ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਸੱਭਿਅਤਾ ਦੀ ਸ਼ੁਰੂਆਤ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਦੇਸ਼ ਭਰ ਵਿੱਚ 51 ਨਵੇਂ ਕੇਸ ਸਾਹਮਣੇ ਆਏ

Posted On March - 25 - 2020

ਕਰੋਨਾਵਾਇਰਸ ਦੇ ਮੱਦੇਨਜ਼ਰ ਪ੍ਰਯਾਗਰਾਜ ਵਿੱਚ ਲੌਕਡਾਊਨ ਦੇ ਦੂਜੇ ਦਿਨ ਮੰਗਲਵਾਰ ਨੂੰ ਸਵੇਰ ਵੇਲੇ ਅਖਬਾਰਾਂ ਇਕੱਠੀਆਂ ਕਰਦੇ ਹੋਏ ਹਾਕਰ। -ਫੋਟੋ: ਪੀਟੀਆਈ

ਨਵੀਂ ਦਿੱਲੀ, 24 ਮਾਰਚ
ਭਾਰਤ ਵਿੱਚ ਅੱਜ 51 ਸੱਜਰੇ ਕੇਸਾਂ ਨਾਲ ਕਰੋਨਾਵਾਇਰਸ ਦੀ ਮਾਰ ਹੇਠ ਆਉਣ ਵਾਲੇ ਕੇਸਾਂ ਦਾ ਅੰਕੜਾ 519 ਹੋ ਗਿਆ ਹੈ ਜਦੋਂਕਿ ਇਕ ਹੋਰ ਮੌਤ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਦਸ ਹੋ ਗਈ ਹੈ। ਸੱਜਰੀ ਮੌਤ ਮਹਾਰਾਸ਼ਟਰ ਤੋਂ ਰਿਪੋਰਟ ਹੋਈ ਹੈ, ਜਿੱਥੇ ਯੂਏਈ ਤੋਂ ਪਰਤੇ 65 ਸਾਲਾ ਵਿਅਕਤੀ ਨੇ ਦਮ ਤੋੜ ਦਿੱਤਾ। ਮਹਾਰਾਸ਼ਟਰ ਵਿੱਚ ਕੋਵਿਡ-19 ਨਾਲ ਪੀੜਤ ਕੇਸਾਂ ਦੀ ਗਿਣਤੀ 107 ਹੋ ਗਈ ਹੈ। 91 ਕੇਸਾਂ ਨਾਲ ਕੇਰਲਾ ਇਸ ਸੂਚੀ ਵਿੱਚ ਦੂਜੇ ਸਥਾਨ ’ਤੇ ਖਿਸਕ ਗਿਆ ਹੈ।
ਮਹਾਰਾਸ਼ਟਰ ਵਿੱਚ ਅੱਜ 65 ਸਾਲਾ ਵਿਅਕਤੀ ਨੇ ਮੁੰਬਈ ਵਿਚ ਦਮ ਤੋੜ ਦਿੱਤਾ। ਇਸ ਮੌਤ ਨਾਲ ਮਹਾਨਗਰ ਵਿੱਚ ਕੋਵਿਡ-19 ਕਰਕੇ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਨੇ ਇਕ ਬਿਆਨ ਵਿੱਚ ਕਿਹਾ ਕਿ ਪੀੜਤ ਵਿਅਕਤੀ ਅਜੇ ਪਿੱਛੇ ਜਿਹੇ ਯੂਏਈ ਤੋਂ ਅਹਿਮਦਾਬਾਦ ਪਰਤਿਆ ਸੀ। ਉਸ ਨੂੰ ਬੁਖ਼ਾਰ, ਖੰਘ ਤੇ ਸਾਹ ਲੈਣ ਵਿੱਚ ਤਕਲੀਫ਼ ਮਗਰੋਂ ਇਲਾਜ ਲਈ 20 ਮਾਰਚ ਨੂੰ ਮੁੰਬਈ ਦੇ ਕਸਤੂਰਬਾ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਪਰ ਉਸ ਦੀ ਹਾਲਤ ਹੋਰ ਵਿਗੜ ਗਈ। ਇਸ ਤੋਂ ਇਲਾਵਾ ਉਸ ਨੂੰ ਪਹਿਲਾਂ ਤੋਂ ਹਾਈ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਸੀ। ਉਹਦੀ ਸੋਮਵਾਰ ਦੇਰ ਰਾਤ ਮੌਤ ਹੋ ਗਈ। ਸਿਹਤ ਮੰਤਰਾਲੇ ਵੱਲੋਂ ਅੱਜ ਨਵਿਆਏ ਅੰਕੜਿਆਂ ਮੁਤਾਬਕ ਕੋਵਿਡ-19 ਕੇਸਾਂ ਦੀ ਗਿਣਤੀ ਵਧ ਕੇ 519 ਹੋ ਗਈ ਹੈ। ਇਨ੍ਹਾਂ ਵਿੱਚ ਸਰਗਰਮ ਕੇਸਾਂ ਦੀ ਗਿਣਤੀ 470 ਹੈ। ਇਸ ਅੰਕੜੇ ਵਿੱਚ 41 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਹੁਣ ਤਕ ਦੇਸ਼ ਭਰ ਵਿੱਚੋਂ 10 ਮੌਤਾਂ ਰਿਪੋਰਟ ਹੋਈਆਂ ਹਨ। ਲੰਘੇ ਦਿਨ ਪੱਛਮੀ ਬੰਗਾਲ ਤੇ ਹਿਮਾਚਲ ਪ੍ਰਦੇਸ਼ ਵਿੱਚ ਹੋਈ ਇਕ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਦੋਂਕਿ ਸੱਤ ਮੌਤਾਂ ਮਹਾਰਾਸ਼ਟਰ (ਦੋ), ਬਿਹਾਰ, ਕਰਨਾਟਕ, ਦਿੱਲੀ, ਗੁਜਰਾਤ ਤੇ ਪੰਜਾਬ ਤੋਂ ਪਿਛਲੇ ਦਿਨਾਂ ਵਿੱਚ ਰਿਪੋਰਟ ਹੋਈਆਂ ਸਨ। ਹੁਣ ਤਕ 37 ਵਿਅਕਤੀਆਂ ਨੂੰ ਵਾਇਰਸ ਤੋਂ ਉਭਰਨ ਮਗਰੋਂ ਹਸਪਤਾਲ ’ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਵਾਇਰਲ ਲਾਗ ਦੇ ਵਧਦੇ ਕੇਸਾਂ ਦਰਮਿਆਨ 32 ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੇ 31 ਮਾਰਚ ਤਕ ਮੁਕੰਮਲ ਤਾਲਾਬੰਦੀ ਲਾਗੂ ਕਰ ਦਿੱਤੀ ਹੈ। ਆਇਦ ਪਾਬੰਦੀਆਂ ਤਹਿਤ ਜਿੱਥੇ ਲੋਕਾਂ ਦੇ ਇਕੱਤਰ ਹੋਣ ’ਤੇ ਮੁਕੰਮਲ ਮਨਾਹੀ ਹੈ, ਉਥੇ ਸੜਕੀ, ਰੇਲ ਤੇ ਹਵਾਈ ਆਵਾਜਾਈ ਵੀ ਬੰਦ ਰਹੇਗੀ। ਕੇਂਦਰ ਨੇ ਲੋਕਾਂ ਵੱਲੋਂ ਤਾਲਾਬੰਦੀ ਦਾ ਉਲੰਘਣ ਕੀਤੇ ਜਾਣ ’ਤੇ ਕਰਫਿਊ ਲਾਉਣ ਦੇ ਹੁਕਮ ਕੀਤੇ ਹਨ। ਪੰਜਾਬ, ਮਹਾਰਾਸ਼ਟਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਤੇ ਪੁੱਡੂਚੇਰੀ ਪਹਿਲਾਂ ਹੀ ਮੁਕੰਮਲ ਕਰਫਿਊ ਲਾ ਚੁੱਕੇ ਹਨ। ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਸੈਂਕੜੇ ਲੋਕਾਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ। ਹੈਦਰਾਬਾਦ ਵਿੱਚ ਪੁਲੀਸ ਨੂੰ ਲਾਠੀਚਾਰਜ ਵੀ ਕਰਨਾ ਪਿਆ। ਯੂਪੀ ਵਿੱਚ ਯੋਗੀ ਸਰਕਾਰ ਨੇ ਤਾਲਾਬੰਦੀ ਨੂੰ ਰਾਜ ਦੇ ਸਾਰੇ ਜ਼ਿਲ੍ਹਿਆਂ ’ਤੇ ਲਾਗੂ ਕਰ ਦਿੱਤਾ ਹੈ। ਹਰਿਆਣਾ ਵਿੱਚ ਕੁਝ ਥਾਈਂ ਪੁਲੀਸ ਨੂੰ ਲੋਕਾਂ ਨੂੰ ਸੜਕਾਂ ’ਤੇ ਆਉਣ ਤੋਂ ਰੋਕਣ ਵਿੱਚ ਖਾਸੀ ਪ੍ਰੇਸ਼ਾਨੀ ਹੋਈ।
ਮਹਾਰਾਸ਼ਟਰ ਅੱਜ 27 ਸੱਜਰੇ ਕੇਸਾਂ ਮਗਰੋਂ 101 ਦੇ ਅੰਕੜੇ ਨਾਲ ਮੁੜ ਸਿਖਰ ’ਤੇ ਪੁੱਜ ਗਿਆ ਹੈ। ਇਸ ਅੰਕੜੇ ਵਿੱਚ ਤਿੰਨ ਵਿਦੇਸ਼ੀ ਨਾਗਰਿਕ ਤੇ ਤਿੰਨ ਮੌਤਾਂ ਵੀ ਸ਼ਾਮਲ ਹਨ। ਕੇਰਲਾ ਵਿੱਚ ਅੱਠ ਵਿਦੇਸ਼ੀ ਨਾਗਰਿਕਾਂ ਸਮੇਤ ਕੋਵਿਡ-19 ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 95 ਹੋ ਗਈ ਹੈ। ਕਰਨਾਟਕ ਵਿੱਚ 37, ਰਾਜਸਥਾਨ ਵਿਚ 33, ਉੱਤਰ ਪ੍ਰਦੇਸ਼ 33, ਤਿਲੰਗਾਨਾ 32, ਨਵੀਂ ਦਿੱਲੀ 31, ਗੁਜਰਾਤ 29, ਹਰਿਆਣਾ 26, ਪੰਜਾਬ 21, ਲੱਦਾਖ 13 ਅਤੇ ਤਾਮਿਲ ਨਾਡੂ ਵਿੱਚ 12 ਕੇਸਾਂ ਦਾ ਪਤਾ ਲੱਗਾ ਹੈ। ਪੱਛਮੀ ਬੰਗਾਲ, ਮੱਧ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਵਿੱਚ ਹੁਣ ਤਕ 7-7 ਕੇਸ ਸਿਹਤ ਅਮਲੇ ਦੇ ਧਿਆਨ ਵਿੱਚ ਆਏ ਹਨ। ਚੰਡੀਗੜ੍ਹ ਤੇ ਜੰਮੂ ਕਸ਼ਮੀਰ ਵਿੱਚ ਕੇਸਾਂ ਦੀ ਗਿਣਤੀ ਕ੍ਰਮਵਾਰ 6 ਤੇ 4 ਕੇਸ ਹੈ। ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਤੋਂ ਤਿੰਨ-ਤਿੰਨ, ਬਿਹਾਰ ਤੇ ਉੜੀਸਾ ਵਿੱਚ ਦੋ-ਦੋ ਅਤੇ ਪੁੱਡੂਚੇਰੀ ਤੇ ਛੱਤੀਸਗੜ੍ਹ ਵਿੱਚ 1-1 ਕੇਸ ਰਿਪੋਰਟ ਹੋਇਆ ਹੈ।

