ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ

Posted On March - 29 - 2020

ਡਾ. ਹਰਪ੍ਰੀਤ ਕੌਰ

ਪੁਸਤਕ ਚਰਚਾ

ਡਾ. ਹਰਬੰਸ ਸਿੰਘ ਚਾਵਲਾ ਸਿੱਖ ਇਤਿਹਾਸਕਾਰੀ ਦੇ ਪੰਜਾਬੀ ਸਾਹਿਤ ਜਗਤ ’ਚ ਵਿਲੱਖਣ ਸ਼ਖ਼ਸੀਅਤ ਹੈ ਜਿਸ ਨੇ ਸਿੱਖ ਇਤਿਹਾਸ ਬਾਰੇ ਮੌਲਿਕ ਖੋਜ ਅਤੇ ਹੋਰ ਰਚਨਾਵਾਂ ਕੀਤੀਆਂ ਹਨ। ਡਾ. ਚਾਵਲਾ ਦੀਆਂ ਪੁਸਤਕਾਂ ਅਤੇ ਸਿੱਖ ਇਤਿਹਾਸ ਦੇ ਤਵਾਰੀਖ਼ੀ ਵੇਰਵੇ ਪਾਠਕਾਂ ਦੇ ਗਿਆਨ ਵਿਚ ਅਹਿਮ ਵਾਧਾ ਕਰਦੇ ਹਨ। ਨਵੀਂ ਪ੍ਰਕਾਸ਼ਿਤ ਹੋਈ ਉਸ ਦੀ ਪੁਸਤਕ ‘ਪਰੀ ਲੋਕ ਦੀ ਸੈਰ ਕਰਾਵਾਂ’ (ਕੀਮਤ: 150 ਰੁਪਏ; ਮਨਪ੍ਰੀਤ ਪ੍ਰਕਾਸ਼ਨ, ਦਿੱਲੀ) ਦੇਸ਼-ਵਿਦੇਸ਼ ਵਿਚ ਵਸਦੇ ਬੱਚਿਆਂ ਨੂੰ ਸਮਰਪਿਤ ਕੀਤੀ ਹੈ। ਡਾ. ਚਾਵਲਾ ਦਾ ਗਹਿਰੇ ਚਿੰਤਨ ਦੇ ਵਿਸ਼ਿਆਂ ਦੀ ਲੀਕ ਤੋਂ ਹਟ ਕੇ ਲੋਕ ਕਥਾਵਾਂ ਨੂੰ ਕਲਮਬੰਦ ਕਰਨਾ ਹੈਰਾਨੀਜਨਕ ਹੈ। ਇਸ ਪੁਸਤਕ ਵਿਚਲੀਆਂ 12 ਲੋਕ-ਕਹਾਣੀਆਂ ’ਚ ਵੀ ਵਿਦਵਤਾ ਨਜ਼ਰ ਆਉਂਦੀ ਹੈ ਜੋ ਲੋਕਾਂ ਦੀ ਸੰਵੇਦਨਸ਼ੀਲਤਾ ਨੂੰ ਛੂਹਣ ਦਾ ਕਾਰਜ ਵੀ ਕਰਦੀ ਹੈ। ਇਹ ਲੋਕ-ਕਹਾਣੀਆਂ ਦੁਨੀਆ ਦੇ ਕਈ ਮੁਲਕਾਂ ਨਾਲ ਸਬੰਧਿਤ ਹਨ। ਇਹ ਪਾਠਕਾਂ ਨੂੰ ਜਿਵੇਂ ਪਰੀ ਸੰਸਾਰ ਵਿਚ ਲੈ ਜਾਂਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਦਰਸਾਇਆ ਪਰੀ ਲੋਕ ਦਾ ਅਨੋਖਾ ਜੀਵਨ ਪਾਠਕਾਂ ਦੇ ਮਨਾਂ ਵਿਚ ਕਲਪਨਾ ਅਤੇ ਸੁਪਨੇ ਜਗਾਉਂਦਾ ਹੈ। ਇਉਂ ਇਹ ਕਹਾਣੀਆਂ ਲੋਕਾਂ ਨੂੰ ਜ਼ਿੰਦਗੀ ਦੀਆਂ ਚਿੰਤਾਵਾਂ ਤੋਂ ਦੂਰ ਲੈ ਜਾਂਦੀਆਂ ਹਨ।
