ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ

Posted On March - 21 - 2020

ਲੇਖ ਲੜੀ – 11

ਅਤਰ ਸਿੰਘ

ਪਿੰਡ ਦੇ ਇਤਿਹਾਸਕ ਗੁਰਦੁਆਰਾ ਬਾਬੇ ਸਾਹਿਬ ਦੀ ਇਮਾਰਤ ਦੀ ਝਲਕ।

ਪੁਆਧੀ ਖੇਤਰ ਦੇ ਪਹਿਲਾਂ ਪਛੜਿਆ ਹੋਇਆ ਪਿੰਡ ਭਾਂਖਰਪੁਰ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਹੈ। ਇੱਥੋਂ ਵਿਦੇਸ਼ਾਂ ਦੇ ਵੱਖ-ਵੱਖ ਮੁਲਕਾਂ ਵਿਚ ਪੜ੍ਹਾਈ ਕਰਨ ਗਏ ਢਾਈ ਦਰਜਨ ਪਾੜ੍ਹਿਆਂ ਵੱਲੋਂ ਮਿਸਾਲ ਕਾਇਮ ਕੀਤੀ ਜਾ ਰਹੀ ਹੈ ਕਿ ਹੁਣ ਭਾਂਖਰਪੁਰ ਦੀ ਨੁਹਾਰ ਬਦਲ ਰਹੀ ਹੈ ਤੇ ਇੱਥੋਂ ਹੀ ਵਿਦੇਸ਼ ਵਿਚ ਗਏ ਕੁਝ ਵਾਸੀਆਂ ਨੇ ਪਿੰਡ ਦੀ ਨੁਹਾਰ ਬਦਲਣ ਲਈ ਬਾਹਰੋਂ ਪੈਸਾ ਵੀ ਭੇਜਿਆ ਹੈ। ਪਹਿਲਾਂ ਕੁੜੀਆਂ ਨੂੰ ਪਿੰਡੋਂ ਬਾਹਰਲੇ ਸਕੂਲ ਵਿਚ ਨਾ ਭੇਜਣ ਕਰ ਕੇ ਕੁੜੀਆਂ ਉੱਚ ਸਿੱਖਿਆ ਤੋਂ ਵਾਂਝੀਆਂ ਹੀ ਰਹਿ ਜਾਂਦੀਆਂ ਸਨ ਪਰ ਅੱਜ-ਕੱਲ੍ਹ ਇੱਥੇ ਕੁੜੀਆਂ ਵੀ ਉੱਚ ਸਿੱਖਿਆ ਹਾਸਲ ਕਰ ਰਹੀਆਂ ਹਨ।
ਇਕ ਵੱਖਰੀ ਪਛਾਣ ਅਤੇ ਚੌਧਰ ਦੇ ਲਾਲਚ ਤੋਂ ਹਟ ਕੇ ਜਾਣਿਆ ਜਾਂਦਾ ਹੈ ਪਿੰਡ ਭਾਂਖਰਪੁਰ ਦਾ ਗੁਰਦੁਆਰਾ ‘ਗੁਰਦੁਆਰਾ ਬਾਬੇ ਸਾਹਿਬ’ ਜਿੱਥੇ ਇਸ ਇਤਿਹਾਸਕ ਗੁਰਦੁਆਰੇ ਵਿੱਚ ਪਿਛਲੇ 25 ਸਾਲਾਂ ਤੋਂ ਕੋਈ ਚੋਣਾਂ ਨਹੀਂ ਹੋਈਆਂ, ਨਾ ਕੋਈ ਪ੍ਰਧਾਨ ਹੈ ਨਾਂ ਕੋਈ ਹੋਰ ਅਹੁਦੇਦਾਰ, ਕੇਵਲ ਪਿੰਡ ਦੇ ਹੀ ਲੋਕ ਆਪਸ ਵਿੱਚ ਡਿਊਟੀ ਵੰਡ ਕੇ ਸੇਵਾ ਕਰਦੇ ਹਨ। ਤਹਿਸੀਲ ਡੇਰਾਬੱਸੀ ਦਾ ਇਹ ਪਿੰਡ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਡੇਰਾਬੱਸੀ ਤੋਂ ਦੋ ਕਿਲੋਮੀਟਰ ਦੂਰ ਹੈ। ਇਸ ਪਿੰਡ ਦੇ ਗੁਰਦੁਆਰੇ ਵਿੱਚ ਸਿੱਖਾਂ ਦੇ ਸੱਤਵੇਂ ਗੁਰੂ ਹਰ ਰਾਏ ਜੀ ਸੰਨ 1655 ਵਿੱਚ ਮਾਲਵਾ ਰਟਨ ਸਮੇਂ ਵਾਪਸੀ ਥਾਨੇਸਰ, ਅੰਬਾਲਾ ਅਤੇ ਪਿੰਡ ਕਾਕਰੂ ਤੋਂ ਆਉਂਦੇ ਹੋਏ ਇਸ ਅਸਥਾਨ ’ਤੇ ਠਹਿਰੇ ਸੀ। ਇਸ ਤੋਂ ਬਾਅਦ ਮਨੀਮਾਜਰਾ ਪੁੱਜੇ ਸਨ। ਇਸ ਦੇ ਨਾਲ ਹੀ ਇਹ ਪਿੰਡ ਹੋਰ ਇਤਿਹਾਸਕ ਪੱਖ ਸਮੋਈ ਬੈਠਾ ਹੈ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਪਿੰਡ ਸਢੋਰਾ ਅਤੇ ਕਪੂਰੀ ਇਲਾਕੇ ਦੀ ਜੰਗ ਨੂੰ ਜਿੱਤਣ ਤੋਂ ਬਾਅਦ ਸੰਨ 1710 ਵਿੱਚ ਪਿੰਡ ਛੱਤ ਬਨੂੜ ਵੱਲ ਵਧੇ ਤਾਂ ਰਾਹ ਵਿੱਚ ਪੈਂਦੇ ਇਸ ਗੁਰਦੁਆਰੇ ਭਾਂਖਰਪੁਰ ਦੇ ਦੁਸ਼ਟ ਚੌਧਰੀ ਨੂੰ ਸੋਧਿਆ ਅਤੇ ਕਿਲ੍ਹੇ ’ਤੇ ਕਬਜ਼ਾ ਕਰ ਕੇ ਖ਼ਾਲਸਾਈ ਨਿਸ਼ਾਨ ਝੁਲਾ ਕੇ ਸਿੱਖ ਰਾਜ ਦੀ ਕਾਇਮੀ ਦਾ ਸਬੂਤ ਦਿੱਤਾ।

ਸਰਪੰਚ ਹਰਜਿੰਦਰ ਕੌਰ।

ਇਸ ਪਿੰਡ ਦੇ 63 ਸਾਲਾਂ ਤੋਂ ਵਸਨੀਕ ਅਤੇ ਗੁਰਦੁਆਰੇ ਵਿੱਚ ਸੇਵਾ ਕਰਨ ਵਾਲੇ ਗਿਆਨੀ ਧਰਮ ਸਿੰਘ ਜੋ ਕਿ ਸਿਹਤ ਵਿਭਾਗ ਵਿੱਚੋਂ ਬਤੌਰ ਇੰਸਪੈਕਟਰ ਸੇਵਾ ਮੁਕਤ ਹੋਏ ਹਨ ਨੇ ਦੱਸਿਆ ਕਿ ਗੁਰਦੁਆਰੇ ਵੱਲੋਂ ਕੋਈ ਵੀ ਸੇਵਾਦਾਰ ਮਾਇਆ ਇਕੱਠੀ ਕਰਨ ਨਹੀਂ ਜਾਂਦਾ, ਜੋ ਵੀ ਕੋਈ ਸੇਵਾ ਕਰ ਕੇ ਜਾਂਦਾ ਹੈ ਉਸੇ ਨਾਲ ਗੁਰਦੁਆਰੇ ਦੀ ਨਵੀਂ ਬਿਲਡਿੰਗ ਤਕਰੀਬਨ 6 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ।
ਇਸ ਪਿੰਡ ਦੀ ਤਕਰੀਬਨ 9000 ਹਜ਼ਾਰ ਦੀ ਆਬਾਦੀ ਹੈ ਜਿਸ ਵਿੱਚੋਂ 3700 ਦੇ ਕਰੀਬ ਵੋਟਰ ਹਨ। ਇਸ ਪਿੰਡ ਦੇ ਬਖ਼ਤਾਵਰ ਸਿੰਘ ਅਕਾਲੀਆਂ ਵੱਲੋਂ ਲਾਏ ਗਏ ‘ਰਸਤਾ ਰੋਕੋ ਮੋਰਚਾ’ 4 ਅਪਰੈਲ 1983 ਵਿੱਚ ਪ੍ਰਦਰਸ਼ਨ ਕਰਦਿਆਂ ਪੁਲੀਸ ਵੱਲੋਂ ਕੀਤੀ ਗਈ ਗੋਲ਼ੀਬਾਰੀ ਵਿੱਚ ਮਾਰੇ ਗਏ ਸਨ।
ਇਸ ਪਿੰਡ ਦੀ ਸਰਪੰਚ ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਪਿੰਡ ਦੀਆਂ ਫਿਰਨੀ ਵਾਲੀ ਸੜਕਾਂ ਦਾ ਬੁਰਾ ਹਾਲ ਹੈ। ਪਿਛਲੇ ਤਕਰੀਬਨ 10 ਸਾਲ ਤੋਂ ਖਸਤਾ ਹਾਲਤ ਵਿੱਚ ਹਨ। ਸਰਕਾਰ ਵੱਲੋਂ ਕੋਈ ਫ਼ੰਡ ਜਾਰੀ ਨਹੀਂ ਕੀਤੇ ਗਏ। ਪਿੰਡ ਦੇ ਵਿੱਚ ਹਰ ਧਰਮ ਦੇ ਲੋਕ ਵਸਦੇ ਹਨ ਅਤੇ ਆਪਸ ਵਿੱਚ ਸਤਿਕਾਰ ਕਰਦੇ ਹਨ ਜਿਸ ਦੀ ਮਿਸਾਲ ਪਿੰਡ ਵਿੱਚ ਪੁਰਾਤਨ ਖੇੜਾ ਮੰਦਰ ਅਤੇ ਗੁਰਦੁਆਰੇ ਦੀ ਸਾਂਝੀ ਦੀਵਾਰ ਹੈ।
ਪਿੰਡ ਵਿਚ ਇਕ ਸਰਕਾਰੀ ਹਾਈ ਸਕੂਲ ’ਤੇ ਇਕ ਐਲੀਮੈਂਟਰੀ ਸਕੂਲ ਵੀ ਹੈ। ਇਸੇ ਪਿੰਡ ਦੇ ਵਸਨੀਕ ਵਿਕਰਮਜੀਤ ਸਿੰਘ ਜੋ ਕਿ ਹੁਣ ਅਮਰੀਕਾ ਵਿੱਚ ਰਹਿੰਦੇ ਹਨ, ਹਾਈ ਸਕੂਲ ਦੇ ਕੁਝ ਕੰਮਾਂ ਲਈ ਉਨ੍ਹਾਂ ਨੇ 8 ਲੱਖ ਰੁਪਏ ਫੰਡ ਦਿੱਤੇ ਸਨ। ਇਸੇ ਤਰ੍ਹਾਂ ਕੁਲਦੀਪ ਸਿੰਘ ਜਿਨ੍ਹਾਂ ਦਾ ਪਰਿਵਾਰ ਇਸੇ ਪਿੰਡ ਵਿੱਚ ਰਹਿੰਦਾ ਹੈ, ਹੁਣ ਮਲੇਸ਼ੀਆ ਵਾਸੀ ਨੇ ਵੀ ਐਲੀਮੈਂਟਰੀ ਸਕੂਲ ਲਈ 6 ਲੱਖ ਰੁਪਏ ਦੀ ਮਦਦ ਦਿੱਤੀ ਸੀ।

