ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਜੇ ਰੱਬ ਮੇਰੀ ‘ਸੁਣਦੀ’ ਹੋਵੇ…

Posted On March - 29 - 2020

ਸੁਕੀਰਤ

ਬਰਾਬਰੀ ਦਾ ਮਸਲਾ

ਕੋਈ ਦੋ ਦਹਾਕੇ ਪੁਰਾਣੀ ਗੱਲ ਹੈ। ਮੈਂ ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਊਰਿਖ਼ ਤੋਂ ਦਾਵੋਸ ਜਾ ਰਿਹਾ ਸਾਂ। ਦਾਵੋਸ ਉਹੋ ਪਹਾੜੀ ਸੈਰਗਾਹ ਹੈ ਜਿੱਥੇ ਵਿਸ਼ਵ ਆਰਥਕ ਫ਼ੋਰਮ ਦੀਆਂ ਬੈਠਕਾਂ ਵੀ ਹੁੰਦੀਆਂ ਹਨ। ਮੇਰੀ ਜ਼ਿਊਰਿਖ ਰਹਿੰਦੀ ਮੇਜ਼ਬਾਨ ਮਾਦਲਾਈਨਾ ਕਾਰ ਚਲਾ ਰਹੀ ਸੀ ਤੇ ਮੈਂ ਉਸਦੇ ਨਾਲ ਦੀ ਸੀਟ ’ਤੇ ਬੈਠਾ ਪਲੋ-ਪਲ ਸਾਹਮਣੇ ਬਦਲਦੇ ਨਜ਼ਾਰੇ ਤੇ ਪਾਸੇ ਪੱਸਰੀਆਂ ਖੱਡਾਂ ਦੇਖ ਰਿਹਾ ਸਾਂ। ਮੇਰੀ ਦੂਜੀ ਦੋਸਤ ਸ਼ਿਆਮਾ ਪਿਛਲੀ ਸੀਟ ’ਤੇ ਬੈਠੀ ਊਂਘ ਰਹੀ ਸੀ।
ਜ਼ਿਊਰਿਖ਼ ਤੋਂ ਉਤਾਂਹ ਨੂੰ ਪਹਾੜਾਂ ਵੱਲ ਉੱਠਦੀ ਇਹ ਸੜਕ ਕਿਸੇ ਸੱਪਣੀ ਵਾਂਗ ਮੇਲ੍ਹਦੀ ਜਾਂਦੀ ਹੈ। ਡੂੰਘੀਆਂ ਖੱਡਾਂ ਤੇ ਤੇਜ਼ ਮੋੜਾਂ ਨੂੰ ਦੇਖਦਿਆਂ ਮੈਂ ਮਜ਼ਾਕ ਕਰਦਿਆਂ ਕਿਹਾ, “ਜੇ ਕਿਤੇ ਰੱਬ ਸੁਣਦਾ ਹੋਵੇ ਤਾਂ ਸਾਨੂੰ ਸਹੀ ਸਲਾਮਤ ਦਾਵੋਸ ਪੁਚਾ ਜ਼ਰੂਰ ਦੇਵੇ।”
“ਤੂੰ ਰੱਬ ਨੂੰ ਦੇਖਿਆ ਹੋਇਐ?” ਮਾਦਲਾਈਨਾ ਨੇ ਇਕਦਮ ਪੁੱਛਿਆ।
“ਦੇਖਣਾ ਕੀ ਹੈ, ਮੇਰਾ ਤਾਂ ਰੱਬ ਵਿੱਚ ਯਕੀਨ ਹੀ ਨਹੀਂ। ਮੈਂ ਨਾਸਤਕ ਹਾਂ,” ਮੈਂ ਹੱਸ ਕੇ ਜਵਾਬ ਦਿੱਤਾ।
“ਜੇ ਤੂੰ ਨਾਸਤਕ ਹੈਂ ਤੇ ਉਸਨੂੰ ਕਦੇ ਦੇਖਿਆ ਹੀ ਨਹੀਂ ਤਾਂ ਤੈਨੂੰ ਇਹ ਕਿਵੇਂ ਪਤਾ ਹੈ ਕਿ ਰੱਬ ਮਰਦ ਹੀ ਹੈ?” ਮਾਦਲਾਈਨਾ ਦੀ ਸੁਰ ਸੰਜੀਦਾ ਸੀ।
“ਕੀ ਮਤਲਬ?” ਮੈਨੂੰ ਸਮਝ ਨਾ ਪਈ ਕਿ ਮਾਦਲਾਈਨਾ ਕਹਿਣਾ ਕੀ ਚਾਹੁੰਦੀ ਹੈ।
“ਮਤਲਬ ਇਹ ਕਿ ਜਿਸ ਰੱਬ ਵਿੱਚ ਤੇਰਾ ਯਕੀਨ ਨਹੀਂ, ਜਿਸਨੂੰ ਤੂੰ ਕਦੇ ਦੇਖਿਆ ਨਹੀਂ, ਪਰ ਚਿਤਵਿਆ ਫ਼ੇਰ ਵੀ ਤੂੰ ਉਸਨੂੰ ਮਰਦ ਹੀ ਹੋਇਐ। ਤਾਂਹੀਓਂ ਤਾਂ ਆਖਦਾ ਹੈਂ ‘ਜੇ ਕਿਤੇ ਰੱਬ ਸੁਣਦਾ ਹੋਵੇ’, ‘ਰੱਬ ਸੁਣਦੀ ਹੋਵੇ’ ਕਿਉਂ ਨਹੀਂ?” ਮਾਦਲਾਈਨਾ ਨੇ ਓਸੇ ਬਹਿਸਵੀਂ ਸੁਰ ਵਿੱਚ ਸਵਾਲ ਕੀਤਾ।
“ਕਿਉਂਕੇ ਰੱਬ ਪੁਲਿੰਗ ਹੈ…” ਆਪਣੇ ਵੱਲੋਂ ਮੈਂ ਬਾਦਲੀਲ, ਵਿਆਕਰਣ ਦੀ ਕਸੌਟੀ ’ਤੇ ਖਰਾ ਉਤਰਦਾ ਜਵਾਬ ਦਿੱਤਾ।
“ਜੋ ਹੈ ਨਹੀਂ, ਉਸਦਾ ਲਿੰਗ ਨਿਰਧਾਰਤ ਕਰਨ ਵਾਲਾ ਤੂੰ ਕੌਣ ਹੈਂ? ਦਰਅਸਲ ਹਰ ਖਿਆਲ, ਹਰ ਕਿੱਤੇ ਨੂੰ ਮਰਦ-ਮਨਾਂ ਨੇ ਆਪਣੇ ਲਈ ਰਾਖਵਾਂ ਸਮਝਿਆ ਹੋਇਆ ਹੈ ਤੇ ਇਸ ਲਈ ਉਨ੍ਹਾਂ ਨੂੰ ਉਹ ਪੁਲਿੰਗ ਹੀ ਜਾਪਦਾ ਹੈ। ਫੇਰ ਜਦੋਂ ਲੋੜ ਪੈਂਦੀ ਹੈ ਤਾਂ ਉਸਦਾ ਇਸਤ੍ਰੀਕਰਣ ਕਰ ਲੈਂਦੇ ਹਨ,” ਮਾਦਲਾਈਨਾ ਕਿਸੇ ਭਖ਼ਵੀਂ ਬਹਿਸ ਵਿੱਚ ਪੈਣ ਲਈ ਤਿਆਰ ਜਾਪਦੀ ਸੀ।
“ਛੱਡ ਪਰ੍ਹੇ, ਮਾਦਲਾਈਨਾ। ਇਹ ਸਾਡਾ ਦੋਸਤ ‘ਲਿਬਰਲ’ ਜ਼ਰੂਰ ਹੈ ਪਰ ਹੈ ਤਾਂ ਮਰਦ ਹੀ ਨਾ? ਇਹ ਵੀ ਰੱਬ ਨੂੰ ਮਰਦ ਮੰਨ ਕੇ ਹੀ ਤੁਰੇਗਾ।” ਅਜੇ ਤੀਕ ਊਂਘਦੀ ਸ਼ਿਆਮਾ ਨੇ ਵੀ ਆਪਣਾ ਫ਼ਤਵਾ ਦੇ ਦਿੱਤਾ।
ਸੱਚ ਪੁੱਛੋ ਤਾਂ ਉਸ ਸਮੇਂ ਮੈਨੂੰ ਆਪਣੀਆਂ ਇਨ੍ਹਾਂ ਦੋ ਔਰਤ ਦੋਸਤਾਂ ਦੀਆਂ ਦਲੀਲਾਂ ਵਿੱਚ ਕੋਈ ਵਜ਼ਨ ਨਹੀਂ ਸੀ ਜਾਪਿਆ ਤੇ ਇਸ ਸਾਰੀ ਗੱਲਬਾਤ ਨੂੰ ਮੈਂ ਉਨ੍ਹਾਂ ਦੇ ਅਤਿਪੱਖੀ ਨਾਰੀਵਾਦ ਦਾ ਪ੍ਰਗਟਾਵਾ ਸਮਝ ਕੇ ਝਟਕ ਦਿੱਤਾ ਸੀ। ਮੈਨੂੰ ਜਾਪਦਾ ਸੀ ਕਿ ਉਨ੍ਹਾਂ ਨੂੰ ਹਰ ਗੱਲ ਵਿੱਚੋਂ ਹੀ ਮਰਦ-ਦਾਬੇ ਦੇ ਝਾਉਲੇ ਪੈਂਦੇ ਰਹਿੰਦੇ ਹਨ।
ਪਰ ਆਉਣ ਵਾਲੇ ਸਾਲਾਂ ਵਿੱਚ ਮੈਨੂੰ ਉਨ੍ਹਾਂ ਦੀ ਦਲੀਲ ਤੇ ਇਸ ਪਿਛਲੀ ਸੋਚ ਦਾ ਸਾਹਮਣਾ ਮੁੜ ਮੁੜ ਕਰਨਾ ਪਿਆ ਤੇ ਆਪ ਵੀ ਸੋਚਣ ਲਈ ਮਜਬੂਰ ਹੋਣਾ ਪਿਆ। ਪਹਿਲੋਂ ਪਹਿਲ ਉਦੋਂ, ਜਦੋਂ ਅੰਗਰੇਜ਼ੀ ਵਿੱਚ ਮਰਦਾਨਾ-ਬੋਅ ਵਾਲੇ ਸ਼ਬਦਾਂ ਦਾ ਗੈਰ-ਲਿੰਗੀਕਰਣ ਹੋਣਾ ਸ਼ੁਰੂ ਹੋਇਆ: ‘ਚੇਅਰਮੈਨ’ ਦੀ ਥਾਂ ‘ਚੇਅਰਪਰਸਨ’ ਵਰਤਿਆ ਜਾਣ ਲੱਗਾ ਤੇ ‘ਮੈਨਕਾਂਈਂਡ’ ਦੀ ਥਾਂ ‘ਹਿਊਮਨਕਾਂਈਂਡ’।
ਇਸੇ ਜੱਦੋਜਹਿਦ ਦਾ ਅਗਲਾ ਪੜਾਅ ਸੀ ਜਦੋਂ ਕਿੱਤਿਆਂ ਨੂੰ ਦਰਸਾਉਂਦੇ ਸ਼ਬਦਾਂ ਨਾਲ ਆਪਮੁਹਾਰੇ ਜੋੜੀ ਗਈ ਪੁਲਿੰਗਕਤਾ ਦੀ ਭਾਵਨਾ ਨੂੰ ਖਾਰਜ ਕਰਨ ਲਈ ਉਨ੍ਹਾਂ ਸ਼ਬਦਾਂ ਨੂੰ ਲਿੰਗ-ਵਖਰੇਵੇਂ ਤੋਂ ਰਹਿਤ ਸਮਝਣ ’ਤੇ ਜ਼ੋਰ ਦਿੱਤਾ ਗਿਆ। ਡਾਕਟਰ, ਜੱਜ, ਮਨਿਸਟਰ ਵਰਗੇ ਸ਼ਬਦ ਤਾਂ ਔਰਤਾਂ ਲਈ ਵੱਖਰੇ ਘੜੇ ਹੀ ਨਹੀਂ ਸਨ ਗਏ, ਪਰ ਹੁਣ ਜਾਗਰੂਕ ਔਰਤਾਂ ਨੇ ਐਕਟ੍ਰੈੱਸ, ਪੋਇਟੈੱਸ ਵਰਗੇ ਸ਼ਬਦਾਂ ਦੀ ਵਰਤੋਂ ’ਤੇ ਵੀ ਇਤਰਾਜ਼ ਕਰਨਾ ਸ਼ੁਰੂ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕਲਾਕਾਰ ਜਾਂ ਕਵੀ ਸ਼ਬਦ ਮੂਲ ਰੂਪ ਵਿੱਚ ਹੀ ਲਿੰਗ-ਵਖਰੇਵੇਂ ਰਹਿਤ ਹਨ, ਸੋ ਕਲਾਕਾਰਾ ਜਾਂ ਕਵਿੱਤਰੀ ਵਰਗੇ ਸ਼ਬਦ ਘੜ ਕੇ ਮੂਲ ਸ਼ਬਦ ਉੱਤੇ ਆਪਮੁਹਾਰੇ ਉਸ ਦੇ ਪੁਲਿੰਗ ਹੋਣ ਦਾ ਠੱਪਾ ਲਾਉਣ ਦਾ ਉਪਰਾਲਾ ਨਾ ਕੀਤਾ ਜਾਵੇ।
ਭਾਰਤ ਵਿੱਚ ਸਭ ਤੋਂ ਪਹਿਲਾਂ (ਮੇਰੇ ਚੇਤੇ ਮੁਤਾਬਿਕ) ਸਾਡੀ ਮਸ਼ਹੂਰ ਤੇ ਸਨਮਾਨਤ ਅਦਾਕਾਰ ਸ਼ਬਾਨਾ ਆਜ਼ਮੀ ਨੇ ਆਪਣੇ ਆਪ ਨੂੰ ‘ਐਕਟ੍ਰੈੱਸ’ ਅਖਵਾਉਣ ’ਤੇ ਇਤਰਾਜ਼ ਕੀਤਾ ਤੇ ਇਸਰਾਰ ਕੀਤਾ ਕਿ ਉਸਨੂੰ ਐਕਟਰ ਹੀ ਕਿਹਾ ਜਾਵੇ। ਸ਼ਬਾਨਾ ਆਜ਼ਮੀ ਵੱਲੋਂ ਭਾਰਤੀ ਪ੍ਰੈੱਸ ਵਿੱਚ ਇਹ ਮੁੱਦਾ ਚੁੱਕਣ ਵੇਲੇ ਤੀਕ ਮੈਨੂੰ ਸਮਝ ਪੈ ਚੁੱਕੀ ਸੀ ਕਿ ਸਵਾਲ ਸਿਰਫ਼ ਲਫ਼ਜ਼ਾਂ ਦਾ ਨਹੀਂ, ਉਸ ਤੋਂ ਕਿਤੇ ਵਡੇਰਾ ਹੈ। ਇਹ ਮਸਲਾ ਔਰਤਾਂ ਨੂੰ ਉਨ੍ਹਾਂ ਦੀ ਬਣਦੀ ਹੱਕੀ ਥਾਂ ਦਿਵਾਉਣ ਅਤੇ ਉਨ੍ਹਾਂ ਨੂੰ ਅਚੇਤ/ਸੁਚੇਤ ਤੌਰ ’ਤੇ ਛੁਟਿਆਉਣ ਦੀ ਭਾਵਨਾ ਨੂੰ ਖਾਰਜ ਕਰਨ ਦਾ ਹੈ। ਦਰਅਸਲ, ਸਮਾਜ ਦੀ ਬਣਤਰ ਏਨੀ ਮਰਦ ਪ੍ਰਧਾਨ ਰਹੀ ਹੈ ਕਿ ਪਹਿਲੀਆਂ ਵਿੱਚ ਸਿਵਾਏ ਘਰੇਲੂ ਕੰਮਾਂ ਦੇ, ਹਰ ਖੇਤਰ ਵਿੱਚ ਮਰਦਾਂ ਦੀ ਹੀ ਅਜਾਰੇਦਾਰੀ ਸੀ। ਸੋ ਹਰ ਕਿੱਤੇ ਨੂੰ ਮਰਦਾਂ ਦੀ ਹੀ ਧਰੋਹਰ ਸਮਝ ਲਿਆ ਗਿਆ। ਔਰਤਾਂ ਦੇ ਘਰਾਂ ਤੋਂ ਬਾਹਰ ਨਿਕਲਣ ਤੇ ਹਰ ਵਿਹਾਰਕ ਖੇਤਰ ਵਿੱਚ ਖ਼ੁਦ ਨੂੰ ਬਰਾਬਰ ਦਾ ਸਾਬਤ ਕਰਨ ਦਾ ਵਰਤਾਰਾ ਮਸਾਂ ਇੱਕ ਸਦੀ ਪੁਰਾਣਾ ਹੈ। ਸੋ ਜਦੋਂ ਉਨ੍ਹਾਂ ਕੰਮ-ਕਾਜ ਦੇ ‘ਮਰਦਾਨਾ’ ਖੇਤਰਾਂ ਵਿੱਚ ਪੈਰ ਧਰਿਆ ਤਾਂ ਉਨ੍ਹਾਂ ਨਾਲ ਭੇਦ ਕਰਨ ਲਈ ਅਚੇਤ ਜਾਂ ਸੁਚੇਤ ਤੌਰ ’ਤੇ ਪ੍ਰਚੱਲਤ ਸ਼ਬਦਾਂ ਦਾ ਇਸਤ੍ਰੀਕਰਣ ਕੀਤਾ ਗਿਆ ਹਾਲਾਂਕਿ ਕਿਸੇ ਕਿੱਤੇ ਜਾਂ ਅਹੁਦੇ ਨੂੰ ਦਰਸਾਉਣ ਵਾਲੇ ਮੂਲ ਸ਼ਬਦ ਦਾ ਕੋਈ ਲਿੰਗ ਨਹੀਂ ਸੀ ਹੋਣਾ ਚਾਹੀਦਾ। ਇਸ ਦਲੀਲ ਦੇ ਹੱਕ ਵਿੱਚ ਇੱਕ ਉੱਘੜਵੀਂ ਮਿਸਾਲ ਸ਼ਬਦ ‘ਨਰਸ’ ਹੈ। ਇਸ ਕਿੱਤੇ ਵਿੱਚ ਹਮੇਸ਼ਾ ਔਰਤਾਂ ਦੀ ਬਹੁਗਿਣਤੀ ਰਹੀ ਹੈ ਤੇ ਮਰਦ ਰਵਾਇਤੀ ਤੌਰ ’ਤੇ ਆਟੇ ਵਿੱਚ ਲੂਣ ਬਰਾਬਰ। ਇਸ ਲਈ ਕਦੇ ਵੀ ‘ਨਰਸਣੀ’ (ਜਾਂ ਅੰਗਰੇਜ਼ੀ ਵਿੱਚ ਨਰਸੈੱਸ) ਵਰਗੇ ਇਸਤ੍ਰੀਵਾਚਕ ਸ਼ਬਦ ਘੜਨ ਦੀ ਲੋੜ ਨਹੀਂ ਸਮਝੀ ਗਈ।
ਹੁਣ ਸਮਾਂ ਆ ਗਿਆ ਹੈ ਕਿ ਅਸੀਂ ਪੰਜਾਬੀ ਵਿੱਚੋਂ ਵੀ ਅਜਿਹੇ ਮਸਨੂਈ ਘੜੇ ਸ਼ਬਦ ਖਾਰਜ ਕਰਨ ਦਾ ਹੰਭਲਾ ਮਾਰੀਏ। ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਅਸੀਂ ਇਸ ਵਰਤਾਰੇ ਪ੍ਰਤੀ ਸੁਚੇਤ ਹੋਵਾਂਗੇ।
ਸ਼ਾਇਦ ਤੁਹਾਡੇ ਵਿੱਚੋਂ ਕੁਝਨਾਂ (ਜਾਂ ਕਈਆਂ) ਨੂੰ ਜਾਪੇ ਕਿ ਮੈਂ ਐਵੇਂ ਹੀ ਬਾਤ ਦਾ ਬਤੰਗੜ ਬਣਾ ਰਿਹਾ ਹਾਂ, ਤੇ ਜਾਂ ਫੇਰ ਤੁਹਾਡੀ ਦਲੀਲ ਇਹ ਵੀ ਹੋ ਸਕਦੀ ਹੈ ਕਿ ਪੰਜਾਬੀ ਦਾ ਆਪਣਾ ਇੱਕ ਖਾਸਾ ਹੈ ਤੇ ਸਾਨੂੰ ਕੀ ਲੋੜ ਪਈ ਹੈ ਕਿ ਅਸੀਂ ਵਰ੍ਹਿਆਂ ਤੋਂ ਪ੍ਰਚੱਲਤ ਹੋ ਚੁੱਕੇ ਸ਼ਬਦਾਂ ਤੋਂ ਮੂੰਹ ਮੋੜੀਏ।
