ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕੁਸ਼ਤੀ ’ਚ ਪੰਜਾਬ ਦਾ ਨਾਂ ਚਮਕਾਉਣ ਵਾਲੀ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ

Posted On March - 14 - 2020

ਕੁਲਦੀਪ ਸਿੰਘ ਧਨੌਲਾ

ਪਹਿਲਵਾਨ ਗੁਰਸ਼ਰਨਪ੍ਰੀਤ ਕੌਰ ਦਾ ਜਨਮ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੜਿੰਗ ਵਿਚ ਪਿਤਾ ਦੀਦਾਰ ਸਿੰਘ ਤੇ ਮਾਤਾ ਰਾਜਬੀਰ ਕੌਰ ਦੇ ਘਰ 24 ਅਕਤੂਬਰ 1983 ਨੂੰ ਹੋਇਆ। ਪਿਤਾ ਖੇਤੀਬਾੜੀ ਕਰਦੇ ਸਨ ਜਦੋਂਕਿ ਮਾਤਾ ਘਰੇਲੂ ਗ੍ਰਹਿਣੀ ਸੀ। ਉਹ ਬਚਪਨ ਤੋਂ ਸਿਹਤ ਪੱਖੋਂ ਹੁੰਦੜਹੇਲ ਸੀ, ਜਿਸ ਕਾਰਨ ਅਧਿਆਪਕ ਉਸ ਨੂੰ ਖੇਡਾਂ ਵੱਲ ਪ੍ਰੇਰਨ ਲੱਗੇ। ਪਿਤਾ ਬਿਮਾਰ ਰਹਿਣ ਕਾਰਨ ਉਸ ਸਮੇਂ ਜ਼ਿੰਦਗੀ ਦਾ ਸਾਥ ਛੱਡ ਗਏ ਜਦੋਂ ਉਹ 12 ਸਾਲ ਦੀ ਉਮਰੇ ਹਾਣਦੀਆਂ ਕੁੜੀਆਂ ਨਾਲ ਗੁੱਡੀਆਂ-ਪਟੋਲੇ ਖੇਡਦੀ ਸੀ ਤੇ ਛੋਟਾ ਭਰਾ ਅਜੇ 6 ਕੁ ਮਹੀਨੇ ਦਾ ਸੀ। ਕਬੀਲਦਾਰੀ ਦਾ ਬੋਝ ਮਾਂ ਦੇ ਮੋਢਿਆਂ ’ਤੇ ਆ ਪਿਆ। ਮਜਬੂਰੀਵੱਸ ਗੁਰਸ਼ਰਨਪ੍ਰੀਤ ਕੌਰ ਪੜ੍ਹਾਈ ਦੇ ਨਾਲ-ਨਾਲ ਆਪਣੀ ਮਾਂ ਨਾਲ ਘਰ ਕੇ ਕੰਮ-ਧੰਦਿਆਂ ’ਚ ਹੱਥ ਵਟਾਉਣ ਲੱਗੀ। ਉਸ ਨੇ 8ਵੀਂ ਤਕ ਦੀ ਪੜ੍ਹਾਈ ਐਲੀਮੈਂਟਰੀ ਸਕੂਲ ਪਿੰਡ ਬ੍ਰਹਮਪੁਰਾ ਤੋਂ ਕੀਤੀ। ਮਿਡਲ ਤੋਂ ਬਾਅਦ 9ਵੀਂ ਤੋਂ 12ਵੀਂ ਤਕ ਦੀ ਪੜ੍ਹਾਈ ਉਸ ਨੇ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਤੋਂ ਕੀਤੀ। ਉਹ ਸਕੂਲ ਪੱਧਰ ਦੀਆਂ ਖੇਡਾਂ ਵਿਚ ਗੋਲਾ ਸੁੱਟਣ ਲੱਗੀ, ਪਰ ਅਧਿਆਪਕਾਂ ਨੇ ਹੈਮਰ ਥਰੋਅ ਲਈ ਉਤਸ਼ਾਹਤ ਕੀਤਾ। ਬਾਅਦ ਵਿਚ ਉਹ ਕੁਸ਼ਤੀ ਲੜਨ ਲੱਗੀ। 