ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਖੇਤੀ ਖੇਤਰ ’ਚ ਨਵੇਂ ਸਿਆੜ ਕੱਢਣ ਦੀ ਲੋੜ

Posted On March - 7 - 2020

ਅਮਨਦੀਪ ਸਿੰਘ (ਡਾ.)

ਪਿੱਛਲੇ ਕੁਝ ਸਮੇਂ ਤੋਂ ਅਖ਼ਬਾਰੀ ਸੁਰਖੀਆਂ ਅਤੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਚਰਚਾ, ਦੋਵਾਂ ਵਿੱਚ ਪੰਜਾਬੀਆਂ ਦੇ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਬਾਹਰ ਚਲੇ ਜਾਣ ਦਾ ਮੁੱਦਾ ਛਾਇਆ ਹੋਇਆ ਹੈ। ਏਨੀ ਵੱਡੀ ਗਿਣਤੀ ਵਿੱਚ ਪੰਜਾਬੀਆਂ, ਖ਼ਾਸ ਤੌਰ ’ਤੇ ਨੌਜਵਾਨਾਂ ਦਾ ਦੂਜੇ ਦੇਸ਼ਾਂ ਵਿੱਚ ਜਾਣਾ ਸੁਭਾਵਿਕ ਹੀ ਚਿੰਤਾ ਦਾ ਸਬੱਬ ਬਣਦਾ ਹੈ। ਇਸ ਚਿੰਤਾ ਵਿਚੋਂ ਹੀ ਪੰਜਾਬ ਦੇ ਵਰਤਮਾਨ ਤੇ ਭਵਿੱਖ ਬਾਰੇ ਚਰਚਾ ਚਲਦੀ ਹੈ ਜਿਸ ਵਿੱਚ ਚਾਰੇ ਪਾਸੇ ਪਸਰੀ ਨਿਰਾਸ਼ਾ, ਨਸ਼ੇ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਾਰੂ ਬਿਮਾਰੀਆਂ, ਕਿਰਤ ਦੀ ਬੇਕਦਰੀ, ਕਿਸਾਨੀ ਦਾ ਨਿਘਾਰ, ਜਾਤ, ਲਿੰਗ ਅਤੇ ਆਰਥਿਕਤਾ ਆਧਾਰਿਤ ਵਿਤਕਰੇ ਆਦਿ ਮਸਲੇ ਪ੍ਰਮੁੱਖ ਤੌਰ ’ਤੇ ਉਭਰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਮੁੱਦਾ ਪੰਜਾਬ ਦੇ ਖੇਤੀਬਾੜੀ ਆਧਾਰਿਤ ਸਮਾਜਿਕ ਆਰਥਿਕ ਢਾਂਚੇ ਦੇ ਵਰਤਮਾਨ ਅਤੇ ਭਵਿੱਖ ਨਾਲ ਜੁੜਿਆ ਹੋਇਆ ਹੈ।
ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਖੇਤੀ ਆਧਾਰਿਤ ਆਰਥਿਕਤਾ ਨਾਲ ਡੂੰਘਾ ਰਿਸ਼ਤਾ ਹੈ। ਇਸ ਪਿੱਛੇ ਕੁਝ ਵਿਸ਼ੇਸ਼ ਇਤਿਹਾਸਕ ਤੇ ਕੁਦਰਤੀ ਕਾਰਨ ਕੰਮ ਕਰਦੇ ਹਨ ਜਿਨ੍ਹਾਂ ਬਾਰੇ ਸੁਚੇਤ ਹੋਣ ਨਾਲ ਪੰਜਾਬੀਆਂ ਦੇ ਖੇਤੀਬਾੜੀ ਨਾਲ ਰਿਸ਼ਤੇ ਨੂੰ ਨਵੇਂ ਸਿਰੇ ਤੋਂ ਦੇਖਿਆ ਜਾ ਸਕਦਾ ਹੈ।
