ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਨੌਜਵਾਨਾਂ ਵਿਚ ਰੰਗਮੰਚ ਦੀਆਂ ਹਜ਼ਾਰਾਂ ਸੰਭਾਵਨਾਵਾਂ

Posted On March - 21 - 2020

ਰਾਸ ਰੰਗ

ਡਾ. ਸਾਹਿਬ ਸਿੰਘ

ਥੀਏਟਰ ਫਾਰ ਥੀਏਟਰ ਦੇ ਰੰਗਮੰਚ ਉਤਸਵ ਦੌਰਾਨ ਰੰਗਕਰਮੀਆਂ ਨੇ ਉਨ੍ਹਾਂ ਲੋਕਾਂ ਨੂੰ ਭਰਵਾਂ ਵਿਸ਼ਵਾਸ ਦੁਆਇਆ ਜਿਹੜੇ ਅਕਸਰ ਇਹ ਸੋਚਦੇ ਹਨ ਕਿ ਅੱਜ ਦੇ ਦੌਰ ’ਚ ਰੰਗਮੰਚ ਸ਼ਾਇਦ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਨਹੀਂ ਹੋ ਸਕਦਾ ਤੇ ਦਰਦ ਕਹਾਣੀਆਂ ਹੁਣ ਦੇ ਮੁੰਡੇ ਕੁੜੀਆਂ ਨੂੰ ਖਿੱਚ ਨਹੀਂ ਪਾਉਂਦੀਆਂ। ਤਿੰਨ ਕਹਾਣੀਆਂ ਦਾ ਮੰਚਨ ਹੋਇਆ, ਤਿੰਨ ਵੱਖਰੇ ਨਿਰਦੇਸ਼ਕਾਂ ਨੇ ਆਪਣੀ ਕਲਪਨਾ ਦੇ ਘੋੜੇ ਦੌੜਾਏ ਤੇ ਪੇਸ਼ਕਾਰੀ ਦੇ ਲਗਭਗ ਪੂਰੇ ਸਮੇਂ ਦੌਰਾਨ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੰਚ ’ਤੇ ਨਵੇਂ ਕਲਾਕਾਰ ਅਦਾਕਾਰੀ ਕਰ ਰਹੇ ਹਨ। ਤਿੰਨੋਂ ਕਹਾਣੀਆਂ ਜ਼ਿੰਦਗੀ ਦੇ ਸੰਘਰਸ਼ ਨਾਲ ਜੁੜੀਆਂ ਹੋਈਆਂ ਤੇ ਇਨਸਾਨੀ ਰਿਸ਼ਤਿਆਂ ਦੀਆਂ ਸੂਖ਼ਮ ਪਰਤਾਂ ਫਰੋਲ ਰਹੀਆਂ ਸਨ।
