ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਮੁਹੱਬਤੀ ਪਲਾਂ ਦਾ ਪੁਲ ਉਸਾਰਦਾ ਨਾਟਕ

Posted On March - 7 - 2020

ਡਾ. ਸਾਹਿਬ ਸਿੰਘ

ਮੁਹੱਬਤ ਸਦੀਵੀ ਹੈ, ਇਸਦੀ ਮਹਿਕ ਸਦੀਵੀ ਹੈ। ਗੋਲੀਆਂ, ਬੰਬਾਂ ਦੀ ਆਵਾਜ਼ ’ਚ ਵੀ ਇਸ਼ਕ ਦੀ ਰਬਾਬ ਆਪਣਾ ਰਾਗ ਗੁਆਚਣ ਨਹੀਂ ਦਿੰਦੀ। ਬਹੱਤਰ ਸਾਲ ਪਹਿਲਾਂ ਜਦੋਂ ਮੁਲਕ ਦੀ ਵੰਡ ਹੋਈ ਤਾਂ ਇਸ ਮੁਹੱਬਤੀ ਖਿੱਤੇ ਦੀ ਹੋਣੀ ਵੱਖਰੇ ਢੰਗ ਨਾਲ ਲਿਖੀ ਗਈ। ਅੱਜ ਜੰਮੂ ਕਸ਼ਮੀਰ ਤੋਂ ਆਏ ਕਲਾਕਾਰਾਂ ਵੱਲੋਂ ਮਾਰੀ ਮੁਹੱਬਤੀ ਸੱਦ ਦੀ ਬਾਤ ਪਾਉਣੀ ਹੈ। ਇਹ ਰੰਗਕਰਮੀ ਉਸ ਜ਼ੱਨਤ ਦੀ ਖੁਸ਼ਬੋ ਲੈ ਕੇ ਚੰਡੀਗੜ੍ਹ ਪਹੁੰਚੇ ਹਨ। ਜੰਮੂ ਤੋਂ ਆਏ ਰੰਗਕਰਮੀ ਬਿਨਾਂ ਦਹਾੜ ਮਾਰਿਆਂ, ਬਿਨਾਂ ਚੀਖਿਆਂ ਇਹ ਦੱਸਣ ਆਏ ਹਨ ਕਿ ਤੁਸੀਂ ਲੱਖ ਕਹਿਰ ਢਾਹ ਲਵੋ, ਅਸੀਂ ਮੁਹੱਬਤ ਨੂੰ ਮਰਨ ਨਹੀਂ ਦਿਆਂਗੇ। ਟੀ.ਐੱਫ.ਟੀ. ਦੇ ਮਹਾਂ ਰੰਗਮੰਚ ਉਤਸਵ ਦੌਰਾਨ ਉਨ੍ਹਾਂ ਕ੍ਰਿਸ਼ਨ ਚੰਦਰ ਦੀਆਂ ਦੋ ਮੁਹੱਬਤੀ ਕਹਾਣੀਆਂ ਪੇਸ਼ ਕੀਤੀਆਂ,ਸਿਰਲੇਖ ਸੀ ‘ਲਮਹੋਂ ਕੀ ਮੁਲਾਕਾਤ’। ਪ੍ਰਸਿੱਧ ਨਿਰਦੇਸ਼ਕ ਮੁਸ਼ਤਾਕ ਕਾਕ ਇਸ ਨਾਟਕ ਦਾ ਹਿਦਾਇਤਕਾਰ ਹੈ।
ਨਾਟਕ ਤੋਂ ਪਹਿਲਾਂ ਮੁਸ਼ਤਾਕ ਨਾਲ ਗੁਫ਼ਤਗੂ ਹੋਈ ਤਾਂ ਉਸ ਡਾਢੀ ਅਵੱਲੀ ਹਾਸੀ ਹੱਸਦਿਆਂ ਕਿਹਾ, ‘ਕਸ਼ਮੀਰ ਨੂੰ ਸਿੱਧਾ ਕਰਦਿਆਂ ਕਰਦਿਆਂ ਪੂਰਾ ਹਿੰਦੁਸਤਾਨ ਡੀਂਗਾ (ਟੇਢਾ, ਉਲਟਾ) ਕਰ ਮਾਰਿਆ।’ ਮੈਂ ਪੁੱਛ ਬੈਠਿਆ ਕਿ ਨਵੀਂ ਪਹਿਲਕਦਮੀ ਤੋਂ ਬਾਅਦ ਕਿਵੇਂ ਮਹਿਸੂਸ ਹੋ ਰਿਹੈ। ਉਸਦਾ ਲਾਲ ਚਿਹਰਾ ਹੋਰ ਵੀ ਸੁਰਖ ਹੋ ਗਿਆ ਤੇ ਉਹ ਫੇਰ ਹੱਸਿਆ, ‘ਇਕ ਘੰਟੇ ਲਈ ਕਿਸੇ ਦੇ ਫੋਨ ਦਾ ਨੈੱਟਵਰਕ ਗਾਇਬ ਹੋ ਜਾਵੇ ਤਾਂ ਬੰਦਾ ਅਧਮੋਇਆ ਹੋ ਜਾਂਦਾ, ਜਿੱਥੇ ਮਹੀਨਿਆਂ ਬੱਧੀ ਇੰਟਰਨੈੱਟ ਨਾ ਚੱਲੇ, ਉੱਥੇ ਮਹਿਸੂਸ ਕਰਨ ਲਈ ਬੜਾ ਕੁਝ ਐ ਦੋਸਤ।’ ਮੈਂ ਸਵਾਲਹੀਣ ਹੋ ਗਿਆ ਤੇ ਨਾਟਕ ਦਾ ਇੰਤਜ਼ਾਰ ਕਰਨ ਲੱਗਾ।
ਨਾਟਕ ਆਰੰਭ ਹੋਇਆ ਤਾਂ ਕਸ਼ਮੀਰੀ ਸੰਗੀਤ ਨੇ ਦਰਸ਼ਕਾਂ ਨੂੰ ਗੋਦੀ ਚੁੱਕ ਝੀਲ ਕਿਨਾਰੇ ਬਿਠਾ ਲਿਆ। ਕਲਕਲ ਵਗਦੇ ਪਾਣੀ ਦੀ ਹਾਜ਼ਰੀ ’ਚ ਯੂਸਫ ਆਪਣੀ ਮਾਸ਼ੂਕ ਮੁਮਤਾਜ਼ ਨੂੰ ਮਿਲਣ ਆਇਆ ਹੈ। ਚਿਹਰਿਆਂ ਤੋਂ ਅੱਲ੍ਹੜ ਉਮਰ ਦਾ ਚਾਅ ਉਮੜ ਰਿਹਾ ਹੈ। ਪਲ ਪਲ ਬਦਲਦੇ ਰੌਸ਼ਨੀ ਪ੍ਰਭਾਵ ਪੂਰੇ ਚੰਦਰਮਾ ਵਾਲੀ ਰਾਤ ਦੇ ਦੀਦਾਰ ਕਰਵਾ ਰਹੇ ਹਨ। ਮੁਮਤਾਜ਼ ਇਸ਼ਕ ਦੇ ਖੁਮਾਰ ’ਚ ਭਿੱਜੀ ਯੂਸਫ ਨਾਲ ਮੁਹੱਬਤੀ ਰਮਜ਼ਾਂ ਸਾਂਝੀਆਂ ਕਰ ਰਹੀ ਹੈ। ਤਰਲ ਹੋ ਰਹੀ ਮੁਹੱਬਤ ਦਾ ਖੁਸ਼ਬੂਦਾਰ ਰਸ ਜਿਵੇਂ ਹੌਲੀ ਹੌਲੀ ਬਦਾਮ ਨੂੰ ਉਸਦਾ ਅਸਲੀ ਕਿਰਦਾਰ ਬਖ਼ਸ਼ਣ ਲਈ ਭੂਰੇ ਰੰਗ ਦੀ ਗਿਰੀ ਬਣ ਰਿਹਾ ਹੈ। ਦਰਸ਼ਕ ਇਸ ਮੁਹੱਬਤ ਦੀ ਨਰੋਈ ਗਿਰੀ ਬਣੀ ਦੇਖਣ ਦਾ ਸੁਪਨਾ ਪਾਲ ਲੈਂਦਾ ਹੈ। ਯੂਸਫ ਦੂਰ ਖੜ੍ਹੀ ਕਿਸ਼ਤੀ ਨੂੰ ਆਪਣੇ ਪਿਆਰ ਦੀ ਹਮਰਾਜ਼ ਬਣਾਉਂਦਾ ਹੈ। ਉਸਨੂੰ ਲੱਗਦਾ ਹੈ ਕਿ ਇਹ ਕਿਸ਼ਤੀ ਹਜ਼ਾਰਾਂ ਸਾਲਾਂ ਤੋਂ ਪਾਣੀਆਂ ਦੀ ਹਿੱਕ ’ਤੇ ਤੈਰ ਰਹੀ ਹੈ, ਜਿਵੇਂ ਹਰ ਮੁਹੱਬਤੀ ਜੋੜੇ ਨੂੰ ਉਸਦੀ ਮੰਜ਼ਿਲ ਤਕ ਪਹੁੰਚਾਉਣ ਲਈ ਖੌਲਦੇ ਤੂਫਾਨ ਸੰਗ ਲੜ ਰਹੀ ਹੈ। ਮੁਮਤਾਜ਼ ਆਪਣੇ ਪਿਆਰੇ ਯੂਸਫ ਨੂੰ ਮੱਕੀ ਦੀ ਛੱਲੀ (ਭੁੱਟਾ) ਪੇਸ਼ ਕਰਦੀ ਹੈ। ਛੱਲੀ ਦੇ ਦਾਣੇ ਕੁਰਬਾਨ ਹੋ ਰਹੇ ਹਨ ਤੇ ਮੁਮਤਾਜ਼ ਦੇ ਤਸੱਵਰ ’ਚ ਉਸਦੀ ਮੁਹੱਬਤ ਪ੍ਰਵਾਨ ਚੜ੍ਹਨ ਦਾ ਬਿੰਬ ਬਣ ਜਾਂਦੇ ਹਨ। ਦਾਣੇ ਪਹਿਲਾਂ ਨਰਮ ਹੁੰਦੇ ਨੇ, ਪੋਲੇ, ਚਿੱਟੇ ਦੁੱਧ ਦੇ ਦੰਦਾਂ ਵਰਗੇ, ਫਿਰ ਰੰਗ ਵਟਾਉਂਦੇ ਨੇ ਤੇ ਭੂਰੇ ਹੋ ਜਾਂਦੇ ਨੇ। ਦਾਣੇ ਜਵਾਨ ਹੋਣਗੇ, ਮੁਹੱਬਤ ਪ੍ਰਵਾਨ ਚੜ੍ਹੇਗੀ। ਪਰ ਜ਼ਿੰਦਗੀ ਸਹਿਜ ਤੋਰੇ ਤੁਰਦੀ ਨਹੀਂ। ਨਾਟਕ ਵੀ ਤਾਂ ਇਹੀ ਭਾਲਦੈ ਕਿ ਤਣਾਅ ਆਵੇ ਤੇ ਨਾਟਕ ਬਣੇ। ਤਿੰਨ ਦਿਨ ਬਾਅਦ ਯੂਸਫ ਫਿਰ ਝੀਲ ਕੰਢੇ ਆਉਂਦਾ ਹੈ। ਮੁਮਤਾਜ਼ ਕਿਸੇ ਹੋਰ ਨਾਲ ਬੈਠੀ ਹੱਸ ਹੱਸ ਗੱਲਾਂ ਕਰ ਰਹੀ ਹੈ, ਭੁੱਟਾ ਖਾ ਰਹੀ ਹੈ। ਯੂਸਫ ਨੂੰ ਬਹਾਰ ਖਿਜ਼ਾਂ ’ਚ ਤਬਦੀਲ ਹੋ ਗਈ ਭਾਸਦੀ ਹੈ। ਉਹ ਬਿਨਾਂ ਮੁਮਤਾਜ਼ ਨੂੰ ਮਿਲਿਆਂ ਤਿੜਕਿਆ ਹੋਇਆ ਦਿਲ ਲੈ ਮੁੜ ਜਾਂਦਾ ਹੈ। ਸੂਤਰਧਾਰ ਦਰਸ਼ਕ ਦੀ ਉਂਗਲ ਫੜ ਗੱਲਾਂ ਗੱਲਾਂ ਵਿਚ 48 ਸਾਲ ਲੰਘਾ ਦਿੰਦਾ ਹੈ। ਹੁਣ ਬੁੱਢਾ ਹੋਇਆ ਯੂਸਫ ਇਕ ਵਾਰ ਫਿਰ ਝੀਲ ਕੰਢੇ ਆਇਆ ਹੈ। ਮੁਮਤਾਜ਼ ਨਾਲ ਫਿਰ ਟਾਕਰਾ ਹੁੰਦਾ ਹੈ। ਹੁਣ ਉਹ ਘਰ ਪਰਿਵਾਰ ਵਾਲੀ ਹੈ, ਗਿਲਾ ਕਰਦੀ ਹੈ ਕਿ ਤੂੰ ਵਾਅਦਾ ਕਰਕੇ ਤਿੰਨ ਦਿਨ ਬਾਅਦ ਆਇਆ ਕਿਉਂ ਨਹੀਂ। ਯੂਸਫ ਬੇਵਫਾਈ ਦਾ ਕਿੱਸਾ ਛੋਂਹਦਾ ਹੈ। ਸੱਚ ਸਾਹਮਣੇ ਆਉਂਦਾ ਹੈ ਕਿ ਉਸ ਰਾਤ ਮੁਮਤਾਜ਼ ਆਪਣੇ ਭਰਾ ਨੂੰ ਯੂਸਫ ਨਾਲ ਮਿਲਾਉਣ ਲਈ ਲੈ ਕੇ ਆਈ ਸੀ। ਦਰਸ਼ਕ ਸਾਹਮਣੇ ਵਾਪਰਦੀ ਇਕ ਭੁੱਲ ਦੇਖ ਰਿਹਾ ਹੈ, ਪਰ ਉਸਦਾ ਧਿਆਨ ਕਿਸੇ ਵੱਡੀ ਇਤਿਹਾਸਕ ਗ਼ਲਤੀ ’ਤੇ ਕੇਂਦਰਿਤ ਹੋ ਜਾਂਦਾ ਹੈ। ਯੂਸਫ ਇਕ ਪਾਸੇ ਇਸ਼ਾਰਾ ਕਰਦਾ ਹੈ ਕਿ ਇੱਥੇ ਉਸਨੇ ਮੁਮਤਾਜ਼ ਖਾਤਰ ਇਕ ਘਰ ਬਣਾਇਆ ਸੀ। ਮੁਮਤਾਜ਼ ਉਸ ਵੱਲ ਇਕ ਟਕ ਦੇਖ ਰਹੀ ਹੈ। ਇੰਨੇ ਲੰਬੇ ਅਰਸੇ ਬਾਅਦ ਪੁਰਾਣੀਆਂ ਇਮਾਰਤਾਂ ਦੀਆਂ ਨੀਹਾਂ ਖੋਦੀਆਂ ਜਾਣਗੀਆਂ ਤਾਂ ਤਕਲੀਫ਼ ਤਾਂ ਹੋਏਗੀ। ਮੁਮਤਾਜ਼ ਮੁਹੱਬਤੀ ਪਲਾਂ ਨੂੰ ਭੁੱਲੀ ਨਹੀਂ। ਮਹਿਸੂਸ ਹੁੰਦਾ ਹੈ ਕਿ ਦੋਵੇਂ ਨਦੀ ਦੇ ਦੋ ਕਿਨਾਰਿਆਂ ’ਤੇ ਖੜ੍ਹੇ ਹਨ। ਦੋਵਾਂ ਦਾ ਅਕਸ ਦਿਖਾਈ ਦੇ ਰਿਹਾ ਹੈ, ਜਦ ਨਦੀ ਸਮੁੰਦਰ ਵਿਚ ਸਮਾਏਗੀ ਤਾਂ ਇਹ ਅਕਸ ਇਕਮਿਕ ਹੋ ਜਾਣਗੇ।
ਦੂਜੀ ਕਹਾਣੀ ਇਕ ਐਸੀ ਕੁੜੀ ਸੁਧਾ ਦੀ ਦਾਸਤਾਨ ਪੇਸ਼ ਕਰਦੀ ਹੈ ਜੋ ਸਾਧਾਰਨ ਦਿੱਖ ਵਾਲੀ ਹੈ ਤੇ ਕੋਈ ਮੁੰਡਾ ਉਸ ਵੱਲ ਖਿੱਚ ਮਹਿਸੂਸ ਨਹੀਂ ਕਰਦਾ। ਇਕ ਦਿਨ ਇਕ ਮੁੰਡਾ ਮੋਤੀ ਦੇਖਣ ਆਉਂਦਾ ਹੈ, ਸੁਧਾ ਨੂੰ ਪਹਿਲੀ ਵਾਰ ਮੁਹੱਬਤ ਦਾ ਅਹਿਸਾਸ ਹੁੰਦਾ ਹੈ, ਮੋਤੀ ਵੀ ਅਗਲੇ ਦਿਨ ਇਨਕਾਰ ਦਾ ਸੰਦੇਸ਼ ਭੇਜ ਦਿੰਦਾ ਹੈ, ਪਰ ਸੁਧਾ ਆਪਣੇ ਖਿਆਲਾਂ ’ਚ ਮੋਤੀ ਸੰਗ ਮੁਹੱਬਤ ਪਾਲਦੀ ਹੈ। ਪਾਰਕ ਵਿਚ ਲੱਗੇ ਬੈਂਚ ’ਤੇ ਹਰ ਸ਼ਾਮ ਬੈਠਦੀ ਹੈ ਤੇ ਕਲਪਨਾ ਦੇ ਘੋੜੇ ’ਤੇ ਸਵਾਰ ਹੋ ਕੇ ਮੋਤੀ ਸੰਗ ਵਾਰਤਾਲਾਪ ਰਚਾਉਂਦੀ ਹੈ। ਕਾਫ਼ੀ ਸਮੇਂ ਬਾਅਦ ਮੋਤੀ ਸੁਧਾ ਦੇ ਦਫ਼ਤਰ ਵਿਚ ਨਵਾਂ ਅਫ਼ਸਰ ਬਣ ਕੇ ਆਉਂਦਾ ਹੈ। ਉਸਦਾ ਚਿਹਰਾ ਹੁਣ ਮੁਰਝਾਇਆ ਹੋਇਆ ਹੈ ਤੇ ਅੱਖਾਂ ਥੱਲੇ ਕਾਲੇ ਧੱਬੇ ਹਨ। ਉਹ ਜ਼ਿੰਦਗੀ ਤੋਂ ਖੁਸ਼ ਨਹੀਂ ਹੈ। ਸੁਧਾ ਅੱਗੇ ਆਪਣੀ ਲਾਚਾਰੀ ਰੱਖਦਾ ਹੈ। ਸੁਧਾ ਦਾਨਿਸ਼ਮੰਦ ਸੁਰ ਅਪਣਾਉਂਦੀ ਹੈ, ਦੋਵੇਂ ਤਰਫ਼ ਮਜਬੂਰੀਆਂ ਤੇ ਅਧੂਰੀਆਂ ਮੁਹੱਬਤਾਂ ਦਾ ਦਰਦ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਇਨ੍ਹਾਂ ਦੋਵਾਂ ਕਹਾਣੀਆਂ ਦਾ ਮੰਚਨ ਇਕ ਅਜਿਹਾ ਸੁਖਦ ਅਹਿਸਾਸ ਬਣ ਕੇ ਬਹੁੜਿਆ ਜਿਵੇਂ ਜੰਮੂ ਕਸ਼ਮੀਰ ਦੇ ਚਿਨਾਰਾਂ ਵਰਗੀ ਉਚਾਈ ਸਹਿਜੇ ਹੀ ਪ੍ਰਾਪਤ ਹੋ ਗਈ ਹੋਵੇ। ਪੇਸ਼ਕਾਰੀ ’ਚ ਨਾ ਕੋਈ ਉਚੇਚ, ਨਾ ਕੋਈ ਕਾਹਲ, ਕਹਾਣੀ ਕਹਿਣ ਦਾ ਸਹਿਜ ਅੰਦਾਜ਼ ਧੂਮ ਧੜਾਕੇ ਦੇ ਦੌਰ ਵਿਚ ਪਿਆਰੀ ਨਿੱਘੀ ਜੱਫੀ ਬਣ ਦਸਤਕ ਦੇ ਗਿਆ। ਬੱਬਰ, ਸ਼ਿਖਾ ਜੈਨ ਜਤਿਨ ਸ਼ਰਮਾ, ਰਾਜ ਬਹਾਦਰ, ਇਨਾਬ ਖਿਜਰਾ ਤੇ ਜਤਿਨ ਗੌਰ ਨੇ ਬੜੀ ਪਿਆਰੀ ਅਦਾਕਾਰੀ ਦਾ ਜਲਵਾ ਦਿਖਾਇਆ। ਅਦਨਾਨ ਕੋਹਲੀ ਦਾ ਸੰਗੀਤ, ਸੰਦੀਪ ਵਰਮਾ ਦੀ ਰੌਸ਼ਨੀ ਵਿਉਂਤ ਅਤੇ ਵਿਕਾਸ ਬਾਹਰੀ ਵੱਲੋਂ ਕੀਤੀ ਸਹਾਇਕ ਨਿਰਦੇਸ਼ਨਾ ਨਾਟਕ ਨੂੰ ਬਲ ਪ੍ਰਦਾਨ ਕਰ ਰਹੀ ਸੀ।

ਸੰਪਰਕ: 98880-11096


Comments Off on ਮੁਹੱਬਤੀ ਪਲਾਂ ਦਾ ਪੁਲ ਉਸਾਰਦਾ ਨਾਟਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.