ਹਜ਼ਾਰਾਂ ਸਾਲਾਂ ਤੋਂ ਸਿੰਧ ਦਰਿਆ ਤੋਂ ਲੈ ਕੇ ਗੰਗਾ ਦੇ ਮੈਦਾਨਾਂ ਤੱਕ ਭਾਰਤੀ ਉਪਮਹਾਂਦੀਪ ਦਾ ਉੱਤਰੀ ਭਾਗ ਪੱਧਰੇ ਉਪਜਾਊ ਮੈਦਾਨਾਂ, ਸਾਰਾ ਸਾਲ ਵਗਣ ਵਾਲੇ ਦਰਿਆਵਾਂ ਅਤੇ ਵੱਖੋ-ਵੱਖ ਫ਼ਸਲਾਂ ਲਈ ਢੁਕਵੇਂ ਮੌਸਮਾਂ ਦਾ ਇਲਾਕਾ ਰਿਹਾ ਹੈ ਅਤੇ ਪੰਜਾਬੀਆਂ ਦੀ ਸਰੀਰਕ ਮਿਹਨਤ ਕਰ ਸਕਣ ਦੀ ਸਮਰੱਥਾ ਇਸ ਉੱਪਰ ਸੋਨੇ ’ਤੇ ਸੁਹਾਗੇ ਦਾ ਕੰਮ ਕਰਦੀ ਰਹੀ ਹੈ। ਸੋ ਜਦੋਂ ਤੱਕ ਖੇਤੀ ਕੁਦਰਤ ਆਧਾਰਿਤ ਅਤੇ ਨਿਰੋਲ ਮਨੁੱਖੀ ਜਾਂ ਪਸ਼ੂ ਸ਼ਕਤੀ ’ਤੇ ਨਿਰਭਰ ਰਹਿੰਦੀ ਰਹੀ, ਉਦੋਂ ਤੱਕ ਇਨ੍ਹਾਂ ਕੁਦਰਤੀ ਬਰਕਤਾਂ ਕਰ ਕੇ ਉੱਤਰੀ ਭਾਰਤ ਦਾ ਇਹ ਇਲਾਕਾ ਲੱਖਾਂ ਲੋਕਾਂ ਦਾ ਢਿੱਡ ਭਰਦਾ ਰਿਹਾ ਅਤੇ ਫ਼ਸਲ ਪੈਦਾ ਕਰਨ ਵਾਲੇ ਕਿਸਾਨ ਨੂੰ ‘ਦਾਤੇ’ ਦਾ ਦਰਜਾ ਮਿਲਦਾ ਰਿਹਾ।
ਇਸ ਸਾਧਾਰਨ ਪ੍ਰੰਪਰਿਕ ਢੰਗ ਦੀ ਖੇਤੀ ਵਿੱਚ ਵੀ ਘੱਟ ਉਪਜ, ਸੋਕੇ ਤੇ ਹੜ੍ਹ ਆਦਿ ਦੀਆਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਸਨ, ਪਰ ਵਾਹੀਯੋਗ ਜ਼ਮੀਨ ਹੇਠ ਰਕਬਾ ਘੱਟ ਹੋਣ ਅਤੇ ਬਹੁਤ ਸਾਰੀ ਜ਼ਮੀਨ ਵਿਹਲੀ ਪਈ ਹੋਣ ਕਾਰਨ ਜ਼ਮੀਨ ਕੁਝ ਸਮੇਂ ਲਈ ਖਾਲੀ ਛੱਡਣ ਜਾਂ ਨਵੀਂ ਉਪਜਾਊ ਥਾਂ ’ਤੇ ਜਾ ਕੇ ਬੀਜ ਖਿਲਾਰਨ ਵਿੱਚ ਕੋਈ ਖ਼ਾਸ ਸਮੱਸਿਆ ਨਹੀਂ ਸੀ। ਇਸ ਦੇ ਨਾਲ ਹੀ ਸਮੇਂ-ਸਮੇਂ ’ਤੇ ਦਰਿਆਵਾਂ ਵਿੱਚ ਹੜ੍ਹ ਆਉਣ ਨਾਲ ਜਾਂ ਦਰਿਆਵਾਂ ਦੇ ਹੌਲੀ ਹੌਲੀ ਆਪਣਾ ਰਸਤਾ ਬਦਲਣ ਨਾਲ ਵੀ ਉਪਜਾਊ ਮਿੱਟੀ ਦੀ ਪਰਤ ਵਾਲੀ ਨਵੀਂ ਵਾਹੀਯੋਗ ਜ਼ਮੀਨ ਖੇਤੀ ਲਈ ਮਿਲਦੀ ਰਹਿੰਦੀ ਸੀ। ਇਸ ਢੰਗ ਦੀ ਖੇਤੀ ਵਿੱਚ ਜ਼ਿਆਦਾਤਰ ਉਹੀ ਫ਼ਸਲਾਂ ਉਗਾਈਆਂ ਜਾਂਦੀਆਂ ਸਨ ਜਾਂ ਉਗਦੀਆਂ ਸਨ ਜੋ ਉਸ ਇਲਾਕੇ ਦੀ ਮਿੱਟੀ, ਪਾਣੀ ਤੇ ਜਲਵਾਯੂ ਦੇ ਅਨੁਕੂਲ ਹੁੰਦੀਆਂ ਸਨ।
ਅੰਗਰੇਜ਼ਾਂ ਦੇ ਆਉਣ ਨਾਲ ਪਹਿਲੀ ਵਾਰ ਖੇਤੀ ਵਿੱਚ ਵੱਡੇ ਪੱਧਰ ’ਤੇ ਪਰਿਵਰਤਨ ਆਉਣੇ ਸ਼ੁਰੂ ਹੋਏ ਜਿੱਥੇ ਨਹਿਰਾਂ ਕੱਢ ਕੇ ਪਹਿਲਾਂ ਬੰਜਰ ਪਏ ਇਲਾਕਿਆਂ ਵਿੱਚ ਵੀ ਖੇਤੀ ਹੋਣੀ ਸ਼ੁਰੂ ਹੋਈ। ਇਸ ਦੇ ਨਾਲ ਹੀ ਫ਼ਸਲਾਂ ਵੀ ਘਰੇਲੂ/ਪਿੰਡ ਦੀ ਲੋੜ ਤੋਂ ਅੱਗੇ ਨਿਕਲ ਕੇ ਅੰਗਰੇਜ਼ ਹਾਕਮਾਂ ਦੀਆਂ ਉਦਯੋਗਿਕ ਜਾਂ ਵਪਾਰਿਕ ਲੋੜਾਂ ਅਨੁਸਾਰ ਉਗਾਈਆਂ ਜਾਣ ਲੱਗੀਆਂ। ਇਸੇ ਦਾ ਅਗਲਾ ਪੜ੍ਹਾਅ ਅਸੀਂ ਹਰੇ ਇਨਕਲਾਬ ਦੇ ਰੂਪ ਵਿੱਚ ਦੇਖ ਸਕਦੇ ਹਾਂ ਜਦੋਂ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਵਿੱਚ ਨਵੇਂ ਢੰਗ ਦੇ ਸਿੰਜਾਈ ਦੇ ਸਾਧਨਾਂ, ਟਰੈਕਟਰਾਂ, ਸੁਧਰੇ ਬੀਜਾਂ, ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਉਪਜ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਪੰਜਾਬ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਦੇ ਰਾਹ ਪੈਂਦਾ ਹੋਇਆ ਕੇਂਦਰੀ ਪੂਲ ਵਿੱਚ ਸਭ ਤੋਂ ਵੱਧ ਕਣਕ ਅਤੇ ਚੌਲ ਦੇਣ ਲੱਗਿਆ ਅਤੇ ਪੰਜਾਬ ਅਤੇ ਕਿਸਾਨੀ ਦੋਵੇਂ ਇੱਕ-ਦੂਜੇ ਦੇ ਪੂਰਕ ਬਣ ਗਏ।
ਵਰਤਮਾਨ ਵਿੱਚ ਪੰਜਾਬ ਜਿੱਥੇ ਇੱਕ ਪਾਸੇ ਖੇਤੀ ਉਪਜ ਵਿੱਚ ਖੜੋਤ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਰਸਾਇਣਾਂ ਦੀ ਬੇਲੋੜੀ ਵਰਤੋਂ ਨਾਲ ਜ਼ਹਿਰੀਲੀ ਹੋਈ ਮਿੱਟੀ ਅਤੇ ਤੇਜ਼ੀ ਨਾਲ ਖ਼ਤਮ ਹੁੰਦੇ ਜਾ ਰਹੇ ਪਾਣੀ ਦੇ ਕੁਦਰਤੀ ਸਰੋਤ ਪੰਜਾਬ ਦੇ ਭਵਿੱਖ ਬਾਰੇ ਡੂੰਘੀਆਂ ਚਿੰਤਾਵਾਂ ਦਾ ਸਬੱਬ ਬਣ ਰਹੇ ਹਨ। ਇਸ ਨੂੰ ਰੋਕਣ ਲਈ ਜਿੱਥੇ ਇੱਕ ਪਾਸੇ ਕਣਕ ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਆਉਣ ਦੀ ਗੱਲ ਕਰਦੇ ਹੋਏ ਹੋਰ ਫ਼ਸਲਾਂ ਉਗਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਉੱਥੇ ਦੂਜੇ ਪਾਸੇ ਕੁਦਰਤੀ ਖੇਤੀ ਵੱਲ ਪਰਤਣ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਦੋਵੇਂ ਹੀ ਸੁਝਾਅ ਬੁਨਿਆਦੀ ਤੌਰ ’ਤੇ ਖੇਤੀ ਕਰਨ ਦੇ ਢੰਗਾਂ ਵਿੱਚ ਕੁਝ ਤਬਦੀਲੀ ਕਰਨ ਤੱਕ ਸੀਮਤ ਰਹਿ ਜਾਂਦੇ ਹਨ ਜਦੋਂਕਿ ਲੋੜ ਪੰਜਾਬ ਅਤੇ ਖੇਤੀਬਾੜੀ ਦੇ ਅਨਿੱਖੜ ਸਮਝੇ ਜਾਂਦੇ ਰਿਸ਼ਤੇ ਤੋਂ ਬਾਹਰ ਨਿਕਲ ਕੇ ਸੋਚਣ ਦੀ ਹੈ।
ਸਾਨੂੰ ਇਹ ਪ੍ਰਵਾਨ ਕਰਨ ਦੀ ਲੋੜ ਹੈ ਕਿ ਹੋਰ ਕੁਦਰਤੀ ਸਾਧਨਾਂ ਦੀ ਤਰ੍ਹਾਂ ਹੀ ਮਿੱਟੀ, ਪਾਣੀ, ਹਵਾ ਆਦਿ ਵੀ ਅਜਿਹੇ ਸਰੋਤ ਹਨ ਜਿਨ੍ਹਾਂ ਦੀ ਇੱਕ ਖਾਸ ਪੱਧਰ ਤੋਂ ਵੱਧ ਵਰਤੋਂ ਨਹੀਂ ਕੀਤੀ ਜਾ ਸਕਦੀ। ਪੰਜਾਬ ਇਸ ਸਮੇਂ ਅਜਿਹੇ ਹਾਲਾਤ ਵਿਚੋਂ ਨਿਕਲ ਰਿਹਾ ਹੈ ਜਿੱਥੇ ਬਹੁਤੇ ਖਿੱਤਿਆਂ ਵਿੱਚ ਧਰਤੀ ਹੇਠਲਾ ਪਾਣੀ ਅਪਹੁੰਚ ਅਤੇ ਨਾ-ਵਰਤੋਂਯੋਗ ਹੋ ਚੁੱਕਾ ਹੈ ਅਤੇ ਮਿੱਟੀ ਆਪਣੀ ਕੁਦਰਤੀ ਉਤਪਾਦਨ ਸਮਰੱਥਾ ਲਗਭਗ ਗੁਆ ਚੁੱਕੀ ਹੈ। ਇਸ ਕਾਰਨ ਖੇਤੀ ਨਾ ਸਿਰਫ਼ ਲਗਾਤਾਰ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਸਗੋਂ ਪੰਜਾਬ ਦੇ ਪੌਣ-ਪਾਣੀ ਨੂੰ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਨਾਲ ਹੋਰ ਜ਼ਿਆਦਾ ਪ੍ਰਦੂਸ਼ਿਤ ਕਰਨ ਵਿੱਚ ਵੀ ਲਗਾਤਾਰ ਹਿੱਸਾ ਪਾ ਰਹੀ ਹੈ।
ਕੁਦਰਤੀ ਸਾਧਨਾਂ ਦੇ ਖ਼ਤਮ ਹੋਣ ਨਾਲ ਸੁਭਾਵਿਕ ਹੀ ਉਸ ’ਤੇ ਨਿਰਭਰ ਲੋਕਾਂ ਦੇ ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਢਾਂਚੇ ਵਿੱਚ ਵੀ ਵੱਡੀਆਂ ਤਬਦੀਲੀਆਂ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀ ਜੀਵਨ ਜਾਚ ਬਦਲਣੀ ਪੈਂਦੀ ਹੈ। ਪਰਵਾਸ ਧਾਰਨ ਕਰਨ ਨੌਜਵਾਨਾਂ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਹੀ ਨੌਜਵਾਨ ਹਨ ਜੋ ਚਾਹੇ ਮਜਬੂਰੀ ਵਿੱਚ ਹੀ ਸਹੀ, ਪਰ ਆਪਣੀ ਖੇਤੀਬਾੜੀ ਆਧਾਰਿਤ ਅਰਧ ਸਾਮੰਤੀ ਢੰਗ ਦੀ ਠਹਿਰੀ ਹੋਈ ਜੀਵਨ ਜਾਚ ਤੋਂ ਬਾਹਰ ਨਿਕਲ ਕੇ ਅਤਿ-ਵਿਕਸਤ ਪੂੰਜੀਵਾਦੀ ਪ੍ਰਬੰਧ ਵਿੱਚ ਆਪਣੀ ਥਾਂ ਬਣਾਉਣ ਦੇ ਸੰਘਰਸ਼ ਦੇ ਰਾਹ ਪੈ ਰਹੇ ਹਨ। ਖੇਤੀ ਨਾਲ ਸਬੰਧਿਤ ਪਰਿਵਾਰਾਂ ਦੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਖੇਤੀਬਾੜੀ ਦੇ ਕਿੱਤੇ ਤੋਂ ਆਈ ਨਿਰਾਸ਼ਾ ਦੇ ਨਾਲ-ਨਾਲ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਪੰਜਾਬ ਖੇਤੀਬਾੜੀ ਖੇਤਰ ਵਿੱਚ ਆਪਣਾ ਬਣਦਾ ਯੋਗਦਾਨ ਪਾ ਚੁੱਕਾ ਹੈ ਅਤੇ ਹੁਣ ਇਸ ਨੂੰ ਇਸ ਤੋਂ ਅੱਗੇ ਸੋਚਣ ਦੀ ਲੋੜ ਹੈ।
ਕਿਸੇ ਸਮੇਂ ਖੇਤੀਬਾੜੀ ਖੇਤਰ ਤੋਂ ਅਗਲਾ ਸੁਭਾਵਿਕ ਕਦਮ ਉਦਯੋਗਿਕ ਖੇਤਰ ਮੰਨਿਆ ਜਾਂਦਾ ਸੀ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਨਾਲ ਬਣੇ ਫੋਕਲ ਪੁਆਇੰਟ ਇਸੇ ਦਿਸ਼ਾ ਵੱਲ ਜਾਣ ਦੀਆਂ ਕੋਸ਼ਿਸ਼ਾਂ ਦਾ ਪ੍ਰਮਾਣ ਹਨ, ਪਰ ਯੋਗ ਤੇ ਸਿੱਖਿਅਤ ਮਨੁੱਖੀ ਸ਼ਕਤੀ ਦੀ ਕਮੀ, ਦੂਜੇ ਸੂਬਿਆਂ ਨੂੰ ਮਿਲਣ ਵਾਲੀਆਂ ਛੋਟਾਂ, ਪੰਜਾਬ ਸੰਕਟ ਦਾ ਪ੍ਰਭਾਵ, ਫੈਕਟਰੀਆਂ ਵਿਚੋਂ ਨਿਕਲਣ ਵਾਲੇ ਖ਼ਤਰਨਾਕ ਰਸਾਇਣਾਂ ਦੀ ਸਮੱਸਿਆ ਅਤੇ ਪੰਜਾਬ ਦੇ ਸਰਹੱਦੀ ਸੂਬਾ ਹੋਣ ਕਾਰਨ ਕਿਸੇ ਵੱਡੀ ਸਨਅਤ ਨਾ ਲੱਗਣ ਆਦਿ ਕਾਰਨਾਂ ਕਰ ਕੇ ਉਦਯੋਗੀਕਰਨ ਵੱਲ ਜਾਂਦੇ ਇਹ ਕਦਮ ਆਰੰਭ ਵਿੱਚ ਹੀ ਲੜਖੜਾ ਗਏ। ਲੁਧਿਆਣੇ ਦੇ ਬੁੱਢੇ ਨਾਲੇ ਦਾ ਪ੍ਰਦੂਸ਼ਣ, ਰਿਫਾਈਨਰੀਆਂ ਤੇ ਥਰਮਲਾਂ ਦੇ ਧੂੰਏਂ, ਸ਼ਰਾਬ ਫੈਕਟਰੀਆਂ ਦੇ ਜ਼ਹਿਰੀਲੇ ਮਾਦੇ ਤੇ ਸਾਫਟ ਡਰਿੰਕ ਕੰਪਨੀਆਂ ਵੱਲੋਂ ਅੰਨ੍ਹੇਵਾਹ ਕੱਢੇ ਪਾਣੀਆਂ ਵਰਗੇ ਮਾੜੇ ਅਨੁਭਵਾਂ ਕਾਰਨ ਕਿਸੇ ਨਵੇਂ ਉਦਯੋਗ ਦੇ ਲੱਗਣ ਦੀ ਖ਼ਬਰ ਉਸ ਇਲਾਕੇ ਦੇ ਲੋਕਾਂ ਲਈ ਖ਼ੁਸ਼ੀ ਦੀ ਥਾਂ ਫ਼ਿਕਰ ਦਾ ਸਬੱਬ ਹੀ ਬਣਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਦਯੋਗੀਕਰਨ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਕਾਰਨ ਹੀ ਮੁੜ ਘਿੜ ਕੇ ਪੰਜਾਬੀ ਮਨ ਫਿਰ ਖੇਤੀਬਾੜੀ ’ਚੋਂ ਹੀ ਆਪਣੇ ਸਵਾਲਾਂ ਦਾ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਨ ਲੱਗ ਪੈਂਦਾ ਹੈ।
ਜਦੋਂ ਖੇਤੀਬਾੜੀ ’ਚੋਂ ਬਾਹਰ ਨਿਕਲਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਅਕਸਰ ਹੀ ਇਹ ਸਵਾਲ ਉਠਦਾ ਹੈ ਕਿ ਜੇ ਅਸੀਂ ਖੇਤੀ ਨਾ ਕੀਤੀ ਤਾਂ ਅਸੀਂ ਖਾਵਾਂਗੇ ਕੀ? ਇਸ ਦਾ ਜਵਾਬ ਵਿਸ਼ਵੀਕਰਨ ਜਾਂ ਗਲੋਬਲੀ ਪਿੰਡ ਦੇ ਸੰਕਲਪ ਵਿੱਚ ਪਿਆ ਹੋਇਆ ਹੈ। ਜਿਸ ਤਰ੍ਹਾਂ ਨਾਲ ਸਮੁੱਚੀ ਦੁਨੀਆਂ ਇੱਕ ਦੂਜੇ ਨਾਲ ਜੁੜ ਚੁੱਕੀ ਹੈ, ਉਸ ਵਿੱਚ ਦੁਨੀਆਂ ਦੀ ਹਰ ਚੀਜ਼ ਇੱਕ ਥਾਂ ਤੋਂ ਦੂਜੀ ਥਾਂ ਤੇ ਐਨੀ ਆਸਾਨੀ ਨਾਲ ਪਹੁੰਚ ਰਹੀ ਹੈ ਕਿ ਬਹੁਤੀ ਵਾਰ ਇਹ ਪਤਾ ਨਹੀਂ ਲਗਦਾ ਕਿ ਸਾਡੇ ਖਾਣੇ ਦੀ ਪਲੇਟ ਵਿੱਚ ਪਈ ਚੀਜ਼ ਅਸਲ ਵਿੱਚ ਕਿੱਥੋਂ ਆਈ ਹੋਈ ਹੈ। ਪਰ ਇਹ ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਹੋਈਆਂ ਵੀ ਤੁਹਾਡੀਆਂ ਹੋ ਸਕਦੀਆਂ ਹਨ ਜਾਂ ਨਹੀਂ, ਇਸ ਗੱਲ ਦਾ ਫ਼ੈਸਲਾ ਤੁਹਾਡੀ ਜੇਬ ਨੇ ਕਰਨਾ ਹੈ। ਜਦੋਂ ਪੰਜਾਬ ਵਿੱਚ ਪੈਦਾ ਹੋ ਰਹੀ ਕਣਕ ਅਤੇ ਆਸਟਰੇਲੀਆ ਜਾਂ ਯੂਕਰੇਨ ਤੋਂ ਆ ਰਹੀ ਕਣਕ ਦੀ ਕੀਮਤ ਵਿੱਚ ਬਹੁਤਾ ਫ਼ਰਕ ਨਹੀਂ ਤਾਂ ਕੀ ਬਾਹਰਲੀ ਕਣਕ ਦੀ ਵਰਤੋਂ ਕਰ ਕੇ ਅਸੀਂ ਆਪਣੀ ਜ਼ਮੀਨ ਤੇ ਪਾਣੀ ਨੂੰ ਆਉਣ ਵਾਲੇ ਸਮੇਂ ਲਈ ਸੰਭਾਲ ਕੇ ਨਹੀਂ ਰੱਖ ਸਕਦੇ? ਇਹ ਸੋਚਣ ਵਿਚਾਰਨ ਵਾਲਾ ਮੁੱਦਾ ਹੈ।