33 ਵਾਰ ਭਾਰਤ ਦੀ ਕੌਮਾਂਤਰੀ ਪੱਧਰ ’ਤੇ ਕੁਸ਼ਤੀ ਮੁਕਾਬਲਿਆਂ ਦੀ ਅਗਵਾਈ ਕਰਨ ਵਾਲੀ ਗੁਰਸ਼ਰਨਪ੍ਰੀਤ ਕੌਰ ਇਸ ਸਮੇਂ ਪੰਜਾਬ ਪੁਲੀਸ ’ਚ ਸਬ-ਇੰਸਪੈਕਟਰ ਹੈ।
ਸਾਲ 2000 ’ਚ ਜਲੰਧਰ ਵਿਚ ਪੀਏਪੀ ਸਟੇਡੀਅਮ ’ਚ ਕੌਮੀ ਪੱਧਰ ਦੀਆਂ ਖੇਡਾਂ ਦੌਰਾਨ ਉਹ ਸਕੂਲ ਦੀਆਂ ਕੁੜੀਆਂ ਨਾਲ ਖੇਡਾਂ ਦੇਖਣ ਗਈ। ਇਸ ਕੌਮੀ ਕੈਰਮ ਮੁਕਾਬਲਿਆਂ ’ਚ ਪੰਜਾਬ ਦੀ ਕੋਈ ਟੀਮ ਨਹੀਂ ਸੀ, ਜਿਸ ਕਾਰਨ ਪ੍ਰਬੰਧਕਾਂ ਨੇ ਖੜ੍ਹੇ ਪੈਰ ਉਨ੍ਹਾਂ ਦੀ ਟੀਮ ਬਣਾ ਦਿੱਤੀ, ਜਿਸ ਵਿਚ ਗੁਰਸ਼ਰਨਪ੍ਰੀਤ ਕੌਰ ਨੂੰ ਵੀ ਸ਼ਾਮਲ ਕੀਤਾ ਗਿਆ। ਪੰਜਾਬ ਪੁਲੀਸ ਦੇ ਤਤਕਾਲੀ ਡੀਜੀਪੀ ਮਹਿਲ ਸਿੰਘ ਭੁੱਲਰ ਦੀ ਜੌਹਰੀ ਅੱਖ ਨੇ ਉਸ ਦੀ ਜ਼ਿੰਦਗੀ ਹੀ ਬਦਲ ਦਿੱਤੀ ਜਦੋਂ ਉਸ ਨੇ ਥਰੋਅ ਸੁੱਟੀ ਤਾਂ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਭੁੱਲਰ ਨੇ ਗੁਰਸ਼ਰਨਪ੍ਰੀਤ ਨੂੰ ਕਿਹਾ ਕਿ ਜੇ ਉਹ 45 ਮੀਟਰ ਤੋਂ ਇਕ ਇੰਚ ਵੀ ਅੱਗੇ ਸੁੱਟ ਦੇਵੇ ਤਾਂ ਉਸ ਨੂੰ ਪੁਲੀਸ ਵਿਚ ਭਰਤੀ ਕਰਵਾ ਦੇਣਗੇ।
ਉਨ੍ਹਾਂ ਦੀ ਗੱਲ ਸੁਣ ਕੇ ਗੁਰਸ਼ਰਨਪ੍ਰੀਤ ਕੌਰ ਨੇ ਕਿਹਾ ਕਿ ਨੌਕਰੀ ਦੀ ਗੱਲ ਤਾਂ ਸਾਰੇ ਕਰਦੇ ਹਨ, ਪਰ ਬਾਅਦ ਵਿਚ ਵਾਅਦੇ ਪੁਗਾਉਣੇ ਭੁੱਲ ਜਾਂਦੇ ਹਨ। ਸ੍ਰੀ ਭੁੱਲਰ ਨੇ ਹਸਤਾਖ਼ਰ ਕਰ ਕੇ ਲਿਖ ਕੇ ਹੀ ਦੇ ਦਿੱਤਾ। ਜਦੋਂ ਗੁਰਸ਼ਰਨਪ੍ਰੀਤ ਕੌਰ ਨੇ ਪਹਿਲੀ ਵਾਰ 45.13 ਮੀਟਰ ਦੀ ਦੂਰੀ ’ਤੇ ਹੈਮਰ ਥਰੋਅ ਸੁੱਟਿਆ ਤਾਂ ਸ੍ਰੀ ਭੁੱਲਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ 2000 ਵਿਚ ਉਸ ਨੂੰ ਤਰਨ ਤਾਰਨ ਵਿਚ ਪੁਲੀਸ ’ਚ ਭਰਤੀ ਕਰ ਲਿਆ।
ਭਰਤੀ ਹੋਣ ਤੋਂ ਬਾਅਦ ਜਦੋਂ ਉਹ 2001 ਵਿਚ ਪੀਏਪੀ ਦੇ ਗਰਾਊਂਡ ’ਚ ਅਭਿਆਸ ਕਰ ਰਹੀ ਸੀ ਤਾਂ ਪਹਿਲਵਾਨ ਤੇ ਪੁਲੀਸ ਅਧਿਕਾਰੀ ਕਰਤਾਰ ਸਿੰਘ ਨੇ ਉਸ ਨੂੰ ਕੁਸ਼ਤੀ ਖੇਡਣ ਲਈ ਕਿਹਾ ਕਿ। ਉਸ ਨੇ ਆਖਾ ਮੰਨ ਕੇ ਨੂਰਮਹਿਲ ਵਿਚ ਹੋਏ ਕੌਮੀ ਕੁਸ਼ਤੀ ਮੁਕਾਬਲੇ ਦੌਰਾਨ ਕੌਮਾਂਤਰੀ ਪਹਿਲਵਾਨ ਮੋਨਿਕਾ ਕਾਲੀਰਾਮਾ ਵਿੱਕੀ ਨੂੰ 13-14 ਸਕਿੰਟਾਂ ਵਿਚ ਹੀ ਚਿੱਤ ਕਰ ਦਿੱਤਾ। ਇਸ ਸਫ਼ਲਤਾ ਤੋਂ ਬਾਅਦ ਗੁਰਸ਼ਰਨਪ੍ਰੀਤ ਕੌਰ ਨੇ ਕੁਸ਼ਤੀ ਲੜਨੀ ਸ਼ੁਰੂ ਕਰ ਦਿੱਤੀ। ਪਹਿਲੀ ਵਾਰ ਇਸ ਦੰਗਲ ਵਿਚੋਂ ਉਸ ਨੇ 13 ਹਜ਼ਾਰ ਦੀ ਇਨਾਮੀ ਰਕਮ ਜਿੱਤੀ।
ਗੁਰਸ਼ਰਨਪ੍ਰੀਤ ਕੌਰ ਦੀ ਜ਼ਿੰਦਗੀ ’ਚ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਪੰਜਾਬ ਪੁਲੀਸ ਦਾ ਸਿਪਾਹੀ ਸੰਦੀਪ ਸਿੰਘ, ਕਸਬਾ ਅਜਨਾਲਾ ਨੇੜਲੇ ਪਿੰਡ ਘੁੱਕੇਵਾਲੀ, ਆਪਣੇ ਪਰਿਵਾਰ ਸਣੇ ਉਸ ਘਰ ਰਿਸ਼ਤਾ ਮੰਗਣ ਆ ਗਿਆ। 2012 ’ਚ ਵਿਆਹ ਹੋ ਗਿਆ ਪਰ ਇਸ ਵਿਆਹ ਨੇ ਖ਼ੁਸ਼ੀਆਂ ਦੇ ਖੇੜਿਆਂ ਦੀ ਥਾਂ ਉਸ ਦੀ ਖੇਡ ਨੂੰ ਬਰੇਕਾਂ ਲਾ ਦਿੱਤੀਆਂ ਕਿਉਂਕਿ ਸਹੁਰਾ ਪਰਿਵਾਰ ਪਹਿਲਵਾਨੀ ਦੇ ਹੱਕ ਵਿੱਚ ਨਹੀਂ ਸੀ। ਘਰ-ਪਰਿਵਾਰ ਲਈ ਗੁਰਸ਼ਰਨਪ੍ਰੀਤ ਨੇ ਖੇਡ ਬੰਦ ਕਰ ਦਿੱਤੀ ਪਰ 2016 ’ਚ ਜਦੋਂ ਗੁਰਸ਼ਰਨਪ੍ਰੀਤ ਕੌਰ ਨੇ ਧੀ ਨੂੰ ਜਨਮ ਦਿੱਤਾ ਤਾਂ ਸਹੁਰੇ ਨਾਖ਼ੁਸ਼ ਸਨ ਤੇ ਉਹ ਬੇਟੀ ਨੂੰ ਗੋਦੀ ਚੁੱਕ ਆਪਣੇ ਪੇਕੀਂ ਆ ਗਈ।
