ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਕਦਮ ਚੁੱਕੇ: ਕੈਪਟਨ

Posted On March - 26 - 2020

ਬਲਵਿੰਦਰ ਜੰਮੂ
ਚੰਡੀਗੜ੍ਹ, 25 ਮਾਰਚ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਰੋਨਾਵਾਇਰਸ ਦਾ ਟਾਕਰਾ ਕਰਨ, ਦਵਾਈਆਂ, ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਹੋਰ ਸਾਜ਼ੋ ਸਾਮਾਨ ਦੀ ਸਪਲਾਈ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹਰੇਕ ਪੱਧਰ ’ਤੇ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਨਾਲ ਸਬੰਧਤ ਵਸਤਾਂ ਦੀ ਖਰੀਦ ਦੀ ਨਿਗਰਾਨੀ ਲਈ ਵਧੀਕ ਮੁੱਖ ਸਕੱਤਰ (ਉਦਯੋਗ ਤੇ ਵਪਾਰ) ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਰਕਾਰੀ ਹਸਪਤਾਲਾਂ, ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਕਮਿਊਨਟੀ ਹੈਲਥ ਸੈਂਟਰਾਂ ਨੂੰ ਅਤਿ ਲੋੜੀਂਦੇ ਸਾਜ਼ੋ-ਸਾਮਾਨ ਲਈ ਡਿਪਟੀ ਕਮਿਸ਼ਨਰਾਂ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ ਹੈ। 10 ਮਾਰਚ ਤੋਂ ਬਾਅਦ ਪੰਜਾਬ ਪਹੁੰਚੇ ਸਾਰੇ ਕੌਮਾਂਤਰੀ ਮੁਸਾਫਰਾਂ ਦੀ ਭਾਲ ਨੂੰ ਸਭ ਤੋਂ ਵੱਧ ਮਹੱਤਵ ਦਿੰਦਿਆਂ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਹ ਕੰਮ ਨਿਰਵਿਘਨ ਜਾਰੀ ਰਹਿਣਾ ਚਾਹੀਦਾ ਹੈ। ਲੋਕਾਂ ਨੂੰ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਕਰਫਿਊ ਸਬੰਧੀ ਪਹਿਲਾਂ ਜਾਰੀ ਕੀਤੇ ਹੁਕਮ ਲਾਗੂ ਰਹਿਣਗੇ ਪਰ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਵਾਲਿਆਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ ਲਈ ਕਦਮ ਉਠਾਏ ਗਏ ਹਨ। ਉਨ੍ਹਾਂ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਕਿ ਜ਼ਰੂਰੀ ਸੇਵਾਵਾਂ ਨੂੰ ਨਿਰਧਾਰਤ ਸਮੇਂ ਤੱਕ ਘਰ-ਘਰ ਪਹੁੰਚਾਉਣਾ ਜਾਰੀ ਰੱਖਿਆ ਜਾਵੇ ਅਤੇ ਈ-ਕਾਮਰਸ ਕੰਪਨੀਆਂ/ਸਰਵਿਸ ਪ੍ਰੋਵਾਈਡਰਾਂ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਕਣਕ ਦੇ ਆਗਾਮੀ ਸੀਜ਼ਨ ਲਈ ਅਨਾਜ ਦੇ ਭੰਡਾਰ ਲਈ ਢੁਕਵੀਂ ਥਾਂ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮਾਲ ਗੱਡੀਆਂ ਦਾ ਸੂਬੇ ਤੋਂ ਬਾਹਰ ਅਨਾਜ ਲਿਜਾਣ ਲਈ ਬੰਦੋਬਸਤ ਕੀਤਾ ਗਿਆ ਹੈ। ਇਸ ਸਬੰਧੀ ਸਬੰਧੀ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵੱਲੋਂ ਪੂਰਨ ਰੂਪ ਵਿੱਚ ਪ੍ਰੋਟੋਕੋਲ ਜਾਰੀ ਕੀਤਾ ਗਿਆ ਹੈ। ਸਕੱਤਰ ਅਰੁਣ ਸੇਖੜੀ ਨੇ ਸਮੂਹ ਡਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਪੁਲੀਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਕਮਿਸ਼ਨਰਾਂ ਦੇ ਨਾਲ-ਨਾਲ ਹੋਰ ਅਧਿਕਾਰੀਆਂ ਲਈ ਸੋਧੇ ਹੋਏ ਕਰਫਿਊ ਪ੍ਰਬੰਧਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਦਫ਼ਤਰਾਂ ਵਿੱਚ ਪੁੱਜਣ ਵਿੱਚ ਦਿੱਕਤ ਆਉਣ ਕਰਕੇ ਉਨ੍ਹਾਂ ਨੂੰ ਆਪਣੇ ਵਿਭਾਗ ਦੇ ਸ਼ਨਾਖਤੀ ਕਾਰਡ ਨਾਲ ਸਰਕਾਰੀ ਡਿਊਟੀ ’ਤੇ ਜਾਣ ਦੀ ਆਗਿਆ ਹੋਵੇਗੀ। ਉਨ੍ਹਾਂ ਨੂੰ ਵਿਸ਼ੇਸ਼ ਕਰਫਿਊ ਪਾਸ ਦੀ ਕੋਈ ਲੋੜ ਨਹੀਂ ਹੈ। ਛੋਟ ਪ੍ਰਾਪਤ ਸੰਸਥਾਵਾਂ ਜਿਵੇਂ ਮੀਡੀਆ ਹਾਊਸ, ਆਈਓਸੀ/ਐੱਚਪੀਸੀਐੱਲ, ਡਾਕਘਰਾਂ, ਬੈਂਕਾਂ, ਰੇਲਵੇ, ਪੈਟਰੋਲ ਪੰਪਾਂ, ਐੱਲਪੀਜੀ ਸਪਲਾਈ ਕਰਨ ਵਾਲਿਆਂ ਆਦਿ ਨੂੰ ਵਿਸ਼ੇਸ਼ ਪੱਤਰ ਰਾਹੀਂ ਸੰਸਥਾਗਤ ਪਰਮਿਟ ਜਾਰੀ ਕੀਤੇ ਜਾਣਗੇ ਜਿਨ੍ਹਾਂ ਵਿੱਚ ਇਨ੍ਹਾਂ ਅਦਾਰਿਆਂ ਦੇ ਹਰੇਕ ਕਰਮਚਾਰੀ ਦੀ ਸੂਚੀ ਨਾਲ ਨੱਥੀ ਹੋਵੇਗੀ। ਅਜਿਹੇ ਕਰਮਚਾਰੀਆਂ ਨੂੰ ਉਨਾਂ ਦੇ ਸੰਸਥਾਗਤ ਸ਼ਨਾਖਤੀ ਕਾਰਡ ’ਤੇ ਡਿਊਟੀ ਸਮੇਂ ਦੌਰਾਨ ਸਿਰਫ਼ ਦਫਤਰ ਜਾਣ ਦੀ ਆਗਿਆ ਹੋਵੇਗੀ। ਹੰਗਾਮੀ ਹਾਲਤ ਵਿੱਚ ਜੇ ਲੋੜ ਹੋਵੇ ਤਾਂ ਵਿਅਕਤੀਗਤ ਪਾਸ ਦਿੱਤੇ ਜਾ ਸਕਦੇ ਹਨ।

ਪਾਸ ਜਾਰੀ ਕਰਨ ਵਾਲੇ ਅਧਿਕਾਰੀ

ਡੀਐੱਫਐੱਸਸੀ: ਭੋਜਨ, ਰਾਸ਼ਨ ਅਤੇ ਕਰਿਆਨੇ ਦੀਆਂ ਦੁਕਾਨਾਂ, ਅਨਾਜ ਦੀ ਢੋਆ ਢੁਆਈ, ਮੰਡੀ ਲੇਬਰ ਅਤੇ ਖਰੀਦ ਨਾਲ ਸਬੰਧਤ ਕੰਮ
ਡਿਪਟੀ ਡਾਇਰੈਕਟਰ ਬਾਗਬਾਨੀ: ਫਲ ਅਤੇ ਸਬਜ਼ੀਆਂ
ਡਿਪਟੀ ਡਾਇਰੈਕਟਰ ਪਸ਼ੂ ਪਾਲਣ: ਦੁੱਧ ਵਿਕਰੇਤਾ ਤੇ ਸਪਲਾਇਰ ਅਤੇ ਸਬੰਧਤ ਗਤੀਵਿਧੀਆਂ
ਜੀਐੱਮ ਡੀਆਈਸੀ: ਉਦਯੋਗ/ਉਦਯੋਗਪਤੀ/ ਉਦਯੋਗਿਕ ਕਿਰਤੀ
ਡੀਐੱਮਓ: ਕਿਸੇ ਵੀ ਕਿਸਮ ਦੇ ਹਾਕਰ; ਮੰਡੀ ਅਤੇ ਖਰੀਦ ਕੇਂਦਰ, ਆੜ੍ਹਤੀਏ
ਸੀਏਓ: ਕਿਸਾਨਾਂ ਅਤੇ ਵਾਢੀ ਨਾਲ ਸਬੰਧਤ ਗਤੀਵਿਧੀਆਂ
ਵਿਅਕਤੀਗਤ ਅਤੇ ਹੋਰਾਂ ਲਈ ਜਨਰਲ ਪਾਸ: ਸਹਾਇਕ ਕਮਿਸ਼ਨਰ (ਜਨਰਲ), ਐੱਸਡੀਐੱਮ, ਤਹਿਸੀਲਦਾਰ ਜਾਂ ਡੀਸੀ ਦੁਆਰਾ ਅਧਿਕਾਰਤ ਕੋਈ ਹੋਰ ਵਿਅਕਤੀ

ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਕਾਇਮ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖਰੇ ਤੌਰ ’ਤੇ ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਕਾਇਮ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਮਹਾਮਾਰੀ ਨਾਲ ਨਜਿੱਠਣ ਲਈ ਦਾਨ ’ਚ ਸਹਿਯੋਗ ਪਾਇਆ ਜਾ ਸਕੇ। ਲੋਕਾਂ ਨੂੰ ਫੰਡ ਲਈ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਤੋਂ ਮੁੱਖ ਮੰਤਰੀ ਰਾਹਤ ਫੰਡ ਨੂੰ ਦਿੱਤੀਆਂ ਜਾਂਦੀਆਂ ਛੋਟਾਂ ਦੀ ਤਰਜ਼ ’ਤੇ ਇਸ ਫੰਡ ਲਈ ਵੀ ਛੋਟ ਦੇਣ ਦੀ ਮੰਗ ਕੀਤੀ ਹੈ। ਕੋਵਿਡ ਰਾਹਤ ਫੰਡ ਵਿੱਚ ਆਸਾਨੀ ਨਾਲ ਯੋਗਦਾਨ ਪਾਉਣ ਲਈ ਲੋਕਾਂ ਨੂੰ ਇਲੈਕਟ੍ਰਾਨਿਕ ਢੰਗ ਰਾਹੀਂ ਦਾਨ ਕਰਨ ਦੀ ਸਹੂਲਤ ਹੋਵੇਗੀ। ਲੋਕ ‘ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ’ ਦੇ ਨਾਮ ’ਤੇ ਚੰਡੀਗੜ੍ਹ ਦੇ ਸੈਕਟਰ-17 ਸਥਿਤ ਐੱਚਡੀਐੱਫਸੀ ਬੈਂਕ ਦੇ ਖਾਤਾ ਨੰਬਰ 5010033326124 ’ਚ ਆਈਐੱਫਐੱਸਸੀ ਕੋਡ ਐੱਚਡੀਐੱਫਸੀ0000213, ਸਵਿਫਟ ਕੋਡ ਐੱਚਡੀਐੱਫਸੀਆਈਐੱਨਬੀਬੀ ਰਾਹੀਂ ਆਪਣਾ ਯੋਗਦਾਨ ਪਾ ਸਕਦੇ ਹਨ।


Comments Off on ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਕਦਮ ਚੁੱਕੇ: ਕੈਪਟਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.