ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ

Posted On March - 29 - 2020

ਕਮਲੇਸ਼ ਉੱਪਲ

ਪੁਸਤਕ ਪੜਚੋਲ

ਹਰਜਿੰਦਰ ਸਿੰਘ ਸੂਰੇਵਾਲੀਆ ਨੇ ਪੁਸਤਕ ‘ਅਦਬੀ ਚਿਹਰੇ’ (ਕੀਮਤ: 300 ਰੁਪਏ; ਨਵਯੁਗ ਪਬਲਿਸ਼ਰਜ਼) ਰਾਹੀਂ ਦਸ ਸਾਹਿਤਕ ਸ਼ਖ਼ਸੀਅਤਾਂ ਨੂੰ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ। ਇਹ ਦਸ ਸ਼ਖ਼ਸੀਅਤਾਂ ਹਨ- ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਗੁਰਦੇਵ ਸਿੰਘ ਰੁਪਾਣਾ, ਗੁਰਬਚਨ ਸਿੰਘ ਭੁੱਲਰ, ਬਲਦੇਵ ਸਿੰਘ ਸੜਕਨਾਮਾ, ਕੇ.ਐਲ. ਗਰਗ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਪ੍ਰੋ. ਲੋਕਨਾਥ, ਜਿੰਦਰ ਅਤੇ ਬਲਬੀਰ ਮਾਧੋਪੁਰੀ। ਇਨ੍ਹਾਂ ਰੇਖਾ-ਚਿੱਤਰਾਂ ਵਿਚ ਲੇਖਕ ਨੇ ਜੀਵਨ-ਕਥਾ ਬਿਆਨਣ ਦੇ ਨਾਲ ਨਾਲ ਸਬੰਧਿਤ ਸ਼ਖ਼ਸੀਅਤਾਂ ਦੀਆਂ ਖ਼ੂਬੀਆਂ, ਖ਼ਬਤਾਂ ਅਤੇ ਵਾਦੜੀਆਂ-ਸਜਾਦੜੀਆਂ ਦੇ ਬਖੀਏ ਵੀ ਬਾਖ਼ੂਬੀ ਉਧੇੜੇ ਹਨ। ਸੂਰੇਵਾਲੀਆ ਦੀ ਲਿਖਤ ਸਮ੍ਰਿਤੀ ਦੇ ਚੇਤਨਾ ਪ੍ਰਵਾਹ ਰਾਹੀਂ ਕੀਤੇ ਜਾ ਰਹੇ ਬਿਆਨ ਦੇ ਨਾਲ ਨਾਲ ਸਾਹਿਤਕ ਸ਼ਖ਼ਸੀਅਤਾਂ ਦੇ ਰਿਹਾਇਸ਼ੀ ਜੁਗਰਾਫ਼ੀਏ ਦੀ ਦ੍ਰਿਸ਼ਬੰਦੀ ਵੀ ਵਿਸਥਾਰ ਨਾਲ ਕਰ ਰਹੀ ਹੈ। ਕਿਸੇ ਰੰਗਮੰਚ-ਨਿਰਦੇਸ਼ਕ ਦੀਆਂ ਸੈੱਟਿੰਗ ਬਾਰੇ ਦਿੱਤੀਆਂ ਹਦਾਇਤਾਂ ਵਾਂਗ ਗਲੀਆਂ, ਦਰਵਾਜ਼ਿਆਂ ਤੇ ਕਮਰਿਆਂ ਦੀ ਦ੍ਰਿਸ਼ਬੰਦੀ ਕੀਤੀ ਹੈ। ਹਰ ਸ਼ਖ਼ਸੀਅਤ ਦਾ ਨਿਸੰਗ ਮੁਲਾਂਕਣ ਕਰਦਿਆਂ ਲੇਖਕ ਪੰਜਾਬੀ ਸਾਹਿਤ ਦੇ ਵੱਡੇ ਥੰਮ੍ਹਾਂ ਬਾਰੇ ਟਿੱਪਣੀਆਂ ਅਤੇ ਬਿਆਨਾਂ ਤੋਂ ਸੰਕੋਚ ਨਹੀਂ ਕਰਦਾ। ਗੁਰਦੇਵ ਸਿੰਘ ਰੁਪਾਣਾ ਦਾ ਅਦਬੀ ਚਿਹਰਾ ਉਲੀਕਦਿਆਂ ਲੇਖਕ ਜੱਟ-ਸਭਿਆਚਾਰ ਦੀ ਗੱਲ ਮੱਲੋ-ਮੱਲੀ ਛੂਹ ਲੈਂਦਾ ਹੈ। ਖੁੱਲ੍ਹਾ ਹਾਸਾ, ਹਾਜ਼ਰ-ਜਵਾਬੀ ਤੇ ਮਸਖ਼ਰੇਪਣ ਨਾਲ ਪੜ੍ਹੇ-ਲਿਖੇ ਬੰਦਿਆਂ ਦੀਆਂ ਪੂਰਵ-ਧਾਰਨਾਵਾਂ ਤੇ ਜ਼ਾਤਪਾਤੀ ਸੋਚ ਵੀ ਜ਼ਾਹਿਰ ਹੁੰਦੀ ਹੈ। ਲੇਖਕਾਂ ਦੇ ਦਾਰੂ ਕਲਚਰ ਦਾ ਇਕ ਤਰ੍ਹਾਂ ਜਲੂਸ ਹੀ ਕੱਢਿਆ ਹੈ। ਫਿਰ ਵੀ ਲੇਖਕ ਨੇ ਇਨ੍ਹਾਂ ਮੁਹਾਂਦਰਿਆਂ ਦੇ ਉੱਚ-ਮਿਆਰੀ ਬੌਧਿਕ ਪੱਧਰ ਨੂੰ ਠੀਕ ਸਰਾਹਿਆ ਹੈ। ਇਨ੍ਹਾਂ ਦੀਆਂ ਸ਼ਖ਼ਸੀ ਤੇ ਸਾਹਿਤਕ ਵਿਸ਼ੇਸ਼ਤਾਵਾਂ ਨੂੰ ਬਿਆਨਦੇ ਉਨਵਾਨ ਬੜੇ ਢੁੱਕਵੇਂ ਹਨ। ਕਿਸੇ ਨੂੰ ‘ਮਸਖ਼ਰਾ ਵਿਦਵਾਨ’ ਕਿਹਾ ਹੈ, ਕਿਸੇ ਨੂੰ ‘ਮਸਖ਼ਰਾ ਬਾਣੀਆ’। ਬਲਦੇਵ ਸਿੰਘ ਸੜਕਨਾਮਾ ਨੂੰ ‘ਪੰਜਾਬੀ ਸਾਹਿਤ ਦਾ ਅਫ਼ਲਾਤੂਨ’ ਗਰਦਾਨਿਆ ਹੈ।
ਭਾਈ ਲਾਲੋ ਦੀ ਕਿਰਤੀ ਸ਼੍ਰੇਣੀ ਵਿਚੋਂ ਉੱਠ ਕੇ ਅਦਬ ਦੀ ਦੁਨੀਆਂ ਰੁਸ਼ਨਾਉਣ ਵਾਲੇ ਗੁਰਦਿਆਲ ਸਿੰਘ ਨੂੰ ‘ਉਦਾਸ ਸ਼ਾਮਾਂ ਦਾ ਸੂਰਜ’ ਲਕਬ ਦਿੱਤਾ ਹੈ। ਖ਼ੁਦ ਉੱਤੇ ਤਰਸ ਖਾਣ ਵਾਲੇ ਤੇ ਚਿੱਠੀਆਂ ਲਿਖਣ ਲਈ ਮਸ਼ਹੂਰ ਨਾਵਲਿਸਟ ਨੂੰ ਮੈਸੋਕਿਸਟ (masochist) ਕਹਿ ਦਿੱਤਾ ਹੈ ਜੋ ਬਿਆਨ ਕੀਤੇ ਪ੍ਰਸੰਗ ਲਈ ਜ਼ਰਾ ਸਖ਼ਤ ਸ਼ਬਦ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮੁਦੱਈ ਗੁਰਦਿਆਲ ਸਿੰਘ ਨੇ ਮਲਵਈ ਘੜ ਕੇ ਰੱਖ ਦਿੱਤੀ। ਉਸ ਦੀ ਜੀਵਨ ਜਾਚ ਵਿਚ ਸਲੀਕਾ ਹੋਣ ਦੀ ਗੱਲ ਦੋ ਛੋਟੇ ਵਾਕਾਂ ਵਿਚ ਖ਼ੂਬਸੂਰਤੀ ਨਾਲ ਬਿਆਨੀ ਹੈ:
‘‘ਪ੍ਰੋ. ਸਾਹਿਬ ਦੇ ਆਲੇ ਦੁਆਲੇ ਸਲੀਕੇ ਦਾ ਗਿਲਾਫ਼ ਚੜ੍ਹਿਆ ਹੋਇਆ ਹੈ। ਉਨ੍ਹਾਂ ਦੇ ਹਰ ਕੰਮ ਤੇ ਹਰ ਅਦਾ ਵਿਚ ਸਲੀਕਾ ਹੈ।’’
ਨਵੇਂ ਕਹਾਣੀਕਾਰਾਂ ਦੇ ਸਾਹਿਤਕ ਪਿਤਾ ਰਾਮ ਸਰੂਪ ਅਣਖੀ ਦੀ ਬਹੁ-ਉਤਪਾਦੀ ਕਲਮ ਨੂੰ ਵਡਿਆ ਕੇ ਵਿਸ਼ਾਲ ਪਾਠਕ ਵਰਗ ਦਾ ਚਹੇਤਾ ਦੱਸਦਿਆਂ ਉਸ ਨੂੰ ਆਪਣਾ ਵੀ ਸਾਹਿਤਕ ਪਿਓ ਮੰਨਿਆ ਹੈ। ਗੁਰਬਚਨ ਸਿੰਘ ਭੁੱਲਰ ਨੂੰ ‘ਪੰਜਾਬੀ ਸਾਹਿਤ ਦਾ ਕਲਸ’ ਕਹਿ ਕੇ ਸੂਰੇਵਾਲੀਆ ਨੇ ਭੁੱਲਰ ਦੀ ਸੋਚ ਅਤੇ ਬੌਧਿਕਤਾ ਦਾ ਸੌ ਫ਼ੀਸਦੀ ਮੁੱਲ ਮੋੜਿਆ ਹੈ।
ਪੁਸਤਕ ਦੇ ਪਹਿਲੇ ਪੰਜ ਰੇਖਾ-ਚਿੱਤਰ ਜਿਸ ਡੂੰਘੀ ਲਗਨ ਅਤੇ ਨੀਝ ਨੂੰ ਦਰਸਾਉਂਦੇ ਹਨ, ਉਹ ਅਗਲੇ ਰੇਖਾ-ਚਿੱਤਰ ਉਲੀਕਦਿਆਂ ਕੁਝ ਮੱਧਮ ਪੈ ਜਾਂਦੀ ਹੈ। ਫਿਰ ਵੀ ਅਣਗੌਲੇ ਅਤੇ ਦਲਿਤ ਕਹਾਉਂਦੇ, ਪਰ ਇਕ ਜ਼ਹੀਨ ਬੰਦੇ ਦੀ ਵਿਕਾਸ-ਯਾਤਰਾ ਦਾ ਸੰਖਿਪਤ ਅਤੇ ਸਰਬਾਂਗੀ ਬਿਆਨ ਪੇਸ਼ ਕਰਦਾ ਬਲਬੀਰ ਮਾਧੋਪੁਰੀ ਦਾ ਰੇਖਾ-ਚਿੱਤਰ ਇਕ ਉਸਾਰੂ ਮਿਸਾਲ ਹੈ। ਅਕਾਦਮੀਸ਼ਨਾਂ ਵਿਚ ਅਪਵਾਦ ਜਾਪਦਾ ਪ੍ਰੋਫ਼ੈਸਰ ਲੋਕਨਾਥ ਭਾਵੇਂ ਸੂਰੇਵਾਲੀਆ ਅਨੁਸਾਰ ਇਕ ਨੰਗਾ ਚਿੱਟਾ ਕਿਰਦਾਰ ਹੈ। ਪਰ ਕੀ ਅਜਿਹੇ ਅਪਵਾਦ ਬਣੇ ਅਧਿਆਪਕ ਵਿਦਿਆਰਥੀਆਂ ਲਈ ਕੋਈ ਚੰਗੀਆਂ ਸਨਾਤਨੀ ਕਦਰਾਂ ਵੀ ਛੱਡਦੇ ਹਨ? ਪਾਠਕ ਸੋਚਣ ਲਈ ਮਜਬੂਰ ਹੋ ਸਕਦੇ ਹਨ।
ਸੂਰੇਵਾਲੀਆ ਕੋਲ ਰੇਖਾ-ਚਿੱਤਰ ਲਿਖਣ ਲਈ ਢੁੱਕਵੀਂ ਤੇ ਖ਼ੂਬਸੂਰਤ ਸ਼ੈਲੀ ਹੈ। ਮਿਆਰੀ ਅਤੇ ਚੁਸਤ-ਦਰੁਸਤ ਫ਼ਿਕਰੇ ਲਿਖੇ ਹਨ। ਬਲਦੇਵ ਸਿੰਘ ਸੜਕਨਾਮਾ ਬਾਰੇ ਉਸ ਦੇ ਹੇਠ ਲਿਖੇ ਬਿਆਨ ਨੂੰ ਪੜ੍ਹੋ ਅਤੇ ਮਾਣੋ:
‘‘ਬੁੱਧੀਜੀਵੀਆਂ ਦੀ ਸੰਗਤ ਵਿਚ ਬੈਠਾ ਉਹ ਵਿਦਵਾਨਾਂ ਵਾਲੀਆਂ ਗੱਲਾਂ ਕਰ ਸਕਦਾ ਹੈ, ਡਰਾਈਵਰਾਂ ਵਿਚ ਬੈਠ ਕੇ ਉਹ ਜੜਾਂਗੇ ਮਾਰਦਾ ਹੈ ਤੇ ਯਾਰਾਂ ਦੋਸਤਾਂ ਦੀ ਢਾਣੀ ਵਿਚ ਬੈਠਾ ਨਾਨ-ਵੈਜ ਲਤੀਫ਼ੇ ਸੁਣਾ ਕੇ ਉਨ੍ਹਾਂ ਦਾ ਸਰੂਰ ਦੁੱਗਣਾ ਤਿੱਗਣਾ ਕਰ ਦਿੰਦਾ ਹੈ।’’
ਪ੍ਰੋਫ਼ੈਸਰ ਬ੍ਰਹਮਜਗਦੀਸ਼ ਸਿੰਘ ਦੀ ਜ਼ਿੰਦਾਦਿਲੀ ਅਤੇ ਜੀਵਨ ਸ਼ੈਲੀ ਦੀ ਰੱਜ ਕੇ ਤਾਰੀਫ਼ ਕੀਤੀ ਹੈ। ਸੂਰੇਵਾਲੀਆ ਦੇ ਸਿਰਜੇ ਇਸ ਤਸਵੀਰੀ ਬਿਰਤਾਂਤ ਦਾ ਸੁਆਗਤ ਹੈ।


Comments Off on ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.