ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਪੰਜਾਬ ’ਚ ਕਰੋਨਾਵਾਇਰਸ ਦੇ 7 ਹੋਰ ਮਾਮਲੇ ਸਾਹਮਣੇ ਆਏ

Posted On March - 25 - 2020

ਦਵਿੰਦਰ ਪਾਲ
ਚੰਡੀਗੜ੍ਹ, 24 ਮਾਰਚ
ਪੰਜਾਬ ਵਿੱਚ ਕਰੋਨਾਵਾਇਰਸ ਦੇ ਵਧਦੇ ਫੈਲਾਅ ਦੌਰਾਨ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 29 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਅੱਜ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਤਿੰਨ ਵਿਅਕਤੀ ਨਵਾਂਸ਼ਹਿਰ ਅਤੇ ਤਿੰਨ ਜਲੰਧਰ ਜ਼ਿਲ੍ਹੇ ਅਤੇ ਇਕ ਲੁਧਿਆਣਾ ਨਾਲ ਸਬੰਧਤ ਹਨ। ਸਿਹਤ ਵਿਭਾਗ ਵੱਲੋਂ 33 ਵਿਅਕਤੀਆਂ ਦੇ ਖੂਨ ਅਤੇ ਥੁੱਕ ਦੇ ਨਮੂਨੇ ਲੈਬੋਰੇਟਰੀਆਂ ਨੂੰ ਭੇਜੇ ਗਏ ਹਨ। ਪੰਜਾਬ ਵਿੱਚ ਸ਼ੱਕੀ ਮਰੀਜ਼ਾਂ ਦੀ ਕੁੱਲ ਗਿਣਤੀ 79 ਹੈ ਅਤੇ 1155 ਵਿਅਕਤੀਆਂ ਨੂੰ ਘਰਾਂ ’ਚ ਏਕਾਂਤਵਾਸ ’ਚ ਰੱਖਿਆ ਗਿਆ ਹੈ। ਸਿਹਤ ਵਿਭਾਗ ਮੁਤਾਬਕ ਬਰਨਾਲਾ ਜ਼ਿਲ੍ਹੇ ਵਿੱਚ ਵੀ ਕਰੋਨਾਵਾਇਰਸ ਤੋਂ ਪ੍ਰਭਾਵਿਤ 3 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਅਕਤੀਆਂ ਦੇ ਨਮੂਨੇ ਲੈ ਕੇ ਘਰਾਂ ਅੰਦਰ ਹੀ ਏਕਾਂਤ ’ਚ ਰਹਿਣ ਦੇ ਹੁਕਮ ਦਿੱਤੇ ਗਏ ਹਨ। ਕੇਂਦਰ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਲਈ ਸਭ ਤੋਂ ਵੱਡੀ ਚੁਣੌਤੀ ਪਰਵਾਸੀ ਭਾਰਤੀਆਂ ਦੀ ਵੱਡੇ ਪੱਧਰ ’ਤੇ ਆਮਦ ਬਣੀ ਹੋਈ ਹੈ। ਰਾਜ ਸਰਕਾਰ ਨੇ ਕੇਂਦਰ ਨੂੰ ਭੇਜੀ ਰਿਪੋਰਟ ਵਿੱਚ 90 ਹਜ਼ਾਰ ਵਿਅਕਤੀਆਂ ਦੇ ਵਿਦੇਸ਼ਾਂ ਤੋਂ ਆਉਣ ਦੀ ਗੱਲ ਆਖੀ ਗਈ ਹੈ। ਮਾਰਚ ਮਹੀਨੇ ਪੰਜਾਬ ਆਉਣ ਵਾਲੇ ਪਰਵਾਸੀਆਂ ’ਚ ਕਰੋਨਾਵਾਇਰਸ ਦੇ ਲੱਛਣ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪੰਜਾਬ ਪੁਲੀਸ ਅਤੇ ਮਾਲ ਵਿਭਾਗ ਦੇ ਮੁਲਾਜ਼ਮਾਂ ਨੇ ਪਰਵਾਸੀ ਭਾਰਤੀਆਂ ਦੀ ਪਛਾਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਿੰਡਾਂ ਦੇ ਗੁਰੂ ਘਰਾਂ ਦੇ ਸਪੀਕਰਾਂ ਵਿੱਚ ਪਰਵਾਸੀਆਂ ਬਾਰੇ ਅਨਾਊਂਸਮੈਂਟ ਕਰਵਾਉਣ ਦੇ ਨਾਲ ਨਾਲ ਗਰਾਮ ਪੰਚਾਇਤਾਂ ਦੀ ਮਦਦ ਵੀ ਲਈ ਜਾ ਰਹੀ ਹੈ। ਸਿਹਤ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਸਕਦੀ ਹੈ। ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 18 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮਰਨ ਵਾਲਾ ਵਿਅਕਤੀ ਵੀ ਇਸੇ ਜ਼ਿਲ੍ਹੇ ਨਾਲ ਸਬੰਧਤ ਹੈ। ਮੁਹਾਲੀ ਜ਼ਿਲ੍ਹੇ ਨਾਲ ਸਬੰਧਤ 5, ਜਲੰਧਰ ਜ਼ਿਲ੍ਹੇ ਨਾਲ ਸਬੰਧਤ 3, ਅੰਮ੍ਰਿਤਸਰ ਦੇ 2 ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਮਰੀਜ਼ ਹੈ। ਸਿਹਤ ਵਿਭਾਗ ਵੱਲੋਂ ਆਨੰਦਪੁਰ ਸਾਹਿਬ ’ਚ ਹੋਲੇ ਮਹੱਲੇ ’ਤੇ ਗਏ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਜਾਂਚ ਦਾ ਕੰਮ ਵੀ ਆਰੰਭਿਆ ਗਿਆ ਹੈ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਪਠਲਾਵਾ ਦੇ ਬਲਦੇਵ ਸਿੰਘ ਦੇ ਸੰਪਰਕ ’ਚ ਆਉਣ ਨਾਲ ਦਰਜਨ ਤੋਂ ਵੱਧ ਵਿਅਕਤੀ ਕਰੋਨਾਵਾਇਸ ਤੋਂ ਪੀੜਤ ਸਾਹਮਣੇ ਆ ਚੁੱਕੇ ਹਨ। ਬਲਦੇਵ ਸਿੰਘ ਨੇ ਹੋਲਾ ਮਹੱਲਾ ਦੌਰਾਨ ਆਨੰਦਪੁਰ ਸਾਹਿਬ ਵਿੱਚ ਵੀ ਤਿੰਨ ਦਿਨ ਬਿਤਾਏ ਸਨ। ਇਸ ਲਈ ਸੰਭਵ ਹੈ ਕਿ ਕਈ ਵਿਅਕਤੀ ਉਸ ਦੇ ਸੰਪਰਕ ਵਿੱਚ ਆਏ ਹੋਣਗੇ। ਵਿਭਾਗ ਦਾ ਇਹ ਵੀ ਮੰਨਣਾ ਹੈ ਕਿ ਹੋਲੇ ਮਹੱਲੇ ’ਤੇ ਹੋਰਨਾਂ ਪਰਵਾਸੀਆਂ ਨੇ ਵੀ ਆਨੰਦਪੁਰ ਸਾਹਿਬ ’ਚ ਮੱਥਾ ਟੇਕਿਆ ਹੋਵੇਗਾ। ਇਸ ਕਰਕੇ ਹੋਲਾ ਮਹੱਲਾ ’ਤੇ ਜਾਣ ਵਾਲਿਆਂ ਦੀ ਨਿਸ਼ਾਨਦੇਹੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਲੁਧਿਆਣਾ ’ਚ ਇਕ 55 ਸਾਲਾ ਮਹਿਲਾ ਨੂੰ ਪਾਜ਼ੇਟਿਵ ਪਾਇਆ ਗਿਆ ਹੈ ਤੇ ਉਸ ਦਾ ਦੂਜਾ ਨਮੂਨਾ ਜਾਂਚ ਲਈ ਪੁਣੇ ਭੇਿਜਆ ਗਿਆ ਹੈ।

