ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਪੰਜਾਬ ਪੁਲੀਸ ਵਾਲਾ ਮਰਹੂਮ ਹਾਕੀ ਓਲੰਪੀਅਨ ਬਲਬੀਰ ਸਿੰਘ ਕੁਲਾਰ

Posted On March - 7 - 2020

ਸੁਖਵਿੰਦਰਜੀਤ ਸਿੰਘ ਮਨੌਲੀ

ਹਾਕੀ ਦਾ ਮਹਾਂਬਲੀ ਖਿਡਾਰੀ ਬਲਬੀਰ ਸਿੰਘ ਕੁਲਾਰ (ਪੰਜਾਬ ਪੁਲੀਸ ਵਾਲਾ) ਪੰਜਾਬ ਤੋਂ ਬਾਅਦ ਦੇਸ਼ ਅਤੇ ਵਿਦੇਸ਼ਾਂ ’ਚ ਵਸਦੇ ਹਾਕੀ ਪ੍ਰੇਮੀਆਂ ਨੂੰ ਵਿਛੋੜਾ ਦੇ ਕੇ ਮੌਤ ਦੀ ਗੋਦ ’ਚ ਚਲਾ ਗਿਆ ਹੈ। ਹਾਕੀ ਓਲੰਪੀਅਨ ਬਲਬੀਰ ਸਿੰਘ ਕੁਲਾਰ ਦਾ ਜਨਮ 8 ਅਗਸਤ 1942 ’ਚ ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਸੰਸਾਰਪੁਰ ’ਚ ਊਧਮ ਸਿੰਘ ਕੁਲਾਰ ਦੇ ਘਰ ਹੋਇਆ। 77 ਬਸੰਤਾਂ ਭੋਗਣ ਵਾਲੇ ਬਲਬੀਰ ਸਿੰਘ ਕੁਲਾਰ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਕੁਲਾਰ, ਪੁੱਤਰ ਕਮਲਵੀਰ ਸਿੰਘ ਕੁਲਾਰ ਅਤੇ ਦੋ ਧੀਆਂ ਹਨ। ਉਹ ਫਰਵਰੀ-2001 ‘ਚ ਡੀਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ।
ਕੌਮੀ ਅਤੇ ਕੌਮਾਂਤਰੀ ਹਾਕੀ ’ਚ ਵੱਡਾ ਨਾਂ ਕਮਾਉਣ ਵਾਲੇ ਪਿੰਡ ਸੰਸਾਰਪੁਰ ਦੇ ਤਿੰਨ ਬਲਬੀਰ ਕੌਮੀ ਅਤੇ ਕੌਮਾਂਤਰੀ ਹਾਕੀ ਖੇਡਣ ਲਈ ਮੈਦਾਨ ’ਚ ਨਿੱਤਰੇ, ਜਿਨ੍ਹਾਂ ’ਚ ਬਲਬੀਰ ਸਿੰਘ ਕੁਲਾਰ (ਜੂਨੀਅਰ) ’ਤੇ ਏਸ਼ਿਆਈ ਹਾਕੀ ਖੇਡਣ ਸਦਕਾ ਕੌਮਾਂਤਰੀ ਹਾਕੀ ਖਿਡਾਰੀ ਅਤੇ ਬਲਬੀਰ ਸਿੰਘ ਕੁਲਾਰ (ਪੰਜਾਬ ਪੁਲੀਸ ਵਾਲਾ) ਅਤੇ ਕਰਨਲ ਬਲਬੀਰ ਸਿੰਘ ਕੁਲਾਰ (ਸੈਨਾ ਵਾਲਾ) ਦੀ ਪਿੱਠ ’ਤੇ ਹਾਕੀ ਓਲੰਪੀਅਨ ਖਿਡਾਰੀ ਦਾ ਠੱਪਾ ਲੱਗਿਆ। ਭਾਰਤ ’ਚ ਹੁਣ ਕ੍ਰਿਕਟਰਾਂ ਦੀ ਪੂਜਾ ਹੁੰਦੀ ਹੈ ਅਤੇ ਕ੍ਰਿਕਟਰਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ, ਉਸ ਦੇਸ਼ ’ਚ ਉਹ ਵੀ ਕੋਈ ਸਮਾਂ ਸੀ ਜਦੋਂ ਜ਼ਿਲ੍ਹਾ ਜਲੰਧਰ ਦੇ ਪਿੰਡ ਸੰਸਾਰਪੁਰ ਦੇ ਨੌਜਵਾਨਾਂ ਦੀਆਂ ਰਗਾਂ ’ਚ ਖ਼ੂਨ ਨਹੀਂ ਹਾਕੀ ਦੌੜਿਆ ਕਰਦੀ ਸੀ। ਇਸੇ ਦਾ ਸਿੱਟਾ ਹੈ ਕਿ ਸੰਸਾਰ ਦੇ ਹਾਕੀ ਖਿਡਾਰੀਆਂ ਨੂੰ ਭਾਰਤੀ ਕੌਮੀ ਹਾਕੀ ਟੀਮ ਦਾ ਸ਼ਿੰਗਾਰ ਬਣਨ ਤੋਂ ਇਲਾਵਾ ਕੀਨੀਆ, ਇੰਗਲੈਂਡ ਅਤੇ ਕੈਨੇਡਾ ਦੀਆਂ ਕੌਮੀ ਹਾਕੀ ਟੀਮਾਂ ਵਲੋਂ ਓਲੰਪਿਕ ਅਤੇ ਵਰਲਡ ਕੱਪ ਹਾਕੀ ਖੇਡਣ ਦੇ ਸੁਨਹਿਰੀ ਮੌਕੇ ਨਸੀਬ ਹੋਏ ਹਨ।
ਪੰਜਾਬ ਪੁਲਸੀਆ ਬਲਬੀਰ ਕੁਲਾਰ ਇਕ ਧਨੀ ਹਾਕੀ ਖਿਡਾਰੀ ਸੀ, ਜਿਸ ਨੇ ਜਦੋਂ ਕੌਮਾਂਤਰੀ ਹਾਕੀ ਦੇ ਮੈਦਾਨ ’ਤੇ ਕਦਮ ਧਰਿਆ ਤਾਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਆਪਣੀ ਖੇਡ ਦੇ ਦਮ-ਖਮ ’ਤੇ ਲੰਮੇ ਸਮਾਂ ਦੇਸ਼ ਦੀ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕਰ ਰਿਹਾ। ਇਸ ਕਰ ਕੇ ਮੈਚ ਦਰ ਮੈਚ ਸਿਰੇ ਦੀ ਹਾਕੀ ਖੇਡਣ ਵਾਲਾ ਬਲਬੀਰ ਟੀਮ ਦੇ ਉਨ੍ਹਾਂ ਘਾਤਕ ਸਟਰਾਈਕਰਾਂ ’ਚ ਸ਼ਾਮਲ ਹੋਇਆ ਜੋ ਟੀਮ ਲਈ ਨਿੱਜੀ ਤੌਰ ’ਤੇ ਗੋਲ ਦੇ ਰੂਪ ’ਚ ਵੱਡੀਆਂ ਖੇਡ ਔੌਸੀਆਂ ਪਾਉਂਦਾ ਰਿਹਾ।