ਪਹਿਲੀ ਕਹਾਣੀ ਕੈਲਾਸ਼ ਆਹਲੂਵਾਲੀਆ ਦੀ ਲਿਖੀ ਹੋਈ ਸੀ, ‘ਉਮਰੋਂ ਪਾਰ।’ ਇਸਨੂੰ ਸੁਸ਼ਮਾ ਗਾਂਧੀ ਨੇ ਨਿਰਦੇਸ਼ਿਤ ਕੀਤਾ ਜੋ ਚੰਡੀਗੜ੍ਹ ਦੇ ਸੀਨੀਅਰ ਅਦਾਕਾਰ ਤੇਜਭਾਨ ਗਾਂਧੀ ਦੀ ਹੋਣਹਾਰ ਸਪੁੱਤਰੀ ਹੈ। ਉਹ ਸੁਚੇਤ ਅਤੇ ਸਮਰਪਿਤ ਕਲਾਕਾਰ ਹੈ ਤੇ ਸਮਾਜਿਕ ਮੁੱਦਿਆਂ ਬਾਰੇ ਬਹਿਸ ਕਰਨਾ ਉਸਦੀ ਜਾਗਦੀ ਜ਼ਮੀਰ ਦਾ ਪ੍ਰਮਾਣ ਹੈ। ਕਹਾਣੀ ਇਕ ਅਜਿਹੇ ਇਨਸਾਨ ਦੁਆਲੇ ਘੁੰਮਦੀ ਹੈ ਜਿਸਨੇ ਜ਼ਿੰਦਗੀ ਦਾ ਵੱਡਾ ਹਿੱਸਾ ਸਰਕਾਰੀ ਦਫ਼ਤਰ ਵਿਚ ਕੰਮ ਕਰਦਿਆਂ ਬਿਤਾਇਆ ਹੈ, ਪਰਿਵਾਰ ਲਈ ਸੁੱਖ ਸਹੂਲਤਾਂ ਖੜ੍ਹੀਆਂ ਕਰਨ ਲਈ ਮਿਹਨਤ ਕੀਤੀ, ਪਰ ਇਸ ਦਰਮਿਆਨ ਉਹ ਜ਼ਿੰਦਗੀ ਜਿਉਣੀ ਕਿਤੇ ਭੁੱਲਿਆ ਰਿਹਾ। ਬੱਚਿਆਂ ਨੂੰ ਇਤਰਾਜ਼ ਹੈ ਕਿ ਬਾਪ ਸਾਨੂੰ ਸਮਾਂ ਨਹੀਂ ਦੇ ਰਿਹਾ, ਕੁਝ ਪਲ ਹਾਸੇ ਠੱਠੇ ਤੇ ਨੇੜਤਾ ਦੇ ਨਹੀਂ ਬਿਤਾ ਰਿਹਾ, ਪਰ ਬਾਪ ਕੰਮ ਨੂੰ ਸਮਰਪਿਤ ਹੈ। ਹੁਣ ਉਹ ਰਿਟਾਇਰ ਹੋ ਗਿਆ ਹੈ, ਬੱਚੇ ਆਪਣੀ ਜ਼ਿੰਦਗੀ ਦੇ ਅਗਲੇ ਪੜਾਅ ’ਚ ਪ੍ਰਵੇਸ਼ ਕਰ ਗਏ ਹਨ ਤੇ ਆਪਣੇ ਆਪ ’ਚ ਰੁੱਝ ਗਏ ਹਨ। ਹੁਣ ਉਹ ਬੱਚਿਆਂ ਤੋਂ ਵਕਤ ਦੀ ਤਵੱਕੋਂ ਕਰਦਾ ਹੈ ਤੇ ਮਾਨਸਿਕ ਸੰਤੁਲਨ ਗੁਆ ਬੈਠਦਾ ਹੈ। ਹਰਮਨ, ਸੁਸ਼ਮਾ, ਪ੍ਰੀਤ ਚਾਹਲ, ਭਗਵਾਨ ਸਿੰਘ, ਐਮੀ, ਸਿਮਰਪਰੀਤ ਸਿੰਘ, ਸ਼ੁਭਾ, ਗਗਨ ਨੇ ਆਪੋ ਆਪਣੀਆਂ ਭੂਮਿਕਾਵਾਂ ਖੁੱਭਕੇ ਨਿਭਾਉਣ ਦਾ ਯਤਨ ਕੀਤਾ।

ਡਾ. ਸਾਹਿਬ ਸਿੰਘ

ਜਿਵੇਂ ਹੀ ਦੂਜੀ ਕਹਾਣੀ ਨੇ ਮੰਚ ’ਤੇ ਛਾਲ ਮਾਰੀ ਤਾਂ ਲੱਗਾ ਕਿ ਕੁਝ ਵੱਖਰਾ ਵਾਪਰਨ ਵਾਲਾ ਹੈ। ਰੰਗਮੰਚੀ ਦ੍ਰਿਸ਼ ਉਘੜਨ ਲੱਗੇ, ਨਾਟਕੀ ਗਤੀ ਪ੍ਰਚੰਡ ਹੋ ਗਈ ਤੇ ਅਦਾਕਾਰੀ ਸਥੂਲ ਤੋਂ ਸੂਖ਼ਮ ਹੋਣ ਲੱਗੀ। ਡਾ. ਗਾਰਗੀ ਦੀ ਲਿਖੀ ਹੋਈ ਕਹਾਣੀ ‘ਬਿੱਤੇ ਭਰ ਕੀ ਬੈਰਨ ਸਾਧ’ ਦਲਿਤ ਤੇ ਦਮਿਤ ਵਰਗ ਦਾ ਸੰਤਾਪ ਕਿਤੋਂ ਬਹੁਤ ਅੰਦਰੋਂ ਪਕੜਦੀ ਹੈ। ਨਿਰਦੇਸ਼ਕ ਸੌਰਭ ਸ਼ਰਮਾ ਨੇ ਉਸ ਗਹਿਰਾਈ ’ਚ ਡੂੰਘੀ ਚੁੱਭੀ ਮਾਰੀ ਤੇ ਕਹਾਣੀ ਦੀਆਂ ਸਾਰੀਆਂ ਤਹਿਆਂ ਸਮਝ ਕੇ ਆਪਣੇ ਕਲਾਕਾਰਾਂ ਨੂੰ ਐਸੇ ਅਭਿਆਸ ਵਿਚ ਪਾਇਆ ਕਿ ਕਿਰਦਾਰ ਉਨ੍ਹਾਂ ਦੇ ਅੰਦਰ ਵਸੇ ਦਿਖਾਈ ਦੇ ਰਹੇ ਸਨ। ਸਾਰੇ ਹੀ ਅਦਾਕਾਰ ਮੰਚ ’ਤੇ ਤੁਰਦੇ ਫਿਰਦੇ, ਬੈਠਦੇ, ਖੜ੍ਹਦੇ, ਸੰਵਾਦ ਬੋਲਦੇ ਇਵੇਂ ਲੱਗ ਰਹੇ ਸਨ ਜਿਵੇਂ ਕਹਾਣੀ ਦੇ ਅੰਤਰੀਵ ਭਾਵ ਨੂੰ ਆਪਣੇ ਸੀਨੇ ’ਚ ਸੁਲਘਦਾ ਮਹਿਸੂਸ ਕਰ ਰਹੇ ਹੋਣ। ਨਾਟਕ ਦਾ ਕੇਂਦਰੀ ਪਾਤਰ ‘ਸਾਹਿਬ’ ਜੇਲ੍ਹ ਵਿਚ ਨਵਾਂ ਜੇਲ੍ਹਰ ਬਣਕੇ ਆਇਆ ਹੈ। ਉਸਦੇ ਸੁਆਗਤ ਦਾ ਦ੍ਰਿਸ਼ ਸਾਰੇ ਕਲਾਕਾਰਾਂ ਨੇ ਮਿਲਕੇ ਅਜਿਹਾ ਪ੍ਰਭਾਵਸ਼ਾਲੀ ਤੇ ਸਿੱਕੇ ਬੰਦ ਬਣਾਇਆ ਕਿ ਦਰਸ਼ਕ ਦੀ ਤੰਦ ਇੱਥੋਂ ਹੀ ਨਾਟਕ ਨਾਲ ਜੁੜ ਗਈ। ਸਾਹਿਬ ਸਮਾਜ ਦੇ ਲਿਤਾੜੇ ਵਰਗ ਨਾਲ ਸਬੰਧਿਤ ਹੈ। ਉਹ ਤਰੱਕੀ ਕਰ ਗਿਆ, ਪਰ ਪੈਰ ਪੈਰ ’ਤੇ ਉਸਨੂੰ ਹੀਣਤਾ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਜਿਵੇਂ ਇਹ ਨੌਕਰੀ ਤੇ ਤਰੱਕੀ ਉਸਦੀ ਮਿਹਨਤ ਦਾ ਪ੍ਰਮਾਣ ਨਾ ਹੋ ਕੇ ਕੋਈ ਖੈਰਾਤ ਮਿਲੀ ਹੋਵੇ। ਨਾਟਕ ਕਰਵਟ ਲੈਂਦਾ ਹੈ, ਸਾਹਿਬ ਪਰਵਤੀਆ ਨੂੰ ਲੱਭ ਰਿਹਾ ਹੈ। ਸਾਹਿਬ ਜਦੋਂ ਨਿੱਕਾ ਸੀ ਤਾਂ ਉਸਦੀ ਮਾਂ ਵੱਡੇ ਘਰਾਂ ’ਚ ਗੰਦ ਚੁੱਕਣ ਜਾਂਦੀ ਸੀ। ਉੱਥੇ ਪਰਵਤੀਆ ਉਸਨੂੰ ਖਿਡਾਉਂਦੀ ਸੀ, ਲਾਡ ਲਡਾਉਂਦੀ ਸੀ, ਉਸਦੀ ਮਾਂ ਨਾਲ ਹੱਸਦੀ ਸੀ ਤੇ ਭੇਦ ਭਾਵ ਮਿਟਾ ਕੇ ਮਨੁੱਖੀ ਰਿਸ਼ਤਾ ਕਾਇਮ ਕਰਦੀ ਸੀ। ਅੱਜ ਉਹ ਪਰਵਤੀਆ ਇਸੇ ਜੇਲ੍ਹ ਵਿਚ ਸਜ਼ਾ ਭੁਗਤ ਰਹੀ ਹੈ ਜੋ ਦੰਗਿਆਂ ਦੌਰਾਨ ਗੁੰਮ ਹੋ ਗਈ ਸੀ। ਸਾਹਿਬ ਵਾਰ ਵਾਰ ਉਸ ਲਈ ਤੜਫ਼ਦਾ ਹੈ। ਨਾਟਕ ਦਾ ਉਹ ਦ੍ਰਿਸ਼ ਜਿੱਥੇ ਸਾਹਿਬ ਦੇ ਬਚਪਨ ਬਾਰੇ ਬਿਆਨ ਹੋ ਰਿਹਾ ਹੈ, ਸੌਰਭ ਸ਼ਰਮਾ ਦੀ ਨਿਰਦੇਸ਼ਕੀ ਨਿਪੁੰਨਤਾ ਨਾਲ ਖਿੜ ਉਠਿਆ। ਸਾਰੇ ਨਾਟਕ ਵਿਚ ਰੰਗਮੰਚੀ ਜੁਗਤਾਂ ਦੀ ਵਰਤੋਂ ਕਮਾਲ ਦੀ ਹੈ। ਨਿਰਦੇਸ਼ਕ ਕਾਗਜ਼ ਦੇ ਛੋਟੇ ਛੋਟੇ ਟੁਕੜਿਆਂ, ਕੁਰਸੀ, ਨਿੱਕੇ ਨਿੱਕੇ ਕੱਪੜੇ ਦਾ ਇਸਤੇਮਾਲ ਇੰਨੀ ਕਾਰੀਗਰੀ ਨਾਲ ਕਰਦਾ ਹੈ ਕਿ ਆਮ ਦਰਸ਼ਕ ਵੀ ਉਨ੍ਹਾਂ ਬਿੰਬਾਂ ਤੇ ਪ੍ਰਤੀਕਾਂ ਦੇ ਅਰਥ ਸਮਝਣ ਲੱਗਦਾ ਹੈ। ਨਾਟਕ ਸਵਾਲ ਕਰਦਾ ਹੈ ਕਿ ਗੰਦਗੀ ਦਾ ਟੋਕਰਾ ਸਿਰ ’ਤੇ ਚੁੱਕਣਾ ‘ਕਮਾਈ’ ਕਿਵੇਂ ਹੋ ਗਿਆ, ਅਣਮਨੁੱਖੀ ਜ਼ਿੰਦਗੀ ਜੀ ਰਹੇ ਇਨ੍ਹਾਂ ਲੋਕਾਂ ਵੱਲ ਪਿੱਠ ਘੁਮਾ ਕੇ ਦੇਸ਼ ‘ਤਰੱਕੀ’ ਕਿਵੇਂ ਕਰ ਰਿਹਾ ਹੈ, ਸਮਾਜਿਕ ਪਾੜਾ ਮਿਟਣ ਦਾ ਨਾਮ ਕਿਉਂ ਨਹੀਂ ਲੈ ਰਿਹਾ? ਇਹ ਕਹਾਣੀ ਤੇ ਇਸਦੀ ਪੇਸ਼ਕਾਰੀ ਅਜਿਹਾ ਵਿਲੱਖਣ ਰੰਗਮੰਚ ਅਨੁਭਵ ਬਣ ਗਿਆ ਕਿ ਦੇਰ ਤਕ ਚੇਤਿਆਂ ’ਚ ਉਕਰਿਆ ਰਹੇਗਾ। ਪ੍ਰਿਯੰਕਾ ਰਾਜਪੂਤ, ਅਰੁਨਿਮਾ ਸ਼ਰਮਾ, ਚੇਤਨ, ਸੋਨੂ, ਨਵਦੀਪ, ਰਵਿੰਦਰ ਸਿੰਘ, ਸੌਰਵ, ਹਰਿਤਿਕ, ਅੰਕੁਸ਼ ਰਾਨਾ, ਵਿਕਾਸ, ਮੁਕੁਲ ਦੀ ਅਦਾਕਾਰੀ ਤੇ ਜੈ ਗਿੱਲ ਦਾ ਸੰਗੀਤ ਬਹੁਤ ਪ੍ਰਭਾਵਸ਼ਾਲੀ ਸੀ।
ਤੀਜੀ ਕਹਾਣੀ ਮਸ਼ਹੂਰ ਅਫ਼ਸਾਨਾਨਿਗਾਰ ਤੇ ਫ਼ਿਲਮਸਾਜ਼ ਗੁਲਜ਼ਾਰ ਦੀ ਲਿਖੀ ਹੋਈ ਸੀ ‘ਤਕਸੀਮ।’ ਇਸਨੂੰ ਅਭਿਸ਼ੇਕ ਸ਼ਰਮਾ ਨੇ ਨਿਰਦੇਸ਼ਿਤ ਕੀਤਾ। ਗੁਲਜ਼ਾਰ ਬਣਿਆ ਕਲਾਕਾਰ ਦਰਸ਼ਕਾਂ ਨੂੰ ਮੁਖਾਤਿਬ ਹੈ। ਉਸਦੀ ਟਿੱਪਣੀ, ‘ਜ਼ਿੰਦਗੀ ਕਿਸੇ ਜ਼ਖਮੀ ਚੀਤੇ ਵਾਂਗ ਹੈ, ਸਰਪਟ ਦੌੜਦੀ ਹੈ, ਪੰਜਿਆਂ ਦੇ ਨਿਸ਼ਾਨ ਛੱਡਦੀ ਹੈ, ਜੇ ਇਨ੍ਹਾਂ ਪੰਜਿਆਂ ਨੂੰ ਮਿਲਾ ਕੇ ਦੇਖੋ ਤਾਂ ਇਕ ਅਜੀਬ ਤਹਿਰੀਰ ਬਣਦੀ ਹੈ’ ਗਹਿਰੇ ਅਰਥ ਸਿਰਜਦੀ ਹੈ। ਗੁਲਜ਼ਾਰ ਨੂੰ ਵਾਰ ਵਾਰ ਕਿਸੇ ਇਕਬਾਲ ਸਿੰਘ ਦਾ ਖ਼ਤ ਆ ਰਿਹਾ ਹੈ ਕਿ ਉਹ ਉਸਦਾ ਵਿੱਛੜਿਆ ਭਰਾ ਹੈ ਤੇ ਉਸਨੂੰ ਮਿਲਣਾ ਚਾਹੁੰਦਾ ਹੈ। ਸਿਲਸਿਲਾ ਚੱਲਦਿਆਂ ਚੱਲਦਿਆਂ ਸਈ ਪਰਾਂਜਪੇ, ਅਮੋਲ ਪਾਲੇਕਰ ਜਿਹੇ ਫ਼ਿਲਮੀ ਦੋਸਤਾਂ ਦੇ ਯਤਨਾਂ ਨਾਲ ਇਕਬਾਲ ਸਿੰਘ ਅਤੇ ਉਸਦੇ ਪਿਤਾ ਹਰਭਜਨ ਸਿੰਘ ਨਾਲ ਦਿੱਲੀ ਵਿਖੇ ਮੁਲਾਕਾਤ ਤੈਅ ਹੋ ਜਾਂਦੀ ਹੈ। ਹੁਣ ਗੁਲਜ਼ਾਰ ਉਸ ਪਰਿਵਾਰ ਦੇ ਸਾਹਮਣੇ ਹੈ ਜੋ ਉਸਨੂੰ ਆਪਣਾ ਸੰਪੂਰਨ ਸਿੰਘ ਸਮਝ ਰਿਹਾ ਹੈ। ਹਰਭਜਨ ਸਿੰਘ ਵੰਡ ਦੀ ਕਹਾਣੀ ਛੋਂਹਦਾ ਹੈ ਕਿ ਕਿਵੇਂ ਪਿੰਡ ਦਾ ਮੁਸਲਮਾਨ ਚੌਧਰੀ ਉਨ੍ਹਾਂ ਦੇ ਪਰਿਵਾਰ ਨੂੰ ਸੰਭਾਲਣਾ ਚਾਹੁੰਦਾ ਸੀ, ਪਰ ਉਹ ਬੋਝ ਨਹੀਂ ਸੀ ਬਣਨਾ ਚਾਹੁੰਦੇ। ਖੱਜਲ ਖੁਆਰ ਹੋ ਕੇ ਆਖਿਰ ਪਰਿਵਾਰ ਦਿੱਲੀ ਆ ਵਸਿਆ। ਹਰਭਜਨ ਸਿੰਘ ਆਪਣੀ ਧੀ ਸੱਤਿਆ ਨੂੰ ਲੱਭਦਾ ਲੱਭਦਾ ਪਾਕਿਸਤਾਨ ਪਹੁੰਚਦਾ ਹੈ ਤਾਂ ਉਹ ਹੁਣ ਦਿਲਸ਼ਾਦ ਦੇ ਰੂਪ ’ਚ ਸੁਖੀ ਜੀਵਨ ਜੀ ਰਹੀ ਹੈ। ਹਰਭਜਨ ਨੂੰ ਲੱਗ ਰਿਹਾ ਹੈ ਕਿ ਜਿਵੇਂ ਸੱਤਿਆ ਦਿਲਸ਼ਾਦ ਹੋ ਗਈ ਹੈ, ਉਵੇਂ ਹੀ ਸੰਪੂਰਨ ਗੁਲਜ਼ਾਰ ਹੋ ਗਿਆ ਹੈ। ਗੁਲਜ਼ਾਰ ਉਸ ਪਰਿਵਾਰ ਨਾਲ ਕੋਈ ਰਿਸ਼ਤਾ ਨਾ ਹੁੰਦਿਆਂ ਵੀ ਰਿਸ਼ਤਾ ਮਹਿਸੂਸ ਕਰਦਾ ਹੈ ਤੇ ਇਸ ਅਜਬ ਤਹਿਰੀਰ ਅੱਗੇ ਸਿਰ ਝੁਕਾਉਂਦਾ ਹੈ। ਵੰਡ ਦੀ ਆਪਾ ਧਾਪੀ ਤੇ ਸ਼ੋਰ ਨੂੰ ਬਿਨਾਂ ਰੌਲਾ ਪਾਇਆਂ, ਆਰਾਮ ਨਾਲ, ਬਿਨਾਂ ਕਾਹਲ ਪੇਸ਼ ਕਰਨ ਦਾ ਫ਼ੈਸਲਾ ਅਭਿਸ਼ੇਕ ਦਾ ਬਿਹਤਰੀਨ ਫ਼ੈਸਲਾ ਹੋ ਨਿੱਬੜਿਆ। ਇਸੇ ਲਈ ਇਹ ਕਹਾਣੀ ਦਿਲ ਨੂੰ ਛੂਹ ਗਈ। ਰੋਹਿਤ, ਵਿਸ਼ਾਲ, ਜਸਵੀਰ, ਵਿਨੀਤਾ, ਸੈਫੇਨ ਇੰਦਰਜੀਤ, ਸ਼ਿਵਾਨੀ, ਡਿੰਪਲ, ਮਨੀਸ਼ਾ, ਸੁਖਮਨ, ਰਾਵਿਨ, ਰਜਤ ਦੀ ਅਦਾਕਾਰੀ ਤੇ ਪਿਊਸ਼ ਭੱਟ ਦਾ ਸੰਗੀਤ ਵਧੀਆ ਸੀ। ਕਰਨ ਸ਼ਰਮਾ ਨੇ ਆਖਰੀ ਦੋ ਕਹਾਣੀਆਂ ਦੀ ਰੌਸ਼ਨੀ ਵਿਉਂਤ ਬਹੁਤ ਵਧੀਆ ਕੀਤੀ।
ਇਹ ਕਹਾਣੀਆਂ ਇਕ ਮਹੀਨਾ ਚੱਲੀ ਵਰਕਸ਼ਾਪ ਦੌਰਾਨ ਤਿਆਰ ਕੀਤੀਆਂ ਗਈਆਂ। ਬਹੁਤ ਸਾਰੇ ਨਵੇਂ ਕਲਾਕਾਰਾਂ ਨੇ ਇਸ ਵਰਕਸ਼ਾਪ ਦੌਰਾਨ ਅਦਾਕਾਰੀ, ਨਿਰਦੇਸ਼ਨ, ਨਾਟ ਲੇਖਣੀ, ਰੂਪ ਸੱਜਾ, ਮੰਚ ਸੱਜਾ, ਚਿੱਤਰਕਾਰੀ, ਬੁੱਤਸਾਜ਼ੀ, ਮਖੌਟਾਕਾਰੀ ਆਦਿ ਕਲਾਵਾਂ ਸਿੱਖੀਆਂ। ਇਸ ਸਾਰੀ ਸਿਖਲਾਈ ਤੋਂ ਬਾਅਦ ਇੰਨਾ ਭਰਪੂਰ ਮੰਚਨ ਇਨ੍ਹਾਂ ਕਲਾਕਾਰਾਂ ਨੂੰ ਸਿਖਾਂਦਰੂ ਤੋਂ ਹੋਣਹਾਰ ਕਲਾਕਾਰ ਬਣਾ ਗਿਆ। ਭਵਿੱਖ ਲਈ ਆਸਾਂ ਉਮੀਦਾਂ ਨਾਲ ਰੰਗਮੰਚ ਟੱਬਰ ਦੇ ਸੱਜਰੇ ਮੈਂਬਰਾਂ ਦਾ ਸੁਆਗਤ ਹੈ।

ਸੰਪਰਕ : 98880-11096


Comments Off on ਨੌਜਵਾਨਾਂ ਵਿਚ ਰੰਗਮੰਚ ਦੀਆਂ ਹਜ਼ਾਰਾਂ ਸੰਭਾਵਨਾਵਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.