‘ਨਮੂਨਿਆਂ ਦੀ ਜਾਂਚ ਕਰਨ ਵਾਲੇ ਵਿਗਿਆਨੀ ਮੂਹਰਲੀ ਕਤਾਰ ਦੇ ਜੰਗਜੂ’

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕੋਵਿਡ-19 ਲਈ ਦੇਸ਼ ਭਰ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਪ੍ਰਬੰਧਨ ਦਾ ਜਾਇਜ਼ਾ ਲਿਆ। ਉਨ੍ਹਾਂ ਨਮੂਨਿਆਂ ਦੀ ਜਾਂਚ ਵਿੱਚ ਲੱਗੇ ਵਿਗਿਆਨੀਆਂ ਨੂੰ ਸਲਾਮ ਕਰਦਿਆਂ ਉਨ੍ਹਾਂ ਨੂੰ ਮੂਹਰਲੀ ਕਤਾਰ ਦੇ ਜੰਗਜੂ ਦੱਸਿਆ। ਸਿਹਤ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਅੱਜ ਦੀ ਤਰੀਕ ਵਿੱਚ 1,87,904 ਵਿਅਕਤੀ ਲਗਾਤਾਰ ਨਿਗਰਾਨੀ ਹੇਠ ਹਨ ਜਦੋਂਕਿ 35,073 ਲੋਕ 28 ਦਿਨਾਂ ਦੇ ਨਿਗਰਾਨੀ ਅਰਸੇ ਨੂੰ ਪੂਰਾ ਕਰ ਚੁੱਕੇ ਹਨ। ਸਿਹਤ ਮੰਤਰੀ ਅੱਜ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਦੇ ਕੰਟਰੋਲ ਰੂਮ ਤੇ ਟੈਸਟਿੰਗ ਲੈਬਾਰਟਰੀਜ਼ ਵਿੱਚ ਵੀ ਗਏ ਤੇ ਸੀਨੀਅਰ ਅਧਿਕਾਰੀਆਂ ਨਾਲ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ। ਉਹ ਵੀਡੀਓ ਕਾਨਫਰੰਸਿੰਗ ਜ਼ਰੀਏ ਨੈਸ਼ਨਲ ਹੈੱਲਥ ਮਿਸ਼ਨ (ਐੱਨਐੱਚਐੱਮ) ਦੇ ਐੱਮਡੀ’ਜ਼ ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਸਰਵੇਲੈਂਸ ਅਧਿਕਾਰੀਆਂ ਦੇ ਰੂਬਰੂ ਵੀ ਹੋਏ।
-ਪੀਟੀਆਈ

ਰਾਜਾਂ ਨੂੰ ਹਸਪਤਾਲਾਂ ਦੀ ਨਿਸ਼ਾਨਦੇਹੀ ਕਰਨ ਦੀ ਹਦਾਇਤ

ਨਵੀਂ ਦਿੱਲੀ: ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਅੱਜ ਇਕ ਪੱਤਰ ਲਿਖ ਕੇ ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਫੌਰੀ ਹਸਪਤਾਲਾਂ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ ਹੈ। ਸ੍ਰੀ ਗਾਬਾ ਨੇ ਪੱਤਰ ਵਿੱਚ ਕਿਹਾ ਕਿ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ’ਤੇ ਨਿਗਰਾਨੀ ਰੱਖਣੀ ਬਹੁਤ ਜ਼ਰੂਰੀ ਹੈ ਤਾਂ ਕਿ ਕੋਈ ਵੀ ਸ਼ੱਕੀ ਜਾਂ ਵਧੇਰੇ ਜੋਖ਼ਮ ਵਾਲਾ ਸ਼ਖ਼ਸ ਰਹਿ ਨਾ ਜਾਏ। ਉਨ੍ਹਾਂ ਕਿਹਾ, ‘ਸਾਰੇ ਰਾਜ ਫੌਰੀ ਅਜਿਹੇ ਹਸਪਤਾਲਾਂ ਦੀ ਨਿਸ਼ਾਨਦੇਹੀ ਕਰਨ, ਜੋ ਵਿਸ਼ੇਸ਼ ਕਰਕੇ ਕੋਵਿਡ-19 ਕੇਸਾਂ ਲਈ ਹੀ ਹੋਣਗੇ ਤੇ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਮੁਕੰਮਲ ਹੋਣ।

