ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਜਦੋਂ ਵੀ ਬਨੇਰੇ ਉੱਤੇ ਕਾਂ ਬੋਲਦਾ…

Posted On March - 21 - 2020

ਸੁਖਵੀਰ ਸਿੰਘ ਕੰਗ

ਦੁਨੀਆਂ ’ਤੇ ਪਾਈ ਜਾਂਦੀ ਹਰ ਰਵਾਇਤ, ਕਹਾਵਤ ਜਾਂ ਮਨੌਤ ਦਾ ਖ਼ਾਸ ਪਿਛੋਕੜ ਹੁੰਦਾ ਹੈ ਜੋ ਕਿਸੇ ਤੱਥ ’ਤੇ ਆਧਾਰਿਤ ਹੁੰਦਾ ਹੈ। ਯੁੱਗਾਂ ਦੇ ਬਦਲਣ ਨਾਲ ਇਹ ਪਿਛੋਕੜ ਧੁੰਦਲੇ ਪੈ ਜਾਂਦੇ ਹਨ ਜਾਂ ਕਈ ਵਾਰ ਇਸਦੇ ਜ਼ਿੰਮੇਵਾਰ ਤੱਥ ਵਿਸਰ ਵੀ ਜਾਂਦੇ ਹਨ, ਪਰ ਰਵਾਇਤਾਂ ਜਾਂ ਮਨੌਤਾਂ ਚੱਲਦੀਆਂ ਰਹਿੰਦੀਆਂ ਹਨ। ਇਸ ਕਰਕੇ ਇਨ੍ਹਾਂ ਦੀ ਉਤਪਤੀ ਦਾ ਸਬੱਬ ਬਣਨ ਵਾਲੇ ਤੱਥਾਂ ਦਾ ਜ਼ਿਕਰ ਦੁਹਰਾਉਂਦੇ ਰਹਿਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਲੋਕ ਉਨ੍ਹਾਂ ਦੇ ਅਸਲ ਪਿਛੋਕੜ ਨੂੰ ਜਾਣ ਸਕਣ ਅਤੇ ਉਨ੍ਹਾਂ ਦੀ ਹੋਂਦ ਨੂੰ ਸਹੀ ਢੰਗ ਨਾਲ ਸੰਭਾਲ ਸਕਣ।
ਕਾਂ ਦਾ ਬਨੇਰੇ ’ਤੇ ਬੋਲਣਾ ਉਸ ਘਰ ਮਹਿਬੂਬ ਜਾਂ ਪ੍ਰਾਹੁਣੇ ਦੇ ਆਉਣ ਦਾ ਸੁਨੇਹਾ ਜਾਂ ਸੰਕੇਤ ਮੰਨਿਆ ਜਾਂਦਾ ਹੈ। ਇਸ ਮਨੌਤ ਦਾ ਪਿਛੋਕੜ ਸਾਲਾਂ ਜਾਂ ਸਦੀਆਂ ਨਹੀਂ ਬਲਕਿ ਕਈ ਯੁੱਗਾਂ ਪੁਰਾਣਾ ਹੈ। ਜਿਸਦੇ ਤੱਥ ਸਿੰਧ ਘਾਟੀ ਅਤੇ ਮੈਸੋਪੋਟੀਮੀਆਂ ਦੀਆਂ ਸੱਭਿਅਤਾਵਾਂ ਦੇ ਝਰੋਖਿਆਂ ਵਿਚੋਂ ਦਿਸਦੇ ਮਨੁੱਖੀ ਜੀਵਨ ਵਿਚ ਲੱਭਦੇ ਹਨ। ਇਨ੍ਹਾਂ ਸੱਭਿਅਤਾਵਾਂ ਦੇ ਮੁੱਢਲੇ ਦੌਰ ਵਿਚ ਮਨੁੱਖੀ ਜੀਵਨ ਰੁੱਖਾਂ, ਜਾਨਵਰਾਂ ਅਤੇ ਪੰਛੀਆਂ ਦੇ ਕਾਫ਼ੀ ਨੇੜੇ ਹੋ ਕੇ ਵਿਚਰਦਾ ਸੀ। ਫਿਰ ਜਿਵੇਂ-ਜਿਵੇਂ ਸੱਭਿਅਤਾਵਾਂ ਦਾ ਵਿਕਾਸ ਹੋਇਆ ਤਾਂ ਹਥਿਆਰਾਂ, ਭਾਂਡਿਆਂ, ਖੇਤੀ, ਭੁੱਖ ਅਤੇ ਆਵਾਜਾਈ ਦੀ ਤਸਵੀਰ ਬਦਲਦੀ ਗਈ ਅਤੇ ਅੱਜ ਤਕ ਬਦਲ ਰਹੀ ਹੈ। ਸਿੰਧ ਘਾਟੀ ਅਤੇ ਮੈਸੋਪੋਟੀਮੀਆ ਦੇ ਮਨੁੱਖੀ ਜੀਵਨ ਦਾ ਵਿਕਾਸ ਜਦੋਂ ਦੋਵੇਂ ਤਹਿਜ਼ੀਬਾਂ ਦੇ ਆਪਸੀ ਵਪਾਰ ਤਕ ਪਹੁੰਚਿਆ ਤਾਂ ਉਦੋਂ ਤਕ ਆਵਾਜਾਈ ਦੇ ਸਾਧਨ ਪੈਦਲ, ਪਸ਼ੂਆਂ ਅਤੇ ਪਹੀਏ ਤੋਂ ਛੋਟੇ ਸਮੁੰਦਰੀ ਜਹਾਜ਼ਾਂ ਤਕ ਵਿਕਸਤ ਹੋ ਚੁੱਕੇ ਸਨ। ਦੋ ਸੱਭਿਅਤਾਵਾਂ ਦੇ ਆਪਸੀ ਵਪਾਰ ਦੀਆਂ ਯਾਤਰਾਵਾਂ ਲੰਬੀਆਂ ਹੁੰਦੀਆਂ ਸਨ ਅਤੇ ਸਮਾਂ ਵੀ ਬਹੁਤ ਲੈਂਦੀਆਂ ਸਨ। ਇਹ ਯਾਤਰਾਵਾਂ ਵੱਡੇ ਜੰਗਲਾਂ ਅਤੇ ਸਮੁੰਦਰਾਂ ਵਿਚੋਂ ਗੁਜ਼ਰਦੀਆਂ ਸਨ। ਸਮੁੰਦਰੀ ਵਪਾਰਕ ਯਾਤਰਾ ਲਈ ਵਰਤੇ ਜਾਂਦੇ ਛੋਟੇ ਸਮੁੰਦਰੀ ਜਹਾਜ਼ ਅਜੇ ਬਹੁਤੇ ਮਜ਼ਬੂਤ ਨਹੀਂ ਹੁੰਦੇ ਸਨ, ਇਸ ਕਰਕੇ ਉਹ ਸਮੁੰਦਰ ਦੇ ਕੰਢੇ-ਕੰਢੇ ਚੱਲਦੇ ਸਨ। ਕਈ ਵਾਰ ਸਮੁੰਦਰੀ ਤੂਫਾਨ ਇਨ੍ਹਾਂ ਨੂੰ ਧੱਕ ਕੇ ਸਮੁੰਦਰ ਦੇ ਅੰਦਰ ਦੂਰ ਤਕ ਲੈ ਜਾਂਦੇ ਸਨ। ਉਸ ਵੇਲੇ ਤਕ ਦਿਸ਼ਾ ਦੱਸਣ ਵਾਲੇ ਯੰਤਰ ਕੰਪਾਸ ਆਦਿ ਈਜਾਦ ਨਹੀਂ ਹੋਏ ਸਨ ਤਾਂ ਫਿਰ ਜਹਾਜ਼ ਦੇ ਸਵਾਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਕਿਨਾਰਾ ਕਿੱਧਰ ਹੈ। ਇਸ ਤਰ੍ਹਾਂ ਰਸਤਾ ਭਟਕਣ ’ਤੇ ਉਹ ਆਪਣੇ ਨਾਲ ਪਹਿਲਾਂ ਤੋਂ ਫੜ ਕੇ ਲਿਆਂਦੇ ਕਾਂ ਛੱਡ ਦਿੰਦੇ ਸਨ ਕਿਉਂਕਿ ਕਾਂ ਦਿਨ ਵੇਲੇ ਹਮੇਸ਼ਾਂ ਮਨੁੱਖੀ ਵਸੋਂ ਵੱਲ ਉੱਡਦਾ ਹੈ। ਉਨ੍ਹਾਂ ਨੂੰ ਕਾਂ ਦੇ ਉੱਡਣ ਦੀ ਦਿਸ਼ਾ ਤੋਂ ਪਤਾ ਚੱਲ ਜਾਂਦਾ ਸੀ ਕਿ ਕਿਨਾਰਾ ਜਾਂ ਮਨੁੱਖੀ ਵਸੋਂ ਕਿਸ ਦਿਸ਼ਾ ਵਿਚ ਹੈ। ਇਸੇ ਤਰ੍ਹਾਂ ਜੰਗਲਾਂ ਵਿਚ ਵੀ ਰਸਤਾ ਭਟਕਣ ’ਤੇ ਜਾਂ ਮਨੁੱਖੀ ਵਸੋਂ ਲੱਭਣ ਵਾਸਤੇ ਇਕ ਜਾਂ ਵੱਧ ਕਾਵਾਂ ਨੂੰ ਛੱਡਿਆ ਜਾਂਦਾ ਸੀ। ਫਿਰ ਕਾਂ ਵਸੋਂ ਵਿਚ ਪਹੁੰਚਕੇ ਘਰਾਂ ਦੀਆਂ ਕੰਧਾਂ, ਬਨੇਰਿਆਂ ’ਤੇ ਬੈਠ ਕੇ ਰੌਲਾ ਪਾਉਂਦੇ ਹੋਏ ਕੁਝ ਖਾਣ ਲਈ ਲੱਭਦੇ ਤਾਂ ਉੱਥੋਂ ਦੇ ਲੋਕਾਂ ਨੂੰ ਅੰਦਾਜ਼ਾ ਹੋ ਜਾਂਦਾ ਸੀ ਕਿ ਕੋਈ ਆਉਣ ਵਾਲਾ ਹੈ। ਹਰ ਵਾਰ ਵਪਾਰੀਆਂ ਅਤੇ ਯਾਤਰੀਆਂ ਵੱਲੋਂ ਛੱਡੇ ਕਾਂ ਉਨ੍ਹਾਂ ਤੋਂ ਪਹਿਲਾਂ ਪਿੰਡ ਵਿਚ ਪਹੁੰਚ ਜਾਂਦੇ ਅਤੇ ਬੋਲਦੇ ਸਨ। ਇਸ ਤਰ੍ਹਾਂ ਉਹ ਕਿਸੇ ਦੀ ਆਮਦ ਦਾ ਸੁਨੇਹਾ ਬਣ ਜਾਂਦੇ ਸਨ।

ਸੁਖਵੀਰ ਸਿੰਘ ਕੰਗ

ਉਨ੍ਹਾਂ ਸਮਿਆਂ ਵਿਚ ਇਹ ਵਪਾਰਕ ਯਾਤਰਾਵਾਂ ਦੂਰੀ ਤੈਅ ਕਰਨ ਲਈ ਸਮਾਂ ਬਹੁਤ ਲੈਂਦੀਆਂ ਸਨ ਅਤੇ ਸੰਚਾਰ ਦੇ ਸਾਧਨ ਵੀ ਨਹੀਂ ਸਨ। ਇਸ ਕਰਕੇ ਵਪਾਰਕ ਯਾਤਰਾਵਾਂ ’ਤੇ ਜਾਣ ਵਾਲੇ ਲੋਕ ਲੰਬਾ ਸਮਾਂ ਆਪਣੇ ਚਾਹੁਣ ਵਾਲਿਆਂ ਤੋਂ ਦੂਰ ਰਹਿੰਦੇ ਸਨ। ਪਿੱਛੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੇ ਮਹਿਬੂਬ ਦੀ ਲੰਬੀ ਉਡੀਕ ਕਰਨੀ ਪੈਂਦੀ ਸੀ। ਇੱਥੇ ਮਹਿਬੂਬ ਸ਼ਬਦ ਕੇਵਲ ਆਸ਼ਕਾਂ ਤਕ ਸੀਮਤ ਨਹੀਂ ਹੈ।
