ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਮੇਲਾ

Posted On March - 29 - 2020

ਸਿਮਰਨ ਧਾਲੀਵਾਲ

ਕਥਾ ਪ੍ਰਵਾਹ

ਅੱਜ ਬੁੱਢਾ ਨਹੀਂ ਆਇਆ। ਸ਼ੁਕਰ ਹੈ ਮਜ਼ਾਰ ਵਾਲੇ ਪੀਰ ਦਾ। ਨਹੀਂ ਤਾਂ ਉਹਨੇ ਚੀਕ ਉੱਠਣਾ ਸੀ। ‘‘ਉਏ, ਸੂਰ ਦਿਆ ਪੁੱਤਰਾ! ਧਿਆਨ ਕਿੱਥੇ ਹੈ ਤੇਰਾ?’’ ਉਹ ਹਮੇਸ਼ਾ ਇੰਝ ਹੀ ਬੋਲਦਾ।
ਮੇਰਾ ਧਿਆਨ ਅੱਜ ਵਾਰ-ਵਾਰ ਮਜ਼ਾਰ ਵੱਲ ਜਾ ਰਿਹਾ ਹੈ। ਮਜ਼ਾਰ ਨੂੰ ਸਜਾਇਆ ਜਾ ਰਿਹਾ ਹੈ। ਦੋ ਬੰਦੇ ਮਜ਼ਾਰ ਨੂੰ ਰੰਗ-ਬਰੰਗੀਆਂ ਲਾਈਟਾਂ ਲਗਾ ਰਹੇ ਨੇ। ਨਵਾਂ ਰੰਗ ਵੀ ਕੀਤਾ ਗਿਆ ਹੈ। ਸਾਹਮਣੀ ਦੁਕਾਨ ’ਤੇ ਜਾਣ ਬਹਾਨੇ, ਮੈਂ ਮਜ਼ਾਰ ਦੇ ਅੰਦਰ ਵੀ ਝਾਤੀ ਮਾਰ ਆਇਆਂ। ਅੰਦਰੋਂ ਵੀ ਸਾਰਾ ਕੁਝ ਨਵਾਂ-ਨਕੋਰ ਲੱਗ ਰਿਹਾ ਹੈ।
ਪਰਸੋਂ ਮਜ਼ਾਰ ’ਤੇ ਮੇਲਾ ਹੈ।
ਭਾਪਾ ਆਖਦਾ ਸੀ, ਆਪਾਂ ਦੋਵੇਂ ਮੇਲਾ ਵੇਖਣ ਚੱਲਾਂਗੇ ਪਰ ਮੈਨੂੰ ਪਤਾ ਬੁੱਢੇ ਨੇ ਛੁੱਟੀ ਨਹੀਂ ਕਰਨ ਦੇਣੀ। ਮੈਂ ਭਾਪੇ ਨੂੰ ਕਹਾਂਗਾ ਉਹੀ ਆ ਕੇ ਛੁੱਟੀ ਮੰਗੇ।
ਮੈਂ ਰੋਜ਼ ਮਜ਼ਾਰ ਵਾਲੇ ਪੀਰ ਨੂੰ ਅਰਦਾਸ ਕਰਦਾ ਸਾਂ, ‘‘ਹੇ ਸੱਚੇ ਪਾਤਸ਼ਾਹ! ਇਹ ਬੁੱਢਾ ਮਰ ਜਾਏ।’’
ਇਕ ਦਿਨ ਮੈਂ ਇਹੀ ਗੱਲ ਆਪਣੀ ਬੀਬੀ ਨੂੰ ਦੱਸੀ। ਉਹਨੇ ਝਿੜਕਿਆ ਕਹਿਣ ਲੱਗੀ, ‘‘ਵੇ ਲੱਲੂਆ! ਪੁੱਤ ਇੰਝ ਨਹੀਂ ਆਖੀਦਾ ਕਿਸੇ ਨੂੰ। ਤੂੰ ਕਿਹਾ ਕਰ ਹੇ ਸੱਚੇ ਪੀਰ ਸਾਡਾ ਘਰ ਰੁਪਈਆਂ ਨਾਲ ਭਰ ਦੇ।’’
‘‘ਪਰ ਬੀਬੀ! ਫੇਰ ਕੀ ਹੋ ਜਾਊ? ਬੁੱਢੇ ਨੇ ਤਾਂ ਫੇਰ ਵੀ ਗਾਲ੍ਹਾਂ ਦਿੰਦੇ ਰਹਿਣੈ।’’
‘‘ਵੇ ਸਿਧਰਿਆ! ਸੱਚਾ ਈ ਨਾਮ ਰੱਖਿਆ ਤੇਰਾ ਤਾਂ ਲੱਲੂ।’’
ਮੈਨੂੰ ਬੀਬੀ ਦੀ ਗੱਲ ਸਮਝ ਨਹੀਂ ਸੀ ਆਈ। ਮੈਂ ਬਹੁਤ ਕੁਝ ਹੋਰ ਵੀ ਪੁੱਛਣਾ ਚਾਹੁੰਦਾ ਸੀ, ਪਰ ਚੁੱਪ ਕਰ ਗਿਆ। ਡਰ ਗਿਆ ਸਾਂ। ਬੀਬੀ ਨੇ ਝਿੜਕ ਕੇ ਬਿਠਾ ਦੇਣਾ ਸੀ। ਉਹ ਤਾਂ ਪਹਿਲਾਂ ਹੀ ਆਖਦੀ ਹੈ, ‘‘ਆਹ ਕਪੂਤ ਧਰਤੀ ’ਚੋਂ ਨਿਕਲਿਆ ਨਹੀਂ, ਗੱਲਾਂ ਇਉਂ ਪੁੱਛਦੈ ਜਿਵੇਂ ਬਾਪੂ ਹੁੰਦੈ।’’
ਬੀਬੀ ਮੇਰੀ ਬਹੁਤੇ ਸਵਾਲ ਪੁੱਛਣ ਦੀ ਆਦਤ ਤੋਂ ਤੰਗ ਆ ਜਾਂਦੀ ਹੈ। ਪਰ ਮੈਂ ਕਿਸ ਨੂੰ ਪੁੱਛਾਂ?
ਇਕ ਦਿਨ ਮੇਰਾ ਬਹੁਤ ਦਿਲ ਕੀਤਾ। ਬੁੱਢਾ ਸਾਰਾ ਦਿਨ ਖੀਸਿਆਂ ’ਚ ਪੈਸੇ ਪਾਉਂਦਾ ਰਹਿੰਦੈ। ਉਹਨੂੰ ਪੁੱਛਾਂ ਬਈ ਉਹ ਇੰਨੇ ਪੈਸਿਆਂ ਦਾ ਕੀ ਕਰਦਾ ਹੈ, ਪਰ ਉਸ ਦੀਆਂ ਗਾਲ੍ਹਾਂ ਤੋਂ ਡਰਦਿਆਂ ਚੁੱਪ ਰਿਹਾ। ਫਿਰ ਤਿਰਕਾਲੀਂ ਜਦੋਂ ਮਜ਼ਾਰ ਦੀਆਂ ਬੱਤੀਆਂ ਜਗੀਆਂ ਮੈਂ ਪੀਰ ਅੱਗੇ ਉਹੀ ਅਰਦਾਸ ਕੀਤੀ ਜਿਹੜੀ ਮੇਰੀ ਬੀਬੀ ਨੇ ਦੱਸੀ ਸੀ। ਪਰਸੋਂ ਉਸੇ ਪੀਰ ਦਾ ਮੇਲਾ ਹੈ।
ਕਾਲੂ ਆਖਦਾ ਸੀ ਜਲੰਧਰ ਤੋਂ ਗਾਉਣ ਵਾਲੀ ਆਉਣੀ ਏ। ਮੇਰਾ ਬਹੁਤ ਦਿਲ ਕਰਦਾ ਗਾਉਣ ਵਾਲੀ ਦੇਖਣ ਨੂੰ। ਮੈਂ ਭਾਗੀ ਨੂੰ ਵੀ ਦੱਸਿਆ ਸੀ। ਪਰ ਉਹ ਤਾਂ ਸਕੂਲ ਜਾਂਦਾ ਹੈ। ਕਹਿੰਦਾ, ਮੇਰੀ ਮੰਮੀ ਛੁੱਟੀ ਨਹੀਂ ਕਰਨ ਦਿੰਦੀ। ਬਹੁਤ ਚੰਦਰੀ ਹੈ ਉਸ ਦੀ ਮੰਮੀ।
ਇਕ ਦਿਨ ਮੈਂ ਉਨ੍ਹਾਂ ਦੇ ਘਰ ਗਿਆ। ਭਾਗੀ ਨਾਲ ਬੈਠ ਕੇ ਉਸਦਾ ਬਸਤਾ ਵੇਖਣ ਲੱਗਿਆ, ਉੱਤੋਂ ਉਹਦੀ ਮੰਮੀ ਆ ਗਈ। ਉਹਨੇ ਮੈਨੂੰ ਝਿੜਕ ਕੇ ਭਜਾ ਦਿੱਤਾ। ਮੈਂ ਬਾਹਰ ਆ ਕੇ ਪੰਜ-ਛੇ ਗਾਲ੍ਹਾਂ ਕੱਢੀਆਂ ਉਹਨੂੰ।
ਮੇਰਾ ਸਕੂਲ ਜਾਣ ਨੂੰ ਬੜਾ ਦਿਲ ਕਰਦਾ ਹੈ। ਮੈਂ ਆਪਣੀ ਬੀਬੀ ਨੂੰ ਵੀ ਆਖਿਆ ਸੀ।
‘‘ਤੇਰਾ ਪਿਉ ਆਉਂਦਾ ਤਾਂ ਪੁੱਛ ਲਈਂ ਉਹਨੂੰ।’’ ਮੈਂ ਭਾਪੇ ਦੇ ਕੰਮ ਤੋਂ ਮੁੜਨ ਦੀ ਉਡੀਕ ਕਰਨ ਲੱਗਾ। ਫਿਰ ਮੇਰੇ ਮਨ ਵਿਚ ਕਈ ਗੱਲਾਂ ਆਉਣ ਲੱਗੀਆਂ। ਮੈਂ ਬੀਬੀ ਕੋਲ ਜਾ ਬੈਠਾ।
‘‘ਬੀਬੀ ਪੜ੍ਹ ਕੇ ਕੀ ਹੁੰਦੈ?’’
‘‘ਪੜ੍ਹ ਕੇ ਬੰਦਾ ਵੱਡਾ ਬੰਦਾ ਬਣ ਜਾਂਦੈ।’’ ਉਹਨੇ ਬੇਧਿਆਨੀ ਨਾਲ ਜਵਾਬ ਦਿੱਤਾ।
‘‘ਬੰਦੇ ਤਾਂ ਸਾਰੇ ਹੀ ਵੱਡੇ ਹੁੰਦੇ ਨੇ। ਭਾਪਾ ਵੀ ਤਾਂ ਵੱਡਾ ਈ ਐ।’’ ਮੈਂ ਹੋਰ ਸਵਾਲ ਪੁੱਛ ਲਿਆ।
‘‘ਝਾਟਾ ਤੇਰੀ ਮਾਂ ਦਾ। ਦਿਮਾਗ਼ ਖਾਈ ਜਾਂਦੈ। ਜਾ ਕੇ ਭੈਣ ਨਾਲ ਗੱਡੀ ਵਾਲਿਆਂ ਦੇ ਘਰੋਂ ਗੋਹਾ ਲੈ ਕੇ ਆ।’’
ਜਦੋਂ ਤੱਕ ਮੈਂ ਤੇ ਮੇਰੀ ਭੈਣ ਬਾਲਟਾ ਚੁੱਕ ਕੇ ਘਰੋਂ ਬਾਹਰ ਨਾ ਹੋ ਗਏ ਬੀਬੀ ਬੋਲਦੀ ਰਹੀ। ਮੈਨੂੰ ਸਮਝ ਨਾ ਆਈ ਕਿ ਬੀਬੀ ਨੂੰ ਗੁੱਸਾ ਮੇਰੇ ’ਤੇ ਸੀ ਜਾਂ ਭਾਪੇ ’ਤੇ।
* * *
ਮੈਂ ਇਕਦਮ ਤ੍ਰਭਕਿਆ।
ਵੇਦ ਮੁਨੀ ਕਿਸੇ ’ਤੇ ਖਿਝਿਆ ਲੱਗਦਾ ਹੈ। ਜਿਸ ਦਿਨ ਬੁੱਢਾ ਨਹੀਂ ਆਉਂਦਾ, ਉਸ ਦਿਨ ਵੇਦ ਮੁਨੀ ਸਭ ਦਾ ਬਾਪ ਬਣ ਬੈਠਦਾ ਹੈ। ਮੈਨੂੰ ਇਹ ਧਰਮੇ ਠੇਕੇਦਾਰ ਵਰਗਾ ਲੱਗਦਾ ਹੈ ਜਿਸ ਦੀ ਗੱਲ ਭਾਪਾ ਘਰੇ ਕਰਿਆ ਕਰਦਾ ਸੀ।
‘‘ਧਰਮਾਂ ਤਾਂ ਦਸ ਮਿੰਟ ਦਾ ਵੀ ਹਿਸਾਬ ਕਰਦੈ। ਬੰਦਾ ਕਿਤੇ ਮੂਤਣ ਗਿਆ ਵੀ ਦੋ ਮਿੰਟ ਵੱਧ ਲਗਾ ਆਏ ਤਾਂ ਪਿੱਛੇ ਦੇਖਣ ਆ ਜਾਂਦੈ ਅਗਲੇ ਦੇ।’’ ਬਾਪੂ ਬਹੁਤ ਖਿਝਦਾ ਹੁੰਦਾ ਸੀ।
‘‘ਮੈਂ ਤਾਂ ਕੋਈ ਹੋਰ ਧੰਦਾ ਕਰ ਲੈਣੈ।’’
ਪਰ ਹੋਰ ਧੰਦਾ ਕਰਨ ਦੀ ਵਾਰੀ ਹੀ ਨਾ ਆਈ।
ਦੂਜੀ ਮੰਜ਼ਿਲ ਤੋਂ ਡਿੱਗ ਕੇ ਭਾਪੇ ਦੀ ਲੱਤ ਟੁੱਟ ਗਈ। ਕਈ ਮਹੀਨੇ ਭਾਪਾ ਮੰਜੇ ’ਤੇ ਪਿਆ ਰਿਹਾ। ਜਦੋਂ ਠੀਕ ਹੋ ਕੇ ਉਹ ਧਰਮੇ ਠੇਕੇਦਾਰ ਕੋਲ ਗਿਆ ਉਹਨੇ ਸਿਰ ਫੇਰ ਦਿੱਤਾ।
ਭਾਪਾ ਲੰਗ ਮਾਰਦਾ ਹੁਕਮੇ ਦੀ ਹੱਟੀ ’ਤੇ ਜਾ ਬੈਠਦਾ ਤੇ ਸਾਰਾ-ਸਾਰਾ ਦਿਨ ਬੀੜੀਆਂ ਫੂਕਦਾ ਰਹਿੰਦਾ।
ਬੀਬੀ ਆਂਢੋ-ਗੁਆਂਢੋ ਉਧਾਰ ਲਿਆ ਕੇ ਡੰਗ ਸਾਰਦੀ। ਕੁਝ ਕਹਿੰਦੀ ਤਾਂ ਭਾਪਾ ਅੱਗਿਓਂ ਟੁੱਟ ਕੇ ਪੈ ਜਾਂਦਾ।
‘‘ਹੈਨੀ ਮੈਂ ਹੁਣ ਕਾਸੇ ਜੋਗਾ। ਦੱਸ ਕੀ ਕਰਾਂ? ਡਿਪਟੀ ਲੱਗ ਜਾਵਾਂ ਕਿਤੇ। ਉਹਦੇ ਖਾਨਾਬਦੋਸ਼ ਦੇ ਕੰਮ ਤੋਂ ਡਿੱਗ ਕੇ ਲੱਤ ਟੁੱਟੀ ਸੀ। ਸੋਚਿਆ ਸੀ ਕੋਈ ਮਾੜਾ ਮੋਟਾ ਕੰਮ ਦੇ ਦੇਊ।’’
ਮੈਨੂੰ ਧਰਮਾ ਠੇਕੇਦਾਰ ਹੋਰ ਭੈੜਾ ਲੱਗਣ ਲੱਗ ਜਾਂਦਾ।
ਮੈਂ ਸਾਰਾ ਦਿਨ ਗਲੀਆਂ ਕੱਛਦਾ ਰਹਿੰਦਾ। ਮੁੰਡਿਆਂ ਨਾਲ ਰਲ ਕੇ ਛੱਪੜ ’ਤੇ ਮੁਰਗਾਬੀਆਂ ਫੜਦਾ ਰਹਿੰਦਾ। ਬੀਬੀ ਸਾਰਾ ਦਿਨ ਹਾਕਾਂ ਮਾਰਦੀ ਰਹਿੰਦੀ। ਇਕ ਦਿਨ ਸ਼ਾਮੀ ਮੈਂ ਘਰ ਮੁੜਿਆ ਉਹਨੇ ਫੜ ਕੇ ਮੇਰੀ ਚੰਗੀ ਛਿਤਰੌਲ ਕੀਤੀ।
‘‘ਲੂਰ-ਲੂਰ ਫਿਰਦਾ ਸਾਰਾ ਦਿਨ। ਘਰ ਦਾ ਤਾਂ ਕੋਈ ਫ਼ਿਕਰ ਨਹੀਂ। ਕੰਮ ’ਤੇ ਕੱਢ ਇਹਨੂੰ ਕਿਤੇ।’’
ਭਾਪੇ ਨੇ ਬੁੱਢੇ ਨਾਲ ਗੱਲ ਕੀਤੀ ਤੇ ਮੈਨੂੰ ਇੱਥੇ ਛੱਡ ਗਿਆ। ਮੇਰੇ ਵਰਗੇ ਹੋਰ ਬਥੇਰੇ ਨੇ ਇੱਥੇ। ਕਾਲੂ, ਪੰਡਿਤ ਤੇ ਲਹਿਰੀ।
ਅਸੀਂ ਚਾਰੇ ਰਲ ਕੇ ਬੁੱਢੇ ਦੀਆਂ ਰੀਸਾਂ ਲਾਉਂਦੇ। ਸਾਡੇ ਸਾਰਿਆਂ ’ਚੋਂ ਲਹਿਰੀ ਵੱਡਾ। ਅਸੀਂ ਸਾਰੇ ਉਹਦੀ ਗੱਲ ਮੰਨਦੇ ਹਾਂ, ਉਹ ਸਾਨੂੰ ਸਿਆਣੀਆਂ-ਸਿਆਣੀਆਂ ਗੱਲਾਂ ਦੱਸਦਾ ਹੈ।
ਇਕ ਦਿਨ ਬੁੱਢੇ ਦੀ ਪੋਤੀ ਦਾ ਜਨਮ ਦਿਨ ਸੀ। ਉਹਨੇ ਸਾਨੂੰ ਕੇਕ ਖਵਾਇਆ। ਦੋ ਘੰਟੇ ਪਹਿਲਾਂ ਢਾਬਾ ਬੰਦ ਕਰ ਦਿੱਤਾ। ਲਹਿਰੀ ਸਾਨੂੰ ’ਟੇਸ਼ਨ ’ਤੇ ਲੈ ਗਿਆ। ਕਹਿੰਦਾ, ਅੱਜ ਆਪਾਂ ਆਪਣੀਆਂ ਗੱਲਾਂ ਕਰਾਂਗੇ।
‘‘ਤੂੰ ਦੱਸ ਬਈ ਕਾਲੂ, ਤੂੰ ਕਿਵੇਂ ਫਸਿਆ ਇੱਥੇ?’’ ਉਹ ਵਾਰੋ-ਵਾਰੀ ਸਾਰਿਆਂ ਨੂੰ ਪੁੱਛਣ ਲੱਗਾ।
‘‘ਮੇਰੇ ਬਾਪੂ ਨੂੰ ਪੁਲੀਸ ਲੈ ਗਈ ਸੀ ਫੜ ਕੇ। ਉਹਨੇ ਮੇਰੀ ਮਾਂ ਨੂੰ ਮਾਰ ਦਿੱਤਾ ਸੀ।’’
‘‘ਕਿਉਂ?’’ ਸਾਰੇ ਇੱਕੋ ਵਾਰ ਬੋਲੇ।
‘‘ਪਤਾ ਨਹੀਂ! ਮੇਰਾ ਚਾਚਾ ਮੈਨੂੰ ਇੱਥੇ ਛੱਡ ਗਿਆ।’’ ਕਾਲੂ ਦੀ ਕਹਾਣੀ ਮੁੱਕੀ ਤਾਂ ਪੰਡਿਤ ਦੀ ਸ਼ੁਰੂ ਹੋ ਗਈ, ‘‘ਮੇਰਾ ਬਾਪ ਹੈਨੀ। ਮੇਰੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ। ਪਰ ਸਾਡਾ ਨਵਾਂ ਬਾਪ ਸਾਨੂੰ ਪਸੰਦ ਨਹੀਂ ਸੀ ਕਰਦਾ। ਅਸੀਂ ਦੋਵੇਂ ਭੈਣ-ਭਰਾ ਸਕੂਲ ਜਾਂਦੇ ਸਾਂ। ਉਹਨੇ ਸਾਨੂੰ ਪੜ੍ਹਨੋਂ ਹਟਾ ਲਿਆ ਤੇ…।’’
ਪੰਡਿਤ ਚੁੱਪ ਕਰ ਗਿਆ। ਲਹਿਰੀ ਬੋਲਣ ਲੱਗਾ।
ਸਭ ਦੀ ਕਹਾਣੀ ਮਿਲਦੀ ਜੁਲਦੀ ਸੀ।
‘‘ਦੇਖ ਲਓ ਬੁੜ੍ਹਾ ਪੋਤੀ ਦਾ ਜਨਮ ਦਿਨ ਮਨਾਉਂਦੈ। ਸਾਡਾ ਤਾਂ ਜੰਮਿਆਂ ਦਾ ਵਾਰ ਵੀ ਚੇਤੇ ਨਹੀਂ ਹੋਣਾ ਕਿਸੇ ਨੂੰ।’’ ਲਹਿਰੀ ਨੇ ਸਾਰੀ ਕਹਾਣੀ ਦਾ ਸਿੱਟਾ ਕੱਢ ਦਿੱਤਾ।
ਉਹੀ ਲਹਿਰੀ ਸਾਹਮਣੇ ਬੈਠਾ ਮਟਰ ਕੱਢ ਰਿਹਾ। ਕਾਲੂ ਸਾਰਾ ਦਿਨ ਭਾਂਡੇ ਮਾਂਜਦਾ। ਪੰਡਿਤ ਸਾਰਾ ਦਿਨ ਰੋਟੀ ਫੜਾਉਂਦਾ। ਸਭ ਦੀ ਇਹੀ ਕਹਾਣੀ ਸੀ।
ਮੈਨੂੰ ਮੇਰੀ ਦਾਦੀ ਦੀ ਕਹਾਣੀ ਯਾਦ ਆ ਜਾਂਦੀ। ਰਾਜ ਕੁਮਾਰ ਵਾਲੀ ਕਹਾਣੀ। ਮੇਰੀ ਦਾਦੀ ਨੇ ਮੇਰਾ ਨਾਮ ਵੀ ਰਾਜ ਕੁਮਾਰ ਰੱਖਿਆ ਸੀ। ਰਾਜ ਕੁਮਾਰ ਸਭ ਨੂੰ ਭੁੱਲ ਗਿਆ, ਲੱਲੂ ਯਾਦ ਰਹਿ ਗਿਆ।
* * *
ਅੱਜ ਮੇਰਾ ਮਨ ਕੰਮ ਵਿਚ ਨਹੀਂ ਲੱਗ ਰਿਹਾ।
ਕਦੇ ਸੁਰਤ ਗੱਲਾਂ ਵੱਲ ਚਲੀ ਜਾਂਦੀ ਹੈ। ਕਦੇ ਮਜ਼ਾਰ ਵੱਲ। ਕੱਲ੍ਹ ਹਲਵਾਈਆਂ ਦੀਆਂ ਹੱਟੀਆਂ ਵੀ ਲੱਗਣਗੀਆਂ। ਮੈਨੂੰ ਜਲੇਬੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ। ਜਲੇਬੀਆਂ ਦੇ ਨਾਮ ਤੋਂ ਮੇਰੇ ਮੂੰਹ ’ਚ ਪਾਣੀ ਆ ਜਾਂਦਾ ਹੈ।
ਮੈਂ ਕਾਲੂ ਨਾਲ ਜ਼ਿੱਦ ਕੇ ਕੰਮ ਕਰਦਾ ਹੁੰਦਾ। ਉਹ ਪਹਿਲੇ ਭਾਂਡੇ ਮਾਂਜਦਾ ਨਹੀਂ, ਜਦ ਨੂੰ ਮੈਂ ਹੋਰ ਉਹਦੇ ਅੱਗੇ ਲਿਜਾ ਧਰਦਾ ਹਾਂ। ਮੇਰਾ ਕੰਮ ਜੂਠੇ ਭਾਂਡੇ ਚੁੱਕਣਾ ਹੈ।
ਬੁੱਢੇ ਨੇ ਸਾਰਿਆਂ ਦੇ ਕੰਮ ਵੰਡੇ ਹੋਏ ਨੇ। ਗਾਹਕ ਭਾਂਡੇ ਵਿਹਲੇ ਕਰਦਾ ਹੈ, ਮੈਂ ਕਾਹਲ਼ੀ ਨਾਲ ਚੁੱਕ ਕੇ ਦੌੜਦਾ ਹਾਂ। ਇਕ ਦਿਨ ਮੈਂ ਕਾਹਲੀ-ਕਾਹਲੀ ਤੁਰਦਾ, ਕੁਰਸੀ ਵਿਚ ਜਾ ਵੱਜਿਆ ਤੇ ਭਾਂਡੇ ਹੱਥੋਂ ਡਿੱਗ ਗਏ। ਕੱਚ ਦਾ ਗਿਲਾਸ ਟੁੱਟ ਗਿਆ। ਬੁੱਢੇ ਨੇ ਉੱਠ ਕੇ ਤਾੜ ਕਰਦੀ ਚਪੇੜ ਮੇਰੇ ਮੂੰਹ ’ਤੇ ਮਾਰੀ। ਅਖੇ, ‘‘… ਅੱਗ ਲੱਗੀ ਐ ਕਿਤੇ…।’’
ਮੈਂ ਸਾਰਾ ਦਿਨ ਸਿਰ ਸੁੱਟੀ ਚੁੱਪ-ਚਾਪ ਕੰਮ ਕਰਦਾ ਰਿਹਾ। ਅਗਲੇ ਦਿਨ ਮੈਂ ਢਾਬੇ ’ਤੇ ਆਉਣ ਤੋਂ ਨਾਂਹ ਕਰ ਦਿੱਤੀ। ਬੀਬੀ ਨੇ ਬਥੇਰਾ ਆਖਿਆ। ਘੂਰਿਆ ਵੀ, ਪਰ ਮੈਂ ਨਹੀਂ ਮੰਨਿਆ।
ਆਖ਼ਰ ਭਾਪਾ ਚਪੇੜਾਂ ਮਾਰਦਾ, ਧੂਹ ਕੇ ਮੈਨੂੰ ਢਾਬੇ ’ਤੇ ਛੱਡ ਗਿਆ, ‘‘ਅਗਲੇ ਤੋਂ ਜਿਹੜੀ ਰੋਕੜ ਲਈ ਐ ਉਹ ਤੇਰੀ ਮਾਂ ਨੇ ਮੋੜਨੀ ਐ।’’
ਮਹੀਨਾ ਮੁੱਕਣ ਤੋਂ ਪਹਿਲਾਂ ਹੀ ਭਾਪਾ ਬੁੱਢੇ ਕੋਲੋਂ ਪੈਸੇ ਫੜ ਲਿਜਾਂਦਾ ਹੈ।
ਮੈਂ ਭਾਗੀ ਵੱਲ ਵੇਖਦਾ ਹਾਂ। ਉਹ ਰੰਗ-ਬਿਰੰਗੀਆਂ ਪੈਂਟਾਂ ਪਾਉਂਦਾ ਹੈ ਜੋ ਮੰਗਦਾ ਉਹਦੀ ਮਾਂ ਉਹਨੂੰ ਲਿਆ ਦਿੰਦੀ ਹੈ।
ਮੈਂ ਪਾਟਾ ਪਜਾਮਾ ਪਾ ਕੇ ਢਾਬੇ ’ਤੇ ਜਾਂਦਾ ਹਾਂ।
‘‘ਬੀਬੀਏ, ਮੈਨੂੰ ਫੁੱਟਬਾਲ ਲੈ ਦੇ।’’
ਮੈਂ ਛੇ ਮਹੀਨੇ ਮੰਗਦਾ ਰਿਹਾ, ਪਰ ਬੀਬੀ ਦੀ ਪਹੁੰਚ ਨਾ ਪਈ। ਜਿੱਧਰ ਬੀਬੀ ਕੰਮ ਕਰਨ ਜਾਂਦੀ। ਇਕ ਦਿਨ ਉਸ ਮਾਸਟਰਨੀ ਨੇ ਆਪਣੇ ਮੁੰਡੇ ਦਾ ਪਾਟਾ ਜਿਹਾ ਫੁੱਟਬਾਲ ਬੀਬੀ ਨੂੰ ਦੇ ਦਿੱਤਾ। ਮੈਂ ਉਸੇ ਨਾਲ ਖੇਡਦਾ ਰਹਿੰਦਾ। ਜਦੋਂ ਉਹ ਵੀ ਫਟ ਗਿਆ ਬੀਬੀ ਨੇ ਛਾਣ-ਬੂਰੇ ਵਾਲੇ ਨੂੰ ਫੜਾ ਦਿੱਤਾ।
‘‘ਓਏ ਹੱਥ ਟੁੱਟੇ ਤੇਰੇ। ਆਟਾ ਬਾਹਰ ਖਿਲਾਰੀ ਜਾਂਦਾ।’’ ਵੇਦ ਮੁਨੀ ਪੰਡਿਤ ਨੂੰ ਟੁੱਟ ਕੇ ਪਿਆ।
ਦੁਪਹਿਰ ਦੀ ਰੋਟੀ ਲਈ ਆਟਾ ਗੁੰਨ੍ਹਿਆ ਜਾਣਾ ਹੈ। ਇਸ ਵੇਲੇ ਬਹੁਤ ਲੋਕ ਰੋਟੀ ਖਾਣ ਆਉਂਦੇ ਨੇ। ਦੁਪਹਿਰੇ ਤਾਂ ਸਭ ਦੀ ਰੇਲ ਬਣ ਜਾਂਦੀ ਹੈ।
ਰੋਟੀ ਤੋਂ ਤਾਂ ਸਾਡੇ ਘਰ ਵੀ ਬਹੁਤ ਗਾਹ ਪੈਂਦਾ ਸੀ। ਮੈਂ ਤੇ ਮੇਰੀ ਭੈਣ ਰੋਟੀ ਤੋਂ ਲੜ ਪੈਂਦੇ। ਉਹ ਮੇਰੀ ਸ਼ਿਕਾਇਤ ਕਰਨ ਲੱਗਦੀ, ‘‘ਬੀਬੀਏ! ਲੱਲੂ ਮੇਰੀ ਰੋਟੀ ਖਾ ਗਿਆ ਈ।’’ ਉਹ ਰੋਣ ਲੱਗਦੀ।
‘‘ਮਰਜਾਣਾ ਬਘਿਆੜ ਜਿਹਾ। ਢਿੱਡ ਐ ਕਿ ਟੋਆ ਤੇਰਾ।’’ ਬੀਬੀ ਗਾਲ੍ਹਾਂ ਕੱਢਦੀ ਆਪਣੀ ਰੋਟੀ ਉਸ ਨੂੰ ਦੇ ਦਿੰਦੀ। ਪਿੱਛੇ ਰੋਟੀ ਜੋਗਾ ਆਟਾ ਨਾ ਬਚਦਾ।
ਮੈਂ ਜਦੋਂ ਦਾ ਢਾਬੇ ’ਤੇ ਲੱਗਿਆਂ ਢਿੱਡ ਭਰ ਕੇ ਖਾਣ ਨੂੰ ਰੋਟੀ ਮਿਲਦੀ। ਕਦੇ ਕਿਸੇ ਨੇ ਰੋਟੀ ਖਾਣ ਤੋਂ ਨਹੀਂ ਰੋਕਿਆ।
ਕਈ ਵਾਰ ਜਦੋਂ ਰਾਤ ਨੂੰ ਕੋਈ ਚੀਜ਼ ਬਚ ਜਾਂਦੀ ਹੈ ਤਾਂ ਬੁੱਢਾ ਸਾਨੂੰ ਸਾਰਿਆਂ ਨੂੰ ਵੰਡ ਕੇ ਦੇ ਦਿੰਦੈ ਘਰ ਲਿਜਾਣ ਨੂੰ। ਜਦੋਂ ਬੁੱਢਾ ਇੰਝ ਕਰਦਾ ਹੈ ਤਾਂ ਮੈਨੂੰ ਉਹ ਬਹੁਤ ਚੰਗਾ ਲੱਗਦਾ ਹੈ। ਪਿਛਲੇ ਹਫ਼ਤੇ ਦੀਵਾਲੀ ’ਤੇ ਸਾਰਾ ਦਿਨ ਢਾਬੇ ’ਤੇ ਹਲਵਾਈ ਲੱਗਾ ਰਿਹਾ। ਜਲੇਬ-ਪਕੌੜੇ ਨਿਕਲਦੇ ਰਹੇ। ਸ਼ਾਮ ਨੂੰ ਮੈਂ ਘਰ ਵੀ ਲੈ ਕੇ ਗਿਆ। ਮੇਰੀ ਭੈਣ ਬੁਹਤ ਖ਼ੁਸ਼ ਹੋਈ।
‘‘ਲੱਲੂ, ਚੇਤਾ ਈ ਸ਼ਾਹਾਂ ਦੀ ਬੁੜ੍ਹੀ ਦੇ ਭੋਗ ’ਤੇ ਖਾਧੇ ਸੀ ਆਪਾਂ ਪਕੌੜੇ।’’ ਉਹਦੀ ਗੱਲ ਸੁਣ ਕੇ ਮੈਨੂੰ ਉਹ ਭੋਗ ਚੇਤੇ ਆ ਗਿਆ। ਵੱਡਾ ਟੈਂਟ ਲੱਗਾ ਸੀ ਸ਼ਾਹਾਂ ਦੇ ਵਿਹੜੇ ’ਚ। ਮੈਂ ਪੰਡਾਲ ’ਚ ਵੜਨ ਲੱਗਾ। ਗੇਟ ਅੱਗੇ ਬੈਠੇ ਬੰਦੇ ਨੇ ਮੈਨੂੰ ਝਿੜਕ ਕੇ ਭਜਾ ਦਿੱਤਾ। ਮੈਂ ਦੂਜੀ ਵਾਰ ਫੇਰ ਕੋਸ਼ਿਸ਼ ਕੀਤੀ। ਉਹ ਬੰਦਾ ਮੈਨੂੰ ਮਾਰਨ ਨੂੰ ਦੌੜਿਆ। ਫੇਰ ਜਦੋਂ ਉਹ ਪਾਸੇ ਹੋਇਆ, ਮੈਂ ਧੁੱਸ ਦੇਣੀ ਟੈਂਟ ’ਚ ਵੜ ਗਿਆ। ਟੈਂਟ ਭਰਿਆ ਪਿਆ ਸੀ। ਮੈਂ ਜੇਬ੍ਹਾਂ ਪਕੌੜਿਆਂ ਨਾਲ ਭਰ ਲਈਆਂ। ਬੀਬੀ ਤੋਂ ਡਰਦਿਆਂ ਮੈਂ ਤੇ ਮੇਰੀ ਭੈਣ ਨੇ ਕੋਠੇ ’ਤੇ ਲੁਕ ਕੇ ਪਕੌੜੇ ਖਾਧੇ।
ਸ਼ਾਮੀਂ ਸ਼ਾਹਾਂ ਨੇ ਸਪੀਕਰ ’ਚ ਬੋਲ ਕੇ ਰਾਸ਼ਨ ਵੰਡਿਆ। ਮੁਹੱਲੇ ਦੇ ਕਈ ਘਰ ਰੋਟੀ ਸਬਜ਼ੀ ਲੈ ਕੇ ਆਏ। ਬਚਿਆ ਹੋਇਆ ਰਾਸ਼ਨ ਸ਼ਾਹਾਂ ਨੇ ਨਾਲ਼ੀ ਵਿਚ ਰੋੜ੍ਹ ਦਿੱਤਾ।
ਮੈਂ ਤੇ ਮੇਰੀ ਭੈਣ ਢਾਬੇ ਤੋਂ ਲਿਆਂਦੇ ਪਕੌੜੇ ਬੜੇ ਸਵਾਦ ਨਾਲ ਖਾਂਦੇ ਰਹੇ। ਰਾਤ ਨੂੰ ਛੱਤ ’ਤੇ ਚੜ੍ਹ ਕੇ ਵੇਖਿਆ, ਲੋਕਾਂ ਦੇ ਘਰਾਂ ’ਚ ਰੰਗ-ਬਿਰੰਗੀਆਂ ਲਾਈਟਾਂ ਜਗ ਰਹੀਆਂ ਸਨ। ਉਸੇ ਤਰ੍ਹਾਂ ਦੀਆਂ ਲਾਈਟਾਂ ਮਜ਼ਾਰ ਨੂੰ ਲੱਗ ਰਹੀਆਂ ਸਨ। ਮੇਰਾ ਦਿਲ ਕਰਦਾ ਹੈ, ਅੱਜ ਵੀ ਉੱਥੇ ਜਾ ਬੈਠਾਂ। ਤਰਲੇ-ਮਿੰਨਤਾਂ ਕਰਕੇ ਵੇਦ ਮੁਨੀ ਨੂੰ ਮਨਾ ਲਵਾਂ, ਪਰ ਉਹ ਤਾਂ ਬੁੱਢੇ ਦਾ ਵੀ ਪਿਉ ਹੈ।
ਮੈਂ ਹੁਣੇ ਕਾਲੂ ਅੱਗੇ ਭਾਂਡੇ ਰੱਖ ਕੇ ਆਇਆ ਹਾਂ।
‘‘ਕੀ ਗੱਲ ਬੜੀ ਬੂਥੀ ਚੁੱਕੀ ਫਿਰਦੈਂ ਬਾਹਰ ਨੂੰ। ਬੁੜ੍ਹਾ ਆ ਗਿਆ ਨਾ ਪਿੰਡਾ ਸੇਕ ਦੇਣੈ ਉਹਨੇ।’’ ਕਾਲੂ ਨੇ ਮੈਨੂੰ ਛੇੜਿਆ।
ਪਰ ਫਿਰ ਵੀ ਮੇਰਾ ਧਿਆਨ ਵਾਰ-ਵਾਰ ਬਾਹਰ ਨੂੰ ਜਾਈ ਜਾਂਦਾ।
ਢਾਬੇ ਦੇ ਸਾਹਮਣੇ ਨੀਵੀਂ ਥਾਂ ’ਤੇ ਬੂਟੀ ਕੱਚ ਚੁਗੀ ਜਾਂਦਾ। ਅੱਜ ਉਹਨੇ ਇੱਧਰ ਵੇਖਿਆ ਵੀ ਨਹੀਂ। ਇਕ ਦਿਨ ਬੂਟੀ ਆਪਣਾ ਬੋਰਾ ਰੱਖ ਕੇ ਸਾਡੇ ਕੋਲ ਆਣ ਖੜ੍ਹਿਆ ਸੀ।
ਢਾਬੇ ’ਤੇ ਨਾ ਬੁੜ੍ਹਾ ਸੀ ਨਾ ਵੇਦ ਮੁਨੀ। ਕੋਈ ਹੜਤਾਲ ਸੀ ਉਸ ਦਿਨ। ਕਹਿੰਦੇ ਸੀ ਪੰਜਾਬ ਬੰਦ ਹੈ। ਦਸ-ਪੰਦਰਾਂ ਜਾਣਿਆਂ ਨੇ ਆ ਕੇ ਬਾਜ਼ਾਰ ਬੰਦ ਕਰਵਾ ਦਿੱਤਾ। ਢਾਬੇ ਦਾ ਸ਼ਟਰ ਸੁੱਟ ਕੇ ਬੁੜ੍ਹਾ ਬਾਕੀ ਦੁਕਾਨ ਵਾਲਿਆਂ ਕੋਲ ਜਾ ਖੜ੍ਹਿਆ।
ਲਹਿਰੀ ਨੇ ਚਾਹ ਦੀ ਗਿਲਾਸੀ ਬੂਟੀ ਨੂੰ ਫੜਾ ਦਿੱਤੀ। ਕਿਸੇ ਨੇ ਸਾਡੇ ਕੋਲ ਖੜ੍ਹੇ ਬੂਟੀ ਦੀ ਸ਼ਿਕਾਇਤ ਉਸ ਦੇ ਮਾਲਕ ਕੋਲ ਕਰ ਦਿੱਤੀ। ਉਹਨੇ ਠੁੱਡਿਆਂ ਨਾਲ ਕੁੱਟਿਆ ਸੀ ਬੂਟੀ ਨੂੰ। ਇਸੇ ਲਈ ਹੁਣ ਉਹ ਕਿਸੇ ਪਾਸੇ ਨਹੀਂ ਦੇਖਦਾ।
‘‘ਤੁਸੀਂ ਤਾਂ ਚੰਗੇ ਓ ਯਾਰ, ਸਾਡੇ ਵਰਗਿਆਂ ਦੇ ਨਾ ਕੋਈ ਅੱਗੇ ਨਾ ਪਿੱਛੇ। ਸਾਰਾ ਦਿਨ ਰੂੜੀਆਂ ਫੋਲ-ਫੋਲ ਕੱਚ ਚੁਗੀਦੈ। ਮਾਲਕ ਫੇਰ ਵੀ ਛਿੱਤਰ ਮਾਰਦੈ।’’