ਆਮ ਕਹਾਵਤ ਹੈ ਕਿ ਹਰ ਸਫ਼ਲ ਇਨਸਾਨ ਦੀ ਸਫ਼ਲਤਾ ਪਿੱਛੇ ਉਸ ਦੇ ਉੁਸਤਾਦ ਦਾ ਹੱਥ ਪਹਿਲੇ ਨੰਬਰ ’ਤੇ ਆਉਂਦਾ ਹੈ। ਬਲਬੀਰ ਨੂੰ ਮੈਦਾਨ ’ਚ ਹਾਕੀ ਖੇਡਦਿਆਂ ਦੇਖ ਤਾਂ ਲੱਗਦਾ ਸੀ ਕਿ ਉਸ ਨੇ ਹਾਕੀ ਦੇ ਹਿਜਰ ’ਚ ਰਾਤਾਂ ਗੁਜ਼ਾਰੀਆਂ ਹਨ ਅਤੇ ਖੇਡਦੇ ਸਮੇਂ ਮੈਦਾਨ ’ਚ ਪਸੀਨਾ ਨਹੀਂ ਖੂਨ ਵਹਾਉਂਦਾ ਸੀ। ਉਹ ਹਾਕੀ ਖੇਡ ‘ਚ ਓਤ-ਪੋਤ ਖਿਡਾਰੀ ਰਿਹਾ, ਜਿਸ ਨੇ ਮੈਦਾਨ ‘ਚ ਨਰੋਈਆਂ ਤੋਂ ਨਰੋਈਆਂ ਵਿਰੋਧੀ ਟੀਮਾਂ ਦੀ ਹਰ ਮੈਚ ‘ਚ ਚੰਗੀ ਸਾਰ ਲਈ। ਉਸ ਦੀ ਹਾਜ਼ਰੀ ਮੈਦਾਨ ’ਚ ਚੰਗੇ ਰੰਗ-ਭਾਗ ਲਾਉਂਦੀ, ਜਿਸ ਸਦਕਾ ਉਹ ਊਣਾ ਹੋਇਆ ਵੀ ਦੂਣ ਸਿਵਾਇਆ ਲੱਗਦਾ। ਇਹ ਗੱਲ ਬਲਬੀਰ ਕੁਲਾਰ ਦੇ ਆਲੋਚਕ ਵੀ ਬੇਝਿੱਜਕ ਤਸਲੀਮ ਕਰਦੇ ਹਨ ਕਿ ਮੈਦਾਨ ‘ਚ ਰੂਹ ਨਾਲ ਖੇਡਦਾ ਉਹ ਟੀਮ ਲਈ ਹਮੇਸ਼ਾ ਪਲੀਤੇ ਦਾ ਕੰਮ ਕਰਦਾ ਸੀ।
1957 ਤੋਂ 1960 ਤੱਕ ਆਲ ਇੰਡੀਆ ਸਕੂਲ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਅਤੇ ਕੰਬਾਈਂਡ ਯੂਨੀਵਰਸਿਟੀ ਟੀਮ ਦੀ ਨੁਮਾਇੰਦਗੀ ਕਰਨ ਦਾ ਹੱਕ ਵੀ ਹਾਸਲ ਹੋਇਆ। ਫਰਾਂਸ ਦੇ ਸ਼ਹਿਰ ਲਿਓਨਜ਼ ਦੇ ਮੈਦਾਨ ‘ਚ ਕੌਮਾਂਤਰੀ ਪਾਰੀ ਦਾ ਆਗਾਜ਼ ਕਰਨ ਵਾਲੇ ਬਲਬੀਰ ਸਿੰਘ ਨੂੰ ਕੋਲਕਾਤਾ ਦੇ ਪ੍ਰਸਿੱਧ ਹਾਕੀ ਕਲੱਬ ਮੋਹਨ ਬਾਗਾਨ ਦੀ ਟੀਮ ਲਈ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ। ਕਰੀਅਰ ਦੇ ਆਗਾਜ਼ ‘ਚ ਬੈਲਜੀਅਮ, ਪੱਛਮੀ ਅਫਰੀਕਾ, ਪੱਛਮੀ ਜਰਮਨੀ, ਇੰਗਲੈਂਡ, ਨੀਦਰਲੈਂਡਜ਼, ਇਟਲੀ, ਕੀਨੀਆ, ਨਿਊਜ਼ੀਲੈਂਡ ਅਤੇ ਵੈਸਟ ਜਰਮਨੀ ਦੀਆਂ ਹਾਕੀ ਟੀਮਾਂ ਵਿਰੁੱਧ ਤਿੱਖੀ ਧਾਰ ਵਾਲੀ ਖੇਡ ਖੇਡਣ ਵਾਲੇ ਬਲਬੀਰ ਸਿੰਘ ਨੇ ਇੰਡੀਅਨ ਰੇਲਵੇ, ਪੰਜਾਬ ਅਤੇ ਪੰਜਾਬ ਪੁਲੀਸ ਦੀਆਂ ਹਾਕੀ ਟੀਮਾਂ ਦੀ ਨੈਸ਼ਨਲ ਹਾਕੀ ‘ਚ ਪ੍ਰਤੀਨਿੱਧਤਾ ਕਰ ਕੇ ਜਿੱਤਾਂ ’ਚ ਅਹਿਮ ਯੋਗਦਾਨ ਪਾਇਆ।
ਬਲਬੀਰ ਸਿੰਘ ਕੁਲਾਰ ਜੂਨੀਅਰ ਅਤੇ ਸੈਨਾ ਵਾਲੇ ਕਰਨਲ ਬਲਬੀਰ ਸਿੰਘ ਕੁਲਾਰ ਤੋਂ ਬਾਅਦ ਪੰਜਾਬ ਪੁਲੀਸ ਵਾਲਾ ਬਲਬੀਰ ਸਿੰਘ ਕੁਲਾਰ ਇਕੋ ਨਾਂ ਵਾਲਾ ਸੰਸਾਰਪੁਰ ਦਾ ਤੀਜਾ ਕੌਮੀ ਅਤੇ ਕੌਮਾਂਤਰੀ ਹਾਕੀ ਖਿਡਾਰੀ ਹੈ। ਕੌਮੀ ਹਾਕੀ ‘ਚ ਰੇਲਵੇ, ਪੰਜਾਬ ਸਟੇਟ, ਪੰਜਾਬ ਪੁਲੀਸ ਅਤੇ ਆਲ ਇੰਡੀਆ ਪੁਲੀਸ ਦੀਆਂ ਟੀਮਾਂ ਦੀ ਪ੍ਰਤੀਨਿੱਧਤਾ ਕਰਨ ਵਾਲੇ ਬਲਬੀਰ ਸਿੰਘ ਕੁਲਾਰ ਨੂੰ ਮੈਕਸਿਕੋ-1968 ਦੀ ਓਲੰਪਿਕ ਹਾਕੀ ਤੇ ਬੈਂਕਾਕ-1966 ਦੀ ਏਸ਼ਿਆਈ ਹਾਕੀ ਖੇਡਣ ਦਾ ਹੱਕ ਹਾਸਲ ਹੋਇਆ। ਮੈਕਸਿਕੋ ਓਲੰਪਿਕ ਪ੍ਰਿਥੀਪਾਲ ਸਿੰਘ ਅਤੇ ਗੁਰਬਖਸ਼ ਸਿੰਘ ਦੀ ਸਾਂਝੀ ਕਪਤਾਨੀ ‘ਚ ਕੌਮੀ ਟੀਮ ਨੇ ਤੀਜੀ-ਚੌਥੀ ਪੁਜ਼ੀਸ਼ਨ ਲਈ ਖੇਡੇ ਮੈਚ ਜਰਮਨੀ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ। ਓਲੰਪਿਕ ਤਗਮਾ ਜੇਤੂ ਟੀਮ ‘ਚ ਪਿੰਡ ਸੰਸਾਰਪੁਰ ਦੇ ਪੰਜ ਖਿਡਾਰੀ ਬਲਬੀਰ ਸਿੰਘ ਕੁਲਾਰ ਫ਼ੌਜ ਵਾਲਾ, ਬਲਬੀਰ ਸਿੰਘ ਕੁਲਾਰ ਪੰਜਾਬ ਪੁਲੀਸ ਵਾਲਾ, ਅਜੀਤਪਾਲ ਸਿੰਘ ਕੁਲਾਰ, ਤਰਸੇਮ ਸਿੰਘ ਕੁਲਾਰ ਅਤੇ ਜਗਜੀਤ ਸਿੰਘ ਕੁਲਾਰ ਸ਼ਾਮਲ ਸਨ। ਜਰਮਨੀ ਨੂੰ ਹਰਾਉਣ ਵਾਲੀ ਟੀਮ ‘ਚ ਤਿੰਨ ਬਲਬੀਰ, ਸੈਨਾ ਵਾਲਾ ਬਲਬੀਰ, ਪੰਜਾਬ ਪੁਲੀਸ ਵਾਲਾ ਬਲਬੀਰ ਅਤੇ ਰੇਲਵੇ ਵਾਲਾ ਬਲਬੀਰ ਸਿੰਘ ਗਰੇਵਾਲ ਤਾਂਬੇ ਦਾ ਤਗਮਾ ਹਾਸਲ ਕਰਨ ਵਾਲੀ ਟੀਮ ਨਾਲ ਮੈਦਾਨ ‘ਚ ਹਾਕੀ ਖੇਡਣ ਲਈ ਨਿੱਤਰੇ। ਬੈਂਕਾਕ-1966 ਦੀਆਂ ਏਸ਼ਿਆਈ ਖੇਡਾਂ ‘ਚ ਜਦੋਂ ਸ਼ੰਕਰ ਲਕਸ਼ਮਨ ਦੀ ਕਪਤਾਨੀ ‘ਚ ਕੌਮੀ ਹਾਕੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਪਲੇਠਾ ਗੋਲਡ ਮੈਡਲ ਜਿੱਤਿਆ ਉਸ ਟੀਮ ‘ਚ ਵੀ ਪੰਜਾਬ ਪੁਲੀਸ ਵਾਲੇ ਬਲਬੀਰ ਸਿੰਘ ਤੋਂ ਇਲਾਵਾ ਕਰਨਲ ਬਲਬੀਰ ਸਿੰਘ ਕੁਲਾਰ (ਫ਼ੌਜ ਵਾਲਾ) ਅਤੇ ਬਲਬੀਰ ਸਿੰਘ ਗਰੇਵਾਲ (ਰੇਲਵੇ ਵਾਲਾ) ਭਾਵ ਤਿੰਨ ਬਲਬੀਰ ਪਲੇਇੰਗ ਇਲੈਵਨ ‘ਚ ਖੇਡਣ ਲਈ ਮੈਦਾਨ ਦੀ ਸਰਦਲ ‘ਚ ਦਾਖ਼ਲ ਹੋਏ।
ਬੰਗਾਲ ਦੇ ਪ੍ਰਸਿੱਧ ਹਾਕੀ ਕਲੱਬ ਮੋਹਨ ਬਾਗਾਨ ਲਈ ਹਾਕੀ ਖੇਡਣ ਵਾਲੇ ਬਲਬੀਰ ਸਿੰੰਘ ਨੂੰ ਕੌਮੀ ਤੇ ਕੌਮਾਂਤਰੀ ਹਾਕੀ ‘ਚ ਚੰਗੀ ਪਾਰੀ ਖੇਡਣ ਸਦਕਾ ਭਾਰਤ ਸਰਕਾਰ ਵਲੋਂ 1999 ‘ਚ ‘ਅਰਜੁਨ ਐਵਾਰਡ’ ਅਤੇ 2009 ‘ਚ ‘ਪਦਮਸ਼੍ਰੀ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ।

ਸੰਪਰਕ: 94171-82993


Comments Off on ਪੰਜਾਬ ਪੁਲੀਸ ਵਾਲਾ ਮਰਹੂਮ ਹਾਕੀ ਓਲੰਪੀਅਨ ਬਲਬੀਰ ਸਿੰਘ ਕੁਲਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.