ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਪਟਿਆਲਾ ਵਿੱਚ ਘਰਾਂ ’ਚ ਪੁੱਜਣਗੀਆਂ ਸਬਜ਼ੀਆਂ

Posted On March - 27 - 2020

ਡਿਪਟੀ ਕਮਿਸ਼ਨਰ, ਐੱਸਐੱਸਪੀ ਤੇ ਹੋਰ ਅਧਿਕਾਰੀ ਪਟਿਆਲਾ ਦੀ ਸਬਜ਼ੀ ਮੰਡੀ ਦਾ ਦੌਰਾ ਕਰਦੇ ਹੋਏ।

ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਮਾਰਚ
ਪਟਿਆਲਾ ਵਾਸੀਆਂ ਨੂੰ ਸਬਜ਼ੀਆਂ ਉਨ੍ਹਾਂ ਦੇ ਘਰਾਂ ’ਚ ਪੁੱਜਦੀਆਂ ਕਰਨ ਦਾ ਐਲਾਨ ਕਰਦਿਆਂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦਾਅਵਾ ਕੀਤਾ ਹੈ ਕਿ ਅਜਿਹੀ ਸਪਲਾਈ ਦਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਜਾ ਚੁੱਕਾ ਹੈ, ਤਾਂ ਜੋ ਕੋਈ ਵੀ ਵਿਅਕਤੀ ਘਰਾਂ ’ਚੋਂ ਬਾਹਰ ਨਿਕਲ਼ ਕੇ ਕਰਫਿਊ ਦਾ ਉਲੰਘਣ ਨਾ ਕਰੇ। ਕਿਉਂਕਿ ਉਲੰਘਣਾ ਆਧਾਰਤ ਅਜਿਹੀ ਕਾਰਵਾਈ ਸਮੁੱਚੀ ਲੋਕਾਈ ਦੇ ਹਿਤ ’ਚ ਨਹੀਂ। ਇਸੇ ਕੜੀ ਵਜੋਂ ਉਨ੍ਹਾਂ ਨੇ ਅੱਜ ਇਥੇ ਸਨੌਰ ਰੋਡ ’ਤੇ ਸਥਿਤ ਆਧੁਨਿਕ ਸਬਜ਼ੀ ਮੰਡੀ ਦਾ ਦੌਰਾ ਵੀ ਕੀਤਾ। ਜਿਸ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਵੇਰੇ ਸਮੇਂ ਮੰਡੀ ਵਿੱਚ ਸਬਜ਼ੀ ਵੇਚਣ ਵਾਲੇ ਕਿਸਾਨਾਂ ਤੇ ਰੇਹੜੀ ਵਾਲਿਆਂ ਤੋਂ ਇਲਾਵਾ ਹੋਰ ਕਿਸੇ ਵੀ ਵਿਅਕਤੀ ਨੂੰ ਆਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਰੇਹੜੀ ਵਾਲਿਆਂ ਨੂੰ ਕਰਫ਼ਿਊ ਦੌਰਾਨ ਸਬਜ਼ੀ ਵੇਚਣ ਦੀ ਇਜਾਜ਼ਤ ਦਿੱਤੀ ਗਈ ਹੈ, ਜੋ ਘਰ-ਘਰ ਜਾ ਕੇ ਸਬਜ਼ੀ ਵੇਚ ਰਹੇ ਹਨ। ਇਸ ਲਈ ਸਬਜ਼ੀ ਖ਼ਰੀਦਣ ਦੀ ਆਮ ਲੋਕਾਂ ਨੂੰ ਮੰਡੀ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ। ਕਰੋਨਾਵਾਇਰਸ ਤੋਂ ਬਚਾਅ ਲਈ ਸਮਾਜਿਕ ਦੂਰੀ ਬਣਾ ਕੇ ਰੱਖਣਾ ਹੀ ਕਰਫ਼ਿਊ ਦਾ ਮੁੱਖ ਮਕਸਦ ਹੈ। ਇਸ ਲਈ ਜੇ ਅਸੀਂ ਭੀੜ ਕਰਾਂਗੇ, ਤਾਂ ਇਹ ਗਲਤੀ ਸਾਡੇ ਪਰਿਵਾਰ ਤੇ ਸਮਾਜ ਲਈ ਘਾਤਕ ਸਿੱਧ ਹੋ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਮੰਡੀ ’ਚ ਲਿਆਂਦੀ ਗਈ ਸਾਰੀ ਸਬਜ਼ੀ ਰੇਹੜੀਆਂ ਵਾਲ਼ਿਆਂ ਰਾਹੀਂ ਆਮ ਲੋਕਾਂ ਤੱਕ ਹੀ ਪੁੱਜਣੀ ਹੈ। ਇਸ ਲਈ ਕਾਹਲ਼ ਕਰਨ ਦੀ ਬਜਾਏ ਘਰ ਰਹਿ ਕੇ ਹੀ ਸਬਜ਼ੀ ਵਾਲ਼ੀ ਰੇਹੜੀ ਦੀ ਉਡੀਕ ਕੀਤੀ ਜਾਵੇ। ਮੁਹੱਲਿਆਂ ਵਿੱਚ ਵੀ ਸਬਜ਼ੀ ਖ਼ਰੀਦਣ ਸਮੇਂ ਇਕੱਠੇ ਨਾ ਹੋਇਆ ਜਾਵੇ । ਸਿਰਫ਼ ਘਰ ਦਾ ਇੱਕ ਵਿਅਕਤੀ ਆ ਕੇ ਆਪਣੇ ਗੇਟ ਪਾਸੋਂ ਸਬਜ਼ੀ ਦੀ ਖ਼ਰੀਦ ਕਰੇ।
ਸਨੌਰੀ ਮੰਡੀ ਦੇ ਇਸ ਦੌਰੇ ਮੌਕੇ ਮੌਜੂਦ ਰਹੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਸਮੇਂ ਕਿਸਾਨਾਂ ਤੇ ਰੇਹੜੀ ਵਾਲਿਆਂ ਤੋਂ ਇਲਾਵਾ ਜੇ ਕੋਈ ਹੋਰ ਵਿਅਕਤੀ ਆਉਂਦਾ ਹੈ, ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਕਾਨੂੰਨ ਕਿਸੇ ਨੂੰ ਵੀ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇ। ਸਬਜ਼ੀ ਦੀ ਖਰੀਦੋ ਫਰੋਖਤ ਘਰਾਂ ਦੇ ਬਾਹਰੋਂ ਹੀ ਕੀਤੀ ਜਾ ਸਕੇਗੀ। ਇਸ ਮੌਕੇ ਐੱਸਡੀਐੱਮ ਚਰਨਜੀਤ ਸਿੰਘ, ਐਸਪੀ (ਟਰੈਫ਼ਿਕ) ਪਲਵਿੰਦਰ ਸਿੰਘ ਚੀਮਾ, ਡੀਐੱਸਪੀ ਦਿਹਾਤੀ ਅਜੈਪਾਲ ਸਿੰਘ, ਮੰਡੀ ਅਫ਼ਸਰ ਪ੍ਰਭਲੀਨ ਸਿੰਘ ਚੀਮਾ ਵੀ ਹਾਜ਼ਰ ਸਨ।

ਜਰੂਰੀ ਵਸਤਾਂ ਘਰੋ-ਘਰੀਂ ਮੁਹੱਈਆ ਕਰਵਾਉਣ ਦੀ ਮੁਹਿੰਮ ਸ਼ੁਰੂ

ਪਟਿਆਲਾ (ਸਰਬਜੀਤ ਸਿੰਘ ਭੰਗੂ) ਕਰਫਿਊ ਦੌਰਾਨ ਜ਼ਰੂਰੀ ਵਸਤਾਂ ਲੋਕਾਂ ਦੇ ਘਰਾਂ ਤੱਕ ਉਪਲਬਧ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹਿੰਮ ਆਰੰਭ ਦਿੱਤੀ ਗਈ ਹੈ। ਉਧਰ ਇਨ੍ਹਾਂ ਜ਼ਰੂਰੀ ਵਸਤਾਂ ਦੀ ਗ਼ੈਰਕਨੂੰਨੀ ਜਮ੍ਹਾਂ ਖੋਰੀ ਕੀਤੇ ਜਾਣ ਦੀਆਂ ਰਿਪੋਰਟਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲੀਆਂ ਹਨ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ, ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਜਮ੍ਹਾਂ ਖੋਰੀ ਤੇ ਕਾਲਾ ਬਾਜ਼ਾਰੀ ਕਰਨ ਵਾਲ਼ਿਆਂ ਦੇ ਖ਼ਿਲਾਫ਼ ਸਖ਼ਤੀ ਨਾਲ਼ ਪੇਸ਼ ਆਓਣ ਦੀ ਚੇਤਾਵਨੀ ਦਿੱਤੀ ਹੈ। ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਲੋਕਾਂ ਨੂੰ ਜ਼ਰੂਰੀ ਵਸਤਾਂ ਯਕੀਨੀ ਉਪਲਬਧ ਕਰਵਾਉਣ ਲਈ ਜਿੱਥੇ ਕਰਿਆਨਾ ਵਪਾਰੀਆਂ ਲਈ ਪ੍ਰਤੀ ਕਰਿਆਨਾ ਸਟੋਰ 1525 ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਵੱਧ ਤੋਂ ਵੱਧ ਰਾਸ਼ਨ ਰੱਖਣ ਦੀ ਮਿਕਦਾਰ ਨਿਰਧਾਰਤ ਕੀਤੀ ਹੈ, ਉਥੇ ਹੀ ਹਰ ਪਰਿਵਾਰ ਨੂੰ ਹਰ 15 ਦਿਨਾਂ ਬਾਅਦ ਲੋੜੀਂਦਾ ਰਾਸ਼ਨ ਦੇਣ ਲਈ ਵੀ ਮਿਕਦਾਰ ਨਿਰਧਾਰਤ ਕੀਤੀ ਗਈ ਹੈ। ਕੁਮਾਰ ਅਮਿਤ ਨੇ ਦੱਸਿਆ ਕਿ ਵੇਰਕਾ ਤੇ ਦੋਧੀਆਂ ਰਾਹੀਂ ਦੁੱਧ ਦੀ ਸਪਲਾਈ 24 ਘੰਟੇ ਖੋਲ੍ਹੀ ਗਈ ਹੈ। ਉਥੇ ਹੀ ਦਵਾਈਆਂ, ਪਸ਼ੂਆਂ ਲਈ ਚਾਰ, ਸਬਜ਼ੀਆਂ ਤੇ ਫਲਾਂ ਦੀ ਸਪਲਾਈ ਵੀ ਹਰ ਵਾਰਡ ਤੇ ਹਰ ਸਬ ਡਵੀਜ਼ਨ ’ਚ ਪੁੱਜਣੀ ਸ਼ੁਰੂ ਹੋ ਗਈ ਹੈ। ਕੁਮਾਰ ਅਮਿਤ ਨੇ ਦੱਸਿਆ ਕਿ ਪਿੰਡਾਂ ’ਚ ਲੋਕਾਂ ਨੂੰ ਇਹ ਵਸਤਾਂ ਮੁਹੱਈਆ ਕਰਵਾਉਣ ਲਈ ਬਲਾਕ ਪੱਧਰ ’ਤੇ ਵੱਖਰੇ ਪ੍ਰਬੰਧ ਹਨ। ਜਿਸ ਲਈ ਬਲਾਕ-ਵਾਈਜ ਦੁਕਾਨਦਾਰਾਂ ਦੀਆਂ ਸੂਚੀਆਂ ਅੱਜ ਵੱਖਰੇ ਤੌਰ ’ਤੇ ਜਾਰੀ ਕਰ ਦਿੱਤੀਆਂ ਗਈਆਂ ਹਨ। ਵਸਤਾਂ ਦੀ ਜਮ੍ਹਾਂ ਖੋਰੀ ਤੇ ਕਾਲਾਬਾਜ਼ਾਰੀ ਰੋਕਣ ਲਈ ਹਰ ਪਰਿਵਾਰ (5 ਜੀਆਂ) ਨੂੰ 15 ਦਿਨਾਂ ਦੇ ਰਾਸ਼ਨ ’ਚ ਆਟਾ 10 ਕਿੱਲੋ, ਦਾਲ 2 ਕਿੱਲੋ, ਨਮਕ 500 ਗ੍ਰਾਮ, ਚਾਹ ਪੱਤੀ 500 ਗ੍ਰਾਮ, ਚੀਨੀ ਦੋ ਕਿੱਲੋ, ਚਾਵਲ 5 ਕਿੱਲੋ, ਮਸਾਲੇ 200 ਗ੍ਰਾਮ ਅਤੇ ਹੋਰ ਜਰੂਰੀ ਵਸਤਾਂ ਇਸ ਤੋਂ ਵਧ ਮਾਤਰਾ ਨਹੀਂ ਵੇਚੀਆਂ ਜਾਣਗੀਆਂ। ਜਦੋਂਕਿ ਪ੍ਰਤੀ ਕਰਿਆਨਾ ਸਟੋਰ ਲਈ ਵੀ ਆਟਾ 51 ਕੁਇੰਟਲ, ਦਾਲ 3 ਕੁਇੰਟਲ, ਨਮਕ 3.5 ਕੁਇੰਟਲ, ਚਾਹ ਪੱਤੀ 90 ਕਿੱਲੋ, ਚੀਨੀ 15 ਕੁਇੰਟਲ, ਚਾਵਲ 10 ਕੁਇੰਟਲ, ਗਰਮ ਮਸਾਲਾ, ਮਿਰਚ ਤੇ ਹਲਦੀ 90 ਕਿੱਲੋ, ਕੱਪੜੇ ਧੋਣ੍ਹ ਤੇ ਨਾਹੁਣ ਵਾਲੀਆਂ ਸਾਬਣਾਂ 1 ਕੁਇੰਟਲ 10 ਕਿੱਲੋ ਤੇ ਹਾਰਪਿਕ 400 ਬੋਤਲਾਂ ਹੀ ਰੱਖ ਸਕਣਗੇ। ਸਾਰੇ ਵਪਾਰੀ ਇਨ੍ਹਾਂ ਵਸਤਾਂ ਦੀ ਵਿਕਰੀ ਤੇ ਸਟੋਰ ਦੀ ਸੂਚੀ ਬਣਾ ਕੇ ਖਰੀਦਦਾਰ ਦਾ ਨੰਬਰ ਵੀ ਰੱਖਣਗੇ ਤਾਂ ਕਿ ਲੋੜ ਪੈਣ ’ਤੇ ਇਸ ਦਾ ਨਿਰੀਖਣ ਕੀਤਾ ਜਾ ਸਕੇ।

ਕੂੜੇ ਵਾਲੇ ਟੈਂਪੂ ’ਚ ਖਾਣ ਦੀਆਂ ਵਸਤਾਂ ਛੁਪਾ ਕੇ ਲਿਜਾਂਦਾ ਬੇਨਕਾਬ

ਕਰੋਨਾਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਵਿੱਚ ਲਾਏ ਗਏ ਕਰਫਿਊ ਦੌਰਾਨ ਜਿਥੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੋਰ ਸਮਾਜ ਸੇਵੀ ਸੰਸਥਾਵਾਂ ਲੋਕ ਸੇਵਾ ਵਿੱਚ ਜੁਟੀਆਂ ਹੋਈਆਂ ਹਨ, ਉਥੇ ਹੀ ਜਮ੍ਹਾਖ਼ੋਰੀ ਤੇ ਕਾਲ਼ਾਬਾਜਾਰੀ ਦਾ ਦੌਰਾ ਵੀ ਜ਼ੋਰਾਂ ’ਤੇ ਹੈ। ਇਸੇ ਦੌਰਾਨ ਇਥੇ ਲੋਕਾਂ ਨੂੰ ਵੇਚ ਕੇ ਮੁਨਾਫ਼ਾ ਕਮਾਉਣ ਦੇ ਮਨੋਰਥ ਨਾਲ਼ ਖਾਣ ਪੀਣ ਵਾਲ਼ੀਆਂ ਵਸਤਾਂ ਕੂੜਾ ਢੋਹਣ ਵਾਲ਼ੇ ਇੱਕ ਟੈਂਪੂ ਵਿੱਚ ਰੱਖ ਕੇ ਲਿਜਾਣ ਦਾ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ। ਕਰੋਨਾਵਾਇਰਸ ਦੇ ਸੰਕਟ ਦੌਰਾਨ ਆਪਣੀ ਪੁਲੀਸ ਡਿਊਟੀ ਦੇ ਨਾਲ਼ ਨਾਲ਼ ਇਲਾਕੇ ਦੇ ਗਰੀਬਾਂ ਤੇ ਹੋਰ ਮਜਬੂਰ ਵਿਅਕਤੀਆਂ ਲਈ ਖੁਦ ਰਾਸ਼ਨ, ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੀ ਸੇਵਾ ਨਿਭਾਅ ਰਹੇ ਥਾਣਾ ਕੋਤਵਾਲੀ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਅਜਿਹਾ ਘਿਣਾਉਣਾ ਕਾਰਾ ਕਰਨ ਵਾਲ਼ੇ ਅਨਸਰ ਦਾ ਪਰਦਾਫਾਸ ਕਰਦਿਆਂ, ਉਸ ਖ਼ਿਲਾਫ਼ ਕੋਤਵਾਲੀ ’ਚ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦਾ ਉਲੰਘਣ ਕਰਨ ਤੇ ਲੋਕਾਂ ਦੀ ਜਾਨ ਲਈ ਖ਼ਤਰਾ ਪੈਦਾ ਕਰਨ ’ਤੇ ਆਧਾਰਿਤ ਧਾਰਾਵਾਂ 188 ਤੇ 269 (ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠਾਂ ਸਹਾਇਕ ਥਾਣੇਦਾਰ ਬਿਕਰਮਜੀਤ ਸਿੰਘ ਤੇ ਪੁਲੀਸ ਪਾਰਟੀ ਜਦੋਂ ਕਰਫਿਊ ਦੌਰਾਨ ਇਥੇ ਕੱਪੜਾ ਮਾਰਕੀਟ ਵਿਖੇ ਗਸ਼ਤ ਕਰ ਰਹੀ ਸੀ, ਤਾਂ ਪੁਲੀਸ ਟੀਮ ਨੇ ਸ਼ੱਕ ਦੇ ਆਧਾਰ ’ਤੇ ਇੱਕ ਟੈਂਪੂ ਨੂੰ ਰੋਕ ਕੇ ਚੈੱਕ ਕੀਤਾ। ਤਲਾਸ਼ੀ ਦੌਰਾਨ ਇਸ ਟੈਪੂ ਵਿਚ ਲੱਦੇ ਕੂੜੇ ਦੇ ਹੇਠਾਂ ਛੁਪਾਈਆਂ ਹੋਈਆਂ ਖਾਣ ਪੀਣ ਵਾਲੀਆਂ ਵਸਤਾਂ ਵੀ ਮਿਲੀਆਂ। ਜਿਸ ’ਤੇ ਪੁਲੀਸ ਨੇ ਇਹ ਟੈਂਪੂ ਤੇ ਇਸ ਵਿੱਚ ਲੱਦਿਆ ਸਾਮਾਨ ਕਬਜ਼ੇ ਵਿਚ ਲੈਂਦਿਆਂ, ਟੈਂਪੂ ਚਾਲਕ ਦੇ ਖ਼ਿਲਾਫ਼ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ। ਸੰਪਰਕ ਕਰਨ ’ਤੇ ਕੋਤਵਾਲੀ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਅਜਿਹਾ ਕੇਸ ਦਰਜ ਕੀਤਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧ ਬਣਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Comments Off on ਪਟਿਆਲਾ ਵਿੱਚ ਘਰਾਂ ’ਚ ਪੁੱਜਣਗੀਆਂ ਸਬਜ਼ੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.