ਬਲਦੇਵ ਸਿੰਘ ਨੂੰ ਮਿਲਣ ਵਾਲੇ ਪਰਿਵਾਰ ਦੇ ਤਿੰਨ ਜੀਅ ਕਰੋਨਾਵਾਇਰਸ ਤੋਂ ਪੀੜਤ

ਫਗਵਾੜਾ/ਫਿਲੌਰ (ਜਸਬੀਰ ਸਿੰਘ ਚਾਨਾ/ਸਰਬਜੀਤ ਗਿੱਲ): ਪੰਜਾਬ ਦੇ ਪਹਿਲੇ ਕਰੋਨਾ ਪੀੜਤ ਮ੍ਰਿਤਕ ਬਲਦੇਵ ਸਿੰਘ ਦਾ ਸਾਂਢੂ ਅਤੇ ਉਸ ਦੇ ਪਰਿਵਾਰ ਦੇ ਦੋ ਹੋਰ ਮੈਂਬਰ ਕਰੋਨਾਵਾਇਰਸ ਤੋਂ ਪੀੜਤ ਮਿਲੇ ਹਨ। ਫਿਲੌਰ ਸਿਵਲ ਹਸਪਤਾਲ ’ਚ ਇਕਾਂਤਵਾਸ ’ਚ ਰੱਖੇ ਇਨ੍ਹਾਂ ਮਰੀਜ਼ਾਂ ਦੀ ਰਿਪੋਰਟ ਅੱਜ ਨਸ਼ਰ ਕੀਤੀ ਗਈ। ਪਾਜ਼ੇਟਿਵ ਆਏ ਇਨ੍ਹਾਂ ਮਰੀਜ਼ਾਂ ’ਚ ਹਰਜਿੰਦਰ ਸਿੰਘ (50), ਪਤਨੀ ਬਲਵਿੰਦਰ ਕੌਰ (47) ਅਤੇ ਪੁੱਤਰ ਹਰਦੀਪ ਸਿੰਘ (23) ਸ਼ਾਮਲ ਹਨ। ਇਹ ਤਿੰਨੋਂ ਸਬ-ਡਵੀਜ਼ਨ ਫਿਲੌਰ ਦੇ ਪਿੰਡ ਵਿਰਕਾਂ ਦੇ ਰਹਿਣ ਵਾਲੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਵੱਖ ਕਰਨ ਲਈ ਸਿਵਲ ਹਸਪਤਾਲ ’ਚ ਰੱਖਿਆ ਗਿਆ ਸੀ। ਪਾਜ਼ੇਟਿਵ ਕੇਸ ਮਿਲਣ ਮਗਰੋਂ ਪ੍ਰਸ਼ਾਸਨ ਹਰਕਤ ’ਚ ਆ ਗਿਆ ਹੈ। ਪੁਲੀਸ ਅਤੇ ਸਿਹਤ ਵਿਭਾਗ ਨੇ ਪਿੰਡ ਨੂੰ ਸੀਲ ਕਰਕੇ ਤਿੰਨੋਂ ਪਰਿਵਾਰਕ ਮੈਂਬਰਾਂ ਨੂੰ ਫਿਲੌਰ ਅਤੇ 9 ਹੋਰ ਸ਼ੱਕੀ ਮੈਂਬਰਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਹੈ। ਐੱਸਐੱਮਓ ਡਾਕਟਰ ਜੋਤੀ ਨੇ ਦੱਸਿਆ ਕਿ ਤਿੰਨੋਂ ਪਰਿਵਾਰਕ ਮੈਂਬਰ ਕਰੋਨਾਵਾਇਰਸ ਤੋਂ ਪੀੜਤ ਹਨ। ਜਾਣਕਾਰੀ ਮੁਤਾਬਕ ਇਹ ਪਰਿਵਾਰ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੇ ਬਿਮਾਰ ਹੋਣ ਮਗਰੋਂ ਉਸ ਨੂੰ ਮਿਲਣ ਲਈ ਜਾਂਦਾ ਰਿਹਾ ਸੀ ਅਤੇ ਬਾਅਦ ’ਚ ਪਿੰਡ ਆ ਕੇ ਉਹ ਲੋਕਾਂ ਨੂੰ ਵੀ ਮਿਲਦੇ ਰਹੇ ਸਨ।
ਇਸ ਦੌਰਾਨ ਐੱਸਪੀ ਰਵਿੰਦਰ ਸਿੰਘ ਸੰਧੂ, ਸਰਬਜੀਤ ਸਿੰਘ, ਡੀਐੱਸਪੀ ਦਵਿੰਦਰ ਅੱਤਰੀ, ਐੱਸਐੱਚਓ ਕੇਵਲ ਸਿੰਘ ਸਮੇਤ ਵੱਡੀ ਗਿਣਤੀ ’ਚ ਪੁਲੀਸ ਫੋਰਸ ਪਿੰਡ ਪੁੱਜੀ ਅਤੇ ਸਿਹਤ ਵਿਭਾਗ ਨਾਲ ਚਲਾਈ ਸਾਂਝੀ ਮੁਹਿੰਮ ’ਚ ਪੂਰੇ ਪਿੰਡ ਦੀ ਛਾਣਬੀਣ ਕੀਤੀ। ਬਾਅਦ ’ਚ ਉਨ੍ਹਾਂ ਪਿੰਡ ਨੂੰ ਸੀਲ ਕਰ ਦਿੱਤਾ।
ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਵਿਰਕ ਵਿੱਚ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਪ ਮੰਡਲ ਮੈਜਿਸਟਰੇਟ ਵਿਨੀਤ ਕੁਮਾਰ ਅਤੇ ਡੀਐੱਸਪੀ ਦਵਿੰਦਰ ਅੱਤਰੀ ਦੀ ਦੇਖ-ਰੇਖ ਵਿੱਚ 20 ਟੀਮਾਂ ਵਲੋਂ ਘਰ-ਘਰ ਜਾ ਕੇ ਸਰਵੇ ਕਰਕੇ ਪਹਿਚਾਣ ਕੀਤੀ ਜਾ ਰਹੀ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਮੁੱਚੇ ਪਿੰਡ ਨੂੰ ਸੈਨੇਟਾਈਜ਼ ਕਰਨ ਨੂੰ ਕਿਹਾ ਹੈ। ਪਿੰਡ ’ਚ ਦੁੱਧ, ਸਬਜ਼ੀਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਪ੍ਰਸ਼ਾਸਨ ਵਲੋਂ ਅਧਿਕਾਰਤ ਕੀਤੇ ਵਿਅਕਤੀਆਂ ਵਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ’ਚ 24 ਘੰਟੇ ਚੌਕਸੀ ਲਈ ਕਾਰਜਕਾਰੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਹੈ।

ਧਾਰਮਿਕ ਅਸਥਾਨ ’ਚ ਪੀੜਤਾਂ ਦੇ ਸੰਪਰਕ ’ਚ ਆਉਣ ਵਾਲਿਆਂ ਤੋਂ ਵੇਰਵੇ ਮੰਗੇ

ਬੰਗਾ: ਕਰੋਨਾ ਪੀੜਤ ਪਿੰਡ ਪਠਲਾਵਾ ਦੇ ਧਾਰਮਿਕ ਅਸਥਾਨ ਗੁਰਦੁਆਰਾ ਭਾਈ ਘਨੱਈਆ ’ਚ 5 ਮਾਰਚ ਤੋਂ ਹੁਣ ਤੱਕ ਇਸ ਗੁਰਦੁਆਰੇ ’ਚ ਜਾਣ ਵਾਲੇ ਵਿਅਕਤੀਆਂ ਅਤੇ ਗਿਆਨੀ ਗੁਰਬਚਨ ਸਿੰਘ ਤੇ ਮ੍ਰਿਤਕ ਬਲਦੇਵ ਸਿੰਘ ਨੂੰ ਮਿਲਣ ਵਾਲਿਆਂ ਨੂੰ ਆਪਣੇ ਵੇਰਵੇ ਮੋਬਾਈਲ ਨੰਬਰ 95693-58325 ’ਤੇ ਦੇਣ ਲਈ ਕਿਹਾ ਗਿਆ ਹੈ। ਪੱਤਰ ਜਾਰੀ ਕਰਨ ਵਾਲੇ ਐੱਸਡੀਐੱਮ ਗੌਤਮ ਜੈਨ ਨੇ ਦੱਸਿਆ ਕਿ ਇਹ ਪੱਤਰ ਉਕਤ ਵਿਅਕਤੀਆਂ ਨਾਲ ਸੰਪਰਕ ’ਚ ਆਉਣ ਵਾਲਿਆਂ ਨੂੰ ਕਰੋਨਾਵਾਇਰਸ ਤੋਂ ਬਚਾਉਣ ਲਈ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਸੂਚਨਾ ਦੇਣ ਲਈ ਖੁਦ ਅੱਗੇ ਆਉਣਾ ਚਾਹੀਦਾ ਹੈ।

