ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਪਹਿਲੇ ਏਸੀ ਬੱਸ ਅੱਡੇ ਵਾਲਾ ਪਿੰਡ ਭੁਟਾਲ ਕਲਾਂ

Posted On March - 14 - 2020

ਲੇਖ ਲੜੀ – 10

ਰਮੇਸ਼ ਭਾਰਦਵਾਜ

ਪਿੰਡ ਭੁਟਾਲ ਕਲਾਂ ਦਾ ਸਕੂਲ।

ਲੀਡਰਾਂ ਦਾ ਪਿੰਡ ਭੁਟਾਲ ਕਲਾਂ ਵਿਚ ਚਾਹੇ ਸਿੱਖ ਵੱਡੀ ਗਿਣਤੀ ਵਿਚ ਰਹਿੰਦੇ ਹਨ ਪਰ ਪਿੰਡ ਸਾਧਾਂ ਸੰਤਾਂ ਦੇ ਪ੍ਰਭਾਵ ਅਧੀਨ ਹੋਣ ਕਰ ਕੇ ਹਰਿਦਵਾਰ ਨੂੰ ਵਧੇਰੇ ਪਿੰਡ ਵਾਸੀ ਜਾਂਦੇ ਹਨ। ਲੀਡਰਾਂ ਵਿਚ ਹਰ ਮਸਲੇ ’ਚ ਖਹਿਬਾਜ਼ੀ ਹੋਣ ਦੇ ਬਾਵਜੂਦ ਕਦੇ ਲੜਾਈ ਝਗੜੇ ਅਤੇ ਕਤਲ ਵਰਗੀਆਂ ਘਟਨਾਵਾਂ ਨਹੀਂ ਵਾਪਰੀਆਂ। ਪਿੰਡ ਦੇ ਚਾਰ ਆਗੂ ਆਜ਼ਾਦੀ ਤੋਂ ਬਾਅਦ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਪਰ ਸਫ਼ਲਤਾ ਹਾਸਲ ਨਹੀਂ ਕਰ ਸਕੇ। ਪਿੰਡ ਦੇ ਵਸਨੀਕ ਪ੍ਰੋ. ਨਿਰੰਜਣ ਸਿੰਘ ਪੈਪਸੂ ਦੇ ਮੁੱਖ ਮੰਤਰੀ ਬਾਬੂ ਬਿਰਸ਼ ਭਾਨ ਖ਼ਿਲਾਫ਼, ਕ੍ਰਿਸ਼ਨ ਦੇਵ ਸਿੰਘ ਭੁਟਾਲ ਨੇ ਕਾਮਰੇਡ ਅਮਰ ਸਿੰਘ ਖ਼ਿਲਾਫ਼, ਗਿਆਨੀ ਨਿਰੰਜਣ ਸਿੰਘ ਭੁਟਾਲ ਨੇ ਰਾਜਿੰਦਰ ਕੌਰ ਭੱਠਲ ਖ਼ਿਲਾਫ਼, ਸੁਖਵੰਤ ਸਿੰਘ ਸਰਾਓ ਸਾਬਕਾ ਏਡੀਸੀ ਨੇ ਬੀਬੀ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਚੋਣ ਲੜਨ ਵਾਲੇ ਉਮੀਦਵਾਰ ਇਥੋਂ ਦੇ ਵਸਨੀਕ ਹਨ।

