ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਨਸ਼ਾ ਜਿਊਣ ਦਾ ਈ ਬਥੇਰਾ

Posted On March - 14 - 2020

ਕਰਨੈਲ ਸਿੰਘ ਸੋਮਲ

ਜ਼ਿੰਦਗੀ ਦੇ ਰਾਹ, ਪਹਿਆਂ ਤੇ ਪਗਡੰਡੀਆਂ ਕਦੇ ਟੇਢੇ-ਮੇਢੇ, ਕਦੇ ਸਪਾਟ ਤੇ ਕਦੇ ਉਚਾਣਾਂ-ਨਿਵਾਣਾਂ ਵਾਲੇ ਤੇ ਕਿਤੇ ਦਰਿਆ ਵਾਂਗ ਚੌੜੇ, ਕਿਤੇ ਸੌੜੇ, ਵਿੰਗ-ਵਲੇਵਿਆਂ ਵਾਲੇ ਹੁੰਦੇ ਹਨ। ਜੀਵਨ ਜ਼ਿਆਦਾਤਰ ਜੱਦੋਜਹਿਦ ਹੁੰਦਾ ਹੈ, ਜਿਸ ਪਾਸੇ ਨੂੰ ਰਾਹ ਮਿਲਦਾ ਹੈ, ਬੰਦਾ ਤੁਰੀ ਜਾਂਦਾ ਹੈ। ਨਵੇਂ ਰਾਹ ਵੀ ਪਈ ਜਾਂਦੇ ਹਨ। ਬਿਰਖ ਦੀਆਂ ਟਾਹਣੀਆਂ ਤੇ ਧਰਤੀ ਹੇਠ ਆਪਣੀ ਪਕੜ ਬਣਾਉਂਦੀਆਂ ਉਸ ਦੀਆਂ ਜੜਾਂ ਕਈ ਪ੍ਰਕਾਰ ਦੀਆਂ ਦਾਬਾਂ ਅਤੇ ਖਿੱਚਾਂ ਕਾਰਨ ਕਿੰਨੀਆਂ ਹੀ ਸ਼ਕਲਾਂ, ਅਕਸਰ ਕਲਾਮਈ ਅਖ਼ਤਿਆਰ ਕਰਦੀਆਂ ਹਨ। ਇਸਤੋਂ ਸਮਝ ਆਉਂਦੀ ਹੈ ਕਿ ਜੀਵਨ ਵਿਚ ਦੁੱਖ ਅਤੇ ਸੁੱਖ ਕਿਵੇਂ ਪੈਦਾ ਹੁੰਦੇ ਹਨ। ਕਿਤੇ ਮਜਬੂਰੀ ਤੇ ਮੁਸ਼ਕਲ, ਕਿਤੇ ਸੁਖਾਲਾ ਸਾਹ ਤੇ ਸਹਿਜ। ਇਸੇ ਵਿਚ ਜ਼ਿੰਦਗੀ ਦੀ ਖਿੱਚ ਦਾ ਰਹੱਸ ਲੁਕਿਆ ਹੋਇਆ ਹੈ।
