ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਨਿੱਕੀਆਂ ਪੁਲਾਂਘਾਂ ਦੀਆਂ ਵੱਡੀਆਂ ਮੰਜ਼ਿਲਾਂ

Posted On March - 7 - 2020

ਬਲਜਿੰਦਰ ਜੌੜਕੀਆਂ

ਪ੍ਰਸਿੱਧ ਚੀਨੀ ਕਹਾਵਤ ਅਨੁਸਾਰ ਹਜ਼ਾਰਾਂ ਮੀਲ ਦੀ ਯਾਤਰਾ ਵੀ ਛੋਟੇ ਕਦਮ ਨਾਲ ਸ਼ੁਰੂ ਹੁੰਦੀ ਹੈ। ਇਸ ਲਈ ਜੋ ਲੋਕ ਮੰਜ਼ਿਲ ਵੱਲ ਨਹੀਂ ਤੁਰਦੇ ਉਹ ਕਦੇ ਵੀ ਨਿਸ਼ਾਨੇ ’ਤੇ ਨਹੀਂ ਪਹੁੰਚਦੇ। ਬਲਬ ਦੇ ਖੋਜੀ ਥਾਮਸ ਐਡੀਸਨ ਨੇ ਦਸ ਹਜ਼ਾਰ ਵਾਰ ਫੇਲ੍ਹ ਹੋਣ ਤੋਂ ਬਾਅਦ ਅੰਤ ਨੂੰ ਬਲਬ ਦੀ ਖੋਜ ਕਰਨ ਵਿਚ ਸਫਲਤਾ ਹਾਸਲ ਕੀਤੀ। ਉਸਨੇ ਆਪਣੀਆਂ ਅਸਫਲਤਾਵਾਂ ਨੂੰ ਸਾਕਾਰਾਤਮਕ ਰੂਪ ਵਿਚ ਲਿਆ ਤੇ ਦੁਨੀਆਂ ਨੂੰ ਦੱਸਿਆ ਕਿ ਉਹ ਖੋਜ ਕਰਦਾ ਵੀ ਹਾਰਿਆ ਨਹੀਂ ਸੀ ਸਗੋਂ ਉਸਨੇ ਅਜਿਹੇ ਦਸ ਹਜ਼ਾਰ ਤਰੀਕੇ ਲੱਭੇ ਜਿਨ੍ਹਾਂ ਨਾਲ ਬਲਬ ਦੀ ਖੋਜ ਨਹੀਂ ਕੀਤੀ ਜਾ ਸਕਦੀ ਸੀ। ਦੂਜੇ ਸ਼ਬਦਾਂ ਵਿਚ ਉਸਨੇ ਆਪਣੀਆਂ ਹਾਰਾਂ ਦੇ ਰੋੜਿਆਂ ਨੂੰ ਮੰਜ਼ਿਲ ਵੱਲ ਜਾਂਦੀ ਸੜਕ ’ਤੇ ਵਿਛਾ ਕੇ ਰਸਤਾ ਤਿਆਰ ਕਰਕੇ ਬਲਬ ਦੀ ਖੋਜ ਕਰਕੇ ਦੁਨੀਆਂ ਨੂੰ ਰੁਸ਼ਨਾ ਦਿੱਤਾ।
ਵੱਡੀਆਂ ਪ੍ਰਾਪਤੀਆਂ ਕਰਨ ਲਈ ਵੱਧ ਜ਼ੋਰ ਦੀ ਲੋੜ ਨਹੀਂ ਹੁੰਦੀ, ਲਗਾਤਾਰਤਾ ਦੀ ਲੋੜ ਹੁੰਦੀ ਹੈ। ਆਪਣੀ ਊਰਜਾ ਨੂੰ ਸਹੀ ਸਮੇਂ ’ਤੇ ਵਰਤਣ ਦੀ ਕਾਰਜ ਯੋਜਨਾ ਬਣਾਉਣ ਦੀ ਲੋੜ ਹੁੰਦੀ ਹੈ। ਦਮ ਲੈਣ ਤੋਂ ਬਾਅਦ ਦੁਬਾਰਾ ਤੁਰਨ ਵਾਲੇ ਮੱਠੀ ਚਾਲ ਨਾਲ ਵੀ ਜਿੱਤ ਜਾਂਦੇ ਹਨ ਤੇ ਖਰਗੋਸ਼ ਵਰਗੇ ਦੌੜਾਕ ਹੰਕਾਰ ਅਤੇ ਸੁਸਤੀ ਕਾਰਨ ਹਾਰ ਜਾਂਦੇ ਹਨ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਰਫ਼ਤਾਰ ਨਾਲੋਂ ਦਿਸ਼ਾ ਤੇ ਲਗਾਤਾਰ ਕੋਸ਼ਿਸ਼ਾਂ ਦਾ ਵੱਧ ਮਹੱਤਵ ਹੁੰਦਾ ਹੈ। ਆਪਣੇ ਅੰਦਰੋਂ ਤੇ ਆਲੇ ਦੁਆਲੇ ਤੋਂ ਪ੍ਰੇਰਨਾ ਲੈ ਕੇ ਲਗਾਤਾਰ ਚੱਲਦੇ ਰਹਿਣ ਵਾਲਿਆਂ ਨੂੰ ਹੀ ਮੰਜ਼ਿਲਾਂ ਨਸੀਬ ਹੁੰਦੀਆਂ ਹਨ। ਕੰਮ ਪ੍ਰਤੀ ਸਮਰਪਿਤ ਹੋਣਾ ਪੈਂਦਾ ਹੈ ਤੇ ਜੀਵਨ ਵਿਚ ਵੱਡੇ ਤਿਆਗ ਕਰਨੇ ਪੈਂਦੇ ਹਨ। ਜਜ਼ਬਾਤਾਂ ’ਤੇ ਕਾਬੂ ਪਾ ਕੇ ਇਕ ਧਾਰਾ ਵਿਚ ਲਗਾਤਾਰ ਕੰਮ ਕਰਨ ਵਾਲੇ ਆਖਿਰ ਨੂੰ ਜਿੱਤ ਦਾ ਝੰਡਾ ਝੁਲਾ ਹੀ ਦਿੰਦੇ ਹਨ ਭਾਵੇਂ ਉਨ੍ਹਾਂ ਦੀ ਚਾਲ ਕਿੰਨੀ ਵੀ ਮੱਠੀ ਕਿਉਂ ਨਾ ਹੋਵੇ। ਜੇਕਰ ਤੁਸੀਂ ਪੂਰੀ ਲਗਨ ਨਾਲ ਠੀਕ ਦਿਸ਼ਾ ਵੱਲ ਤੁਰ ਰਹੇ ਹੋ ਤਾਂ ਤੁਹਾਡੇ ਕਦਮ ਕਿੰਨੇ ਵੀ ਛੋਟੇ ਕਿਉਂ ਨਾ ਹੋਣ ਤੁਸੀਂ ਮੰਜ਼ਿਲ ’ਤੇ ਪਹੁੰਚ ਹੀ ਜਾਣਾ ਹੁੰਦਾ ਹੈ। ਕਾਮਯਾਬੀ ਹਾਸਲ ਕਰਨ ਲਈ ਸਮਾਰਟ ਕੰਮ ਕਰਨ ਦੇ ਨਾਲ-ਨਾਲ ਨਵੀਆਂ ਜੁਗਤਾਂ ਵੀ ਲੜਾਉਣੀਆਂ ਪੈਂਦੀਆਂ ਹਨ।
ਕਿਸੇ ਵੀ ਕਾਰਜ ਪ੍ਰਤੀ ਕੀਤੇ ਰੋਜ਼ਾਨਾ ਨਿੱਕੇ-ਨਿੱਕੇ ਕੰਮਾਂ ਦੇ ਨਤੀਜੇ ਬੜੇ ਅਦਭੁੱਤ ਹੁੰਦੇ ਹਨ ਜੋ ਸਾਨੂੰ ਵੱਡੀਆਂ ਜਿੱਤਾਂ ਦਿਵਾ ਦਿੰਦੇ ਹਨ। ਜੇਕਰ ਕੋਈ ਲਿਖਾਰੀ ਹਰ ਰੋਜ਼ ਇਕ ਪੰਨਾ ਲਿਖਦਾ ਹੈ ਤਾਂ ਉਹ ਸਾਲ ਦੇ ਅੰਤ ਵਿਚ 365 ਪੰਨਿਆਂ ਦੀ ਕਿਤਾਬ ਲਿਖਣ ਵਿਚ ਕਾਮਯਾਬ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਜੇਕਰ ਕੋਈ ਹਰ ਰੋਜ਼ ਵੀਹ ਮਿੰਟ ਪੜ੍ਹਦਾ ਹੈ ਤਾਂ ਉਹ ਸਾਲ ਦੇ ਅੰਤ ਵਿਚ 120 ਘੰਟਿਆਂ ਦਾ ਅਧਿਐਨ ਕਰ ਚੁੱਕਾ ਹੁੰਦਾ ਹੈ। ਇਕ ਵਿਦਿਆਰਥੀ ਜੋ ਆਪਣੇ ਸਾਥੀਆਂ ਨਾਲੋਂ ਦੋ ਘੰਟੇ ਪਹਿਲਾਂ ਉੱਠਦਾ ਹੈ, ਮਹੀਨੇ ਦੇ ਅੰਤ ਵਿਚ 60 ਘੰਟੇ ਦੀ ਵੱਧ ਪੜ੍ਹਾਈ ਕਰ ਚੁੱਕਿਆ ਹੁੰਦਾ ਹੈ।
ਤੁਹਾਡੇ ਸੰਕਲਪ ਕਿੰਨੇ ਵੱਡੇ ਵੀ ਕਿਉਂ ਨਾ ਹੋਣ, ਜੇਕਰ ਉਨ੍ਹਾਂ ਦੀ ਪ੍ਰਾਪਤੀ ਲਈ ਤੁਸੀਂ ਰੋਜ਼ਾਨਾ ਛੋਟੇ- ਛੋਟੇ ਯਤਨ ਕਰਦੇ ਹੋ ਤਾਂ ਅੰਤ ਨੂੰ ਕਾਮਯਾਬ ਹੋ ਜਾਂਦੇ ਹੋ। ਆਪਣੀਆਂ ਰੋਜ਼ਾਨਾ ਗਤੀਵਿਧੀਆਂ ਦੇ ਖ਼ੁਦ ਜੱਜ ਬਣੋ। ਆਪਣੇ ਦੁਆਰਾ ਕੀਤੇ ਯਤਨਾਂ ਦਾ ਖੁਦ ਨਿਰੀਖਣ ਕਰੋ ਤੇ ਸਾਕਾਰਾਤਮਕ ਤਬਦੀਲੀਆਂ ਨੂੰ ਨੋਟ ਕਰੋ। ਜਿੱਤ ਇਕ ਦਿਨ ਜਾਂ ਹਫ਼ਤੇ ਦੀ ਖੇਡ ਨਹੀਂ ਹੁੰਦੀ ਤੇ ਕਈ ਵਾਰ ਤਾਂ ਨਿਸ਼ਾਨੇ ’ਤੇ ਪਹੁੰਚਣ ਲਈ ਕਈ ਸਾਲ ਵੀ ਲੱਗ ਜਾਂਦੇ ਹਨ। ਆਮ ਤੌਰ ’ਤੇ ਅਸੀਂ ਉਦੋਂ ਯਤਨ ਕਰਨੇ ਛੱਡ ਦਿੰਦੇ ਹਾਂ ਜਦੋਂ ਮੰਜ਼ਿਲ ਤੋਂ ਕੇਵਲ ਇਕ ਕਦਮ ਦੂਰ ਹੁੰਦੇ ਹਾਂ, ਇਸ ਲਈ ਤੁਹਾਨੂੰ ਆਪਣੇ ਯਤਨਾਂ ਅਤੇ ਪ੍ਰਾਪਤੀ ਦਾ ਸਹੀ ਅਨੁਮਾਨ ਪਤਾ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਉੱਚੇ ਪਹਾੜ ’ਤੇ ਚੜ੍ਹਨਾ ਹੈ ਤਾਂ ਰਸਤੇ ਵਿਚ ਕਿਸੇ ਖ਼ੁਸ਼ਗਵਾਰ ਹੋਟਲ ’ਤੇ ਰੁਕ ਕੇ ਕੌਫ਼ੀ ਪੀਣਾ ਅਤੇ ਆਸੇ ਪਾਸੇ ਨੂੰ ਨਿਹਾਰਨਾ ਸਾਨੂੰ ਚੜ੍ਹਾਈ ਚੜ੍ਹਨ ਲਈ ਬੇਅੰਤ ਤਾਕਤ ਦਿੰਦਾ ਹੈ। ਔਖੇ ਯਤਨਾਂ ਨਾਲ ਪ੍ਰਾਪਤ ਕੀਤੀ ਚੀਜ਼ ਦਾ ਵੱਖਰਾ ਹੀ ਸੁਆਦ ਹੁੰਦਾ ਹੈ। ਜਿੱਤ ਦੇ ਰਸਤੇ ਵਿਚ ਆਉਂਦੀਆਂ ਰੁਕਾਵਟਾਂ ਸਾਡੇ ਅਸਲ ਅੰਦਰਲੇ ਜਜ਼ਬੇ ਦੀ ਪ੍ਰੀਖਿਆ ਲੈ ਰਹੀਆਂ ਹੁੰਦੀਆਂ ਹਨ। ਸਾਡੀਆਂ ਪ੍ਰਾਪਤੀਆਂ ਦੀ ਲੋਕ ਤਾਂ ਖ਼ੂਬ ਪ੍ਰਸ਼ੰਸਾ ਕਰਦੇ ਹਨ, ਪਰ ਅਸੀਂ ਖ਼ੁਦ ਨੂੰ ਸ਼ਾਬਾਸ਼ ਦੇਣੀ ਭੁੱਲ ਜਾਂਦੇ ਹਾਂ। ਸਾਡੇ ਕੰਮਾਂ ਤੇ ਕੋਸ਼ਿਸ਼ਾਂ ਪ੍ਰਤੀ ਸਾਡੀ ਸਹਿਮਤੀ ਅਤੇ ਹੱਲਾ ਸ਼ੇਰੀ ਹੋਣੀ ਵੀ ਜ਼ਰੂਰੀ ਹੈ, ਸਾਡੀ ਅਜਿਹੀ ਉਸਾਰੂ ਸੋਚ ਸਾਨੂੰ ਅਹਿਸਾਸ ਕਰਵਾਉਂਦੀ ਹੈ ਕਿ ਅਸੀਂ ਜਿੱਤ ਦੇ ਰਸਤੇ ’ਤੇ ਹਾਂ। ਖ਼ੁਦ ਨੂੰ ਥਾਪੜਾ ਦੇਣ ਨਾਲ ਸਾਨੂੰ ਅੰਦਰੋਂ ਉਤਸ਼ਾਹ ਮਿਲਦਾ ਹੈ ਜੋ ਸਾਡੇ ਕਦਮਾਂ ਨੂੰ ਤੇਜ਼ ਕਰਨ ਲਈ ਰਾਮਬਾਣ ਦਾ ਕੰਮ ਕਰਦਾ ਹੈ।
ਚੰਗੀਆਂ ਆਦਤਾਂ ਵੀ ਸਫਲਤਾ ਦੇ ਬਰਾਬਰ ਹੁੰਦੀਆਂ ਹਨ। ਜੇਤੂ ਲੋਕ ਆਪਣੀ ਊਰਜਾ ਭਵਿੱਖ ਜਾਂ ਭੂਤ ਕਾਲ ਬਾਰੇ ਸੋਚ ਕੇ ਨਹੀਂ ਗਵਾਉਂਦੇ ਸਗੋਂ ਉਹ ਵਰਤਮਾਨ ’ਤੇ ਅਜਿਹੀ ਕਾਠੀ ਪਾਉਂਦੇ ਹਨ ਕਿ ਮਿਸ਼ਨ ਪੂਰਤੀ ਤਕ ਦਮ ਨਹੀਂ ਲੈਂਦੇ। ਕਈ ਵਾਰੀ ਪਹਾੜ ਨਾਲ ਮੱਥਾ ਲਾ ਕੇ ਅਸੀਂ ਆਪਣੀ ਸਾਰੀ ਊਰਜਾ ਗਵਾ ਲੈਂਦੇ ਹਾਂ, ਪਰ ਜਿੱਤ ਨਸੀਬ ਨਹੀਂ ਹੁੰਦੀ। ਇਸ ਲਈ ਆਪਣੀ ਕਾਮਯਾਬੀ ਨੂੰ ਕਿਸ਼ਤਾਂ ਵਿਚ ਵੰਡ ਕੇ ਛੋਟੀਆਂ- ਛੋਟੀਆਂ ਜਿੱਤਾਂ ਹਾਸਲ ਕਰਨ ਨਾਲ ਤੁਹਾਨੂੰ ਤੁਹਾਡੇ ਯਤਨਾਂ ਦੀ ਕਾਮਯਾਬੀ ਸਾਫ਼ ਦਿਖਾਈ ਦੇਣ ਲੱਗ ਜਾਂਦੀ ਹੈ। ਜਿੱਤਣ ਲਈ ਯਤਨ ਕਰਦੇ ਰਹੋ। ਸਮਾਂ ਸੀਮਾ ਨਿਸ਼ਚਤ ਨਾ ਕਰੋ ਇਸ ਨਾਲ ਸਾਡੀ ਜ਼ਿੰਦਗੀ ਦੀ ਖ਼ੁਸ਼ੀ ਬਣੀ ਰਹੇਗੀ। ਲਗਾਤਾਰ ਕਠਿਨ ਕੰਮਾਂ ਵਿਚ ਫਸੇ ਰਹਿਣਾ ਵੀ ਜ਼ਿੰਦਗੀ ਨਹੀਂ ਹੁੰਦੀ, ਇਸ ਲਈ ਸੂਖਮ ਕਲਾਵਾਂ ਦੇ ਪ੍ਰੇਮੀ ਵੀ ਬਣੇ ਰਹੋ। ਗੀਤ-ਸੰਗੀਤ, ਚਿੱਤਰਕਾਰੀ ਆਦਿ ਰਾਹੀਂ ਜ਼ਿੰਦਗੀ ਦੇ ਰੰਗਾਂ ਨਾਲ ਜੁੜੇ ਰਹੋ ਕਿਉਂਕਿ ਤਨ ਨਾਲੋਂ ਸਾਡੇ ਮਨ ਦੀ ਬਹਾਰ ਵੀ ਬਹੁਤ ਜ਼ਰੂਰੀ ਹੈ। ਖ਼ੁਦ ਦਾ ਅੱਗੇ ਲੰਘਣਾ ਉਦੋਂ ਹੋਰ ਵੀ ਅਰਥ ਭਰਪੂਰ ਹੋ ਜਾਂਦਾ ਹੈ ਜਦੋਂ ਅਸੀਂ ਪਿਛਲਿਆਂ ਨੂੰ ਬਾਂਹ ਫੜ ਕੇ ਬਰਾਬਰ ਤੋਰ ਰਹੇ ਹੁੰਦੇ ਹਾਂ। ਸਹਿਯੋਗ, ਸੇਵਾ ਅਤੇ ਸਮਰਪਣ ਦੀ ਸੋਚ ਨੂੰ ਪ੍ਰਣਾਏ ਹੋਏ ਨਿੱਕੀਆਂ ਪੁਲਾਂਘਾਂ ਵਾਲੇ ਜੇਤੂ ਪਾਂਧੀ ਮੰਜ਼ਿਲ ’ਤੇ ਤਾਂ ਪਹੁੰਚਦੇ ਹੀ ਹਨ ਸਗੋਂ ਲੋਕਾਂ ਦਾ ਦਿਲ ਵੀ ਜਿੱਤ ਲੈਂਦੇ ਹਨ।

ਸੰਪਰਕ: 94630-24575


Comments Off on ਨਿੱਕੀਆਂ ਪੁਲਾਂਘਾਂ ਦੀਆਂ ਵੱਡੀਆਂ ਮੰਜ਼ਿਲਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.