ਇਨ੍ਹਾਂ ਕਹਾਣੀਆਂ ਵਿਚ ਕਾਲਪਨਿਕ ਪਾਤਰਾਂ ਜਿਵੇਂ ਜਲਪਰੀਆਂ (mermaids) ਅਤੇ ਜਾਦੂਗਰਨੀਆਂ (witches) ਆਦਿ ਨਾਲ ਜੁੜੇ ਬਿਰਤਾਂਤ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਦਰਸਾਇਆ ਗਿਆ ਹੈ। ਭੂਗੋਲਿਕ ਵੇਰਵਿਆਂ ਦੀਆਂ ਖ਼ੂਬੀਆਂ, ਕੁਦਰਤ ਦੇ ਅੰਗ-ਸੰਗ ਰਹਿਣਾ, ਆਪਸੀ ਸਾਂਝ ਅਤੇ ਮਾਨਸਿਕਤਾ ਇਨ੍ਹਾਂ ਲੋਕ-ਕਹਾਣੀਆਂ ਦੇ ਪ੍ਰਮੁੱਖ ਵਿਸ਼ੇ ਹਨ। ਮਨੁੱਖੀ ਸੁਭਾਅ ਨੂੰ ਸਮਝਣ ਅਤੇ ਸੁਲਝਾਉਣ ਦੀ ਖਿੱਚ ਰਹੱਸਮਈ ਸਿਰਜਣਾ ਵਿਚ ਨਿਰੰਤਰ ਰਹਿੰਦੀ ਹੈ। ਆਪਣੀ ਨੈਤਿਕ ਸਮਰੱਥਾ ਅਤੇ ਅਨੁਭਵ ਮੁਤਾਬਿਕ ਇਸ ਨੂੰ ਸੁਲਝਾਉਣ ਦਾ ਯਤਨ ਕਰਦਿਆਂ ਮਨੁੱਖ ਨੂੰ ਸੰਤੁਸ਼ਟੀ ਹੁੰਦੀ ਹੈ। ਇਨ੍ਹਾਂ ਕਹਾਣੀਆਂ ਦੇ ਨਾਇਕ ਅਤੇ ਹੋਰ ਪਾਤਰ ਅਲੌਕਿਕ ਤੇ ਕਾਲਪਨਿਕ ਹੋਣ ਦੇ ਨਾਲ ਨਾਲ ਇਤਿਹਾਸ ਤੇ ਮਿਥਿਹਾਸ ਦਾ ਸੁਮੇਲ ਵੀ ਹਨ। ਡਾ. ਚਾਵਲਾ ਨੇ ਇਨ੍ਹਾਂ ਲੋਕ-ਕਹਾਣੀਆਂ ਅੰਦਰ ਲੁਕੇ ਸਦਾਚਾਰਕ ਉਪਦੇਸ਼ਾਂ ਵੀ ਦ੍ਰਿੜ੍ਹ ਕਰਵਾਇਆ ਹੈ। ਇਹ ਕਾਲਪਨਿਕ ਕਹਾਣੀਆਂ ਪਾਠਕਾਂ ਨੂੰ ਲੋੜੀਂਦੀਆਂ ਕਦਰਾਂ-ਕੀਮਤਾਂ ਪ੍ਰਤੀ ਸੁਚੇਤ ਕਰਦਿਆਂ ਨੈਤਿਕ ਮੁੱਲਾਂ ਨਾਲ ਜੁੜ ਕੇ ਜੀਵਨ ਜਿਉਣ ਦਾ ਸਲੀਕਾ ਦੱਸਦੀਆਂ ਹਨ।
ਡਾ. ਹਰਬੰਸ ਸਿੰਘ ਚਾਵਲਾ ਦੀਆਂ ਲੋਕ-ਕਹਾਣੀਆਂ ਵੱਖ-ਵੱਖ ਸਥਾਨਾਂ ਦੀ ਮੌਖਿਕ ਪਰੰਪਰਾ ਦਾ ਅਹਿਮ ਹਿੱਸਾ ਹਨ। ਇਹ ਕਹਾਣੀਆਂ ਸਭਿਆਚਾਰ ਵਿਚ ਰਚ-ਵਸ ਗਈਆਂ ਹਨ। ਮਿਸਾਲ ਵਜੋਂ: ਅੰਡੇਮਾਨ-ਨਿਕੋਬਾਰ ਦੀਪ ਸਮੂਹ ਵਿਚ ਸਥਿਤ ਹੈਵਲੋਕ ਦੀਪ ਨੂੰ ‘ਪਰੀ ਟਾਪੂ’ ਕਿਹਾ ਜਾਂਦਾ ਹੈ। ਇਸ ਸਬੰਧੀ ਲਿਖੀ ਕਹਾਣੀ ਵਿਚ ਲੇਖਕ ਇਸ ਟਾਪੂ ਦੀ ਮਨਮੋਹਣੀ ਸੁੰਦਰਤਾ, ਅਥਾਹ ਸਾਗਰ ਦੀਆਂ ਕਲਕਲ ਕਰਦੀਆਂ ਲਹਿਰਾਂ ਅਤੇ ਰੰਗ-ਬਿਰੰਗੇ ਫੁੱਲਾਂ ਨਾਲ ਭਰੇ ਹੋਏ ਬਾਗ਼ ਦਾ ਵਰਣਨ ਕਰਦਾ ਹੈ। ਇਹ ਖ਼ੂਬਸੂਰਤ ਵਰਣਨ ਲੋਕਾਂ ਦੇ ਮਨਾਂ ਵਿਚ ਇਹ ਥਾਵਾਂ ਦੇਖਣ ਦੀ ਖਿੱਚ ਪੈਦਾ ਕਰਦਾ ਹੈ। ਲੇਖਕ ਦਾ ਵਿਚਾਰ ਹੈ ਕਿ ਕੁਦਰਤ ਦੇ ਨੇੜੇ ਰਹਿਣ ਨਾਲ ਲੋਕ ਮਾਨਸਿਕਤਾ ਚਿੰਤਾਵਾਂ ਤੋਂ ਮੁਕਤ ਹੋ ਜਾਂਦੀ ਹੈ। ਸਮੱਸਿਆ ਮੁਕਤ ਅਤੇ ਆਦਰਸ਼ ਸਮਾਜ ਦਾ ਨਿਰਮਾਣ ਕਰਨਾ ਇਨ੍ਹਾਂ ਕਹਾਣੀਆਂ ਦਾ ਮੁੱਖ ਸੁਨੇਹਾ ਮੰਨਿਆ ਜਾ ਸਕਦਾ ਹੈ।
‘ਕਾਲੀ ਪਰੀ’ ਕਹਾਣੀ ਵਿਚ ਲੇਖਕ ਨੇ ਅਜਿਹੇ ਸਮਾਜ ਨੂੰ ਉਲੀਕਣ ਦਾ ਯਤਨ ਕੀਤਾ ਹੈ ਜਿਸ ਵਿਚ ਨੈਤਿਕ ਮੁੱਲਾਂ ਦੀ ਗਿਰਾਵਟ ਆਈ ਹੈ। ਆਲੇ-ਦੁਆਲੇ ਦੇ ਵਾਤਾਵਰਣ ਦੀ ਉੱਜੜਦੀ ਸੁੰਦਰਤਾ ਵਿਚ ਵੀ ਸਮਾਜ ਦੇ ਨੈਤਿਕ ਪਤਨ ਨੂੰ ਦੁਹਰਾਇਆ ਗਿਆ ਹੈ। ਡਾ. ਚਾਵਲਾ ਨੇ ਇਨ੍ਹਾਂ ਕਹਾਣੀਆਂ ਵਿਚ ਅਜਿਹਾ ਆਦਰਸ਼ ਸਮਾਜ ਲੋਚਿਆ ਹੈ ਜਿਸ ਵਿਚ ਹਰ ਵਿਅਕਤੀ ਜਾਂ ਸਮੁੱਚੀ ਆਬਾਦੀ ਦਾ ਕੋਈ ਹਿੱਸਾ ਪੀੜਿਤ ਨਾ ਹੋਵੇ। ਇਸ ਦੇ ਨਾਲ ਹੀ ਲੇਖਕ ਅੱਜ ਦੇ ਸਮਾਜ ਵਿਚ ਲੋੜੀਂਦੀਆਂ ਤਬਦੀਲੀਆਂ ਦਾ ਸੁਝਾਅ ਵੀ ਦਿੰਦਾ ਹੈ। ਹੱਥਲੀ ਪੁਸਤਕ ਵਿਚ ਸਾਰੀਆਂ ਲਘੂ ਕਹਾਣੀਆਂ ਸੁੰਦਰ ਸ਼ਬਦਾਂ ਵਿਚ ਬਿਹਤਰੀਨ ਬਿਰਤਾਂਤ ਸਿਰਜਦੀਆਂ ਹਨ। ਇਹ ਪਰੀ ਕਥਾਵਾਂ ਲੌਕਿਕ ਅਤੇ ਅਲੌਕਿਕ ਸੰਸਾਰ ਦੀ ਬਾਤ ਪਾਉਂਦਿਆਂ ਬਾਲ ਮਨਾਂ ਨੂੰ ਜੋਸ਼ੀਲਾ ਤੇ ਉਤਸ਼ਾਹੀ ਬਣਾਉਣ ਦੀ ਸਮਰੱਥਾ ਰੱਖਦੀਆਂ ਹਨ।

ਸੰਪਰਕ: 98117-00465


Comments Off on ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.