ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਪੰਜਾਬ ’ਚ ਕਰਫਿਊ ਦੀ ਉਲੰਘਣਾ ਸਬੰਧੀ 232 ਕੇਸ ਦਰਜ

Posted On March - 25 - 2020

ਬਠਿੰਡਾ (ਪੰਜਾਬ) ਵਿੱਚ ਮੰਗਲਵਾਰ ਨੂੰ ਕਰਫਿਊ ਦੌਰਾਨ ਪਾਬੰਦੀਆਂ ਭੰਗ ਕਰਨ ’ਤੇ ਨੌਜਵਾਨਾਂ ਨੂੰ ਲਾਠੀਚਾਰਜ ਕਰ ਕੇ ਖਦੇੜਦੀ ਹੋਈ ਪੁਲੀਸ। -ਫੋਟੋ: ਪਵਨ ਸ਼ਰਮਾ

ਦਵਿੰਦਰ ਪਾਲ
ਚੰਡੀਗੜ੍ਹ, 24 ਮਾਰਚ
ਪੰਜਾਬ ਵਿੱਚ ਕਰੋਨਾਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਅੱਜ ਪੁਲੀਸ ਵੱਲੋਂ ਰਾਜ ਭਰ ’ਚ 232 ਕੇਸ ਦਰਜ ਕੀਤੇ ਗਏ ਅਤੇ 111 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਕਰਫਿਊ ਦੀ ਉਲੰਘਣਾ ਸਬੰਧੀ 38 ਕੇਸ ਐੱਸਏਐੱਸ ਨਗਰ (ਮੁਹਾਲੀ) ਵਿੱਚ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ (ਦਿਹਾਤੀ) ਵਿੱਚ 34 ਅਤੇ ਤਰਨ ਤਾਰਨ ਤੇ ਸੰਗਰੂਰ ਵਿੱਚ 30-30 ਕੇਸ ਦਰਜ ਹੋਏ ਹਨ। ਇਸ ਦੇ ਨਾਲ ਹੀ ਤਰਨ ਤਾਰਨ ਵਿੱਚ 43 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਜਦੋਂਕਿ 23 ਵਿਅਕਤੀਆਂ ਨੂੰ ਕਪੂਰਥਲਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ 15, ਬਠਿੰਡਾ ’ਚ 13, ਫਿਰੋਜ਼ਪੁਰ ’ਚ 5, ਪਟਿਆਲਾ ’ਚ 5, ਗੁਰਦਾਸਪੁਰ ’ਚ 4 ਅਤੇ ਲੁਧਿਆਣਾ ਦਿਹਾਤੀ ’ਚ 2 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਖੰਨਾ, ਪਠਾਨਕੋਟ, ਬਰਨਾਲਾ, ਸੀ.ਪੀ. ਲੁਧਿਆਣਾ, ਫਾਜ਼ਿਲਕਾ ਤੇ ਮਾਨਸਾ ਵਿੱਚ ਕਰਫਿਊ ਦੀ ਉਲੰਘਣਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਦਿਨ ਵੇਲੇ ਸ੍ਰੀ ਮੁਕਤਸਰ ਸਾਹਿਬ ਵਿੱਚ ਏਕਾਂਤਵਾਸ ਦੀ ਉਲੰਘਣਾ ਦੇ ਦੋ ਮਾਮਲੇ ਸਾਹਮਣੇ ਆਏ ਅਤੇ ਇੱਥੋਂ ਹੀ ਕਰਫਿਊ ਦੀ ਉਲੰਘਣਾ ਦੇ ਚਾਰ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਵੱਖ-ਵੱਖ ਰੈਂਕ ਦੇ ਕੁੱਲ 38160 ਪੁਲੀਸ ਮੁਲਾਜ਼ਮ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿੱਚ 981 ਵਾਲੰਟੀਅਰ ਵੀ ਸ਼ਾਮਲ ਹਨ।
ਡੀਜੀਪੀ ਨੇ ਪੰਜਾਬ ਪੁਲੀਸ ਦੀ ਸੀਨੀਅਰ ਮੈਨੇਜਮੈਂਟ ਟੀਮ ਸਮੇਤ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਮੂਹ ਆਈਜੀ/ਡੀਆਈਜੀ ਰੇਂਜ ਅਤੇ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨਾਲ ਅੱਜ ਇੱਕ ਮੀਟਿੰਗ ਕੀਤੀ। ਮੀਟਿੰਗ ਵਿੱਚ ਲੋਕਾਂ ਨੂੰ ਜ਼ਰੂਰੀ ਵਸਤਾਂ ਜਿਵੇਂ ਕਿ ਦੁੱਧ ਅਤੇ ਖਾਣ-ਪੀਣ ਦੀਆਂ ਚੀਜ਼ਾਂ, ਦਵਾਈਆਂ, ਸਿਹਤ ਸਹੂਲਤਾਂ ਆਦਿ ਪਹੁੰਚਾਉਣ ਬਾਰੇ ਵੀ ਚਰਚਾ ਕੀਤੀ ਗਈ। ਡੀਜੀਪੀ ਨੇ ਸਾਰੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਦੂਰਸੰਚਾਰ, ਬੈਂਕਾਂ, ਏਟੀਐੱਮਜ਼, ਪੱਤਰਕਾਰਾਂ, ਅਖ਼ਬਾਰਾਂ ਵੰਡਣ ਵਾਲੇ ਹਾਕਰਾਂ, ਡਾਕਟਰਾਂ, ਪੈਰਾਮੈਡੀਕਲ, ਸੈਨੇਟਰੀ ਵਰਕਰਾਂ, ਇਲੈਕਟਰੀਸ਼ਨ ਤੇ ਪਲੰਬਰ ਆਦਿ ਸਮੇਤ ਜ਼ਰੂਰੀ ਸੇਵਾਵਾਂ ਬਣਾਈ ਰੱਖਣ ਲਈ ਲੋੜ ਅਨੁਸਾਰ ਪਾਸ ਮੁਹੱਈਆ ਕਰਵਾਏ ਜਾਣ।
ਡੀਜੀਪੀ ਪੰਜਾਬ ਨੇ ਫੀਲਡ ਪੁਲੀਸ ਸਟਾਫ਼ ਨੂੰ ਦੇਸ਼ ਦੇ ਨਾਗਰਿਕਾਂ ਲਈ ਮੁਸ਼ਕਿਲਾਂ ਵਾਲੇ ਇਸ ਸਮੇਂ ਵਿੱਚ ਪ੍ਰਚਾਰਕਾਂ ਅਤੇ ਸਮਾਜ ਸੇਵੀਆਂ ਵਜੋਂ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਡੀਜੀਪੀ ਨੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਸਲਾਹ ਦਿੱਤੀ ਕਿ ਉਹ ਅੰਤਰ-ਰਾਜੀ ਸਰਹੱਦਾਂ ਤੋਂ ਪਾਰ ਖਾਣ-ਪੀਣ ਅਤੇ ਜ਼ਰੂਰੀ ਸਾਮਾਨ ਪੰਜਾਬ ਵਿੱਚ ਪਹੁੰਚਾਉਣ ਲਈ ਟਰੱਕਾਂ ਦੀ ਆਵਾਜਾਈ ਨੂੰ ਪ੍ਰਵਾਨਗੀ ਦੇਣ ਤਾਂ ਜੋ ਜ਼ਰੂਰੀ ਵਸਤਾਂ ਦੀ ਘਾਟ ਨਾ ਹੋਵੇ। ਉਨ੍ਹਾਂ ਪਠਾਨਕੋਟ ਦੇ ਮਾਧੋਪੁਰ ਬੈਰੀਅਰ ਵਿੱਚ ਫਸੇ ਸੈਂਕੜੇ ਟਰੱਕਾਂ ਦੇ ਜੰਮੂ-ਕਸਮੀਰ ਵਿੱਚ ਦਾਖਲੇ ਲਈ ਜੰਮੂ-ਕਸਮੀਰ ਦੇ ਮੁੱਖ ਸਕੱਤਰ ਅਤੇ ਡੀਜੀਪੀ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਮਾਧੋਪੁਰ ਬੈਰੀਅਰ ’ਤੇ ਫਸੇ ਕਸ਼ਮੀਰੀ ਵਿਦਿਆਰਥੀਆਂ ਦੇ ਮੁੱਦੇ ਸਬੰਧੀ ਜੰਮੂ-ਕਸਮੀਰ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਹਾਈਵੇਅ ’ਤੇ ਚੱਲਦੇ ਪੈਟਰੋਲ ਪੰਪਾਂ ਨੂੰ ਯਾਤਰੀਆਂ ਦੀ ਸਹੂਲਤ ਲਈ ਕਾਰਜਸ਼ੀਲ ਕਰਨ ਦੀ ਇਜਾਜ਼ਤ ਦੇਣ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਕਰਫਿਊ ਪਾਸ ਵਜੋਂ ਸਟਿੱਕਰਾਂ ਦਾ ਇੱਕ ਸਿਸਟਮ ਵੀ ਤਿਆਰ ਕਰ ਰਹੀ ਹੈ।