ਬਾਲ-ਉਮਰੇ ਕਦੇ ਖਿੜ-ਖਿੜਾ ਕੇ ਹੱਸਣਾ ਤੇ ਕਦੇ ਰੱਜ ਕੇ ਰੋਣਾ। ਕੁਝ ਵੀ ਬੋਝ ਨਹੀਂ ਬਣਦਾ। ਮਾਨਸਿਕ ਗੰਢਾਂ ਤੇ ਢਿੱਡ ਵਿਚ ਪੈਂਦੇ ਗੋਲੇ ਵਡੇਰੀ ਉਮਰ ਦੇ ਵਰਤਾਰੇ ਹਨ। ਕਿਸੇ ਨੇ ਬੜੀ ਟੁੰਬਵੀਂ ਤੇ ਸਰਸ਼ਾਰ ਕਰਨ ਵਾਲੀ ਗੱਲ ਆਖੀ। ਜੁਗੜੇ ਪਹਿਲਾਂ ਜਦੋਂ ਮਨੁੱਖ ਕੁਦਰਤ ਦੀ ਗੋਦੀ ਵਿਚ ਪਲਦਾ ਸੀ, ਉਹ ਕਾਇਨਾਤ ਵਿਚ ਪਸਰੇ ਸੰਗੀਤ ਤੋਂ ਆਨੰਦਿਤ ਹੁੰਦਾ ਸੀ। ਕੁਦਰਤ ਦੇ ਅਨੇਕਾਂ ਰੰਗਾਂ ਨੂੰ ਵੇਖ ਵਿਸਮਿਤ ਵੀ ਹੋਈ ਜਾਂਦਾ ਤੇ ਭੈਅ-ਭੀਤ ਵੀ। ਦਿਨ ਚੜ੍ਹਦੇ ਤੇ ਫਿਰ ਛਿਪਦੇ, ਸਭ ਕੁਝ ਪਲੋ-ਪਲੀ ਬਦਲੀ ਜਾਂਦੇ। ਮਨੁੱਖ ਸਹਿਸਰਾਂ ਕੀਲਵੇਂ ਦ੍ਰਿਸ਼ਾਂ ਨੂੰ ਤੱਕਦਾ ਅਕਸਰ ਆਤਮ-ਵਿਭੋਰ ਹੁੰਦਾ ਸੀ। ਉਹ ਇਕੱਲਾ ਹੀ ਕਿਉਂ ਸਾਰਾ ਵਣ-ਤ੍ਰਿਣ, ਪਸ਼ੂ-ਪੰਛੀ, ਕੁਦਰਤ ਦੇ ਜਾਦੂਈ ਪ੍ਰਭਾਵ ਵਿਚ ਹੁੰਦੇ ਸਨ। ਹੌਲੀ ਹੌਲੀ ਬੜਾ ਕੁਝ ਬਦਲਿਆ, ਕਿੰਨਾ ਕੁਝ ਖੋਜਿਆ ਗਿਆ, ਮਨੁੱਖ ਬੜਾ ਅੱਗੇ ਲੰਘ ਗਿਆ। ਬਸ! ਫਿਰ ਪੰਛੀ ਹੀ ਰਹਿ ਗਏ ਜਿਨ੍ਹਾਂ ਨੂੰ ਦੋਵੇਂ ਵੇਲੇ ਮਿਲਦਿਆਂ ਤੇ ਆਨੰਦ-ਭਰਪੂਰ ਪਲਾਂ ਨਾਲ ਆਪਣੀ ਸੁਰ ਮਿਲਾਉਣਾ ਚੇਤੇ ਰਿਹਾ। ਮਨੁੱਖ ਹੋਰ ਕਿੰਨਾ ਕੁਝ ਨਵੇਂ ਤੋਂ ਨਵਾਂ ਯਾਦ ਕਰਦਾ ਗਿਆ, ਪਰ ਉਹ ਮੌਜ ਤੇ ਆਨੰਦ ਵਿਸਰ ਗਿਆ।