ਮੈਂ ਦੇਖਿਆ ਬੂਟੀ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਸੀ।
ਬੂਟੀ ਵਰਗਿਆਂ ਦੀ ਵੀ ਆਪਣੀ ਹੀ ਕਹਾਣੀ ਹੈ। ਚੌਕਾਂ ’ਚ ਖੜ੍ਹ ਕੇ ਭੀਖ ਮੰਗਦੇ ਨੇ। ਰੂੜੀਆਂ ਤੋਂ ਕੱਚ ਚੁਗਦੇ ਨੇ। ਪਰ ਕਮਾਈ ਕਿਸੇ ਹੋਰ ਦੀ ਜੇਬ੍ਹ ’ਚ ਪੈਂਦੀ ਹੈ। ਲਹਿਰੀ ਦੱਸਦਾ ਸੀ, ਭੀਖ ਮੰਗਣ ਵਾਲਿਆਂ ਦੇ ਵੀ ਗਰੁੱਪ ਨੇ। ਛੋਟੇ-ਛੋਟੇ ਬੱਚੇ ਭੀਖ ਮੰਗਣ ਲਈ ਤਿਆਰ ਕੀਤੇ ਜਾਂਦੇ ਨੇ। ਸ਼ਾਮ ਨੂੰ ਅਗਲੇ ਜੇਬ੍ਹਾਂ ਖਾਲੀ ਕਰਵਾ ਲੈਂਦੇ ਨੇ। ਮੈਨੂੰ ਭੀਲੇ ਦਾ ਚੇਤਾ ਆ ਗਿਆ। ਉਹ ਸਾਡੇ ਮੁਹੱਲੇ ਦੇ ਸਾਹਮਣੇ ਵਾਲੇ ਬਜ਼ਾਰ ’ਚ ਭੀਖ ਮੰਗਦਾ ਸੀ। ਕਦੇ-ਕਦੇ ਸਾਡੇ ਨਾਲ ਆ ਕੇ ਗੱਲਾਂ ਕਰਨ ਲੱਗਦਾ। ਬੈਠਾ-ਬੈਠਾ ਕਿੰਨੀਆਂ ਹੀ ਬੀੜੀਆਂ ਫੂਕ ਦਿੰਦਾ। ਉਹਦੀਆਂ ਜੇਬ੍ਹਾਂ ’ਚ ਟਨ-ਟਨ ਕਰਦੇ ਕਿੰਨੇ ਹੀ ਸਿੱਕੇ ਹੁੰਦੇ।
‘‘ਬਸ ਚਿੰਬੜ ਜਾਓ ਚਿੱਚੜ ਵਾਂਗੂੰ ਅਗਲੇ ਨੂੰ। ਤਰਲੇ ਕਰੋ। ਰੋਣੀ ਸ਼ਕਲ ਬਣਾ-ਬਣਾ ਦਿਖਾਓ। ਫੇਰ ਅਗਲਾ ਰੁਪਈਆ-ਦੋ ਰੁਪਈਆ ਦੇ ਦਿੰਦੈ।’’
ਉਹ ਸਾਨੂੰ ਭੀਖ ਮੰਗਣ ਦੀ ਕਲਾ ਸਿਖਾਉਂਦਾ, ਨਕਲਾਂ ਲਗਾ-ਲਗਾ ਦੱਸਦਾ। ਫਿਰ ਪਤਾ ਨਹੀਂ ਉਹ ਕਿੱਧਰ ਚਲਾ ਗਿਆ। ਮੈਂ ਉਸ ਨੂੰ ਉਸ ਬਜ਼ਾਰ ’ਚ ਕਦੀ ਨਹੀਂ ਦੇਖਿਆ।
‘‘ਇਹ ਇੱਕੋ ਥਾਂ ਬਹੁਤੀ ਦੇਰ ਭੀਖ ਨਹੀਂ ਮੰਗਦੇ।’’ ਲਹਿਰੀ ਅਗਲੀ ਗੱਲ ਦੱਸਣ ਲੱਗਦਾ ਹੈ। ਫਿਰ ਉਹ ਕਿਤਿਓਂ ਸੁਣਿਆ-ਸੁਣਾਇਆ ਸ਼ਿਅਰ ਸੁਣਾਉਣ ਲੱਗਦਾ: ‘‘ਜੋ ਛੋਟੇ ਹੋਤੇ ਹੈਂ ਅਪਨੇ ਘਰ ਕੇ ਬੜੇ ਹੋਤੇ ਹੈਂ।’’
ਲਹਿਰੀ ਦਾ ਸ਼ਿਅਰ ਸੁਣ ਕੇ ਮੈਨੂੰ ਮੇਰੀ ਬੀਬੀ ਦੀ ਗੱਲ ਚੇਤੇ ਆ ਜਾਂਦੀ ਹੈ, ‘‘ਤੇਰ੍ਹਾਂ ਦਾ ਹੋ ਗਿਆ ਲੱਲੂ। ਹੋਰ ਦੋ ਸਾਲਾਂ ਨੂੰ ਮੈਂ ਇਹਦਾ ਵਿਆਹ ਕਰ ਦੇਣੈ।’’ ਬੀਬੀ ਜਦੋਂ ਵੀ ਇਹ ਗੱਲ ਆਖੇ, ਮੈਨੂੰ ਸੰਗ ਆ ਜਾਂਦੀ ਹੈ।
ਢਾਬੇ ਤੋਂ ਗਿਆ ਤਾਂ ਰਾਤ ਸਾਡੇ ਮੁਹੱਲੇ ਦੇ ਸਾਹਮਣੇ ਘਰਾਂ ’ਚ ਪੰਡਿਤਾਂ ਦਾ ਵਿਆਹ ਸੀ। ਬਰਾਤ ਆਈ ਤਾਂ ਬੈਂਡ-ਵਾਜੇ ਵੱਜਣ ਲੱਗੇ। ਅਸੀਂ ਤਿੰਨ-ਚਾਰ ਜਣੇ ਰਲ ਕੇ ਪੈਸੇ ਲੁੱਟਣ ਲਈ ਚਲੇ ਗਏ। ਪੰਡਿਤਾਂ ਨੇ ਬਹੁਤ ਰੁਪਈਏ ਸੁੱਟੇ। ਦਸਾਂ-ਦਸਾਂ ਦੇ ਨੋਟ ਵਾਰੇ। ਘਰ ਆ ਕੇ ਮੈਂ ਪੈਸੇ ਗਿਣੇ ਤਾਂ ਚੌਂਤੀ ਰੁਪਈਏ ਬਣੇ।
‘‘ਬੀਬੀਏ ਆਹ ਪੈਸੇ ਲੈ-ਲੈ। ਹੋਰ ਪਾ ਕੇ ਮੈਨੂੰ ਬੈਟ ਲਿਆ ਦੇ। ਸਾਨੂੰ ਮੁੰਡੇ ਖਿਡਾਉਂਦੇ ਨਹੀਂ ਆਪਣੇ ਨਾਲ।’’ ਮੈਂ ਖ਼ੁਸ਼ ਹੋ ਕੇ ਬੀਬੀ ਨੂੰ ਆਖਿਆ।
‘‘ਬੈਟ ਸਿਰ ’ਚ ਮਾਰਨੈਂ ਤੂੰ। ਸਾਰਾ ਦਿਨ ਤਾਂ ਕੰਮ ’ਤੇ ਹੁੰਦੈਂ। ਖੇਡਣਾ ਕਦ ਈ?’’ ਬੀਬੀ ਨੇ ਪੈਸੇ ਖੀਸੇ ’ਚ ਪਾ ਲਏ।
ਅਗਲੇ ਦਿਨ ਉਨ੍ਹਾਂ ਪੈਸਿਆਂ ਦਾ ਚੱਕੀ ਤੋਂ ਆਟਾ ਆ ਗਿਆ।
‘‘ਵੇ ਲੱਲੂਆ। ਮੂੰਹ ਕਿੱਧਰ ਚੁੱਕਿਆ ਤੂੰ। ਰੋਟੀ ਤਾਂ ਉਂਜ ਈ ਪਈ। ਅੱਜ ਰੱਜ ਵੀ ਗਿਆ ਤੂੰ। ਹੈਂ?’’