ਉਸ ਉਜ਼ਰ ਦੇ ਜਵਾਬ ਵਿੱਚ ਮੈਂ ਇਹ ਦਲੀਲ ਪੇਸ਼ ਕਰਾਂਗਾ। ‘ਕਾਵਿ ਲੋਕ’ ਦਾ ਇਕ ਅੰਕ ਮੇਰੇ ਸਾਹਮਣੇ ਸੀ। ਪੰਜਾਬੀ ਦੀ ਅਜੋਕੀ ਪ੍ਰਸਿੱਧ ਕਵੀ ਸੁਖਵਿੰਦਰ ਅੰਮ੍ਰਿਤ ਬਾਰੇ ਜਾਣਕਾਰੀ ਦਿੰਦਿਆਂ ਉਸਨੂੰ ‘ਇਸ ਅੰਕ ਦੀ ਕਵਿੱਤਰੀ’ ਲਿਖਿਆ ਗਿਆ ਸੀ (ਜਿਵੇਂ ‘ਇਸ ਅੰਕ ਦੀ ਕਵੀ’ ਲਿਖਣ ਨਾਲ ਸੁਖਵਿੰਦਰ ਦੇ ਔਰਤ ਕਵੀ ਹੋਣ ਬਾਰੇ ਭੁਲੇਖਾ ਪੈਣ ਦਾ ਖ਼ਦਸ਼ਾ ਹੋਵੇ)। ਜਦੋਂ ਮੈਂ ਆਪਣੇ ਕੋਲ ਬੈਠੇ ਦੋਸਤਾਂ ਨਾਲ ਇਹ ਗੱਲ ਕੀਤੀ ਤਾਂ ਉਨ੍ਹਾਂ ਨੂੰ ਫੌਰਨ ਕੋਈ ਸਮਝ ਨਾ ਪਈ ਕਿ ‘ਕਵਿੱਤਰੀ’ ਸ਼ਬਦ ਵਿੱਚ ਕੀ ਖੋਟ ਹੈ। ਪਰ ਇਸ ਵਿੱਚ ਉਨ੍ਹਾਂ ਦਾ ਦੋਸ਼ ਨਹੀਂ, ਵੀਹ ਵਰ੍ਹੇ ਪਹਿਲਾਂ ਮੈਨੂੰ ਵੀ ਰੱਬ ‘ਆਦਮੀ’ ਹੀ ਜਾਪਦਾ ਹੁੰਦਾ ਸੀ।
ਆਪਣੀ ਦਲੀਲ ਅੱਗੇ ਤੋਰਨ ਲਈ ਮੈਂ ਆਪਣੇ ਸਾਥੀਆਂ ਨੂੰ ਪੁੱਛਿਆ ਕਿ ਜੇਕਰ ਅੰਮ੍ਰਿਤਾ ਪ੍ਰੀਤਮ ਬਾਰੇ ਲੇਖ ਲਿਖਣਾ ਹੋਵੇ ਤਾਂ ਉਹ ਕੀ ਲਿਖਣਗੇ: ‘ਪੰਜਾਬੀ ਸਾਹਿਤ ਦੀ ਸਿਰਮੌਰ ਕਵੀ’ ਜਾਂ ‘ਸਿਰਮੌਰ ਕਵਿੱਤਰੀ’। ਉਨ੍ਹਾਂ ਦਾ ਬੇਝਿਜਕ ਉੱਤਰ ਸੀ ਕਿ ਅੰਮ੍ਰਿਤਾ ਪ੍ਰੀਤਮ ਨੂੰ ਤਾਂ ਕਵੀ ਹੀ ਲਿਖਾਂਗੇ, ਕਵਿੱਤਰੀ ਸ਼ਬਦ ਏਨੇ ਵੱਡੇ ਨਾਂਅ ਸਾਹਮਣੇ ਛੋਟਾ ਲੱਗਦਾ ਹੈ।
