸਮੇਂ ਇਨ੍ਹਾਂ ਵਿਚੋਂ ਦੋ ਹਵੇਲੀਆਂ ਰਾਜਸਥਾਨ ਸਰਕਾਰ ਦੇ ਪੁਰਾਤਤਵ ਵਿਭਾਗ ਦੇ ਅਧੀਨ ਹਨ।
ਜੈਸਲਮੇਰ ਦੇ ਕਿਲ੍ਹੇ ਦੇ ਉੱਤਰ ਵਿਚ ਵਿਆਸ ਛਤਰੀ ਸਥਿਤ ਹੈ। ਇਹ ਛਤਰੀ ਰਿਸ਼ੀ ਵਿਆਸ ਨੂੰ ਸਮਰਪਿਤ ਹੈ। ਇਹ ਬਾਲੂਆ ਪੱਥਰ ਤੋਂ ਬਣੀ ਹੋਈ ਹੈ। ਇਸ ਦੀ ਨੱਕਾਸ਼ੀਕਾਰੀ ਅਤੇ ਗੁੰਬਦ ਸੁੰਦਰ ਹੈ। ਇਹ ਸ਼ਹਿਰ ਦਾ ਸੂਰਜ ਅਸਤ ਬਿੰਦੂ ਹੈ। ਜੈਸਲਮੇਰ ਆਏ ਸੈਲਾਨੀ ਇੱਥੇ ਛਿਪਦੇ ਸੂਰਜ ਦਾ ਨਜ਼ਾਰਾ ਤੱਕਣ ਲਈ ਪਹੁੰਚਦੇ ਹਨ। ਇੱਥੋਂ ਜੈਸਲਮੇਰ ਦੇ ਕਿਲ੍ਹੇ ਦਾ ਸੁੰਦਰ ਨਜ਼ਾਰਾ ਵਿਖਾਈ ਦਿੰਦਾ ਹੈ।
ਜੈਸਲਮੇਰ ਤੋਂ ਛੇ ਕਿਲੋਮੀਟਰ ਦੀ ਦੂਰੀ ’ਤੇ ਲੋਦਰਵਾ ਦੇ ਰਸਤੇ ’ਤੇ ਭਾਟੀ ਸ਼ਾਹੀ ਪਰਿਵਾਰ ਦਾ ‘ਬੜਾ ਬਾਗ਼’ ਨਾਮੀ ਸ਼ਮਸ਼ਾਨਘਾਟ ਸਥਿਤ ਹੈ। ਇਸ ਸਥਾਨ ’ਤੇ ਪਹਿਲਾਂ ਮਹਾਰਾਜਾ ਜੈ ਸਿੰਘ ਦੋਇਮ ਨੇ ਇਕ ਤਲਾਬ ਦਾ ਨਿਰਮਾਣ ਕਰਵਾਇਆ ਸੀ। ਅਜਿਹਾ ਹੋਣ ਕਾਰਨ ਇਹ ਸਥਾਨ ਹਰਿਆ-ਭਰਿਆ ਹੋ ਗਿਆ। ਉਸ ਦੇ ਪੁੱਤਰ ਮਹਾਰਾਜਾ ਲੂਣਕਰਨ ਨੇ ਇੱਥੇ ਇਕ ਬਾਗ਼ ਲਗਵਾਇਆ ਅਤੇ ਆਪਣੇ ਪਿਤਾ ਦੀ ਯਾਦ ਵਿਚ ਛਤਰੀ ਦਾ ਨਿਰਮਾਣ ਕਰਵਾਇਆ। ਇਸ ਤੋਂ ਬਾਅਦ ਇੱਥੇ ਭਾਟੀ ਸ਼ਾਹੀ ਪਰਿਵਾਰ ਦੇ ਮੈਂਬਰਾਂ ਦਾ ਸਸਕਾਰ ਕੀਤਾ ਜਾਣ ਲੱਗਿਆ ਅਤੇ ਉਨ੍ਹਾਂ ਦੀ ਯਾਦ ਵਿਚ ਛਤਰੀਆਂ ਬਣਾਈਆਂ ਗਈਆਂ। ਇਹ ਛਤਰੀਆਂ ਚਕੌਰ ਤੇ ਛੇ ਕੋਨੀਆਂ ਹਨ ਅਤੇ ਕਤਾਰ ਵਿਚ ਬਣੀਆਂ ਹੋਈਆਂ ਹਨ। ਇੱਥੇ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਬਣੀ ਆਖ਼ਰੀ ਛਤਰੀ ਰਾਵਲ ਜਵਾਹਰ ਸਿੰਘ ਦੀ ਹੈ, ਪਰ ਇਹ ਛਤਰੀ ਪੂਰੀ ਹੋਣ ਤੋਂ ਪਹਿਲਾਂ ਹੀ ਉਸ ਦੇ ਪੁੱਤਰ ਦੀ ਮੌਤ ਹੋ ਗਈ। ਅਜਿਹਾ ਹੋਣ ਕਾਰਨ ਇਸ ਨੂੰ ਬੁਰਾ ਸੰਕੇਤ ਮੰਨਦਿਆਂ ਇੱਥੇ ਛਤਰੀਆਂ ਬਣਾਉਣ ਦੀ ਪ੍ਰੰਪਰਾ ਬੰਦ ਕਰ ਦਿੱਤੀ ਗਈ। ਸੂਰਜ ਛਿਪਣ ਸਮੇਂ ਇੱਥੋਂ ਦਾ ਨਜ਼ਾਰਾ ਕਾਫ਼ੀ ਸੁੰਦਰ ਹੁੰਦਾ ਹੈ। ਜੈਸਲਮੇਰ ਆਏ ਸੈਲਾਨੀ ਇੱਥੇ ਵੀ ਆਉਂਦੇ ਹਨ।

ਸੰਪਰਕ: 94178-32908


Comments Off on ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.