ਸਰਪੰਚ ਗੁਰਵਿੰਦਰ ਸਿੰਘ ਬੱਗੜ

ਪਿੰਡ ਦੀ ਮੋੜੀ ਗੱਡ ਭਾਟ ਕਬੀਲੇ ਨਾਲ ਸਬੰਧਿਤ ਕਾਜਲ ਪੱਤੀ ਦੇ ਲੋਕ ਰਹੇ ਹਨ, ਇੱਥੋਂ ਹੀ ਇਸ ਪਿੰਡ ਦਾ ਨਾਂ ਭੁਟਾਲ ਕਲਾਂ ਪਿਆ। ਇਸ ਪਿੰਡ ’ਚ ਜੱਟਾਂ ਦੇ ਸਿੰਗੜ, ਕਾਜਲ, ਖੋਖਰ, ਸਰਾਓ, ਗਿੱਲ, ਦੁੱਲਟ, ਸਰਿਆਨ, ਘਣਘੱਸ ਅਤੇ ਚਹਿਲ ਗੋਤ ਹਨ। ਇਸ ਮੌਕੇ ਪਿੰਡ ਭੁਟਾਲ ਕਲਾਂ ਦੇ ਨਾਲ ਨੇੜਲੇ ਪਿੰਡ ਭੁਟਾਲ ਖੁਰਦ ਅਤੇ ਡੇਰਾ ਭੁਟਾਲ ਦੀਆਂ ਵੱਖਰੀਆਂ ਪੰਚਾਇਤਾਂ ਬਣ ਚੁੱਕੀਆਂ ਹਨ। ਪਿੰਡ ਦੀ ਆਬਾਦੀ 6300 ਦੇ ਕਰੀਬ ਅਤੇ ਪਿੰਡ ਦੀ ਜ਼ਮੀਨ ਦਾ ਰਕਬਾ 4800 ਏਕੜ ਹੈ। ਪਿੰਡ ਵਿਚ 1058 ਘਰ ਹਨ। ਪਿੰਡ ਦੀਆਂ ਪੰਜ ਪੱਤੀਆਂ ਰਮਦਾਸੀਆ, ਮੱਲੀ, ਕਾਜਲ, ਮਾਣਕਾਂ ਅਤੇ ਬੁਰਜ ਹਨ। ਪਿੰਡ ਦੇ 4500 ਵੋਟਰ ਹਨ। ਪਿੰਡ ਦੇ ਕਰੀਬ 100 ਨੌਜਵਾਨ ਭਾਰਤੀ ਫ਼ੌਜ ਅਤੇ ਪੰਜਾਹ ਪੁਲੀਸ ਦੀ ਸੇਵਾ ਨਿਭਾਅ ਰਹੇ ਹਨ। ਇਸ ਵੇਲੇ ਪੰਚਾਇਤ ਲਈ 9 ਵਾਰਡ ਹਨ ਜਿਨ੍ਹਾਂ ਵਿਚੋਂ ਤਿੰਨ ਰਾਖਵੇਂ ਹਨ। ਸਾਂਝੇ ਕੰਮਾਂ ਅਤੇ ਹੋਰ ਸਮਾਗਮਾਂ ਦੀ ਸਹੂਲਤ ਵਾਸਤੇ ਪਿੰਡ ਅੰਦਰ ਅੱਠ ਧਰਮਸ਼ਾਲਾਵਾਂ ਹਨ। ਪਿੰਡ ‘ਚ ਇੱਕ ਡੇਰਾ ਬੁਰਜ ਦੀ ਅਤੇ ਸਮਾਧਾਂ ਦੀ ਭਾਰੀ ਮਾਣਤਾ ਹੈ। ਇਸ ਕਰ ਕੇ ਲੋਕਾਂ ‘ਤੇ ਹਿੰਦੂ ਧਰਮ ਭਾਰੂ ਹੈ। ਇਸ ਡੇਰਾ ਬੁਰਜ ਕੋਲ 80 ਏਕੜ ਜ਼ਮੀਨ ਹੈ ਡੇਰੇ ਦੀ ਮਰਹੂਮ ਨਰਾਇਣ ਗਿਰ ਵੱਲੋਂ ਸਮਾਜ ਸੇਵਾ ਖੇਤਰ ‘ਚ ਅਹਿਮ ਰੋਲ ਕਰ ਕੇ ਕਾਫ਼ੀ ਚਰਚਾ ਹੈ। ਪਿੰਡ ਅੰਦਰ 150 ਸਾਲ ਤੋਂ ਪੁਰਾਣੀਆਂ ਸਮਾਧਾਂ ਹਨ। ਪੁਰਾਤਨ ਹਿੰਦੂ ਧਰਮ ਨਾਲ ਸਬੰਧਿਤ ਇੱਕ ਵ੍ਰਿਕਤ ਕੁਟੀਆ ਪੌਣੇ ਏਕੜ ਰਕਬੇ ’ਚ ਸਥਿਤ ਹੈ ਜਿੱਥੇ ਬਾਹਰੋਂ ਆਏ ਸਾਧ ਰਿਹਾਇਸ਼ ਕਰਦੇ ਹਨ। ਕੁਟੀਆ ਦੇ ਪ੍ਰਬੰਧ ਲਈ ਕਮੇਟੀ ਬਣੀ ਹੋਈ ਹੈ।

ਪਿੰਡ ਭੁਟਾਲ ਕਲਾਂ ਦਾ ਏਸੀ ਬੱਸ ਅੱਡਾ।

ਪਿੰਡ ਵਿਚ ਪੈਪਸੂ ਮੁਜ਼ਾਹਰਾ ਲਹਿਰ, ਲਾਲ ਪਾਰਟੀ ਅਤੇ ਨਕਸਲਵਾੜੀ ਲਹਿਰ ਤੋਂ ਇਲਾਵਾ 1978 ਤੋਂ 1983 ਤਕ ਨੌਜਵਾਨ ਭਾਰਤ ਸਭਾ ਪੂਰੀ ਸਰਗਰਮ ਰਹੀ ਹੈ। ਅਤਿਵਾਦ ਸਮੇਂ ਪਿੰਡ ਵਿਚ ਪੁਲੀਸ ਦੀ ਜੈਲ ਪੋਸਟ ਚੌਕੀ ਵੀ ਖੋਲ੍ਹੀ ਗਈ ਸੀ। ਜੇ ਸਹੂਲਤਾਂ ਦੀ ਗੱਲ ਕਰੀਏ ਤਾਂ ਇਸ ਪਿੰਡ ਵਿਚ ਪੈਟਰੋਲ ਪੰਪ, ਅਨਾਜ ਮੰਡੀ, ਜਲਘਰ, ਆਰਓ ਸਿਸਟਮ, 90 ਫ਼ੀਸਦੀ ਗਲੀਆਂ ਨਾਲੀਆਂ ਪੱਕੀ ਬਣ ਚੁੱਕੀਆਂ ਹਨ, ਬਾਕੀ ਦਾ ਕੰਮ ਚਾਲੂ ਹੈ। ਪਿੰਡ ਦੇ ਲੱਖਾਂ ਦੀ ਲਾਗਤ ਵਾਲਾ ਕਮਿਉਨਿਟੀ ਪੈਲੇਸ ਬਣ ਕੇ ਤਿਆਰ ਹੋ ਚੁੱਕਾ ਹੈ। ਪਿੰਡ ਵਿਚ ਪੰਜਾਬ ਦਾ ਪਹਿਲਾ ਪੇਂਡੂ ਏਸੀ ਬੱਸ ਅੱਡਾ ਬਣ ਕੇ ਤਿਆਰ ਹੋ ਚੁੱਕਾ ਹੈ, ਜੋ ਪਿੰਡ ਦੀ ਬਦਲੀ ਨੁਹਾਰ ਦਾ ਪ੍ਰਤੱਖ ਪ੍ਰਮਾਣ ਹੈ। ਪਿੰਡ ਤੋਂ 8 ਦੂਜੇ ਪਿੰਡਾਂ ਨੂੰ ਸੜਕਾਂ ਬਣ ਚੁੱਕੀਆਂ ਹਨ। ਬਿਜਲੀ ਦਾ 66 ਕੇਵੀ ਗਰਿੱਡ, ਮਿਨੀ ਪੀਐੱਸਸੀ, ਪਸ਼ੂ ਹਸਪਤਾਲ, ਪੰਚਾਇਤ ਵੱਲੋਂ ਚਾਰ ਦੁਕਾਨਾਂ ਬਣਾਈਆਂ ਗਈਆਂ ਹਨ। ਪੰਜਾਬ ਨੈਸ਼ਨਲ ਬੈਂਕ ਤੋਂ ਇਲਾਵਾ ਪਿੰਡ ਦੀ ਸਹਿਕਾਰੀ ਸਭਾ ਹੈ।
ਪਿੰਡ ਦੇ ਬੀਟੈੱਕ ਪਾਸ ਨੌਜਵਾਨ ਸਰਪੰਚ ਗੁਰਵਿੰਦਰ ਸਿੰਘ ਬੱਗੜ ਦਾ ਦਾਅਵਾ ਹੈ ਕਿ ਪਿੰਡ ਦੀਆਂ 1058 ਦੇਹਲੀਆਂ ਵਿਚ ਹਰ ਤੀਜੇ ਘਰ ਨੂੰ ਨੌਕਰੀ ਮਿਲੀ ਹੋਈ ਹੈ ਜਦੋਂਕਿ ਕਈ ਕਿਸਾਨ ਟਰੱਕ ਅਤੇ ਬੱਸਾਂ ਦੀ ਟਰਾਂਸਪੋਰਟ ਦਾ ਕੰਮ ਕਰਦੇ ਹਨ। ਪਿੰਡ ਅੰਦਰ ਹਰ ਅੱਧੇ ਘੰਟੇ ਮਗਰੋਂ ਬੱਸ ਸੇਵਾ ਹੈ। ਪਿੰਡ ਅੰਦਰ ਸਾਨਦਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਕਾਲ ਅਕੈਡਮੀ, ਗੁਰੂ ਨਾਨਕ ਅਕੈਡਮੀ ਅਤੇ ਦੋ ਹੋਰ ਸੀਨੀਅਰ ਸਕੂਲ ਹਨ। ਇੱਥੋਂ ਦੇ ਜੰਮਪਾਲ ਜੱਜ ਹੰਸ ਰਾਜ ਕੌਸ਼ਿਕ ਅਤਿਵਾਦ ਵੇਲੇ ਮੋਗਾ ‘ਚ ਸ਼ਹੀਦ ਹੋ ਗਏ ਸਨ ਉਨ੍ਹਾਂ ਦੇ ਪੁੱਤਰ ਕਮਿਸ਼ਨਰ ਆਰਕੇ ਕੌਸ਼ਿਕ, ਹਰਦੇਵ ਸ਼ਰਮਾ ਸੇਵਾਮੁਕਤ ਈਟੀਓ, ਪ੍ਰਕਾਸ਼ ਚੰਦ ਖ਼ਜ਼ਾਨਾ ਅਫ਼ਸਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਮਾਰਕਫੈੱਡ ਦੇ ਡਾਇਰੈਕਟਰ ਗੁਰਸੰਤ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਨਾਮਦੇਵ ਸਿੰਘ ਭੁਟਾਲ, ਏਡੀਸੀ ਗੁਰਵਿੰਦਰ ਸਿੰਘ ਭੋਲਾ ਇਥੋਂ ਦੇ ਹੀ ਜੰਮਪਲ ਹਨ। ਪੁਰਾਣੇ ਸਮਿਆਂ ਵਿਚ ਲੋਕਾਂ ਦੀਆਂ ਜ਼ਿਆਦਾਤਰ ਰਿਸ਼ਤੇਦਾਰੀਆਂ ਹਰਿਆਣਾ ਵਿਚ ਹੋਣ ਕਰ ਕੇ ਬੱਚਿਆਂ ‘ਤੇ ਗੁਲਾਬੀ ਭਾਵ ਹਰਿਆਣਾਵੀ ਅਤੇ ਪੰਜਾਬੀ ਭਾਸ਼ਾਂ ਦਾ ਸੁਮੇਲ ਪੁਆਧੀ ਵਰਗੀ ਹੈ ਅਤੇ ਜਦੋਂ ਦੋ ਭੁਟਾਲ ਵਾਸੀ ਆਪਸ ‘ਚ ਗੱਲਬਾਤ ਕਰਦੇ ਹਨ ਤਾਂ ਇਹ ਭਾਸ਼ਾ ਦੇਖੀ ਸੁਣੀ ਜਾਂਦੀ ਹੈ। ਪਿੰਡ ‘ਚ ਆਈਸੀਆਈ ਫਾਊਂਡੇਸ਼ਨ ਵੱਲੋਂ ਔਰਤਾਂ ਨੂੰ ਸਿਖਲਾਈ ਲਈ ਸੈਲਫ ਹੈਲਪ ਗਰੁੱਪ ਕਾਰਜਸ਼ੀਲ ਹਨ। ਪਿੰਡ ‘ਚ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਲਈ ਦਰਜਨ ਦੇ ਕਰੀਬ ਕਲੱਬ, ਸ਼ਹੀਦ ਭਗਤ ਸਿੰਘ, ਵਿਰਸੇ ਦਾ ਵਾਰਿਸ, ਸ਼ਹੀਦ ਉਧਮ ਸਿੰਘ, ਜੀਓ ਅਤੇ ਜਿਉਣ ਦਿਓ ਵਰਗੇ ਕਲੱਬ ਅਹਿਮ ਭੂਮਿਕਾ ਨਿਭਾ ਰਹੇ ਹਨ। ਪਿੰਡ ਅੰਦਰ ਖੇਡ ਸਟੇਡੀਅਮ ਨਹੀਂ ਹੈ ਪਰ ਸਕੂਲ ਕੋਲ ਖੁੱਲ੍ਹਾ ਥਾਂ ਹੋਣ ਕਰ ਕੇ 200 ਮੀਟਰ ਦਾ ਸ਼ਾਨਦਾਰ ਟਰੈਕ ਅਤੇ ਫੁਟਬਾਲ ਦਾ ਗਰਾਊਂਡ ਬਣਾਇਆ ਹੋਇਆ ਹੈ। ਪਿੰਡ ‘ਚ ਦੋ ਗੁਰੂਘਰ ਕਾਜਲ ਪੱਤੀ ਅਤੇ ਮਾਣਕਾ ਪੱਤੀ ਵਿਚ ਹਨ ਜਦੋਂਕਿ ਸਕੂਲ ਨੇੜੇ ਸ਼ਾਨਦਾਰ ਰਵਿਦਾਸ ਮੰਦਰ ਹੈ। ਪਿੰਡ ਅੰਦਰ ਦੁਕਾਨਾਂ ਹੋਣ ਕਰ ਕੇ ਹਰ ਚੀਜ਼ ਪਿੰਡ ਵਿਚੋਂ ਹੀ ਮਿਲ ਜਾਂਦੀ ਹੈ। ਪਿੰਡ ਵਿਚ ਲੋਕਾਂ ਨੇ ਚਾਰ ਏਕੜ ਵਿਚ ਸ਼ਾਨਦਾਰ ਗਊਸ਼ਾਲਾ ਬਣਾਈ ਹੋਈ ਹੈ ਅਤੇ ਉਸ ਨੂੰ ਚਲਾਉਣ ਲਈ ਰਾਮ ਲਾਲ ਦੀ ਅਗਵਾਈ ਵਿਚ ਇੱਕ ਕਮੇਟੀ ਬਣਾਈ ਹੋਈ ਹੈ। ਗਊਆਂ ਦੇ ਹਰੇ-ਚਾਰੇ ਲਈ ਪੰਚਾਇਤ ਵੱਲੋਂ ਹਰ ਸਾਲ 12 ਕਿੱਲੇ ਸਿਰਫ਼ ਇੱਕ ਲੱਖ ਰੁਪਏ ‘ਚ ਠੇਕੇ ’ਤੇ ਅਤੇ ਡੇਰਾ ਬੁਰਜ ਦੀ ਜ਼ਮੀਨ ਦਿੱਤੀ ਹੋਈ ਹੈ ਜੋ ਦੂਜੇ ਪਿੰਡਾਂ ਲਈ ਇੱਕ ਮਿਸਾਲ ਪੇਸ਼ ਕਰਦੀ ਹੈ। ਤਕਨੀਕੀ ਸਿੱਖਿਆ ਦੇ ਗ੍ਰੈਜੂਏਟ ਸਰਪੰਚ ਨੇ ਪਿੰਡ ਵਿਚ 16 ਵਾਇਰਲੈੱਸ ਸੀਸੀਟੀਵੀ ਕੈਮਰੇ ਲਾਏ ਹਨ ਅਤੇ ਉਨ੍ਹਾਂ ਦਾ ਕੰਟਰੋਲ ਸਰਪੰਚ ਦੇ ਘਰ ਬਣੇ ਕੰਟਰੋਲ ਰੂਮ ’ਚ ਕੀਤਾ ਜਾਂਦਾ ਹੈ। ਨਵੇਂ ਬਣੇ ਸਰਪੰਚ ਨੇ ਪਿੰਡ ਨੂੰ ਆਧੁਨਿਕ ਪਿੰਡ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।


Comments Off on ਪਹਿਲੇ ਏਸੀ ਬੱਸ ਅੱਡੇ ਵਾਲਾ ਪਿੰਡ ਭੁਟਾਲ ਕਲਾਂ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.