ਹੁਣ ਮੇਰਾ ਸਵਾਲ ਇਹ ਸੀ ਕਿ ਜੇਕਰ ਦੋ ਤੁਕਾਂ ਜੋੜ ਲੈਣ ਵਾਲਾ ਹਰ ਨੌਸਿਖੀਆ ਪਹਿਲੇ ਦਿਨ ਤੋਂ ਹੀ ਕਵੀ ਦੀ ਉਪਾਧੀ ਹਾਸਲ ਕਰ ਲੈਣ ਦਾ ਹੱਕਦਾਰ ਹੋ ਜਾਂਦਾ ਹੈ ਤਾਂ ਸੁਖਵਿੰਦਰ ਅੰਮ੍ਰਿਤ (ਜਾਂ ਪਾਲ ਕੌਰ, ਜਾਂ ਡਾ. ਵਨੀਤਾ ਜਾਂ ਕਿਸੇ ਵੀ ਹੋਰ ਔਰਤ ਕਵੀ) ਨੂੰ ਕਿੰਨੇ ਕੁ ਵਰ੍ਹੇ ਘਾਲਣਾ ਘਾਲਣੀ ਪਵੇਗੀ ਕਿ ਉਨ੍ਹਾਂ ਨੂੰ ਕਵਿੱਤਰੀ ਤੋਂ ਉਚਿਆ ਕੇ ਕਵੀ ਦਾ ਦਰਜਾ ਦਿੱਤਾ ਜਾਵੇ?
ਸ਼ਾਇਦ ਹੁਣ ਤੁਹਾਨੂੰ ਮੇਰੀ ਗੱਲ ਵਿੱਚ ਕੁਝ ਵਜ਼ਨ ਜਾਪੇ ਕਿ ਕਿੱਤਾ/ਅਹੁਦਾ ਦਰਸਾਉਂਦੇ ਸ਼ਬਦਾਂ ਦਾ ਕੋਈ ‘ਮਰਦਾਨਾ’ ਖਾਸਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਉਨ੍ਹਾਂ ਨੂੰ ਆਪਮੁਹਾਰੇ ਪੁਲਿੰਗ ਸਮਝ ਲੈਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਇਸਤ੍ਰੀਕਰਨ ਔਰਤਾਂ ਨੂੰ ਛੋਟਾ/ਊਣਾ ਕਰਨ ਦਾ ਸੁਚੇਤ/ਅਚੇਤ ਉਪਰਾਲਾ ਹੈ। ਸੋ ਅਦਾਕਾਰਾ, ਚਿੱਤਰਕਾਰਾ, ਲੇਖਕਾ ਵਰਗੇ ਸ਼ਬਦ ਸਾਡੀ ਬੋਲੀ ਵਿੱਚੋਂ ਖਾਰਜ ਕਰ ਦਿੱਤੇ ਜਾਣੇ ਚਾਹੀਦੇ ਹਨ।
ਜੇ ਅਜੇ ਵੀ ਤੁਸੀਂ ਮੇਰੇ ਨਾਲ ਸਹਿਮਤ ਨਹੀਂ ਹੋ, ਜਾਂ ਤੁਹਾਨੂੰ ਜਾਪਦਾ ਹੈ ਕਿ ਇੰਜ ਕੋਈ ਭੰਬਲਭੂਸਾ ਪੈਂਦਾ ਹੈ ਤਾਂ ਫੇਰ ਤੁਸੀ ਪ੍ਰਧਾਨ ਮੰਤਰਾਣੀ ਇੰਦਰਾ ਗਾਂਧੀ ਅਤੇ ਦਲਿਤਾਂ ਦੀ ਨੇਤਣੀ ਮਾਇਆਵਤੀ ਵਰਗੇ ਲਫ਼ਜ਼ ਕਿਉਂ ਨਹੀਂ ਵਰਤਦੇ?


Comments Off on ਜੇ ਰੱਬ ਮੇਰੀ ‘ਸੁਣਦੀ’ ਹੋਵੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.