ਉਸ ਦੀ ਮਾਂ ਨੇ ਕਿਹਾ ਕਿ ਧੀਏ ਤੂੰ ਆਪਣੀ ਕੁਸ਼ਤੀ ਦੀ ਤਿਆਰੀ ਸ਼ੁਰੂ ਕਰ। ਮਾਂ ਵੱਲੋਂ ਦਿੱਤੀ ਹੱਲਾਸ਼ੇਰੀ ਸਦਕਾ 2018 ਵਿਚ ਕੁਸ਼ਤੀ ’ਚ ਵਾਪਸੀ ਦੌਰਾਨ ਪਹਿਲਾਂ ਨੈਸ਼ਨਲ ਚੈਂਪੀਅਨਸ਼ਿਪ ਤੇ ਫੇਰ ਨੇਪਾਲ ’ਚ ਸਾਊਥ ਏਸ਼ੀਅਨ ਖੇਡਾਂ ਵਿਚ ਲਗਾਤਾਰ ਗੋਲਡ ਮੈਡਲ ਜਿੱਤੇ। ਦਸੰਬਰ 2019 ਵਿਚ ਜਲੰਧਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ’ਚ ਗੋਲਡ ਜਿੱਤਿਆ। ਜਲੰਧਰ ’ਚ ਹੀ ਨੈਸ਼ਨਲ ਕੁਸ਼ਤੀ (ਮਹਿਲਾ ਸੀਨੀਅਰ) ਮੁਕਾਬਲਿਆਂ ’ਚ ਜਦੋਂ ਉਹ ਹਰਿਆਣਾ ਦੀ ਪੂਜਾ ਨੂੰ ਹਰਾ ਕੇ ਸੋਨ ਤਮਗਾ ਹਾਸਲ ਕਰ ਕੇ ਆਪਣੇ ਪਿੰਡ ਪਹੁੰਚੀ ਤਾਂ ਸਾਰੇ ਪਿੰਡ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ।
ਉਸ ਦੀ ਮਾਤਾ ਰਾਜਬੀਰ ਕੌਰ ਦਾ ਕਹਿਣਾ ਹੈ ਕਿ ਆਰਥਿਕ ਤੰਗੀਆਂ-ਤੁਰਸ਼ੀਆਂ ਤੇ ਪਤੀ ਦੇ ਵਿਛੋੜੇ ਦੇ ਬਾਵਜੂਦ ਉਸਨੇ ਆਪਣੀ ਧੀ ਨੂੰ ਪੁੱਤਾਂ ਵਾਂਗ ਪਾਲਿਆ, ਜਿਸ ਦਾ ਸਿੱਟਾ ਅੱਜ ਗੁਰਸ਼ਰਨਪ੍ਰੀਤ ਕੌਰ ਪਹਿਲਵਾਨੀ ਜ਼ਰੀਏ ਸਿਰਫ਼ ਪਿੰਡ ਦਾ ਨਹੀਂ, ਸਗੋਂ ਸਮੁੱਚੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੀ ਹੈ।
ਪਿਛਲੇ ਦਿਨੀਂ ਕੁਰਾਲੀ ਨੇੜਲੇ ਪਿੰਡ ਰੋਡਮਾਜਰਾ-ਚੱਕਲਾਂ ਵਿਚ ਹੋਏ ਦੋ-ਰੋਜ਼ਾ ਕੌਮਾਂਤਰੀ ਖੇਡ ਮੇਲੇ ਦੌਰਾਨ ਗੁਰਸ਼ਰਨਪ੍ਰੀਤ ਕੌਰ ਨੇ ਇੱਕ ਲੱਖ ਇਨਾਮੀ ਰਕਮ ਵਾਲੀ ਕੁਸ਼ਤੀ ਦੀ ਝੰਡੀ ਹਿਮਾਚਲ ਪ੍ਰਦੇਸ਼ ਦੀ ਰੂਸ ਕੌਮਾਂਤਰੀ ਟੂਰਨਾਮੈਂਟ ਜੇਤੂ ਪਹਿਲਵਾਨ ਰਾਣੀ ਨੂੰ ਹਰਾ ਕੇ ਆਪਣੇ ਨਾਂ ਕੀਤੀ। ਆਪਣੀ ਖੇਡ ਨਾਲ ਗੁਰਸ਼ਰਨਪ੍ਰੀਤ ਕੌਰ ਨੂੰ ਏਨਾ ਪਿਆਰ ਹੈ ਕਿ ਉਸ ਨੇ ਕੁਸ਼ਤੀ ਖਾਤਰ ਆਪਣੇ ਇਕਲੌਤੇ ਭਰਾ ਦੀ ਸ਼ਾਦੀ ਛੱਡ ਕੇ ਪਾਣੀਪਤ ਵਿਚ ਹੋਏ ਕੁਸ਼ਤੀ ਦੇ ਪਹਿਲੇ ਮੁਕਾਬਲੇ ’ਚ ਰਾਜਸਥਾਨ ਦੀ ਉਰਵਸ਼ੀ ਨੂੰ 39 ਸੈਕਿੰਡਾਂ ’ਚ ਹਰਾ ਦਿੱਤਾ। ਦੂਜੇ ਦਿਨ ਦੂਜੇ ਮੁਕਾਬਲੇ ’ਚ ਉਸ ਨੇ ਹਰਿਆਣਾ ਦੀ ਸੁਮਨ ਕੁਡੂ ਨੂੰ 41 ਸੈਕਿੰਡ ’ਚ ਹਰਾ ਦਿੱਤਾ। ਤੀਜੇ ਮੁਕਾਬਲੇ ’ਚ ਦਿੱਲੀ ਦੀ ਜੋਤੀ ਅਤੇ ਚੌਥੇ ਮੁਕਾਬਲੇ ’ਚ ਯੂਪੀ ਦੀ ਰਜਨੀ ਨੂੰ ਹਰਾ ਕੇ ਫਾਈਨਲ ’ਚ ਪੱਕੀ ਥਾਂ ਬਣਾਈ।
ਇਸ ਵਰ੍ਹੇ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਭਾਗ ਲੈਣ ਲਈ ਸਿਲੈਕਸ਼ਨ ਵਾਸਤੇ ਜ਼ਿੰਦ-ਜਾਨ ਲਗਾ ਕੇ ਤਿਆਰੀ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਧੀਆਂ ਨੂੰ ਪੁੱਤਾਂ ਜਿੰਨਾ ਪਿਆਰ ਕਰਨਾ ਚਾਹੀਦਾ ਹੈ। ਉਹ ਦਲੀਲ ਦਿੰਦੀ ਹੋਈ ਆਖਦੀ ਹੈ ਜੇ ਉਸ ਦੇ ਨਾਨਕਿਆਂ ਦੇ ਘਰ ਮੇਰੀ ਮਾਂ ਨੇ ਜਨਮ ਨਾ ਲਿਆ ਹੁੰਦਾ ਤਾਂ ਮੈਂ ਕਿਵੇਂ ਪੈਦਾ ਹੁੰਦੀ? ਜਿਹੜੇ ਲੋਕ ਸੋਚਦੇ ਹਨ ਕਿ ਪੁੱਤਾਂ ਬਿਨਾਂ ਨਹੀਂ ਸਰਦਾ, ਉਹ ਇਹ ਕਿਉਂ ਭੁੱਲ ਜਾਂਦੇ ਹਨ ਕਿ ਧੀਆਂ ਦੀ ਵੀ ਪੁੱਤਾਂ ਜਿੰਨੀ ਹੀ ਅਹਿਮੀਅਤ ਹੈ। ਆਖ਼ਰੀ ਵੇਲੇ ਧੀਆਂ ਹੀ ਮਾਪਿਆਂ ਨੂੰ ਸੰਭਾਲਦੀਆਂ ਹਨ। ਉਹ ਆਪਣੀ ਬੇਟੀ ਨੂੰ ਵੀ ਖੇਡਾਂ ਵਿਚ ਪਾਉਣ ਦੀ ਇੱਛਾ ਦਿਲ ’ਚ ਸਮੋਈ ਬੈਠੀ ਹੈ।
