ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਪੰਜਾਬ ’ਚ ਕਰਫਿਊ ਦੀ ਉਲੰਘਣਾ ਕਰਨ ਵਾਲੇ 200 ਗ੍ਰਿਫ਼ਤਾਰ

Posted On March - 26 - 2020

ਕਰੋਨਾਵਾਇਰਸ ਖ਼ਿਲਾਫ਼ ਪੇਸ਼ਬੰਦੀਆਂ

ਪਿੰਡ ਪਠਲਾਵਾ ਵਿੱਚ ਤਾਇਨਾਤ ਸਿਹਤ ਕਾਮੇ।

ਦਵਿੰਦਰ ਪਾਲ
ਚੰਡੀਗੜ੍ਹ, 25 ਮਾਰਚ
ਪੰਜਾਬ ਵਿੱਚ ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਸੂਬੇ ਵਿੱਚ ਮੰਗਲਵਾਰ ਨੂੰ ਪਾਬੰਦੀਆਂ ਤੋੜਨ ਮਗਰੋਂ ਹੁਣ ਅੱਜ ਪੰਜਾਬੀਆਂ ਨੇ ਜ਼ਾਬਤੇ ’ਚ ਆਉਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਅੱਜ 170 ਦੇ ਕਰੀਬ ਪਰਚੇ ਦਰਜ ਕੀਤੇ ਗਏ ਅਤੇ 200 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਰਫਿਊ ਉਲੰਘਣਾ ਦੇ ਜ਼ਿਆਦਾਤਰ ਮਾਮਲੇ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਸਾਹਮਣੇ ਆਏ ਹਨ। ਮੰਲਗਵਾਰ ਨੂੰ ਪੁਲੀਸ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 232 ਮਾਮਲੇ ਦਰਜ ਕੀਤੇ ਸਨ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪੁਲੀਸ ਦੀ ਸਖ਼ਤੀ ਦਾ ਮਤਲਬ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਨਹੀਂ ਹੈ ਬਲਕਿ ਸੰਕਟ ਦੀ ਘੜੀ ’ਚ ਇਸ ਖ਼ਤਰਨਾਕ ਬਿਮਾਰੀ ਤੋਂ ਬਚਾਉਣਾ ਹੈ। ਸੂਬੇ ਵਿੱਚ ਅੱਜ ਲੋਕਾਂ ਨੂੰ ਪੁਲੀਸ ਦੀ ਸਖ਼ਤੀ ਦਾ ਵੀ ਸਾਹਮਣਾ ਕਰਨਾ ਪਿਆ। ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਸ਼ਰਮਿੰਦਾ ਕਰਨ ਲਈ ਪੁਲੀਸ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟਾਂ ਵੀ ਵਾਇਰਲ ਕੀਤੀਆਂ। ਸ੍ਰੀ ਗੁਪਤਾ ਨੇ ਲੋਕਾਂ ਨੂੰ ਪ੍ਰਸ਼ਾਸਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ। ਡੀਜੀਪੀ ਨੇ ਕਿਹਾ ਕਿ ਸਮਾਜ ਨੂੰ ਸੁਰੱਖਿਅਤ ਰੱਖਣ ਅਤੇ ਇਸ ਭਿਆਨਕ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪੰਜਾਬ ਪੁਲੀਸ ਦੀ ਸ਼ਲਾਘਾ ਕਰਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਪੁਲੀਸ ਸੜਕਾਂ ’ਤੇ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਤਾਂ ਜੋ ਲੋਕ ਇਸ ਮਹਾਮਾਰੀ ਤੋਂ ਸੁਰੱਖਿਅਤ ਰਹਿਣ। ਉਨ੍ਹਾਂ ਕਿਹਾ, ‘‘ਪੰਜਾਬ ਪੁਲੀਸ ਦੇ ਜਵਾਨ ਬੇਹੱਦ ਚੰਗਾ ਕੰਮ ਕਰ ਰਹੇ ਹਨ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਲੋਕ ਕਰਫਿਊ ਦੀ ਪਾਲਣਾ ਕਰਨ ਅਤੇ ਪੁਲੀਸ ਨਾਲ ਸਹਿਯੋਗ ਕਰਨ|’’ ਪੰਜਾਬ ਪੁਲੀਸ ਦੀ ਇਹ ਪਹਿਲ ਕਮਿਊਨਿਟੀ ਪੁਲੀਸਿੰਗ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਵਿਚ ਪੁਲੀਸ ਪ੍ਰਤੀ ਭਰੋਸਾ ਵਧਾਉਣ ਲਈ ਸ਼ੁਰੂ ਕੀਤੀ ਗਈ ਹੈ। ਇਸ ਮਿਸ਼ਨ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੁਲੀਸ ਇਸ ਨੂੰ ਵੱਡੇ ਪੱਧਰ ਤੱਕ ਚਲਾਉਣ ਦੀ ਤਿਆਰੀ ਕਰ ਰਹੀ ਹੈ। ਸ੍ਰੀ ਗੁਪਤਾ ਨੇ ਕਿਹਾ, “ਤਾਲਾਬੰਦੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਲਈ ਹੈ ਅਤੇ ਪੁਲੀਸ ਸਮਾਜ ਦੀ ਬਿਹਤਰ ਢੰਗ ਨਾਲ ਮਦਦ ਕਰੇਗੀ।” ਪੰਜਾਬ ਪੁਲੀਸ ਦਾ ਮਨੁੱਖੀ ਚਿਹਰਾ ਦਰਸਾਉਂਦੀ ਇਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਪੁਲੀਸ ਵਾਲੇ ਇਕ ਬਜ਼ੁਰਗ ਸਬਜ਼ੀ ਵਿਕਰੇਤਾ ਦੀ ਮਦਦ ਕਰਦੇ ਹੋਏ ਅਤੇ ਆਮ ਲੋਕਾਂ ਦੀਆਂ ਜ਼ਰੂਰੀ ਵਸਤਾਂ ਨੂੰ ਸੁਰੱਖਿਅਤ ਅਤੇ ਅਨੁਸ਼ਾਸਿਤ ਤਰੀਕੇ ਨਾਲ ਉਨ੍ਹਾਂ ਦੇ ਘਰਾਂ ਵਿਚ ਪਹੁੰਚਾਉਂਦੇ ਹੋਏ ਦਿਖਾਈ ਦੇ ਰਹੇ ਹਨ। ਸ੍ਰੀ ਗੁਪਤਾ ਨੇ ਮੰਗਲਵਾਰ ਨੂੰ ਲੜੀ ਦਾ ਪਹਿਲਾ ਵੀਡੀਓ ਜਾਰੀ ਕੀਤਾ ਜਿੱਥੇ ਉਨ੍ਹਾਂ ਕਰੋਨਾ ਤੋਂ ਸੁਰੱਖਿਅਤ ਰਹਿਣ ਦੇ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਪੁਲੀਸ ਦੀ ਸ਼ਲਾਘਾ ਕੀਤੀ ਹੈ।

ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਏਗੀ ਪੁਲੀਸ

ਪੰਜਾਬ ਪੁਲੀਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਵਸਤਾਂ ਸਪਲਾਈ ਕਰਨ ’ਚ ਪੁਲੀਸ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਜ਼ੋਮੈਟੋ, ਸਵਿੱਗੀ, ਵੇਰਕਾ, ਸਥਾਨਕ ਮੰਡੀਆਂ ਦੇ ਪ੍ਰਧਾਨਾਂ, ਕੈਮਿਸਟ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ।

ਪੰਜਾਬ ’ਚ ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 31 ਹੋਈ

ਚੰਡੀਗੜ੍ਹ: ਪੰਜਾਬ ਦੇ ਸਿਹਤ ਵਿਭਾਗ ਨੇ ਕਰੋਨਾਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਪਛਾਣ ਲਈ ਵੱਡੀ ਮੁਹਿੰਮ ਵਿੱਢਦਿਆਂ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ 200 ਤੋਂ ਵੱਧ ਵਿਅਕਤੀਆਂ ਦੇ ਥੁੱਕ ਅਤੇ ਖੂਨ ਦੇ ਨਮੂਨੇ ਲਏ ਹਨ। ਉਧਰ ਪੰਜਾਬ ਵਿੱਚ ਦੋ ਹੋਰ ਵਿਅਕਤੀਆਂ ਵਿੱਚ ਇਸ ਖ਼ਤਰਨਾਕ ਵਾਇਰਸ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਤਾਜ਼ਾ ਮਾਮਲਿਆਂ ਵਿੱਚ ਲੁਧਿਆਣਾ ਸ਼ਹਿਰ ਦੀ ਇੱਕ ਬਾਰਸੂਖ ਮਹਿਲਾ ਦੇ ਵਾਇਰਸ ਤੋਂ ਪੀੜਤ ਹੋਣ ਨੂੰ ਵਿਭਾਗ ਗੰਭੀਰਤਾ ਨਾਲ ਲੈ ਰਿਹਾ ਹੈ ਕਿਉਂਕਿ ਇਸ ਔਰਤ ਰਾਹੀਂ ਵਾਇਰਸ ਦੇ ਲੁਧਿਆਣਾ ਸ਼ਹਿਰ ਵਿੱਚ ਫੈਲਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਸੂਤਰਾਂ ਮੁਤਾਬਕ ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਜਲੰਧਰ ਦੇ ਤਕਰੀਬਨ 20 ਪਿੰਡ ਅਜਿਹੇ ਹਨ ਜਿਨ੍ਹਾਂ ’ਤੇ ਜ਼ਿਆਦਾ ਨਜ਼ਰ ਰੱਖੀ ਜਾ ਰਹੀ ਹੈ। ਉਥੇ ਬਾਹਰਲੇ ਲੋਕਾਂ ਦਾ ਦਾਖ਼ਲਾ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਕਾਂਤ ’ਚ ਰੱਖੇ ਗਏ ਕੁਝ ਵਿਅਕਤੀਆਂ ਦੇ ਨਮੂਨੇ ਪਰਖ ਲਈ ਲੈਬੋਰੇਟਰੀਆਂ ਨੂੰ ਭੇਜੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਵਿਭਾਗ ਵੱਲੋਂ ਇਨ੍ਹਾਂ ਵਿੱਚੋਂ ਕੁਝ ਨਮੂਨੇ ਤਾਂ ਲੈਬੋਰੇਟਰੀਆਂ ਨੂੰ ਭੇਜ ਦਿੱਤੇ ਗਏ ਹਨ ਜਦੋਂ ਕਿ ਜ਼ਿਆਤਾਦਰ ਭਲਕੇ ਹੀ ਭੇਜੇ ਜਾਣਗੇ। ਸਿਹਤ ਵਿਭਾਗ ਵੱਲੋਂ ਜੋ ‘ਮੈਡੀਕਲ ਬੁਲੇਟਿਨ’ ਜਾਰੀ ਕੀਤਾ ਗਿਆ ਹੈ, ਉਸ ਮੁਤਾਬਕ ਲੈਬੋਰੇਟਰੀ ਨੂੰ ਭੇਜੇ ਜਾਣ ਵਾਲੇ 229 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਹੈ। ਇਸੇ ਤਰ੍ਹਾਂ 250 ਦੇ ਕਰੀਬ ਨਮੂਨੇ ਭਲਕੇ ਭੇਜੇ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਦੇ ਨਤੀਜੇ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਆਉਣਗੇ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲੁਧਿਆਣਾ ਵਿੱਚ ਇੱਕ ਬੁਟੀਕ ਚਲਾ ਰਹੀ ਔਰਤ ਦੇ ਕਰੋਨਾਵਾਇਰਸ ਤੋਂ ਪਾਜ਼ੇਟਿਵ ਆਉਣ ਦਾ ਮਾਮਲਾ ਇਸ ਕਰਕੇ ਗੰਭੀਰ ਮੰਨਿਆ ਜਾ ਰਿਹਾ ਹੈ ਕਿਉਂਕਿ ਉਸ ਨੂੰ ਇਹ ਜਾਣਕਾਰੀ ਹੀ ਨਹੀਂ ਕਿ ਕਿਸ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਉਹ ਇਸ ਵਾਇਰਸ ਦਾ ਸ਼ਿਕਾਰ ਹੋਈ ਹੈ। ਅਧਿਕਾਰੀਆਂ ਵੱਲੋਂ ਇਸ ਬੁਟੀਕ ਦੇ ਗਾਹਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਵਾਇਰਸ ਦੇ ਆਉਣ ਦਾ ਕਾਰਨ ਪਤਾ ਲੱਗ ਸਕੇ ਅਤੇ ਅਗਾਊਂ ਸਾਵਧਾਨੀ ਵਰਤ ਕੇ ਉਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜ਼ਿਲ੍ਹੇ ਵਾਰ ਦੇਖਿਆ ਜਾਵੇ ਤਾਂ ਨਵਾਂਸ਼ਹਿਰ ’ਚ 18, ਮੁਹਾਲੀ ਵਿੱਚ 5, ਹੁਸ਼ਿਆਰਪੁਰ ਤੇ ਜਲੰਧਰ ਵਿੱਚ 3-3, ਅਤੇ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਇੱਕ-ਇੱਕ ਵਿਅਕਤੀ ਕਰੋਨਾਵਾਇਰਸ ਤੋਂ ਪੀੜਤ ਹਨ।

ਲਿੱਤਰਾਂ ਦੇ ਮਹਿੰਦਰ ਸਿੰਘ ਦੀ ਅਮਰੀਕਾ ਵਿੱਚ ਕਰੋਨਾਵਾਇਰਸ ਨਾਲ ਮੌਤ

ਜਲੰਧਰ (ਪਾਲ ਸਿੰਘ ਨੌਲੀ): ਅਮਰੀਕਾ ਵਿਚ ਰਹਿੰਦੇ ਮਹਿੰਦਰ ਸਿੰਘ ਹੇਅਰ ਦੀ ਕਰੋਨਾਵਾਇਰਸ ਨਾਲ ਮੌਤ ਹੋ ਗਈ ਹੈ। ਉਹ ਪਹਿਲੇ ਪੰਜਾਬੀ ਹਨ ਜਿਨ੍ਹਾਂ ਦੀ ਮੌਤ ਕਰੋਨਾਵਾਇਰਸ ਨਾਲ ਹੋਈ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਲਿੱਤਰਾਂ ਦੇ ਰਹਿਣ ਵਾਲੇ ਮਹਿੰਦਰ ਸਿੰਘ (71) ਨਿਊਯਾਰਕ ਵਿਚ ਪਿਛਲੇ 24 ਸਾਲਾਂ ਤੋਂ ਰਹਿੰਦੇ ਆ ਰਹੇ ਸਨ ਅਤੇ ਉਹ ਰੇਲ ਵਿਭਾਗ ਵਿਚ ਕੰਮ ਕਰਦੇ ਸਨ। ਉਨ੍ਹਾਂ ਦੀ ਪਤਨੀ ਜਗੀਰ ਕੌਰ ਵੀ ਕਰੋਨਾਵਾਇਰਸ ਤੋਂ ਪੀੜਤ ਦੱਸੀ ਜਾ ਰਹੀ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਲਿੱਤਰਾਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਇੰਗਲੈਂਡ ਵਿਚ ਰਹਿੰਦੇ ਹਨ।

70 ਫ਼ੀਸਦੀ ਕੇਸਾਂ ਲਈ ਇਕ ਹੀ ਵਿਅਕਤੀ ਜ਼ਿੰਮੇਵਾਰ

ਚੰਡੀਗੜ੍ਹ (ਟਨਸ): ਕਰੋਨਾਵਾਇਰਸ ਦੇ ਪੀੜਤਾਂ ’ਚ ਹੁਸ਼ਿਆਰਪੁਰ ਵਾਲਾ ਕੇਸ ਵੀ ਸ਼ਹੀਦ ਭਗਤ ਸਿੰਘ ਨਗਰ ਦੇ ਬਲਦੇਵ ਸਿੰਘ (70) ਨਾਲ ਸਬੰਧਤ ਹੈ ਜਿਸ ਦੀ ਪਿਛਲੇ ਹਫ਼ਤੇ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਸੀ। ਇਸ ਨਵੇਂ ਕੇਸ ਨਾਲ ਬਲਦੇਵ ਸਿੰਘ ਤੋਂ ਲਾਗ ਲੱਗਣ ਵਾਲੇ ਮਰੀਜ਼ਾਂ ਦੀ ਗਿਣਤੀ 22 ਹੋ ਗਈ ਹੈ ਜਿਨ੍ਹਾਂ ’ਚੋਂ 18 ਉਸ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਹਨ ਜੋ ਬੰਗਾ ਅਤੇ ਫਿਲੌਰ ਦੇ ਵਾਸੀ ਹਨ। ਇਸ ਤਰ੍ਹਾਂ 70 ਫ਼ੀਸਦੀ ਮਰੀਜ਼ ਉਹ ਹਨ ਜਿਨ੍ਹਾਂ ਨੂੰ ਬਲਦੇਵ ਸਿੰਘ ਤੋਂ ਇਸ ਵਾਇਰਸ ਦੀ ਲਾਗ ਲੱਗੀ।

ਮੋਰਾਂਵਾਲੀ ਦੇ ਹਰਭਜਨ ਸਿੰਘ ਦੇ ਪੁੱਤਰ ਦੀ ਰਿਪੋਰਟ ਵੀ ਪਾਜ਼ੇਟਿਵ

ਗੜ੍ਹਸ਼ੰਕਰ (ਜੇਬੀ ਸੇਖੋਂ): ਤਹਿਸੀਲ ਦੇ ਪਿੰਡ ਮੋਰਾਂਵਾਲੀ ਦੇ ਵਸਨੀਕ ਹਰਭਜਨ ਸਿੰਘ ਦੇ ਕਰੋਨਾਵਾਇਰਸ ਤੋਂ ਪੀੜਤ ਹੋਣ ਮਗਰੋਂ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ (32) ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਪਿੰਡ ਪਠਲਾਵਾ ਦੇ ਕਰੋਨਾਵਾਇਰਸ ਨਾਲ ਫੌਤ ਹੋਏ ਬਲਦੇਵ ਸਿੰਘ ਨਾਲ ਕਈ ਦਿਨਾਂ ਤੋਂ ਸੰਪਰਕ ਵਿੱਚ ਸੀ। ਪ੍ਰਸ਼ਾਸਨ ਵੱਲੋਂ ਹਰਭਜਨ ਸਿੰਘ ਸਮੇਤ ਉਸ ਦੇ ਪੂਰੇ ਪਰਿਵਾਰ ਨੂੰ ਇਕਾਂਤ ਕੇਂਦਰ ਹੁਸ਼ਿਆਰਪੁਰ ਵਿੱਚ ਰੱਖਿਆ ਹੋਇਆ ਸੀ। ਸਿਹਤ ਵਿਭਾਗ ਵੱਲੋਂ ਇਲਾਕੇ ਦੇ 300 ਤੋਂ ਵੱਧ ਵਸਨੀਕਾਂ ਨੂੰ ਘਰਾਂ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਬੰਗਾ ਹਲਕੇ ਦੇ 11 ਹੋਰ ਪਿੰਡ ਸੀਲ ਕੀਤੇ