‘ਅੱਜ ਭੁੱਖ ਹੈਨੀਂ।’’ ਮੈਂ ਬੀਬੀ ਨੂੰ ਆਖ ਢਾਬੇ ’ਤੇ ਆ ਗਿਆ।
ਫੇਰ ਕਦੇ ਖੇਡਣ ਨੂੰ ਮਨ ਨਾ ਕੀਤਾ। ਜੇ ਕਦੇ ਢਾਬਾ ਬੰਦ ਹੁੰਦਾ। ਮੈਂ ਤਦ ਵੀ ਖੇਡਣ ਨਾ ਜਾਂਦਾ।
ਕਦੇ-ਕਦੇ ਭਾਗੀ ਮੇਰੇ ਕੋਲ ਆ ਜਾਂਦਾ। ਆਪਣੇ ਸਕੂਲ ਦੀਆਂ ਗੱਲਾਂ ਸੁਣਾਉਂਦਾ। ਮੇਰਾ ਦਿਲ ਸਕੂਲ ਜਾਣ ਨੂੰ ਵੀ ਨਾ ਕਰਦਾ। ਉਹ ਬੋਲਦਾ ਰਹਿੰਦਾ। ਮੈਂ ਸੁਣਦਾ ਰਹਿੰਦਾ।
‘‘ਓਏ ਅੱਜ ਬੜਾ ਡੁੰਨ-ਵੱਟਾ ਬਣਿਆ ਬੈਠੈਂ। ਕੀ ਗੱਲ ਹੋ ਗਈ?’’ ਲਹਿਰੀ ਨੇ ਮੇਰੀ ਸੁਰਤੀ ਤੋੜੀ।
‘‘ਕੁਝ ਨਹੀਂ ਯਾਰ! ਊਈਂ ਬੱਸ।’’
ਲਹਿਰੀ ਪਤੀਲਾ ਚੁੱਕ ਕੇ ਅੰਦਰ ਆ ਵੜਿਆ।
ਲਹਿਰੀ ਜਿਵੇਂ ਮੇਰੀ ਸ਼ਕਲ ਤੋਂ ਪੜ੍ਹ ਲੈਂਦਾ ਹੈ ਕਿ ਮੇਰੀ ਸੁਰਤੀ ਇੱਥੇ ਹੈਨੀ। ਅੱਜ ਵੀ ਮੇਰਾ ਦਿਲ ਕੀਤਾ ਸੀ ਲਹਿਰੀ ਨੂੰ ਮੇਲੇ ਵਾਲੀ ਗੱਲ ਦੱਸਾਂ, ਪਰ ਮੈਂ ਚੁੱਪ ਰਿਹਾ।
ਸ਼ਾਮ ਨੂੰ ਛੁੱਟੀ ਵੇਲੇ ਲਹਿਰੀ ਮੈਨੂੰ ਆਪਣੇ ਨਾਲ ਲੈ ਗਿਆ।
‘‘ਅੱਜ ਸਾਡੇ ਵੀ.ਸੀ.ਆਰ. ਲੱਗਣੈ। ਆਜਾ ਫਿਲਮਾਂ ਦੇਖੀਏ। ਨਾਲੇ ਤੇਰੀ ਬੂਥੀ ਠੀਕ ਕਰਦੇ ਆਂ।’’
ਅੱਧੀ ਰਾਤ ਤੱਕ ਵੀ.ਸੀ.ਆਰ. ਚੱਲਦਾ ਰਿਹਾ। ਲਹਿਰੀ ਮੈਨੂੰ ਸਾਡੇ ਬੂਹੇ ਤੱਕ ਛੱਡ ਕੇ ਗਿਆ।
ਘਰ ਪਹੁੰਚਿਆ ਤਾਂ ਹਨੇਰਾ ਹੋਣ ਕਰਕੇ ਬੀਬੀ ਨੇ ਫੇਰ ਮੈਨੂੰ ਕੁੱਟਿਆ। ਸਾਰੀ ਰਾਤ ਮੈਨੂੰ ਡਰਾਉਣੇ ਸੁਪਨੇ ਆਉਂਦੇ ਰਹੇ।
‘‘ਨਾ ਦੀਵਿਆ ਕੀ ਹੋ ਗਿਆ ਸੀ ਰਾਤ। ਤੂੰ ਤਾਂ ਇਉਂ ਦੌੜਿਆ ਜਿਵੇਂ ਪੂਛ ਨੂੰ ਅੱਗ ਲੱਗੀ ਹੁੰਦੀ।’’ ਅਗਲੇ ਦਿਨ ਢਾਬੇ ’ਤੇ ਲਹਿਰੀ ਵਾਰ-ਵਾਰ ਪੁੱਛਦਾ ਰਿਹਾ, ਪਰ ਮੈਂ ਕੁਝ ਨਾ ਬੋਲਿਆ।
‘‘ਊਈਂ ਡੁੰਨ ਵੱਟਾ ਜਿਹਾ।’’ ਉਹ ਖਿੱਝ ਕੇ ਪਰ੍ਹਾਂ ਚਲਾ ਗਿਆ।
* * *
ਮਜ਼ਾਰ ’ਤੇ ਸਪੀਕਰ ਵੱਜਣ ਲੱਗਿਆ ਹੈ।
ਮੇਰੇ ਕੰਨ ਓਧਰ ਨੇ। ਪਰ ਗਾਹਕਾਂ ਅੱਗਿਓਂ ਭਾਂਡੇ ਚੁੱਕਣੇ ਨੇ। ਨੁੱਕਰ ਵਿਚ ਖੜ੍ਹਾ ਮੈਂ ਦੇਖ ਰਿਹਾ ਹਾਂ। ਕਦੋਂ ਅਗਲਾ ਖਾ ਪੀ ਕੇ ਵਿਹਲਾ ਹੋਏ ਤੇ ਮੈਂ ਭਾਂਡੇ ਚੁੱਕ ਕੇ ਵਿਹਲਾ ਹੋਵਾਂ। ਕਦੇ ਕੋਈ ਬਹੁਤਾ ਭਲਾ ਬੰਦਾ ਆਉਂਦਾ ਹੈ। ਰੋਟੀ ਖਾ ਕੇ ਸਾਡੇ ਵਰਗਿਆਂ ਨੂੰ ਪੰਜਾਂ-ਦਸਾਂ ਦਾ ਨੋਟ ਫੜਾ ਜਾਂਦਾ ਹੈ।
ਜਦੋਂ ਕੋਈ ਇੰਜ ਪੈਸੇ ਦੇ ਕੇ ਜਾਂਦਾ ਹੈ, ਮੈਂ ਬੀਬੀ ਨੂੰ ਨਹੀਂ ਦਿੰਦਾ। ਲੁਕਾ ਕੇ ਰੱਖਦਾ ਹਾਂ। ਪੈਸੇ ਜੋੜ ਕੇ ਮੈਂ ਬੈਟ ਲੈਣਾ ਹੈ।
ਸਾਡੇ ਵਰਗਿਆਂ ਨੂੰ ਕੋਈ ਨਾਲ ਨਹੀਂ ਖਿਡਾਉਂਦਾ। ਨਾ ਹੀ ਕੋਈ ਸਾਨੂੰ ਆਪਣੇ ਘਰ ਟੀ.ਵੀ. ਦੇਖਣ ਦਿੰਦਾ ਹੈ। ਸਾਡੇ ਸਾਹਮਣੇ ਮੁਹੱਲੇ ਦੇ ਜਿੰਨੇ ਵੀ ਘਰ ਨੇ ਪੜ੍ਹੇ-ਲਿਖੇ ਲੋਕਾਂ ਦੇ, ਕੋਈ ਵੀ ਸਾਨੂੰ ਪਸੰਦ ਨਹੀਂ ਕਰਦਾ। ਸਾਡੀ ਬਸਤੀ ’ਚ ਦਸ ਘਰ ਨੇ ਸਾਡੇ। ਉੱਚੇ-ਨੀਵੇਂ, ਕੱਚੇ-ਪੱਕੇ। ਸਾਡੇ ਘਰਾਂ ਕੋਲੋਂ ਲੰਘਣ ਵੇਲੇ ਅਗਲਾ ਮੂੰਹ ’ਤੇ ਰੁਮਾਲ ਰੱਖ ਕੇ ਲੰਘਦਾ ਹੈ।
‘‘ਤੇਰੇ ਕੋਲੋਂ ਵੀ ਬੋ ਆਉਣ ਲੱਗ ਜਾਣੀ। ਪਾ ਲਿਆ ਕਰ ਪਿੰਡੇ ’ਤੇ ਪਾਣੀ।’’ ਵੇਦ ਮੁਨੀ ਕਾਲੂ ਨੂੰ ਆਖ ਕੇ ਖਚਰਾ ਜਿਹਾ ਹੱਸ ਰਿਹਾ ਹੈ।
ਉਸ ਦਾ ਹਾਸਾ ਇੰਨਾ ਉੱਚਾ ਹੈ, ਮੇਰਾ ਧਿਆਨ ਇਕਦਮ ਖਿੰਡ ਗਿਆ।
ਭਾਗੀ ਦੇ ਲਿਸ਼ਕਦੇ ਕੱਪੜੇ ਤੇ ਸਾਫ਼-ਸੁਥਰੀ ਸ਼ਕਲ ਦੇਖ ਕੇ ਮੇਰਾ ਵੀ ਮਨ ਕਰਦਾ ਹੈ ਉਹਦੇ ਵਰਗਾ ਬਣਨ ਨੂੰ। ਮੈਂ ਰਾਤ ਨੂੰ ਮੰਜੇ ’ਤੇ ਪਿਆ ਭਾਗੀ ਬਾਰੇ ਸੋਚਦਾ ਹਾਂ। ਕਿੰਨੀ ਸੋਹਣੀ ਜ਼ਿੰਦਗੀ ਹੈ ਉਹਦੀ। ਸੋਚਾਂ ਵਿਚ ਗੁਆਚਾ ਮੈਂ ਸੌਂ ਜਾਂਦਾ ਹਾਂ। ਮੈਨੂੰ ਸੁਪਨਿਆਂ ਵਿਚ ਵੀ ਢਾਬਾ ਦਿਸਣ ਲੱਗਦਾ ਹੈ।
‘‘ਤੈਨੂੰ ਕੀ ਦੱਸ ਨਹੀਂ ਨਹਾਇਆ ਤਾਂ! ਕੰਮ ਤੋਂ ਜਾਨ ਛੁੱਟੇ ਤਾਂ ਪਟਿਆਂ ਨੂੰ ਤੇਲ ਲੱਗੇ। ਵਿਹਲੇ ਲੋਕ ਲਾਉਂਦੇ ਨੇ ਸ਼ੌਕੀਨੀਆਂ…।’’ ਵੇਦ ਮੁਨੀ ਨੂੰ ਗਾਲ੍ਹਾਂ ਕੱਢਦਾ ਕਾਲੂ ਪਰ੍ਹਾਂ ਨੂੰ ਚਲਾ ਗਿਆ।
ਮੈਨੂੰ ਫਿਲਮਾਂ ’ਚ ਦੇਖੇ ਹੀਰੋ ਯਾਦ ਆ ਜਾਂਦੇ। ਕਾਲੀਆਂ ਐਨਕਾਂ ਲਾ ਕੇ, ਵਾਲਾਂ ਨੂੰ ਜੈੱਲ ਲਗਾਈ। ਪਹਾੜਾਂ ’ਤੇ ਗਾਣੇ ਗਾਉਂਦੇ।
ਅਸੀਂ ਜਦੋਂ ਸਾਰੇ ਜਣੇ ਇਕੱਠੇ ਹੁੰਦੇ ਹਾਂ, ਆਪਣੇ ਹੀ ਗੀਤ ਗਾਉਣ ਲੱਗਦੇ ਹਾਂ।
ਉੱਤੇ ਰੱਬ ਤੇ ਥੱਲੇ ਯੱਬ
ਸੁੱਟ ਰੁਪਈਏ ਭਰ ਕੇ ਟੱਬ,
ਖੀਰ ਬਦਾਮਾਂ ਵਾਲੀ ਖਾਈਏ,
ਗੁਣ ਤੇਰੇ ਅਸੀਂ ਰੱਬਾ ਗਾਈਏ।
ਜਿਸ ਦੇ ਮਨ ’ਚ ਜੋ ਆਉਂਦੈ ਉਹੀ ਤੁਕਾਂ ਜੋੜੀ ਜਾਂਦਾ ਹੈ, ਪਰ ਗੱਲ ਖਾਣ-ਪੀਣ ਤੋਂ ਬਾਹਰ ਨਹੀਂ ਜਾਂਦੀ।
‘‘…ਖਾਣ-ਪੀਣ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਸੁੱਝਦੀ ਇਨ੍ਹਾਂ ਨੂੰ।’’ ਕੋਈ ਜਣਾ ਮਜ਼ਾਕ ਕਰਨ ਲੱਗਦਾ।
ਮੈਨੂੰ ਗਲੀ ਮੁਹੱਲੇ ਦੇ ਲੰਗਰ ਯਾਦ ਆ ਜਾਂਦੇ। ਬੀਬੀ ਸਾਨੂੰ ਡੱਬਾ ਫੜਾ ਕੇ ਤੋਰ ਦਿੰਦੀ। ਮੈਂ ਤੇ ਮੇਰੀ ਭੈਣ ਲੰਗਰ ਵਰਤਾਉਣ ਵਾਲੇ ਦੇ ਮਗਰ-ਮਗਰ ਫਿਰਦੇ।
‘‘ਸੰਗਤ ਭੁੱਖੀ ਫਿਰਦੀ ਐ, ਤੁਸੀਂ ਭਾਂਡੇ ਚੁੱਕ ਕੇ ਆ ਵੀ ਗਏ।’’ ਅਗਲਾ ਝਿੜਕ ਦਿੰਦਾ।
ਪਰ ਅਸੀਂ ਪੱਲਾ ਨਾ ਛੱਡਦੇ। ਲੰਗਰ ਲੈ ਕੇ ਮੁੜਦੇ। ਰੋਟੀਆਂ ਦੇਖ ਕੇ ਬੀਬੀ ਖ਼ੁਸ਼ ਹੋ ਜਾਂਦੀ।
‘‘ਓਏ ਦੀਵਿਆ! ਭਾਂਡੇ ਵੀ ਚੁੱਕ ਲੈ।’’ ਵੇਦ ਮੁਨੀ ਦੀ ਹਾਕ ਸੁਣ ਕੇ ਮੈਂ ਦੌੜ ਉੱਠਿਆ।
‘‘ਜੂਠੇ ਭਾਂਡੇ ਚੁੱਕਣ ਵਾਲੇ ਪਏ ਨੇ। ਗਾਹਕ ਤਾਂ ਰੋਟੀ ਖਾ ਕੇ ਘਰ ਵੀ ਪਹੁੰਚ ਗਿਆ ਹੋਣੈਂ।’’
ਮੈਂ ਅਜੇ ਤੀਕ ਲੰਗਰ ’ਚ ਗੁਆਚਿਆ ਹੋਇਆ ਹਾਂ। ਮੇਰਾ ਧਿਆਨ ਇੰਜ ਹੀ ਕਿਸੇ ਨਾ ਕਿਸੇ ਪਾਸੇ ਚਲਿਆ ਜਾਂਦਾ ਹੈ। ਜਿਵੇਂ ਅੱਜ ਸਵੇਰ ਤੋਂ ਮੇਲੇ ਵੱਲ ਜਾ ਰਿਹਾ ਹੈ। ਮੇਰੇ ਮਨ ਵਿਚ ਫਿਰ ਮੇਲੇ ਦੀ ਤਸਵੀਰ ਬਣਨ ਲੱਗੀ।
‘‘ਕੱਲ੍ਹ ਜੇ ਬੁੱਢੇ ਨੇ ਛੁੱਟੀ ਨਾ ਦਿੱਤੀ।’’ ਮੈਂ ਮਨ ਵਿੱਚ ਸੋਚਦਾ ਹਾਂ।
‘‘ਆਪਣੇ ਆਹੀ ਮੇਲੇ ਨੇ। ਸ਼ਾਮ ਨੂੰ ਰੋਟੀ ਖਾਣੀ ਕਿ ਨਹੀਂ। ਛੱਡ ਦਿਓ ਦਿਨੇ ਹੀ ਸੁਪਨੇ ਲੈਣੇ।’’ ਲਹਿਰੀ ਦੀ ਗੱਲ ਯਾਦ ਆ ਰਹੀ ਹੈ।
ਮੈਨੂੰ ਹੁਣ ਕਦੇ ਚੰਗਾ ਸੁਪਨਾ ਨਹੀਂ ਆਇਆ। ਮੇਰਾ ਧਿਆਨ ਸੁਪਨਿਆਂ ਵੱਲ ਚਲਾ ਗਿਆ।
ਮੈਨੂੰ ਸੁਪਨਿਆਂ ਵਿਚ ਇਕ ਮਹਿਲ ਦਿਸਿਆ ਕਰਦਾ ਸੀ। ਮੈਂ ਮਹਿਲ ਵਿਚ ਝੂਲੇ ਝੂਲਦਾ, ਪਰ ਹੁਣ ਸੁਪਨਿਆਂ ਵਿਚ ਵੀ ਢਾਬਾ ਦਿਸਣ ਲੱਗਦਾ ਹੈ।
‘ਮੇਰੇ ਸੁਪਨੇ ਕਿੱਥੇ ਗਏ?’ ਮੈਂ ਕਈ ਵਾਰ ਇਕੱਲਾ ਬੈਠਾ ਸੋਚਦਾ ਹਾਂ।
‘‘ਓਏ! ਮੂੰਹ ਕਿੱਧਰ ਚੁੱਕਿਐ ਤੂੰ। ਜਾ ਕੇ ਕੜਾਹੀ ਸਾਫ਼ ਕਰਵਾ।’’
ਵੇਦ ਮੁਨੀ ਟੁੱਟ ਕੇ ਪਿਆ।
ਮੇਲੇ ਦਾ ਧਿਆਨ ਮਨ ’ਚੋਂ ਨਿਕਲ ਗਿਆ। ਮੈਨੂੰ ਲੱਗਿਆ ਜਿਵੇਂ ਕਿਸੇ ਨੇ ਸੁਪਨਾ ਤੋੜ ਦਿੱਤਾ ਹੋਵੇ।

ਸੰਪਰਕ: 94632-15168


Comments Off on ਮੇਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.