ਅਸਲ ਵਿੱਚ ਦੁਨੀਆਂ ਦੇ ਬਹੁਤ ਸਾਰੇ ਦੇਸ਼ ਕੁਦਰਤੀ ਸਾਧਨਾਂ ਦੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਅਜਿਹਾ ਕਰ ਰਹੇ ਹਨ ਕਿਉਂਕਿ ਉਹ ਇਸ ਗੱਲ ਤੋਂ ਸੁਚੇਤ ਹਨ ਕਿ ਮਨੁੱਖੀ ਸ਼ਕਤੀ ਦੇ ਨਾਲ ਨਾਲ ਕੁਦਰਤੀ ਸਾਧਨ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਕਿਸੇ ਦੇਸ਼ ਦਾ ਭਵਿੱਖ ਇਨ੍ਹਾਂ ਦੋਵਾਂ ਦੀ ਸੁਯੋਗ ਵਰਤੋਂ ’ਤੇ ਹੀ ਨਿਰਭਰ ਕਰਦਾ ਹੈ। ਅਮਰੀਕਾ, ਰੂਸ, ਚੀਨ ਅਤੇ ਬਹੁਤ ਸਾਰੇ ਯੂਰੋਪੀ ਦੇਸ਼ਾਂ ਦੀ ਏਸ਼ੀਆ ਦੇ ਤੇਲ-ਉਤਪਾਦਕ ਦੇਸਾਂ ਵਿੱਚ ਪਿੱਛਲੇ ਕਈ ਦਹਾਕਿਆਂ ਤੋਂ ਚੱਲ ਰਹੀ ਦਖ਼ਲਅੰਦਾਜ਼ੀ ਪਿੱਛੇ ਮੂਲ ਕਾਰਨ ਇਹੀ ਹੈ ਕਿ ਹਰ ਦੇਸ ਆਪਣੇ ਭਵਿੱਖ ਲਈ ਕੁਦਰਤੀ ਸਾਧਨਾਂ ਤੇ ਵੱਧ ਤੋਂ ਵੱਧ ਕਾਬੂ ਰੱਖਣਾ ਚਾਹੁੰਦਾ ਹੈ। ਪੰਜਾਬ ਦੇ ਪ੍ਰਸੰਗ ਵਿੱਚ ਪੰਜਾਬ ਦੀ ਹਵਾ, ਪਾਣੀ ਤੇ ਮਿੱਟੀ ਇਸ ਦੇ ਸਭ ਤੋਂ ਮਹੱਤਵਪੂਰਨ ਕੁਦਰਤੀ ਸਾਧਨ ਹਨ, ਜਿਨ੍ਹਾਂ ਨਾਲ ਪੰਜਾਬ ਦਾ ਵਰਤਮਾਨ ਅਤੇ ਭਵਿੱਖ ਜੁੜਿਆ ਹੋਇਆ ਹੈ। ਖੇਤੀਬਾੜੀ, ਖ਼ਾਸ ਤੌਰ ’ਤੇ ਕਣਕ-ਝੋਨੇ ਦੇ ਮੋਨੋ-ਕਲਚਰ ਵਾਲੀ ਖੇਤੀਬਾੜੀ ਜਾਂ ਵੱਡੇ ਫਾਰਮਾਂ ਵਾਲੀ ਵਪਾਰਕ ਢੰਗ ਦੀ ਖੇਤੀ, ਦੋਵਾਂ ਨਾਲ ਹੀ ਪੌਣ-ਪਾਣੀ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਵਾਤਾਵਰਨਕ ਪੱਖ ਤੋਂ ਇਹ ਲੰਮੇਰੇ ਸਮੇਂ ਵਿੱਚ ਘਾਟੇ ਦਾ ਸੌਦਾ ਸਾਬਤ ਹੋ ਰਹੀਆਂ ਹਨ।
ਇਸੇ ਨਾਲ ਜੁੜਿਆ ਅਗਲਾ ਮਸਲਾ ਖੇਤੀਬਾੜੀ ਆਧਾਰਿਤ ਆਰਥਿਕਤਾ ਨਾਲ ਜੁੜੇ ਲੋਕਾਂ/ਕਿਸਾਨਾਂ ਦਾ ਹੈ। ਕਿਸਾਨ ਤੇ ਕਿਸਾਨੀ ਨੂੰ ਬਚਾਈ ਰੱਖਣ ਦੀ ਗੱਲ ਬਹੁਤ ਸਾਰੇ ਲੋਕਾਂ/ ਧਿਰਾਂ ਲਈ ਭਾਵੁਕ/ ਆਰਥਿਕ/ ਸਭਿਆਚਾਰਕ/ਵਿਅਕਤੀਗਤ/ ਰਾਜਨੀਤਕ ਮਸਲਾ ਹੈ। ਕਿਸਾਨੀ ਦਾ ਇੱਕ ਵੱਡਾ ਵੋਟ-ਬੈਂਕ ਹੋਣ ਕਾਰਨ ਕੋਈ ਵੀ ਧਿਰ ਅਜਿਹਾ ਕੋਈ ਫ਼ੈਸਲਾ ਨਹੀਂ ਲੈਣਾ ਚਾਹੁੰਦੀ ਜੋ ਚਾਹੇ ਭਵਿੱਖੀ ਲੋੜਾਂ ਦੇ ਅਨੁਕੂਲ ਹੋਵੇ, ਪਰ ਜਿਸ ਨਾਲ ਵਰਤਮਾਨ ਵਿੱਚ ਵੋਟ ਦਾ ਨੁਕਸਾਨ ਹੁੰਦਾ ਹੋਵੇ। ਇਹੀ ਕਾਰਨ ਹੈ ਕਿ ਕਣਕ-ਝੋਨੇ ਦੇ ਫ਼ਸਲੀ ਚੱਕਰ ਦੇ ਦੁਸ਼ਪ੍ਰਭਾਵਾਂ ਦੇ ਚਲਦਿਆਂ ਵੀ ਹਰ ਸਰਕਾਰ ਇਨ੍ਹਾਂ ਫ਼ਸਲਾਂ ਦਾ ਸਮਰਥਨ ਮੁੱਲ ਅਤੇ ਖ਼ਰੀਦ ਯਕੀਨੀ ਬਣਾ ਕੇ ਟੇਢੇ ਢੰਗ ਨਾਲ ਇਹੀ ਫ਼ਸਲਾਂ ਬੀਜਣ ਲਈ ਉਤਸ਼ਾਹਿਤ ਕਰਦੀ ਰਹਿੰਦੀ ਹੈ। ਸਿੱਟੇ ਵਜੋਂ ਖੇਤੀਬਾੜੀ ਕਰਨ ਦੇ ਢੰਗ ਤਰੀਕੇ ਬਦਲਣ ਬਾਰੇ ਤਾਂ ਚਰਚਾ ਆਮ ਚਲਦੀ ਰਹਿੰਦੀ ਹੈ ਪਰ ਖੇਤੀਬਾੜੀ ਦੀ ਪੰਜਾਬ ਦੇ ਇੱਕ ਮੁੱਖ ਪ੍ਰੰਤੂ ਵੇਲਾ ਵਿਹਾ ਚੁੱਕੇ ਕਿੱਤੇ ਵਜੋਂ ਪੜਚੋਲ ਕਰਨ ਤੋਂ ਆਮ ਤੌਰ ’ਤੇ ਗੁਰੇਜ਼ ਕਰ ਲਿਆ ਜਾਂਦਾ ਹੈ। ਕਿਸਾਨੀ ਦੇ ਕਿੱਤੇ ਵਿਚੋਂ ਨਿਕਲਣ ਵਾਲੇ ਲੋਕਾਂ ਲਈ ਰੁਜ਼ਗਾਰ ਦੇ ਹੋਰ ਕਿਹੜੇ ਮੌਕੇ ਹੋ ਸਕਦੇ ਹਨ ਅਤੇ ਸਾਡਾ ਵਿਦਿਅਕ ਅਤੇ ਪ੍ਰਸ਼ਾਸਨੀ ਢਾਂਚਾ ਉਸ ਨੂੰ ਇਸ ਲਈ ਤਿਆਰ ਕਰਨ ਲਈ ਖ਼ੁਦ ਤਿਆਰ ਹੈ ਜਾਂ ਨਹੀਂ, ਇਹ ਵੀ ਵਿਚਾਰਨ ਦੀ ਲੋੜ ਹੈ।
ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਪੌਣ-ਪਾਣੀ ਉੱਪਰ ਖੇਤੀਬਾੜੀ ਦੇ ਪੈ ਰਹੇ ਪ੍ਰਭਾਵਾਂ ਬਾਰੇ ਗੰਭੀਰ ਵਿਚਾਰ ਚਰਚਾ ਛੇੜੀ ਜਾਵੇ, ਅਤੇ ਇਸ ਮਸਲੇ ਬਾਰੇ ਭਾਵੁਕ ਪਹੁੰਚ ਰੱਖਣ ਦੀ ਬਜਾਇ ਪੰਜਾਬ ਤੇ ਪੰਜਾਬੀਆਂ ਦੇ ਭਵਿੱਖ ਨੂੰ ਸਾਹਮਣੇ ਰੱਖ ਕੇ ਵਿਸਤ੍ਰਿਤ ਯੋਜਨਾਵਾਂ ਬਣਾਈਆਂ ਜਾਣ।

*ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ।
ਸੰਪਰਕ: 95010-22809


Comments Off on ਖੇਤੀ ਖੇਤਰ ’ਚ ਨਵੇਂ ਸਿਆੜ ਕੱਢਣ ਦੀ ਲੋੜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.