ਦੋਹਤੇ ਤੇ ਦੋ ਪੋਤਿਆਂ ਦੀ ਵੀ ਰਿਪੋਰਟ ਪਾਜ਼ੇਟਿਵ

ਬੰਗਾ (ਸੁਰਜੀਤ ਮਜਾਰੀ): ਕਰੋਨਾਵਾਇਰਸ ਨਾਲ ਮਰੇ ਪਿੰਡ ਪਠਲਾਵਾ ਵਾਸੀ ਬਲਦੇਵ ਸਿੰਘ ਦੇ ਦੋਹਤੇ ਇੰਦਰਜੀਤ ਅਤੇ ਦੋ ਪੋਤਿਆਂ ਜਸਕਰਨ ਤੇ ਮਨਿੰਦਰ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਬਲਦੇਵ ਸਿੰਘ ਦੇ ਸੰਪਰਕ ਦਾ ਘੇਰਾ ਇਸ ਕਦਰ ਵਧਣ ਨਾਲ ਫ਼ਿਕਰਮੰਦੀ ਹੋਰ ਵਧ ਗਈ ਹੈ। ਪ੍ਰਸ਼ਾਸਨ ਵੱਲੋਂ ਇਹ ਘੇਰਾ ਤੋੜਨ ਲਈ ਪਠਲਾਵਾ ਅਤੇ ਉਸ ਦੇ ਸੰਪਰਕ ਵਾਲੇ ਪਿੰਡ ਸੁੱਜੋਂ ਤੇ ਝਿੱਕਾ ਨੂੰ ਵੀ ਸੀਲ ਕਰ ਦਿੱਤਾ ਗਿਆ ਸੀ। ਇਨ੍ਹਾਂ ਪਿੰਡਾਂ ’ਚ ਤਿੰਨ ਹੋਰ ਕੇਸ ਪਾਜ਼ੇਟਿਵ ਮਿਲੇ ਹਨ। ਉਪ ਮੰਡਲ ਮੈਜਿਸਟਰੇਟ ਗੌਤਮ ਜੈਨ ਨੇ ਦੱਸਿਆ ਕਿ ਹਲਕੇ ਅੰਦਰ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਕਈ ਕੋਆਰਡੀਨੇਟਿਡ ਅਤੇ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਗਏ ਹਨ। ਇਨ੍ਹਾਂ ਥਾਵਾਂ ’ਚ ਸਰਕਾਰੀ ਹਸਪਤਾਲ ਤੋਂ ਇਲਾਵਾ ਢਾਹਾਂ ਕਲੇਰਾਂ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ, ਬਹਿਰਾਮ ਦਾ ਸਰਕਾਰੀ ਬਹੁ-ਤਕਨੀਕੀ ਕਾਲਜ, ਬੰਗਾ ਦਾ ਕਰਨ ਹਸਪਤਾਲ, ਮਜਾਰੀ ਦਾ ਜੇ ਕੇ ਮੈਰਿਜ ਪੈਲੇਸ ਆਦਿ ਸ਼ਾਮਲ ਹਨ।


Comments Off on ਪੰਜਾਬ ’ਚ ਕਰੋਨਾਵਾਇਰਸ ਦੇ 7 ਹੋਰ ਮਾਮਲੇ ਸਾਹਮਣੇ ਆਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.