ਸੁਨੇਹੇ ਦੇ ਮਾਮਲੇ ਵਿਚ ਭਾਵੇਂ ਕਬੂਤਰ ਵੀ ਰੁਮਾਂਟਿਕ ਕਹਾਣੀਆਂ ਦਾ ਹਿੱਸਾ ਰਿਹਾ ਹੈ, ਪਰ ਵਿਛੋੜੇ ਦੌਰਾਨ ਕਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ। ਜਦੋਂ ਔਸੀਆਂ ਪਾਉਣ ਦੀ ਹੱਦ ਤਕ ਕਿਸੇ ਦੀ ਉਡੀਕ ਹੋਵੇ ਤਾਂ ਕਾਂ ਦੇ ਬੋਲਣ ਤੋਂ ਲੈ ਕੇ ਹਰ ਆਹਟ ਮਹਿਬੂਬ ਦੇ ਆਉਣ ਦਾ ਭੁਲੇਖਾ ਪਾਉਂਦੀ ਹੈ:
* ਚੁੰਝ ਵੇ ਤੇਰੀ ਕਾਲਿਆ ਕਾਵਾਂ ਸੋਨੇ ਨਾਲ ਮੜ੍ਹਾਵਾਂ।
ਜਾਹ ਆਖੀਂ ਮੇਰੇ ਮਾਹੀਏ ਨੂੰ ਮੈਂ ਨਿੱਤ ਔਸੀਆਂ ਪਾਵਾਂ।
* ਨੀਂ ਅੜੀਓ! ਕਾਗ ਬਨੇਰੇ ਬੋਲਿਆ।
ਮੇਰਾ ਔਸੀਆਂ ਪਾਉਂਦੀ ਦਾ,
ਨਰਮ ਕਾਲਜਾ ਡੋਲਿਆ।
ਜਦੋਂ ਤਹਿਜ਼ੀਬ ਬਦਲਦੀ ਹੈ ਤਾਂ ਸਾਡੀਆਂ ਤਰਜੀਹਾਂ ਵੀ ਬਦਲ ਜਾਂਦੀਆਂ ਹਨ। ਉਸ ਵੇਲੇ ਜਦੋਂ ਕਾਂ ਲੋਕਾਂ ਦੀ ਜ਼ਰੂਰਤ ਸੀ ਤਾਂ ਉਦੋਂ ਕਾਂ ਦੀ ਕਦਰ ਵੀ ਬਹੁਤ ਸੀ। ਦਿਸ਼ਾ ਦੱਸਣ ਵਾਲੇ ਯੰਤਰਾਂ ਦੇ ਈਜਾਦ ਹੋਣ ਨਾਲ ਕਾਂ ਦੀ ਜ਼ਰੂਰਤ ਖ਼ਤਮ ਹੋ ਗਈ ਅਤੇ ਸੰਚਾਰ ਦੇ ਵਿਕਸਤ ਹੋਣ ਨਾਲ ਕਾਂ ਦੀ ਕਦਰ ਵੀ ਘਟ ਗਈ। ਉਹ ਕਾਂ ਘ੍ਰਿਣਾ ਦਾ ਪਾਤਰ ਬਣ ਗਿਆ ਕਿ ਇਹ ਗੰਦ ਖਾਂਦਾ ਹੈ, ਰੌਲਾ ਬਹੁਤ ਪਾਉਂਦਾ ਹੈ, ਇਹ ਚਲਾਕ ਹੈ, ਇਹ ਬੱਚਿਆਂ ਹੱਥੋਂ ਟੁੱਕ ਖੋਹ ਲੈਂਦਾ ਹੈ ਆਦਿ। ਬਾਬਾ ਫ਼ਰੀਦ ਦੇ ਸਲੋਕ ਵੀ ਇਸ ਗੱਲ ਦਾ ਜ਼ਿਕਰ ਕਰਦੇ ਹਨ:
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥
ਸੱਭਿਅਤਾ ਅਤੇ ਸਾਧਨਾਂ ਦੇ ਵਿਕਾਸ ਦੇ ਨਤੀਜੇ ਵਜੋਂ ਮਨੁੱਖ ਮਸ਼ੀਨਾਂ ਦੇ ਨੇੜੇ ਹੁੰਦਾ ਚਲਾ ਗਿਆ ਅਤੇ ਰੁੱਖ, ਪਸ਼ੂਆਂ ਅਤੇ ਪੰਛੀਆਂ ਤੋਂ ਦੂਰ ਹੁੰਦਾ ਗਿਆ। ਇਸ ਪ੍ਰਕਿਰਿਆ ਦਾ ਸ਼ਿਕਾਰ ਕਾਂ ਵੀ ਹੋਇਆ, ਪਰ ਇਸ ਸਭ ਦੇ ਬਾਵਜੂਦ ਅੱਜ ਵੀ ਕਾਂ ਸਾਡੇ ਲੋਕ ਗੀਤਾਂ, ਬੋਲੀਆਂ, ਸਿੱਠਣੀਆਂ ਅਤੇ ਕਹਾਣੀਆਂ ਦਾ ਅਹਿਮ ਪਾਤਰ ਹੈ:
* ਜਾਂਦਾ ਹੋਇਆ ਦੱਸ ਨਾ ਗਿਆ,
ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ।
* ਕੋਇਲਾਂ ਕੂਕਦੀਆਂ,
ਕਿਤੇ ਬੋਲ ਵੇ ਚੰਦਰਿਆ ਕਾਵਾਂ
* ਦਿਲ ਮੇਰੇ ਨੂੰ ਵੱਢ ਵੱਢ ਖਾਵੇਂ,
ਕਾਹਨੂੰ ਐਵੇਂ ਬੋਲੀਆਂ ਪਾਵੇਂ
ਚੁੱਪ ਕਰ ਜਾ ਮੈਂ ਤੈਨੂੰ ਸਮਝਾਵਾਂ,
ਐਵੇਂ ਬੋਲ ਨਾ ਬਨੇਰੇ ਉੱਤੇ ਕਾਵਾਂ
ਸੱਜਣਾ ਨਹੀਂ ਆਉਣਾ।
* ਖਾਧੇ ਸੀ ਮਾਂਹ, ਜੰਮੇ ਸੀ ਕਾਂ,
ਕਾਵਾਂਰੌਲੀ ਪਾਉਂਦੀਆਂ
ਵੇ ਨਾਜ਼ਰ ਤੇਰੀਆਂ ਨਾਨਕੀਆਂ
ਕਾਂ ਆਮ ਤੌਰ ’ਤੇ ਵੱਡੇ ਝੁੰਡਾਂ ਵਿਚ ਰਹਿੰਦਾ ਹੈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਾਂ ਹੁੰਦੇ ਹਨ। ਇਹ ਝੁੰਡ ਰਾਤ ਬਿਤਾਉਣ ਲਈ ਮਨੁੱਖੀ ਆਬਾਦੀ ਤੋਂ ਥੋੜ੍ਹੇ ਹਟਵੇਂ ਕਿਸੇ ਬੀੜ ਜਾਂ ਬਾਗ਼ ਨੂੰ ਟਿਕਾਣਾ ਬਣਾਉਂਦੇ ਹਨ। ਦਿਨ ਚੜ੍ਹਦਿਆਂ ਹੀ ਕਾਂ ਡਿਊਟੀ ’ਤੇ ਜਾਣ ਵਾਂਗ ਆਲੇ ਦੁਆਲੇ ਦੇ ਵੀਹ-ਪੱਚੀ ਪਿੰਡਾਂ ਵਿਚ ਛੋਟੇ ਗਰੁੱਪ ਬਣਾ ਕੇ ਵੰਡੇ ਜਾਂਦੇ ਹਨ ਅਤੇ ਸਾਰਾ ਦਿਨ ਉੱਥੇ ਬਿਤਾਉਣ ਤੋਂ ਬਾਅਦ ਸ਼ਾਮ ਪੈਣ ’ਤੇ ਆਪਣੇ ਰੈਣ ਬਸੇਰੇ ਨੂੰ ਪਰਤ ਜਾਂਦੇ ਹਨ। ਇਹ ਰੋਜ਼ਾਨਾ ਇਕੋਂ ਰਸਤੇ ਤੋਂ ਆਉਣ ਜਾਣ ਕਰਦੇ ਹਨ। ਹਰ ਸਾਲ ਆਪਣੇ ਵੰਸ਼ ਵਾਧੇ ਲਈ ਇਹ ਝੁੰਡ ਹਾੜ੍ਹ, ਸਾਉਣ ਅਤੇ ਭਾਦੋਂ ਦੇ ਮਹੀਨੇ ਛੋਟੇ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਪਿੰਡਾਂ ਜਾਂ ਸ਼ਹਿਰਾਂ ਦੇ ਨੇੜਲੇ ਦਰੱਖਤਾਂ ਨੂੰ ਟਿਕਾਣਾ ਬਣਾ ਕੇ ਆਲ੍ਹਣੇ ਪਾਉਂਦਾ ਹੈ। ਬੱਚਿਆਂ ਦੇ ਪਾਲਣ ਅਤੇ ਖੁਰਾਕ ਕਾਰਨ ਇਹ ਥੋੜ੍ਹੇ ਚਿਰ ਦਾ ਟਿਕਾਣਾ ਵਸੋਂ ਦੇ ਵੱਧ ਨੇੜੇ ਰੱਖਣਾ ਜ਼ਰੂਰੀ ਹੁੰਦਾ ਹੈ। ਕਾਂ ਦੇ ਬੱਚਿਆਂ ਨੂੰ ਕਾਕੜੇ ਕਿਹਾ ਜਾਂਦਾ ਹੈ ਜੋ ਸਾਉਣ ਦੇ ਮਹੀਨੇ ਨਿਕਲਦੇ ਹਨ ਅਤੇ ਪਲਦੇ ਹਨ ਕਿਉਂਕਿ ਇਸ ਮਹੀਨੇ ਖੁਰਾਕ ਦੀ ਵੀ ਬਹੁਤਾਤ ਹੁੰਦੀ ਹੈ। ਬੱਚੇ ਪਲ ਜਾਣ ’ਤੇ ਇਹ ਛੋਟੇ ਗਰੁੱਪ ਫਿਰ ਤੋਂ ਵੱਡੇ ਝੁੰਡ ਵਿਚ ਪਰਤ ਜਾਂਦੇ ਹਨ ਅਤੇ ਪਹਿਲਾਂ ਵਾਲੇ ਰੈਣ ਬਸੇਰੇ ’ਤੇ ਸਾਲ ਦਾ ਬਾਕੀ ਸਮਾਂ ਬਿਤਾਉਂਦੇ ਹਨ। ਭਾਵੇਂ ਕਾਂ ਹੋਰ ਪੰਛੀਆਂ ਦੇ ਆਂਡੇ ਵੀ ਭੰਨ ਕੇ ਪੀ ਜਾਂਦਾ ਹੈ, ਪਰ ਕਈ ਵਾਰ ਕਾਂ ਨਾਲ ਵੀ ਠੱਗੀ ਵੱਜ ਜਾਂਦੀ ਹੈ। ਕੋਇਲ ਆਪਣੇ ਆਂਡੇ ਆਪ ਨਹੀਂ ਸੇਜਦੀ ਅਤੇ ਨਾ ਹੀ ਬੱਚੇ ਆਪ ਪਾਲਦੀ ਹੈ। ਉਹ ਧੋਖੇ ਨਾਲ ਕਾਂ ਦੇ ਆਂਡੇ ਭੰਨ ਕੇ ਉਸਦੇ ਆਲ੍ਹਣੇ ਵਿਚ ਆਪ ਆਂਡੇ ਦੇ ਜਾਂਦੀ ਹੈ। ਦੋਹਾਂ ਦੇ ਆਂਡੇ ਅਤੇ ਬੱਚੇ ਇਕੋ ਜਿਹੇ ਹੋਣ ਕਾਰਨ ਸ਼ਾਤਰ ਮੰਨਿਆ ਜਾਂਦਾ ਕਾਂ ਅਣਜਾਣੇ ਵਿਚ ਹੀ ਕੋਇਲ ਦੇ ਬੱਚੇ ਪਾਲਦਾ ਹੈ ਅਤੇ ਉਡਾਰ ਹੋ ਜਾਣ ’ਤੇ ਕੋਇਲ ਵਾਪਸ ਆ ਕੇ ਮਿੱਠੀ ਬੋਲੀ ਬੋਲਦੀ ਹੈ ਤਾਂ ਬੱਚੇ ਮਾਂ ਦੀ ਆਵਾਜ਼ ’ਤੇ ਮੋਹਿਤ ਹੋ ਕੇ ਉੁਸਦੇ ਨਾਲ ਉੱਡ ਜਾਂਦੇ ਹਨ ਅਤੇ ਕਾਂ ਵਿਚਾਰਾ ਦੇਖਦਾ ਹੀ ਰਹਿ ਜਾਂਦਾ ਹੈ।
ਕਾਵਾਂ ਦੀਆਂ ਬਹੁਤ ਨਸਲਾਂ ਹਨ। ਹਰ ਨਸਲ ਦੀ ਆਵਾਜ਼ ਵੱਖਰੀ ਹੁੰਦੀ ਹੈ। ਪੰਜਾਬ ਵਿਚ ਪਾਏ ਜਾਂਦੇ ਕਾਵਾਂ ਦੀ ਗਰਦਨ ਅਤੇ ਛਾਤੀ ਸੁਰਮਈ ਅਤੇ ਬਾਕੀ ਸਰੀਰ ਕਾਲਾ ਹੁੰਦਾ ਹੈ। ਨਸਲ ਅਤੇ ਖੇਤਰ ਅਨੁਸਾਰ ਇਨ੍ਹਾਂ ਦੀਆਂ ਉਪ ਭਾਸ਼ਾਵਾਂ ਵੀ ਹੁੰਦੀਆਂ ਹਨ, ਪਰ ਇਹ ਦੂਜੇ ਖੇਤਰ ਦੀ ਬੋਲੀ ਨੂੰ ਆਸਾਨੀ ਨਾਲ ਸਿੱਖ ਸਮਝ ਲੈਂਦੇ ਹਨ। ਸਰੀਰ ਦੇ ਅਕਾਰ ਦੇ ਅਨੁਪਾਤ ਅਨੁਸਾਰ ਕਾਂ ਦਾ ਦਿਮਾਗ ਕਾਫ਼ੀ ਜੀਵਾਂ ਤੋਂ ਵੱਡਾ ਹੁੰਦਾ ਹੈ। ਜਿਸ ਕਰਕੇ ਕਾਂ ਦੀ ਸਭ ਤੋਂ ਸਿਆਣੀ ਮੰਨੀ ਜਾਂਦੀ ਨਸਲ ‘ਨਿਊ ਕੈਲੇਡੋਨੀਅਨ’ ਕਾਂ ਔਜ਼ਾਰਾਂ ਦੀ ਵਰਤੋਂ ਕਰਨ ਦੀ ਯੋਗਤਾ ਵੀ ਰੱਖਦਾ ਹੈ। ਕਾਂ ਦੁਰਵਿਵਹਾਰ ਕਰਨ ਵਾਲੇ ਜਾਂ ਨੁਕਸਾਨ ਪਹੁੰਚਾਉਣ ਵਾਲੇ ਚਿਹਰੇ ਦੀ ਪਛਾਣ ਅਤੇ ਨਰਾਜ਼ਗੀ ਕਾਇਮ ਰੱਖਣ ਦੀ ਸੂਝ ਵੀ ਰੱਖਦੇ ਹਨ। ਇਹ ਆਪਣੇ ਕਿਸੇ ਸਾਥੀ ਦੀ ਮੌਤ ਹੋ ਜਾਣ ’ਤੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਕੇਵਲ ਦੁੱਖ ਹੀ ਪ੍ਰਗਟ ਨਹੀਂ ਕਰਦੇ, ਸਗੋਂ ਉਸਦੀ ਮੌਤ ਦੇ ਕਾਰਨ ਵੀ ਲੱਭਦੇ ਹਨ ਅਤੇ ਅੱਗੇ ਤੋਂ ਉਸ ਕਾਰਨ ਜਾਂ ਖ਼ਤਰੇ ਤੋਂ ਸੁਚੇਤ ਰਹਿਣ ਦਾ ਸਬਕ ਵੀ ਲੈਂਦੇ ਹਨ। ਇਸ ਤਰ੍ਹਾਂ ਕਾਂ ਬਹੁਤ ਸਿਆਣਾ ਅਤੇ ਚਤੁਰ ਪੰਛੀ ਹੈ ਅਤੇ ਸਾਡੇ ਮਨੁੱਖੀ ਸੱਭਿਆਚਾਰ ਵਿਚ ਅਹਿਮ ਥਾਂ ਰੱਖਦਾ ਹੈ।

ਸੰਪਰਕ : 85678-72291


Comments Off on ਜਦੋਂ ਵੀ ਬਨੇਰੇ ਉੱਤੇ ਕਾਂ ਬੋਲਦਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.