ਛੋਟਾ ਪਰਦਾ !    ਸਾਡੇ ਕੋਠੇ ਮਗਰ ਲਸੂੜੀਆਂ ਵੇ... !    ਸਦਾਬਹਾਰ ਗਾਇਕ ਸੁਰਿੰਦਰ ਛਿੰਦਾ !    ਵਿਸ਼ਵ ਰੰਗਮੰਚ ਦਿਵਸ ਮੌਕੇ ਅਹਿਦ !    ਅਦਾਕਾਰੀ ’ਚ ਸਰਗਰਮ ਦਿਲਬਾਗ ਸਿੰਘ ਮਾਨਸਾ !    ਮਿਆਰੀ ਗੀਤਾਂ ਦਾ ਸਿਰਜਕ ਸੁਖਪਾਲ ਔਜਲਾ !    ਸੁਖਾਵੇਂ ਇਨਸਾਨੀ ਰਿਸ਼ਤਿਆਂ ਦਾ ਆਨੰਦ !    ਫਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਲਹਿਰ ਦੇ ਬਾਨੀ !    ਕਿਲ੍ਹੇ ਵਾਲੀ ਦਾਦੀ !    ਇਨਾਮ ਦਾ ਹੱਕਦਾਰ !    

ਮਜ਼ਹਬੀ ਸਿੱਖ ਅਤੇ ਸਿੱਖਿਆ: ਆਪੇ ਫਾਥੜੀਏ…

Posted On March - 27 - 2020

ਗੁਰਦੇਵ ਸਿੰਘ ਸਹੋਤਾ

‘ਸਿੱਖਿਆ ਹਾਸਿਲ ਕਰਨ ’ਚ ਮਜ਼ਹਬੀ ਸਿੱਖ ਅਜੇ ਵੀ ਫਾਡੀ ਕਿਉਂ’ ਵਿਸ਼ੇ ’ਤੇ ਮੇਰੇ ਵੱਲੋਂ ਲਿਖੇ ਗਏ ਲੇਖ ਜੋ 6 ਮਾਰਚ 2020 ਦੇ ਅੰਕ ਵਿੱਚ ਛਪਿਆ ਸੀ, ਬਾਰੇ ਮੇਰੀ ਕਿਆਸ ਤੋਂ ਕਿਤੇ ਵਧੇਰੇ ਲੋਕਾਂ ਨੇ ਟੈਲੀਫੋਨ ਰਾਹੀਂ ਆਪਣੇ ਵੱਖ ਵੱਖ ਪ੍ਰਤੀਕਰਮ ਦਿੱਤੇ ਹਨ, ਜੋ ਵਿਚਾਰਨਯੋਗ ਹਨ। ਮੈਂ ਇਸ ਵਿਸ਼ੇ ਸਬੰਧੀ ਉਨ੍ਹਾਂ ਕੋਲੋਂ ਬਹੁਤ ਕੁਝ ਜਾਣਿਆ ਅਤੇ ਬੁੱਝਿਆ ਹੈ, ਜੋ ਇਸ ਤੋਂ ਪਹਿਲਾਂ ਇਸ ਮੁੱਦੇ ’ਤੇ ਕਦੇ ਵੀ ਮੇਰੀ ਸੋਚ ਦਾ ਹਿੱਸਾ ਨਹੀਂ ਬਣ ਸਕਿਆ। ਇਸੇ ਤਬਕੇ ’ਚ ਜਨਮ ਲੈਣ, ਵੱਧਣ ਫੁੱਲਣ ਅਤੇ ਇਨ੍ਹਾਂ ਵਿੱਚ ਵਿਚਰਨ ਕਾਰਨ, ਜੋ ਮੇਰਾ ਅਨੁਭਵ ਸੀ ਜਾਂ ਜੋ ਮੇਰੀ ਧਾਰਨਾ ਸੀ, ਉਸ ਮੁਤਾਬਿਕ ਮੋਟੇ ਤੌਰ ’ਤੇ ਮਜ਼ਹਬੀ ਸਿੱਖਾਂ ਦਾ ਗੈਰ ਹੁਨਰੀ ਹੋਣਾ, ਬੇਜ਼ਮੀਨੇ ਹੋਣਾ, ਖੇਤ ਮਜ਼ਦੂਰੀ ਦੇ ਧੰਦੇ ’ਤੇ ਨਿਰਭਰ ਰਹਿਣਾ, ਗੁਰਬਤ ਹੰਢਾਉਣਾ ਅਤੇ ਪਿੰਡਾਂ ਵਿੱਚ ਵਸਣ ਵਰਗੇ ਕਾਰਨ ਹੀ ਇਨ੍ਹਾਂ ਦੇ ਵਿੱਦਿਅਕ ਅਤੇ ਆਮ ਪਛੜੇਪਣ ਲਈ ਜ਼ਿੰਮੇਵਾਰ ਸਮਝੇ ਜਾਂਦੇ ਰਹੇ ਹਨ। ਇਸ ਤਰ੍ਹਾਂ ਦੀ ਧਾਰਨਾ ਮੇਰੇ ਇਕੱਲੇ ਦੀ ਨਹੀਂ ਸਗੋਂ ਇਸ ਵਰਗ ਦੇ ਲੋਕਾਂ ਦੇ ਵੱਡੇ ਹਿੱਸੇ ਦੀ ਬਣੀ ਹੋਈ ਹੈ। ਮੈਂ ਇਹ ਜਾਣਿਆ ਹੈ ਕਿ ਸਾਡਾ ਸਾਰਿਆਂ ਦਾ ਇਹ ਨਜ਼ਰੀਆ ਵਿਸ਼ਾਲ ਨਹੀਂ ਹੈ, ਸਗੋਂ ਇਹ ਸਾਡੀ ਸੌੜੀ ਸੋਚ ਜ਼ਾਹਿਰ ਕਰਦਾ ਹੈ ਕਿਉਂਕਿ ਇਸ ਵਿਸ਼ੇ ’ਤੇ ਸਮਾਜ ਦੇ ਦੂਸਰੇ ਵਰਗਾਂ ਦਾ ਨਜ਼ਰੀਆ ਸਾਡੇ ਨਾਲੋਂ ਭਿੰਨ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਇਸ ਸਮੱਸਿਆ ਦੇ ਹੋਰ ਪਹਿਲੂਆਂ ਨੂੰ ਬੜਾ ਖੁੱਲ੍ਹ ਕੇ ਉਜਾਗਰ ਕੀਤਾ ਹੈ, ਜਿਨ੍ਹਾਂ ਤੋਂ ਪਹਿਲਾਂ ਮੈ ਬਿਲਕੁਲ ਅਨਜਾਣ ਸੀ। ਇਸ ਪ੍ਰਤੀ ਉਨ੍ਹਾਂ ਦੀਆਂ ਰਾਵਾਂ ਕੁਝ ਇਸ ਪ੍ਰਕਾਰ ਬਿਆਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਰਗ ਦੇ ਜ਼ਿਆਦਾ ਲੋਕ ਕਮਜ਼ੋਰ ਮਾਨਸਿਕਤਾ ਵਾਲੇ ਅਤੇ ਦਿਮਾਗੀ ਦੀਵਾਲੀਏਪਣ ਦੇ ਸ਼ਿਕਾਰ ਹਨ। ਉਹ ਉੱਨਤੀ ਬਾਰੇ ਬਹੁਤੀਆਂ ਗੱਲਾਂ ਸੁਣਨ, ਸਮਝਣ ਅਤੇ ਮੰਨਣ ਤੋਂ ਇਨਕਾਰੀ ਹਨ। ਇਸ ਵਜ੍ਹਾ ਨਾਲ ਉਨ੍ਹਾਂ ਦੀ ਬਿਹਤਰੀ ਲਈ ਕੀਤੇ ਜਾਂਦੇ ਕਈ ਯਤਨ ਵਿਅਰਥ ਚਲੇ ਜਾਂਦੇ ਹਨ।
ਉਹ ਅੰਬੇਦਕਰਵਾਦੀ ਨਹੀਂ ਬਣੇ ਅਰਥਾਤ ਉਨ੍ਹਾਂ ਨਾਂ ਤਾਂ ਦਲਿਤਾਂ ਦੇ ਮਸੀਹਾ ਡਾ. ਅੰਬੇਦਕਰ ਦੀ ਇਨਕਲਾਬੀ ਵਿਚਾਰਧਾਰਾ ਨੂੰ ਸਮਝਿਆ ਹੈ ਨਾ ਹੀ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਕੋਈ ਅਮਲ ਕੀਤਾ ਹੈ। ਉਨ੍ਹਾਂ ਦੇ ਵਿਰਲੇ ਲੋਕ ਹੀ ਗੁਲਾਮੀ ਤੇ ਗੁਰਬਤ ਤੋਂ ਮੁਕਤੀ ਹਾਸਿਲ ਕਰਨ ਵਾਲੀ ਸਮਾਜਿਕ ਪਰਿਵਰਤਨ ਦੀ ਬੇਸ਼ਕੀਮਤੀ ਵਿਚਾਰਧਾਰਾ ਨੂੰ ਸਮਰਪਿਤ ਹੋਏ ਹਨ। ਇੰਜ ਜਾਪਦਾ ਹੈ ਕਿ ਜਿਵੇਂ ਬਾਬਾ ਸਾਹਿਬ ਦਾ ‘ਪੜ੍ਹੋ,ਜੁੜੋ ਤੇ ਸੰਘਰਸ਼ ਕਰੋ’ ਵਾਲਾ ਸੁਨੇਹਾ ਉਨ੍ਹਾਂ ਦੇ ਘਰ ਘਰ ਤੱਕ ਕਿਸੇ ਨੇ ਪਹੁੰਚਦਾ ਹੀ ਨਹੀਂ ਕੀਤਾ।

ਗੁਰਦੇਵ ਸਿੰਘ ਸਹੋਤਾ

ਉਹ ਬਹੁਤ ਅੰਧਵਿਸ਼ਵਾਸੀ ਹਨ। ਉਨ੍ਹਾਂ ਦਾ ਆਪਣਾ ਕੋਈ ਗੁਰੂ ਪੀਰ ਨਹੀਂ ਅਤੇ ਉਹ ਮੜ੍ਹੀਆਂ ਮਸਾਣਾਂ ਦੇ ਪੁਜਾਰੀ ਹਨ। ਡੇਰਾਵਾਦ ਉਨ੍ਹਾਂ ਦੇ ਜ਼ਹਿਨ ’ਤੇ ਭਾਰੂ ਹੈ। ਉਹ ਜਥੇਬੰਦਕ ਨਹੀਂ ਹਨ ਅਤੇ ਅਨੇਕਾਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਗਰੁੱਪਾਂ ਵਿੱਚ ਵੰਡੇ ਹੋਏ ਹਨ। ਪੰਜਾਬ ਦੇ ਹਰ ਖਿੱਤੇ ’ਚ ਉਨ੍ਹਾਂ ਦੇ ਕਈ ਕਈ ਸਮਾਜਿਕ ਸੰਗਠਨ ਹਨ, ਜਿਨ੍ਹਾਂ ਦੀ ਗਿਣਤੀ ਕਈ ਸੈਂਕੜੇ ਹੈ। ਸ਼ਾਇਦ ਹੀ ਸਮਾਜ ਦਾ ਕੋਈ ਹੋਰ ਭਾਈਚਾਰਾ ਸਮਾਜਿਕ ਰਾਜਨੀਤਿਕ ਸੰਸਥਾਵਾਂ ਬਣਾਉਣ ਦੀ ਇਸ ਦੌੜ ਵਿੱਚ ਉਨ੍ਹਾਂ ਦੇ ਨੇੜੇ ਤੇੜੇ ਵੀ ਢੁੱਕਦਾ ਹੋਵੇ। ਉਨ੍ਹਾਂ ਦੇ ਸੰਗਠਨਾਂ ’ਚੋਂ ਇੱਕਾ ਦੁੱਕਾ ਨੂੰ ਛੱਡ ਕੇ ਕੋਈ ਵੀ ਐਸਾ ਨਹੀਂ ਜਿਸ ਦੀਆਂ ਪ੍ਰਾਪਤੀਆਂ ਬਹੁਤ ਵਰਨਣਯੋਗ ਅਤੇ ਮਿਸਾਲੀ ਹੋਣ। ਜੇਕਰ ਇਸ ਤਰ੍ਹਾਂ ਕਹਿ ਲਿਆ ਜਾਵੇ ਇਨ੍ਹਾਂ ਵਿੱਚੋਂ ਜ਼ਿਆਦਾ ਨਾਮ ਦੇ ਹੀ ਸਮਾਜਿਕ ਸੰਗਠਨ ਹਨ ਤਾਂ ਇਸ ਵਿੱਚ ਜ਼ਰਾ ਜਿੰਨੀ ਵੀ ਅਤਕਥਨੀ ਨਹੀਂ ਹੋਵੇਗੀ। ਉਨ੍ਹਾਂ ਦੀ ਇਸ ਪ੍ਰਕਾਰ ਵੰਡ ਉਨ੍ਹਾਂ ਨੂੰ ਗੁੰਮਰਾਹ ਅਤੇ ਕਮਜ਼ੋਰ ਕਰਦੀ ਹੈ। ਉਹ ਆਪਸੀ ਵਿਚਾਰ ਵਟਾਂਦਰਾ ਵੀ ਨਹੀਂ ਕਰਦੇ। ਉਨ੍ਹਾਂ ਦੀਆਂ ਸਮਾਜਿਕ ਜਥੇਬੰਦੀਆਂ ਵਿੱਚ ਆਪਸੀ ਤਾਲਮੇਲ ਅਤੇ ਇਤਫਾਕ ਦੀ ਘਾਟ ਹੈ। ਉਹ ਇੱਕ ਸੁਰ ਬਿਲਕੁਲ ਨਹੀਂ ਹਨ। ਉਨ੍ਹਾਂ ਦੀ ਦੂਸਰੇ ਵਿਕਸਿਤ ਭਾਈਚਾਰਿਆਂ ਨਾਲ ਵੀ ਗੱਲਬਾਤ ਨਾਂਮਾਤਰ ਹੀ ਹੁੰਦੀ ਹੈ, ਜਿਸ ਕਾਰਨ ਉਹ ਦੂਸਰਿਆਂ ਤੋਂ ਅਗਾਂਹ ਵੱਧਣ ਦੇ ਢੰਗ ਤਰੀਕੇ ਸਿੱਖਣ ਅਤੇ ਸਮਝਣ ਤੋਂ ਵਾਂਝੇ ਰਹਿ ਜਾਂਦੇ ਹਨ।
ਉਹ ਦਬਾਅ ਸਮੂਹ (ਪ੍ਰੈਸ਼ਰ ਗਰੁੱਪ) ਬਣਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ, ਜਿਸ ਕਾਰਨ ਸਰਕਾਰੇ ਦਰਬਾਰੇ ਉਨ੍ਹਾਂ ਦਾ ਕੋਈ ਦਬਦਬਾ ਨਾ ਹੋਣ ਕਾਰਨ ਉਨ੍ਹਾਂ ਦੇ ਹਿਤਾਂ ਵਿਰੁੱਧ ਫੈਸਲਾ ਲੈਣ ਲੱਗਿਆਂ ਸਰਕਾਰ ਨੂੰ ਰਤਾ ਜਿੰਨਾ ਵੀ ਖੌਫ ਜਾਂ ਝਿਜਕ ਨਹੀਂ ਹੁੰਦੀ। ਇਸੇ ਤਰ੍ਹਾਂ ਉਹ ਆਪਣੇ ਜਾਇਜ਼ ਹੱਕ ਲੈਣ ’ਚ ਵੀ ਅਸਫਲ਼ ਰਹਿੰਦੇ ਹਨ। ਉਨ੍ਹਾਂ ਦੀ ਫਿਤਰਤ ਵੀ ਸੰਘਰਸ਼ੀ ਨਹੀਂ ਹੈ। ਉਨ੍ਹਾਂ ਦਾ ਦੁਖਾਂਤ ਇਹ ਵੀ ਹੈ ਕਿ ਉਨ੍ਹਾਂ ਦਾ ਕੋਈ ਵੀ ਐਸਾ ਰਾਜਨੀਤਕ ਅਤੇ ਧਾਰਮਿਕ ਆਗੂ ਨਹੀਂ ਹੋਇਆ, ਜੋ ਉਨ੍ਹਾਂ ਨੂੰ ਇੱਕ ਲੜੀ ਵਿੱਚ ਪਰੋ ਸਕਣ ਦੀ ਸਮਰਥਾ ਰੱਖਦਾ ਹੋਵੇ। ਉਹ ਉਨ੍ਹਾਂ ਦੀਆਂ ਕਠਿਨਾਈਆਂ ਦੇ ਹੱਲ ਲਈ ਅਨੁਮਾਨ ਅਤੇ ਜ਼ ਜ਼ਰੂਰਤ ਤੋਂ ਕਿਤੇ ਘੱਟ ਸਰਗਰਮ ਦਿਖਾਈ ਦਿੰਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਸੂਬੇ ’ਚ ਚਾਹੇ ਕਿਸੇ ਵੀ ਰਾਜਸੀ ਦਲ ਦੀ ਸਰਕਾਰ ਹੋਵੇ, ਉਨ੍ਹਾਂ ਦੇ ਵਿਧਾਇਕਾਂ ਦੀ ਸਰਕਾਰੇ ਦਰਬਾਰੇ ਪੁੱਛ ਪ੍ਰਤੀਤ ਜਨਰਲ ਵਰਗ ਦੇ ਵਿਧਾਨਕਾਰਾਂ ਮੁਕਾਬਲਤਨ ਬਹੁਤ ਘੱਟ ਹੁੰਦੀ ਹੈ।
ਉਨ੍ਹਾਂ ਦੀ ਨੌਕਰਸ਼ਾਹੀ (ਆਈਏਐੱਸ ਅਤੇ ਆਈਪੀਐੱਸ) ਵਿੱਚ ਭਾਗੀਦਾਰੀ ਵੀ ਨਾਮਾਤਰ ਹੈ। ਪੰਜਾਬ ਵਿੱਚ ਹੁਣ ਤੱਕ ਉਨ੍ਹਾਂ ਦੇ ਸਿੱਧੀ ਭਰਤੀ ਰਾਹੀਂ ਕੇਵਲ ਇੱਕ ਆਈਏਐੱਸ ਅਤੇ ਚਾਰ ਆਈਪੀਐੱਸ ਅਫਸਰ ਹੀ ਆਏ ਹਨ। ਇਸ ਲਈ ਉੱਚੇ ਸਰਕਾਰੀ ਅਹੁਦਿਆਂ ’ਤੇ ਉਨ੍ਹਾਂ ਦੀ ਅਣਹੋਂਦ ਕਾਰਨ ਉਨ੍ਹਾਂ ਦੇ ਹਿਤਾਂ ਦੀ ਅਣਦੇਖੀ ਹੋਣਾ ਸੁਭਾਵਿਕ ਹੈ। ਇਹ ਵੀ ਮਹਿਸੂਸ ਕੀਤਾ ਗਿਆ ਹੈ ਕਿ ਨੌਕਰੀਆਂ ਅਤੇ ਹੋਰ ਥਾਵਾਂ ’ਤੇ ਰਾਖਵੇਂਕਰਨ ਦਾ ਲਾਭ ਲੈਣ ਉਪਰੰਤ ਉਨ੍ਹਾਂ ’ਚੋਂ ਬਹੁਤੇ ਆਪਣੇ ਸਮਾਜ ਨੂੰ ਅਣਗੌਲਿਆ ਕਰ ਦਿੰਦੇ ਹਨ ਅਤੇ ਰੀਪੇਅ ਨਹੀਂ ਕਰਦੇ।
ਉਹ ਬੇਜ਼ਮੀਨੇ ਹਨ ਅਤੇ ਖੇਤ ਮਜ਼ਦੂਰੀ ਨਾਲ ਆਪਣਾ ਗੁਜ਼ਾਰਾ ਕਰਦੇ ਹਨ। ਜਦੋਂ ਕਿਸਾਨ ਲਈ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ ਤਾਂ ਫਿਰ ਖੇਤਾਂ ’ਚ ਮਜ਼ਦੂਰੀ ਕਰਨ ਵਾਲਾ ਖੁਸ਼ਹਾਲ ਕਿਵੇਂ ਹੋ ਸਕਦਾ ਹੈ। ਵੈਸੇ ਵੀ ਖੇਤ ਮਜ਼ਦੂਰਾਂ ਦਾ ਗਿਆਨ ਦਾ ਦਾਇਰਾ ਬੜਾ ਹੀ ਸੀਮਿਤ ਹੁੰਦਾ ਹੈ ਕਿਉਂਕਿ ਉਹ ਬਾਹਰੀ ਦੁਨੀਆਂ ਨਾਲੋਂ ਬਿਲਕੁਲ ਕੱਟਿਆ ਰਹਿੰਦਾ ਹੈ। ਇੰਜ ਉਸ ਨੂੰ ਤਰੱਕੀ ਵਾਲੀ ਸੋਝੀ ਕਿਸ ਤਰ੍ਹਾਂ ਅਤੇ ਕਿੱਥੋਂ ਪ੍ਰਾਪਤ ਹੋਵੇ। ਉਨ੍ਹਾਂ ਆਪਣੇ ਰੁਜ਼ਗਾਰ ਦੇ ਧੰਦੇ ਵਿੱਚ ਪਰਿਵਰਤਨ ਨਹੀਂ ਲਿਆਂਦਾ ਉਨ੍ਹਾਂ ਦਾ ਖੇਤ ਮਜ਼ਦੂਰੀ ਤੋਂ ਬਿਨਾਂ ਦੂਸਰੇ ਨਿੱਕੇ ਨਿੱਕੇ ਪ੍ਰਚੂਨ ਧੰਦਿਆਂ ਜਿਵੇਂ ਕਿ ਰੇਹੜੀ ਜਾਂ ਫੇਰੀ ਲਗਾਉਣ ਵੱਲ ਉਲਾਰ ਬਿਲਕੁਲ ਗੈਰ ਮਾਮੂਲੀ ਹੈ। ਉਹ ਤਿੰਨ ਤਿੰਨ, ਚਾਰ ਚਾਰ ਪੀੜ੍ਹੀਆਂ ਤੋਂ ਸੀਰ ਕਰਦੇ ਆ ਰਹੇ ਹਨ। ਉਨ੍ਹਾਂ ਦੀਆਂ ਆਪਣੀਆਂ ਕੋਈ ਵਿੱਦਿਅਕ ਸੰਸਥਾਵਾਂ ਨਹੀਂ ਹਨ, ਜੋ ਉਨ੍ਹਾਂ ਦੀ ਸਿੱਖਿਆ ਸਬੰਧੀ ਲੋੜਾਂ ਨੂੰ ਪੂਰਾ ਕਰਨ। ਉਨ੍ਹਾਂ ਦੇ ਆਪਣੇ ਸਮਾਜ ਦਾ ਕੋਈ ਐਸਾ ਬੁੱਧੀਜੀਵੀ ਜਾਂ ਸਮਾਜ ਸੇਵੀ ਨਹੀਂ ਹੋਇਆ ਹੈ, ਜਿਸਨੇ ਮੋਹਰੀ ਬਣ ਕੇ ਉਨ੍ਹਾਂ ਦੀ ਅਗਵਾਈ ਜਾਂ ਮਾਰਗ ਦਰਸ਼ਨ ਕੀਤਾ ਹੋਵੇ। ਭਾਂਵੇ ਉਹ ਸਿੱਖ ਧਰਮ ਨਾਲ ਜੁੜ੍ਹੇ ਹੋਏ ਹਨ ਪਰ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੀ ਬਿਹਤਰੀ ਲਈ ਉਨ੍ਹਾਂ ਦੇ ਬੱਚਿਆਂ ਨੂੰ ਮੁਫਤ ਅਤੇ ਮਿਆਰੀ ਸਿੱਖਿਆ ਦੇਣ ਲਈ ਸਕੂਲ ਜਾਂ ਕਾਲਜ ਖੋਲਣ ਜਾਂ ਵਜ਼ੀਫੇ ਬਗੈਰਾ ਦੇ ਤੌਰ ’ਤੇ ਆਰਥਿਕ ਸਹਾਇਤਾ ਦੇਣ ਵਰਗਾ ਕੋਈ ਇੱਕ ਵੀ ਉਪਰਾਲਾ ਨਹੀਂ ਕੀਤਾ, ਜਿਸ ਨਾਲ ਨਿਸ਼ਚਿਤ ਤੌਰ ’ਤੇ ਉਨ੍ਹਾਂ ਦੀ ਅਨਪੜ੍ਹਤਾ ਅਤੇ ਅਗਿਆਨਤਾ ਕਾਫੀ ਹੱਦ ਤੱਕ ਘੱਟ ਸਕਦੀ ਸੀ। ਸਿੱਖਿਆ ਦੇ ਵਪਾਰੀਕਰਨ ਨਾਲ ਵੀ ਗਰੀਬਾਂ ਦੇ ਪੜ੍ਹਨ ਲਿਖਣ ਅਤੇ ਤਰੱਕੀਯਾਫ਼ਤਾ ਹੋਣ ਦੀਆਂ ਸੰਭਾਵਨਾਵਾਂ ਨੂੰ ਵੱਡਾ ਧੱਕਾ ਲੱਗਾ ਹੈ। ਸਰਕਾਰੀ ਵਿੱਦਿਅਕ ਅਦਾਰਿਆਂ ਵੱਲ ਸਰਕਾਰਾਂ ਦੀ ਬੇਰੁਖੀ ਅਤੇ ਨਿੱਜੀ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਉਤਸ਼ਾਹਿਤ ਕਰਨ ਵਰਗੇ ਕਾਰਨ ਵੀ ਉਨ੍ਹਾਂ ਦੇ ਵਿੱਦਿਅਕ ਤੌਰ ’ਤੇ ਪਛੜ ਜਾਣ ਦੇ ਲਈ ਜ਼ਿੰਮੇਵਾਰ ਹਨ ਕਿਉਂਕਿ ਮਿਆਰੀ ਸਿੱਖਿਆ ਜੋ ਅਤਿਅੰਤ ਮਹਿੰਗੀ ਹੋ ਗਈ ਹੈ। ਉਹ ਗੁਰਬਤ ਕਾਰਨ ਲੈਣੋਂ ਅਸਮਰੱਥ ਹਨ। ਰਾਜ ਸਰਕਾਰ ’ਤੇ ਸਿੱਖਿਆ ਸ਼ਾਸਤਰੀਆਂ ਨੇ ਵੀ ਇਸ ਅਹਿਮ ਮੁੱਦੇ ’ਤੇ ਕੋਈ ਚਿੰਤਾ ਅਤੇ ਚਿੰਤਨ ਨਹੀਂ ਕੀਤਾ, ਜਿਸ ਕਾਰਨ ਸਿੱਖਿਆ ਨੀਤੀਆਂ ਅਤੇ ਪ੍ਰਬੰਧ ਗਰੀਬਾਂ ਤੇ ਅਨਪੜ੍ਹਾਂ ਨੂੰ ਸਿੱਖਿਅਕ ਬਣਾਉਣ ਮੁਖੀ ਘੱਟ ਤੇ ਖਾਨਾਪੂਰਤੀ ਜ਼ਿਆਦਾ ਹੁੰਦੀਆਂ ਹਨ।
ਉਨ੍ਹਾਂ ਵਿੱਚ ਰਾਜਨੀਤਿਕ ਚੇਤਨਤਾ ਦੀ ਵੱਡੀ ਕਮੀ ਹੈ। ਉਹ ਪਿੱਛਲੱਗ ਹਨ। ਆਪਣੀ ਵੋਟ ਦੇ ਹੱਕ ਦਾ ਦਰੁਸਤ ਇਸਤੇਮਾਲ ਨਹੀਂ ਕਰਦੇ। ਆਟਾ ਦਾਲ, ਸ਼ਗਨ ਸਕੀਮ ਆਦਿ ਹੀ ਉਨ੍ਹਾਂ ਲਈ ਨਿਆਮਤ ਹਨ, ਉਨ੍ਹਾਂ ਦੀ ਅਸਲੀ ਜ਼ਰੂਰਤ ਕੀ ਹੈ, ਉਸ ਤੋਂ ਉਹ ਅਨਜਾਣ ਹਨ। ਰਾਜਨੀਤਕ ਦਲਾਂ ਲਈ ਉਹ ਵੋਟ ਬੈਂਕ ਹਨ। ਉਹ ਸਭ ਜਾਣਦੇ ਹਨ ਕਿ ਜੇ ਇਹ ਪੜ੍ਹ ਲਿਖ ਗਏ ਤਾਂ ਫਿਰ ਉਨ੍ਹਾਂ ਦੇ ਰਾਜਨੀਤਕ ਦਾਅ ਪੇਚਾਂ ਨੂੰ ਜਾਣ ਜਾਣਾ ਹੈ। ਫਿਰ ਕਤੱਈ ਉਨ੍ਹਾਂ ਦੇ ਚੁੰਗਲ ਵਿੱਚ ਨਹੀਂ ਫਸਣਾ।
ਜਿਸ ਤਰ੍ਹਾਂ ਸਮਾਜ ਦੇ ਹਰ ਵਰਗ ਦੀਆਂ ਆਪਣੀਆਂ ਆਪਣੀਆਂ ਔਕੜਾਂ, ਆਦਤਾਂ, ਮਜਬੂਰੀਆਂ, ਲੋੜ੍ਹਾਂ ਅਤੇ ਸਮੱਸਿਆਵਾਂ ਹੁੰਦੀਆਂ ਹਨ, ਠੀਕ ਉਸੇ ਤਰ੍ਹਾਂ ਹੀ ਮਜ਼ਹਬੀ ਸਿੱਖ ਸਮਾਜ ਦੀਆਂ ਵੀ ਆਪਣੀਆਂ ਦੁਸ਼ਵਾਰੀਆਂ ਅਤੇ ਕਠਿਨਾਈਆਂ ਹਨ। ਇਹ ਸੱਚ ਹੈ ਕਿ ਉਹ ਆਪਣੀਆਂ ਸਭ ਸਮੱਸਿਆਵਾਂ ਦੇ ਹੱਲ ਖੁਦ ਤਲਾਸ਼ ਸਕਣ ਅਤੇ ਉਨ੍ਹਾਂ ਨੂੰ ਸੁਲਝਾਅ ਸਕਣ ਦੇ ਸਮਰੱਥ ਨਹੀਂ ਹਨ। ਉਨ੍ਹਾਂ ਨੂੰ ਆਪਣੀ ਅਗਿਆਨਤਾ ਦੇ ਅੰਧਕਾਰ ਖਿਲਾਫ਼ ਲੜਾਈ ਲੜ੍ਹਨ ਲਈ ਆਪ ਵੀ ਮਾਨਸਿਕ ਤੌਰ ’ਤੇ ਤਿਆਰ ਤੇ ਸਮਾਜਿਕ ਤੌਰ ’ਤੇ ਇੱਕਜੁਟ ਹੋਣਾ ਪਵੇਗਾ। ਆਪਣੇ ਆਪ ਨੂੰ ਨਿਮਾਣੇ, ਨਿਤਾਣੇ, ਨਿਆਸਰੇ ਅਤੇ ਵਿਚਾਰੇ ਵਜੋਂ ਵਿਚਰਨ ਦੀ ਪਿਛਾਂਹ ਖਿੱਚੂ ਅਤੇ ਨਿਰਾਸ਼ਾਵਦੀ ਬਿਰਤੀ ਤਿਆਗਣੀ ਹੋਵੇਗੀ। ਕੇਵਲ ਸਿੱਖਿਆਹੀ ਉਨ੍ਹਾਂ ਦੀਆਂ ਸਭ ਮਰਜ਼ਾਂ ਦੀ ਇੱਕੋ ਇੱਕੋ ਦਵਾ ਹੈ,ਵਾਲੇ ਸਿਧਾਂਤ ਨੂੰ ਸਮਝਣਾ ਪਵੇਗਾ। ਉਨ੍ਹਾਂ ਦੇ ਆਪਣੇ ਖੁਸ਼ਹਾਲ ਅਤੇ ਸੂਝਵਾਨ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਸੇਧ ਅਤੇ ਮਦਦ ਦੇਣ ਲਈ ਖੁੱਲ੍ਹ ਕੇ ਸਾਹਮਣੇ ਆਉਣ ਅਤੇ ਜਿਹੜੇ ਸਿੱਖਿਅਕ ਹੋਣ ਵਿੱਚ ਪਛੜ੍ਹ ਗਏ ਹਨ, ਉਨ੍ਹਾਂ ਦੀ ਬਾਂਹ ਮਜ਼ਬੂਤੀ ਨਾਲ ਫੜ੍ਹਨ। ਇਸ ਗੰਭੀਰ ਅਤੇ ਕਠਿਨ ਮਾਮਲੇ ਨੂੰ ਸੁਲਝਾਉਣ ਲਈ ਸਰਕਾਰੀ, ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਹਲਕਿਆਂ ਵੱਲੋਂ ਵੀ ਉਨ੍ਹਾਂ ਦਾ ਹੱਥ ਵੰਡਾਏ ਬਿਨਾਂ ਕੰਮ ਨਹੀਂ ਸਰਨਾ। ਇਸ ਲਈ ਉਨ੍ਹਾਂ ਨੂੰ ਵੀ ਆਪਣੀ ਸੰਵਿਧਾਨਿਕ ਅਤੇ ਸਮਾਜਿਕ ਜ਼ਿੰਮੇਵਾਰੀ ਬੜੇ ਸੰਜੀਦਾ ਢੰਗ ਨਾਲ ਨਿਭਾਉਣੀ ਚਾਹੀਦੀ ਹੈ।

ਆਈਪੀਐੱਸ, ਏਡੀਜੀਪੀ (ਸੇਵਾਮੁਕਤ)
ਸੰਪਰਕ: 98143-70777


Comments Off on ਮਜ਼ਹਬੀ ਸਿੱਖ ਅਤੇ ਸਿੱਖਿਆ: ਆਪੇ ਫਾਥੜੀਏ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.