ਕੈਪਟਨ ਨੇ ਲੋਕਾਂ ਦੀਆਂ ਮੁਸ਼ਕਲਾਂ ਘਟਾਉਣ ਲਈ ਕਈ ਐਲਾਨ ਕੀਤੇ

ਚੰਡੀਗੜ੍ਹ (ਬਲਵਿੰਦਰ ਜੰਮੂ): ਪੰਜਾਬ ’ਚ ਕਰਫਿਊ ਦੇ ਇਕ ਦਿਨ ਬਾਅਦ ਮੁੱਖ ਮੰਤਰੀ ਕੈੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਘਟਾਉਣ ਲਈ ਕਈ ਕਦਮਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਰਫਿਊ ਨੂੰ ਜਾਰੀ ਰੱਖਣਾ ਜ਼ਰੂਰੀ ਹੈ ਅਤੇ ਇਸ ਨੂੰ ਚੰਗਾ ਹੁੰਗਾਰਾ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਰਫਿਊ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਪੂਰੀ ਤਰ੍ਹਾਂ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ ਅਤੇ ਡਿਪਟੀ ਕਮਿਸ਼ਨਰ ਯਕੀਨੀ ਬਣਾਉਣਗੇ ਕਿ ਜ਼ਰੂਰੀ ਸਾਮਾਨ ਦੀ ਸਪਲਾਈ ਅਤੇ ਸੇਵਾਵਾਂ ਲੋਕਾਂ ਦੀ ਪਹੁੰਚ ਵਿੱਚ ਹੋਣ। ਮੁੱਖ ਮੰਤਰੀ ਨੇ ਕਿਹਾ ਕਿ ਹਾਲ ਦੇ ਦਿਨਾਂ ਵਿੱਚ ਸੂਬੇ ਵਿੱਚ 94000 ਪਰਵਾਸੀ ਅਤੇ ਵਿਦੇਸ਼ੀ ਪੰਜਾਬ ਪਰਤੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤਿਆਂ ਦਾ ਪਤਾ ਕਰ ਲਿਆ ਗਿਆ ਹੈ ਅਤੇ ਲਗਭਗ 30,000 ਨੂੰ ਇਕਾਂਤ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਈਪੀਸੀ ਦੀ ਦਫ਼ਾ 188 ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਇਕਾਂਤਵਾਸ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਸਰਪੰਚ ਜਾਂ ਨੰਬਰਦਾਰ, ਇਲਾਕਾ ਮੈਜਿਸਟ੍ਰੇਟ, ਡੀਐੱਸਪੀ ਜਾਂ ਐੱਸਐੱਚਓ ਨੂੰ ਰਿਪੋਰਟ ਕੀਤਾ ਜਾਵੇ ਜਾਂ ਫਿਰ 112 ਨੰਬਰ ’ਤੇ ਪੁਲੀਸ ਨੂੰ ਕਾਲ ਕਰਕੇ ਦੱਸਿਆ ਜਾਵੇ। ਕੈਪਟਨ ਨੇ ਦੱਸਿਆ ਕਿ ਕਰਫਿਊ ਦੌਰਾਨ ਪਾਸ ਤੋਂ ਬਿਨਾਂ ਕਿਸੇ ਵੀ ਵਾਹਨ ਦੇ ਚੱਲਣ ਦੀ ਇਜਾਜ਼ਤ ਨਹੀਂ ਹੈ। ਸਿਰਫ਼ ਹੰਗਾਮੀ ਮੌਕੇ ’ਤੇ ਲੋਕ ਕਰਿਆਨਾ, ਦੁੱਧ, ਫਲ ਤੇ ਸਬਜ਼ੀਆਂ ਅਤੇ ਦਵਾਈਆਂ/ਕੈਮਿਸਟਾਂ ਕੋਲ ਪੈਦਲ ਜਾ ਸਕਦੇ ਹਨ ਅਤੇ ਡਾਕਟਰਾਂ ਕੋਲ ਜਾਂ ਨਰਸਿੰਗ ਹੋਮ ਵੀ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹੰਗਾਮੀ ਸਥਿਤੀ ਦੀ ਸੂਰਤ ਵਿੱਚ ਕੋਈ ਵੀ ਨਾਗਰਿਕ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਹਾਸਲ ਕਰਨ ਲਈ ਪੁਲੀਸ ਜਾਂ ਸਿਵਲ ਕੰਟਰੋਲ ਰੂਮ ’ਤੇ ਕਾਲ ਕਰ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਰਿਆਨੇ ਦੀਆਂ ਦੁਕਾਨਾਂ, ਦੁੱਧ ਵਿਕ੍ਰੇਤਾਵਾਂ, ਫਲ ਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਕੈਮਿਸਟਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਆਮ ਇਜਾਜ਼ਤ ਦੇਣ ਦੀ ਬਜਾਏ ਉਨ੍ਹਾਂ ਨੂੰ ਵਾਰੀ ਸਿਰ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਮ ਲੋਕਾਂ ਅਤੇ ਖਾਸ ਕਰਕੇ ਕਮਜ਼ੋਰ ਤਬਕਿਆਂ ਦੀਆਂ ਸਾਰੀਆਂ ਜਾਇਜ਼ ਲੋੜਾਂ ਦੀ ਪੂਰਤੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਕੇਂਦਰੀ ਵਿੱਤ ਮੰਤਰੀ ਵੱਲੋਂ ਐਲਾਨੇ ਕਦਮ ਨਾਕਾਫੀ: ਕੈਪਟਨ

ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵਲੋਂ ਕੋਵਿਡ-19 ਦੇ ਟਾਕਰੇ ਲਈ ਐਲਾਨੇ ਕਦਮ ਨਾਕਾਫੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਭਿਆਨਕ ਬਿਮਾਰੀ ਦਾ ਸਾਹਮਣਾ ਕਰਨ ਲਈ ਵਿੱਤੀ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨੀ ਟਾਸਕ ਫੋਰਸ ਚ ਸੂਬਿਆਂ ਦੀ ਕੀ ਪ੍ਰਤੀਨਿਧਤਾ ਹੋਵੇਗੀ, ਉਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਰੋਨਾਵਾਇਰਸ ਦੇ ਮੱਦੇਨਜ਼ਰ ਗਰੀਬਾਂ, ਦਿਹਾੜੀਦਾਰ ਕਾਮਿਆਂ, ਗਰੀਬਾਂ ਦੀ ਮਦਦ ਲਈ ਕਦਮ ਚੁੱਕਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਭੰਡਾਰ ਅਨਾਜ ਨਾਲ ਭਰੇ ਪਏ ਹਨ ਅਤੇ ਦੂਜੇ ਪਾਸੇ ਗਰੀਬ ਰੋਟੀ ਲਈ ਮੁਥਾਜ਼ ਹੋ ਜਾਣਗੇ। ਕੈਪਟਨ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਸੈਰ-ਸਪਾਟਾ ਸਨਅਤ ਨੂੰ ਰਾਹਤ ਦੇਣ ਲਈ ਕੋਈ ਕਦਮ ਨਹੀਂ ਚੁੱਕਿਆ ਅਤੇ ਨਾ ਛੋਟੀ ਸਨਅਤ ਦੇ ਕਰਜ਼ੇ ਬਾਰੇ ਕੋਈ ਗੱਲ ਕੀਤੀ ਹੈ।


Comments Off on ਪੰਜਾਬ ’ਚ ਕਰਫਿਊ ਦੀ ਉਲੰਘਣਾ ਸਬੰਧੀ 232 ਕੇਸ ਦਰਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.