ਬੰਗਾ (ਸੁਰਜੀਤ ਮਜਾਰੀ): ਕਰੋਨਾਵਾਇਰਸ ਤੋਂ ਪੀੜਤਾਂ ਦੀ ਭਾਲ ਲਈ ਅੱਜ ਬੰਗਾ ਹਲਕੇ ਦੇ 11 ਹੋਰ ਪਿੰਡਾਂ ਨੂੰ ਸੀਲ ਕੀਤਾ ਗਿਆ। ਇਨ੍ਹਾਂ ’ਚ ਹੀਉਂ, ਪੱਦੀ ਮੱਟ ਵਾਲੀ, ਮਾਹਿਲ ਗਹਿਲਾਂ, ਨੌਰਾ, ਭੌਰਾ, ਸੂਰਾਪੁਰ, ਪੱਲੀ ਝਿੱਕੀ, ਪੱਲੀ ਉਚੀ, ਗੋਬਿੰਦਪੁਰ, ਗੁਜ਼ਰਪੁਰ ਤੇ ਮਾਹਲਾਂ ਸ਼ਾਮਲ ਹਨ। ਪ੍ਰਸ਼ਾਸਨ ਵਲੋਂ ਅੱਜ 150 ਦੇ ਕਰੀਬ ਨਵੇਂ ਸੈਂਪਲ ਲਏ ਗਏ। ਰਾਹਤ ਵਾਲੀ ਇਹ ਖ਼ਬਰ ਹੈ ਕਿ ਪੀੜਤਾਂ ਦੀ ਹਾਲਤ ਸਥਿਰ ਹੈ। ਇਸ ਤੋਂ ਪਹਿਲਾਂ ਕਰੋਨਾ ਨਾਲ ਮਰੇ ਬਲਦੇਵ ਸਿੰਘ ਦਾ ਪਿੰਡ ਪਠਲਾਵਾ ਅਤੇ ਉਸ ਨਾਲ ਲੱਗਦੇ ਸੁੱਜੋਂ ਤੇ ਝਿੱਕਾ ਪਿੰਡਾਂ ਨੂੰ ਸੀਲ ਕੀਤਾ ਗਿਆ ਸੀ। ਸੀਲ ਕੀਤੇ ਗਏ ਪਿੰਡਾਂ ’ਚ ਮੈਡੀਕਲ ਟੀਮਾਂ, ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੁਆਇਨਾ ਕੀਤਾ। ਬਲਦੇਵ ਸਿੰਘ ਅਤੇ ਪਠਲਾਵਾ ਦੇ ਧਾਰਮਿਕ ਅਸਥਾਨ ਨਾਲ ਸੰਪਰਕ ਕਰਨ ਵਾਲੇ ਵਿਅਕਤੀਆਂ ਦੇ ਇਨ੍ਹਾਂ ਪਿੰਡਾਂ ’ਚ ਹੋਣ ਦੀ ਸੰਭਾਵਨਾ ਹੈ। ਬਲਦੇਵ ਸਿੰਘ ਦੀ ਪੋਤੀ, ਜਿਸ ਦਾ ਸੈਂਪਲ ਵੀ ਪਾਜ਼ੇਟਿਵ ਪਾਇਆ ਗਿਆ ਸੀ, ਨਾਲ ਪੜ੍ਹਦੇ ਵਿਦਿਆਰਥੀਆਂ ਦੀ ਸੂਚੀ ਬਣਾਈ ਜਾ ਰਹੀ ਹੈ। ਹੁਣ ਤੱਕ ਲਏ ਗਏ ਸੈਂਪਲਾਂ ’ਚੋਂ 18 ਕੇਸ ਪਾਜ਼ੇਟਿਵ ਆਏ ਹਨ। ਉਂਜ ਪ੍ਰਸ਼ਾਸਨ ਵਲੋਂ ਵੱਖ ਵੱਖ ਥਾਵਾਂ ’ਤੇ ਵਾਰਡਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਅਫਵਾਹ ’ਤੇ ਯਕੀਨ ਨਹੀਂ ਕਰਨਾ ਚਾਹੀਦਾ ਹੈ ਅਤੇ ਉਹ ਪ੍ਰਸ਼ਾਸਨ ਨਾਲ ਸਹਿਯੋਗ ਕਰਨ।


Comments Off on ਪੰਜਾਬ ’ਚ ਕਰਫਿਊ ਦੀ ਉਲੰਘਣਾ ਕਰਨ ਵਾਲੇ 200 ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.