ਬਾਗ਼ਪਤ ਜੇਲ੍ਹ ਦੇ 20 ਕੈਦੀਆਂ ’ਚ ਮਿਲੇ ਕਰੋਨਾ ਦੇ ਲੱਛਣ

ਬਾਗ਼ਪਤ: ਬਾਗ਼ਪਤ ਜੇਲ੍ਹ ਵਿੱਚ ਬੰਦ 20 ਕੈਦੀਆਂ ਵਿੱਚ ਕਰੋਨਾਵਾਇਰਸ ਦੀ ਲਾਗ ਨਾਲ ਪੀੜਤ ਹੋਣ ਦੇ ਲੱਛਣ ਨਜ਼ਰ ਆਏ ਹਨ। ਜੇਲ੍ਹ ਪ੍ਰਸ਼ਾਸਨ ਨੇ ਫੌਰੀ ਹਰਕਤ ਵਿੱਚ ਆਉਂਦਿਆਂ ਇਨ੍ਹਾਂ ਕੈਦੀਆਂ ਨੂੰ ਹੋਰਾਂ ਨਾਲੋਂ ਅੱਡ ਕਰਦਿਆਂ ਇਕਾਂਤਵਾਸ ਵਿੱਚ ਰੱਖਿਆ ਹੈ। ਇਕ ਸੀਨੀਅਰ ਜੇਲ੍ਹ ਅਧਿਕਾਰੀ ਨੇ ਕਿਹਾ, ‘ਕਰੋਨਾ ਲਾਗ ਦੀ ਪੁਸ਼ਟੀ ਲਈ ਟੈਸਟ ਕੀਤੇ ਜਾ ਰਹੇ ਹਨ। ਜਦੋਂਕਿ ਜੇਲ੍ਹ ਵਿੱਚ ਆਉਣ ਵਾਲੇ ਨਵੇਂ ਕੈਦੀਆਂ ਨੂੰ ਮੈਡੀਕਲ ਚੈਕਅੱਪ ਕਰਵਾਉਣ ਲਈ ਆਖਿਆ ਜਾ ਰਿਹੈ।’ ਐੱਸਪੀ ਪ੍ਰਤਾਪ ਗੋਪੇਂਦਰ ਯਾਦਵ ਨਾਲ ਜੇਲ੍ਹ ਦਾ ਮੁਆਇਨਾ ਕਰਨ ਵਾਲੇ ਜ਼ਿਲ੍ਹਾ ਮੈਜਿਸਟਰੇਟ ਸ਼ਕੁੰਤਲਾ ਗੌਤਮ ਨੇ ਕਿਹਾ, ‘ਬੁਖ਼ਾਰ ਤੇ ਸਰਦੀ ਜ਼ੁਕਾਮ ਨਾਲ ਪੀੜਤ ਮਰੀਜ਼ਾਂ ਨੂੰ ਵੱਖਰੇ ਵਾਰਡਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਜੇਲ੍ਹ ਸੁਪਰਡੈਂਟ ਨੇ ਜੇਲ੍ਹ ਵਿਚ ਸਾਫ਼ ਸਫਾਈ ਰੱਖਣ ਦੀ ਹਦਾਇਤ ਕੀਤੀ ਹੈ।’


Comments Off on ਦੇਸ਼ ਭਰ ਵਿੱਚ 51 ਨਵੇਂ ਕੇਸ ਸਾਹਮਣੇ ਆਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.