ਕਰਨੈਲ ਸਿੰਘ ਸੋਮਲ

ਮੱਥੇ ’ਤੇ ਤਿਊੜੀਆਂ ਪਾਈਂ ਰੱਖਣਾ ਤੇ ਕਸੇ-ਕਸੇ ਰਹਿਣਾ, ਨਾ ਖੁੱਲ੍ਹ ਕੇ ਕਦੇ ਹੱਸਣਾ ਤੇ ਨਾ ਰੋਣਾ। ਕਿਸੇ ਨਾਲ ਆਪਣੀ ਖ਼ੁਸ਼ੀ-ਗ਼ਮੀ ਸਾਂਝੀ ਕਰਨ ਤੋਂ ਝਿਜਕਣਾ, ਸੰਕੋਚ ਕਰਨਾ। ਉਹ ਤਾਂ ਬੱਚਿਆਂ ਦੀਆਂ ਖ਼ੁਸ਼ੀ ਵਿਚ ਮਾਰੀਆਂ ਕਿਲਕਾਰੀਆਂ ਨੂੰ ਵੀ ਬਰਦਾਸ਼ਤ ਨਹੀਂ ਕਰਦਾ। ਭਾਂਤ-ਭਾਂਤ ਦੇ ਰੋਗ ਚਿੰਬੜਨ ਲੱਗ ਪਏ। ਹੁਣ ਜਿਹੜੀਆਂ ਅਨੇਕਾਂ ਮੱਤਾਂ ਮਿਲਦੀਆਂ ਹਨ, ਉਨ੍ਹਾਂ ਨੂੰ ਪੰਛੀ-ਚੁੰਜਾਂ ਵਾਂਗ ਫਰੋਲ ਫਰੋਲ ਕਈ ਸਰਲ ਗੱਲਾਂ ਪਾਣੀ ’ਤੇ ਤੈਰਦੀਆਂ ਫੁੱਲ-ਪੱਤੀਆਂ ਵਾਂਗ ਨਜ਼ਰੀਂ ਪੈਂਦੀਆਂ ਹਨ। ਆਪਣੀ ਮਾਸੂਮੀਅਤ ਨੂੰ ਜੇ ਬਚਾ ਲਿਆ ਜਾਵੇ, ਆਪਣੇ ਅੰਦਰਲੇ ਬਾਲ ਨੂੰ ਮੁਸਕਰਾਉਣ ਦਿੱਤਾ ਜਾਵੇ, ਖੋਤੇ ਦਾ ਲੱਦ ਵੀ ਜਿਵੇਂ ਕਦੇ ਲਾਹ ਦਿੱਤਾ ਜਾਂਦਾ ਹੈ। ਆਪਣੇ ਬੋਝ ਛੰਡ ਕੇ ਸੁਖਾਲੇ-ਸੁਖਾਲੇ ਰਿਹਾ ਜਾਵੇ। ਜੇ ਨਿੱਕੇ ਚਾਵਾਂ ਨੂੰ ਤਿਤਲੀਆਂ ਵਾਂਗ ਉੱਡਣ ਦਿੱਤਾ ਜਾਵੇ, ਆਪਣੇ ਖੰਭ ਵੀ ਕਦੇ-ਕਦਾਈਂ ਖੋਲ੍ਹ ਦਿੱਤੇ ਜਾਣ, ਫਿਰ ਬੰਦਾ ਚੱਜ ਨਾਲ ਭਰਪੂਰ ਜਿਊਣ ਦੇ ਰਾਹ ਚੱਲੇ। ਫਿਰ ਉਸਨੂੰ ਨਾ ਢਲ ਗਏ ਪਰਛਾਵਿਆਂ ਦਾ ਝੋਰਾ ਤੇ ਨਾ ਪੈਂਦੀਆਂ ਡੂੰਘੀਆਂ ਸ਼ਾਮਾਂ ਦਾ ਕੋਈ ਭੈਅ। ਨਸ਼ਾ ਜਿਊਣ ਦਾ ਬਥੇਰਾ, ਹੋਰ ਨਸ਼ੇ ਥੁੜ-ਚਿਰੇ ਤੇ ਮਸਨੂਈ ਹਨ। ਉਨ੍ਹਾਂ ਵੱਲ ਕੋਈ ਅੱਖ ਭਰ ਕੇ ਤੱਕੇ ਵੀ ਨਾ। ਇਹੀ ਖ਼ੁਸ਼ਹਾਲ ਜ਼ਿੰਦਗੀ ਦਾ ਰਾਜ਼ ਹੈ।

ਸੰਪਰਕ: 88476-47101


Comments Off on ਨਸ਼ਾ ਜਿਊਣ ਦਾ ਈ ਬਥੇਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.