ਉਸ ਦਾ ਕਹਿਣਾ ਹੈ ਕਿ ਉਸ ਇਸ ਲਈ ਹਾਰ ਨਹੀਂ ਮੰਨੀ ਕਿ ਕਿਉਂਕਿ ਉਸ ਪਿੱਛੇ ਉਸ ਦੀ ਮਾਂ ਹੈ, ਜੋ ਉਸ ਦੀ ਹਿੰਮਤ ਹੈ ਤੇ ਦੂਜੀ ਉਸ ਦੀ ਧੀ ਹੈ, ਜੋ ਮੇਰੀ ਲੜਨ ਦੀ ਵਜ੍ਹਾ ਸੀ। ਉਹ ਹਾਰ ਕੇ ਬੇਟੀ ਲਈ ਨਾਕਾਮਯਾਬ ਨਹੀਂ ਹੋਣਾ ਚਾਹੁੰਦੀ। ਉਸ ਨੇ ਕਿਹਾ ਕਿ ਉਸ ਨੇ ਤਾਂ ਇਕ ਮਿਸ਼ਨ ਬਣਨਾ ਸੀ ਤਾਂ ਕਿ ਉਸ ਦੀ ਧੀ ਉਸ ’ਤੇ ਫਖ਼ਰ ਕਰ ਸਕੇ। ਉਸ ਦੀ ਸਾਢੇ ਤਿੰਨ ਸਾਲ ਦੀ ਧੀ ਉਸ ਨੂੰ ਦੇਖ ਕੇ ਪ੍ਰੈਕਟਿਸ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਇਸੇ ਕਰਕੇ ਉਸ ਨੇ ਨਾ ਸੈੱਟ ਅੰਦਰ ਅਤੇ ਨਾ ਹੀ ਬਾਹਰ ਹਾਰ ਮੰਨੀ ਹੈ। ਸਾਲ 2019-20 ਉਸ ਲਈ ਬਹੁਤ ਚੰਗਾ ਵਰ੍ਹਾ ਰਿਹਾ। ਉਸ ਨੇ ਨੈਸ਼ਨਲ ਚੈਂਪੀਅਨਸ਼ਿਪ ’ਚ ਗੋਲਡ ਜਿੱਤਿਆ, ਜਿਸ ਨੇ ਉਸ ਨੂੰ ਸਾਊਥ ਏਸ਼ੀਅਨ ਖੇਡਾਂ ’ਚ ਖੇਡਣ ਦਾ ਮੌਕਾ ਦਿੱਤਾ ਜਿੱਥੋਂ ਤੀਜਾ ਸਥਾਨ ਹਾਸਲ ਕੀਤਾ। ਉਸ ਨੂੰ ਟੋਕੀਓ ਓਲੰਪਿਕ ਲਈ ਕੁਆਲੀਫਾਈ ਟਰਾਇਲ ’ਚ ਖੇਡਣ ਦਾ ਮੌਕਾ ਦਿੱਤਾ। ਉਸ ਦਾ ਕਹਿਣਾ ਹੈ ਕਿ ਉਸ ਦੀ ਮਾਂ ਨੇ ਹਮੇਸ਼ਾ ਇੱਕੋ ਗੱਲ ਸਿਖਾਈ ਹੈ ਕਿ ਨਾ ਹਾਰ ਮੰਨੋ ਤੇ ਨਾ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਉਸ ਨੇ ਕਿਹਾ ਕਿ ਆਮ ਤੌਰ ’ਤੇ ਜਿਹੜੀ ਉਮਰੇ 35 ਸਾਲ ਤੋਂ ਬਾਅਦ ਖਿਡਾਰਨਾਂ ਸਨਿਆਸ ਲੈ ਲੈਂਦੀਆਂ ਹਨ, ਉਸ ਨੇ 36 ਸਾਲ ਦੀ ਉਮਰ ’ਚ ਖੇਡਾਂ ਵਿਚ ਵਾਪਸੀ ਕਰੀ ਹੈ।

ਸੰਪਰਕ: 94642-91023


Comments Off on ਕੁਸ਼ਤੀ ’ਚ ਪੰਜਾਬ ਦਾ ਨਾਂ ਚਮਕਾਉਣ ਵਾਲੀ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.