ਭਾਂਖਰਪੁਰ ਵਿਚ ਸਥਿਤ ਪੁਰਾਤਨ ਨਗਰਖੇੜਾ।

ਪਿੰਡ ਵਿੱਚ ਲੋਕਾਂ ਦੀ ਸਹੂਲਤ ਲਈ ਸਰਕਾਰੀ ਡਿਸਪੈਂਸਰੀ ਅਤੇ ਅਨਾਜ ਮੰਡੀ ਮੌਜੂਦ ਹਨ। ਬੇਰੁਜ਼ਗਾਰੀ ਨੂੰ ਦੇਖਦਿਆਂ ਪਿੰਡ ਦੇ ਤਕਰੀਬਨ 30 ਨੌਜਵਾਨ ਮੁੰਡੇ ਪੜ੍ਹਾਈ ਕਰਨ ਲਈ ਵਿਦੇਸ਼ਾਂ ਵਿੱਚ ਵੀ ਗਏ ਹੋਏ ਹਨ। ਅੱਜ-ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡ ਵਿੱਚ ਜਾਗਰੂਕਤਾ ਕੈਂਪ ਲਾਏ ਜਾਂਦੇ ਹਨ ਅਤੇ ਰੈਲੀਆਂ ਵੀ ਕੱਢੀਆਂ ਜਾਂਦੀਆਂ ਹਨ। ਇਸੇ ਦੇ ਨਾਲ ਹੀ ਕੁਝ ਸਮੱਸਿਆਵਾਂ ਵੀ ਹਨ ਜਿਵੇਂ ਪਿੰਡ ਵਿੱਚ ਹਾਲੇ ਤੱਕ ਸੀਵਰੇਜ ਸਿਸਟਮ ਨਹੀਂ ਹੈ। ਗੰਦਾ ਪਾਣੀ ਖੁੱਲ੍ਹੀਆਂ ਨਾਲੀਆਂ ਵਿੱਚ ਹੀ ਛੱਡਿਆ ਜਾਂਦਾ ਹੈ ਜਿਸ ਕਰ ਕੇ ਬਹੁਤ ਪ੍ਰੇਸ਼ਾਨੀ ਹੁੰਦੀ ਹੈ, ਖ਼ਾਸਕਰ ਬਰਸਾਤ ਦੇ ਮੌਸਮ ਵਿੱਚ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਧਰਮ ਸਿੰਘ, ਜਸਵਿੰਦਰ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕੌਮੀ ਮਾਰਗ ’ਤੇ ਹੋਣ ਕਾਰਨ ਲੋਕਾਂ ਨੂੰ ਬਹੁਤ ਵੱਡੀ ਪ੍ਰੇਸ਼ਾਨੀ ਇਹ ਹੈ ਕਿ ਗੁਰਦੁਆਰਾ ਸਾਹਿਬ ਜਾਣ ਲਈ, ਬੱਚਿਆਂ ਨੂੰ ਸਕੂਲ ਜਾਣ ਲਈ, ਖ਼ਰੀਦਦਾਰੀ ਕਰਨ ਲਈ ਮੁੱਖ ਸੜਕ ਪਾਰ ਕਰਨੀ ਪੈਂਦੀ ਹੈ ਜੋ ਕਿ ਬਹੁਤ ਖ਼ਤਰਨਾਕ ਹੈ। ਕੌਮੀ ਮਾਰਗ ਹੋਣ ਕਾਰਨ ਟ੍ਰੈਫ਼ਿਕ ਬਹੁਤ ਹੈ ਹਰ ਵੇਲੇ ਦੁਰਘਟਨਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਤਕਰੀਬਨ 15 ਜੀਆਂ ਦੀ ਸੜਕ ਹਾਦਸਿਆਂ ਕਾਰਨ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸਰਕਾਰ ਤੋਂ ਇੱਥੇ ਅੰਡਰਪਾਥ ਦੀ ਮੰਗ ਕੀਤੀ ਜਾਂਦੀ ਹੈ ਪਰ ਅਜੇ ਤਕ ਸਰਕਾਰ ਵੱਲੋਂ ਇਸ ’ਤੇ ਕੋਈ ਗ਼ੌਰ ਨਹੀਂ ਕੀਤਾ ਗਿਆ। ਇਸ ਇਲਾਕੇ ਦੀਆਂ ਕੁੜੀਆਂ ਨੂੰ ਪੜ੍ਹਨ ਲਈ ਦੂਰ ਜਾਣਾ ਪੈਂਦਾ ਹੈ ਇਸ ਲਈ ਲੋਕਾਂ ਦੀ ਪਿੰਡ ਵਿਚ ਕੁੜੀਆਂ ਦਾ ਕਾਲਜ ਖੋਲ੍ਹਣ ਦੀ ਮੰਗ ਹੈ। ਇਸ ਪਿੰਡ ਦਾ ਵਸਨੀਕ ਪੁਆਧੀ ਲੇਖਕ ਗਿਆਨੀ ਧਰਮ ਸਿੰਘ ਭਾਂਖਰਪੁਰ ਨੇ ਕਿਹਾ ਕਿ ਵੋਟਾਂ ਮੰਗਣ ਆਉਣ ਵਾਲੇ ਸਿਆਸਤਦਾਨਾਂ ਨੂੰ ਪਿੰਡ ਦੇ ਵਿਕਾਸ ਦੀ ਵੀ ਸਾਰ ਲੈਣੀ ਚਾਹੀਦੀ ਹੈ।
ਇਸ ਪਿੰਡ ਦੇ ਨੇੜੇ ਘੱਗਰ ਦਾ ਦਰਿਆ ਪਹਿਲਾਂ ਹੜ੍ਹਾਂ ਕਾਰਨ ਕਾਫ਼ੀ ਨੁਕਸਾਨ ਕਰਦਾ ਰਿਹਾ ਹੈ, ਪਰ ਹੁਣ ਇਸ ਦਾ ਨੁਕਸਾਨ ਜ਼ਮੀਨੀ ਹੇਠਲੇ ਪਾਣੀ ਦਾ ਤਲ ਕਾਫ਼ੀ ਹੇਠਾਂ ਚਲੇ ਜਾਣ ਕਰ ਕੇ ਬੋਰ ਕਰਾਉਣ ਵਿਚ ਕਾਫ਼ੀ ਪੈਸਾ ਖ਼ਰਚ ਕਰਨਾ ਪੈਂਦਾ ਹੈ। ਇਸ ਦੇ ਬਾਵਜੂਦ ਪੀਣ ਵਾਲਾ ਪਾਣੀ ਕਾਫ਼ੀ ਔਖਾ ਨਸੀਬ ਹੁੰਦਾ ਹੈ। ਪਿੰਡ ਵਾਸੀਆਂ ਵੱਲੋਂ ਸਮੇਂ ਸਮੇਂ ’ਤੇ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾਂਦੀ ਹੈ ਪਰ ਇਹ ਅਜੇ ਤਕ ਪੂਰੀ ਨਹੀਂ ਹੋਈ।


Comments Off on ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹੈ ਪਿੰਡ ਭਾਂਖਰਪੁਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.