ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਿਸਾਨਾਂ ਲਈ ਲਾਹੇਵੰਦ ਹੈ ਹਾੜ੍ਹੀ ਜਿਣਸਾਂ ਦੀ ਪ੍ਰਾਸੈਸਿੰਗ

Posted On March - 14 - 2020

ਸਾਇਸ਼ਾ ਖੰਨਾ ਅਤੇ ਬਿੰਦੂ ਮਰਵਾਹਾ

ਕਿਸਾਨ ਬੜੀ ਮਿਹਨਤ ਕਰ ਕੇ ਫ਼ਸਲਾਂ ਨੂੰ ਪੁੱਤਾਂ ਵਾਂਗ ਪਾਲਦੇ ਹਨ ਪਰ ਜਦੋਂ ਇਹ ਪੱਕ ਜਾਂਦੀ ਹੈ ਤਾਂ ਉਹ ਇਸ ਨੂੰ ਵੇਚਣ ਦੀ ਜਗ੍ਹਾ ਮੰਡੀ ਵਿੱਚ ਸੁੱਟਣ ਦੀ ਗੱਲ ਕਰਦੇ ਹਨ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਕਾਫ਼ੀ ਵਾਰ ਉਨ੍ਹਾਂ ਨੂੰ ਆਪਣੀਆਂ ਜਿਣਸਾਂ ਨਿਰਧਾਰਿਤ ਮੁੱਲ ਤੋਂ ਵੀ ਘੱਟ ਮੁੱਲ ’ਤੇ ਵੇਚਣੀਆਂ ਪੈਂਦੀਆਂ ਹਨ। ਪਰ ਜੇਕਰ ਕਿਸਾਨ ਤਿਆਰ ਜਿਣਸਾਂ ਨੂੰ ਸਿੱਧੇ ਮੰਡੀ ਵਿੱਚ ਵੇਚਣ ਦੀ ਬਜਾਇ ਇਨ੍ਹਾਂ ਤੋਂ ਵੱਖੋ-ਵੱਖ ਖਾਧ ਪਦਾਰਥ ਤਿਆਰ ਕਰ ਕੇ ਵੇਚਣ ਤਾਂ ਉਨ੍ਹਾਂ ਦਾ ਮੁਨਾਫ਼ਾ ਬਹੁਤ ਵਧ ਸਕਦਾ ਹੈ। ਹਾੜ੍ਹੀ ਦੀਆਂ ਵੱਖ-ਵੱਖ ਫ਼ਸਲਾਂ, ਤੇਲ ਬੀਜਾਂ ਅਤੇ ਸਬਜ਼ੀਆਂ ਨੂੰ ਅਸੀ ਛੋਟੇ ਤੋਂ ਵੱਡੇ ਪੱਧਰ ਤੱਕ ਹੇਠ ਲਿਖ ਅਨੁਸਾਰ ਆਪ ਪ੍ਰਾਸੈੱਸ ਕਰ ਸਕਦੇ ਹਾਂ।
ਕਣਕ: ਕਣਕ ਦਾ ਘੱਟੋ-ਘੱਟ ਨਿਰਧਾਰਤ ਮੁੱਲ 1925 ਪ੍ਰਤੀ ਕੁਇੰਟਲ ਹੈ ਜਦੋਂਕਿ ਇਸ ਤੋਂ ਤਿਆਰ ਆਟੇ ਨੂੰ ਅਸੀਂ ਬਾਜ਼ਾਰ ਵਿੱਚੋਂ 30 ਤੋਂ ਲੈ ਕੇ 35 ਕਿਲੋ ਦੇ ਹਿਸਾਬ ਨਾਲ ਖਰੀਦਦੇ ਹਾਂ। ਆਟਾ ਹਰ ਘਰ ਦੀ ਮੁੱਢਲੀ ਲੋੜ ਹੈ। ਇਸ ਲਈ ਜੇਕਰ ਕਿਸਾਨ ਵੀਰ ਪਿੰਡ ਵਿੱਚ ਆਟਾ ਚੱਕੀ ਲਗਾ ਲੈਣ ਤਾਂ ਉਹ ਉਨ੍ਹਾਂ ਦੀ ਆਮਦਨ ਦਾ ਪੱਕਾ ਜ਼ਰੀਆ ਬਣ ਜਾਵੇਗੀ। ਅਸੀਂ ਲੋੜ ਮੁਤਾਬਕ ਛੋਟੀ ਜਾਂ ਵੱਡੀ ਚੱਕੀ ਲਗਾ ਸਕਦੇ ਹਾਂ। ਜਿੱਥੇ ਛੋਟੀ ਚੱਕੀ ਦੀ ਸਮਰਥਾ 1.50 ਕੁਇੰਟਲ ਪ੍ਰਤੀ ਘੰਟਾ ਹੈ, ਉੱਥੇ ਵੱਡੀ ਚੱਕੀ ਦੀ ਸਮਰੱਥਾ 3 ਕੁਇੰਟਲ ਪ੍ਰਤੀ ਘੰਟਾ ਹੈ। ਇਸੇ ਤਰ੍ਹਾਂ ਮੱਕੀ ਤੋਂ ਵੀ ਆਟਾ ਤਿਆਰ ਕਰ ਕੇ ਵੇਚਣ ਨਾਲ ਵਾਧੂ ਲਾਭ ਲਿਆ ਜਾ ਸਕਦਾ ਹੈ। ਪੰਜਾਬ ਦੇ ਜੇ ਗੱਲ ਕਰੀਏ ਤਾਂ ਮੱਕੀ ਦੇ ਆਟੇ ਦੀ ਮੰਗ ਸਰਦੀ ਚੜ੍ਹਦਿਆਂ ਹੀ ਹੋ ਜਾਂਦੀ ਹੈ। ਪੰਜਾਬੀ ਸਿਆਲ ਦੀ ਰੁੱਤ ਦੌਰਾਨ ਸਰ੍ਹੋਂ ਦੇ ਸਾਗ ਦੇ ਕਾਫ਼ੀ ਸ਼ੌਕੀਨ ਹਨ। ਸਾਗ ਨਾਲ ਮੱਕੀ ਦੀ ਰੋਟੀ ਸਵਾਦ ਵਿਚ ਹੋਰ ਵਾਧਾ ਕਰਦੀ ਹੈ। ਇਸ ਲਈ ਪੰਜਾਬੀਆਂ ਦੇ ਇਸ ਸ਼ੌਕ ਨੂੰ ਪੂਰਾ ਕਰਦੇ ਹੋਏ ਜਿੱਥੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ, ਉੱਥੇ ਹੀ ਲੋਕਾਂ ਨੂੰ ਮਿਆਰੀ ਉਤਪਾਦ ਵੀ ਵਾਜਬ ਭਾਅ ’ਤੇ ਮੁਹੱਈਆ ਕਰਵਾਇਆ ਜਾ ਸਕਦਾ ਹੈ।
ਦਾਲਾਂ: ਹਾੜ੍ਹੀ ਵਿੱਚ ਛੋਲਿਆਂ, ਮੂੰਗੀ, ਮਾਂਹ ਦੀ ਕਾਸ਼ਤ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਅਸੀਂ ਮਿਨੀ ਦਾਲ ਮਿੱਲ ਦੀ ਮਦਦ ਨਾਲ ਦਾਲ ਵਿੱਚ ਬਦਲ ਕੇ ਮੰਡੀਕਰਨ ਕਰ ਸਕਦੇ ਹਾਂ। ਇਸ ਮਸ਼ੀਨ ਨਾਲ ਅਸੀਂ ਦਾਲਾਂ ਦੀ ਰਗੜਾਈ, ਦਾਣਿਆਂ ਦਾ ਦੋ ਫਾੜ, ਦਰਜਾਬੰਦੀ, ਸਫ਼ਾਈ ਅਤੇ ਛਿਲਕੇ ਵੱਖ ਕਰਨ ਦਾ ਕੰਮ ਇੱਕੋ ਕਰ ਸਕਦੇ ਹਾਂ। ਇਸ ਮਿੱਲ ਤੋਂ ਤਿਆਰ ਦਾਲਾਂ ਦਾ ਮਿਆਰ ਵੱਡੇ ਪਲਾਂਟ ਵਿੱਚੋਂ ਤਿਆਰ ਦਾਲਾਂ ਦੀ ਬਰਾਬਰੀ ਕਰਦਾ ਹੈ। ਇਸ ਯੂਨਿਟ ਦੀ ਸਮਰੱਥਾ ਇੱਕ ਤੋਂ ਸਵਾ ਕੁਇੰਟਲ ਪ੍ਰਤੀ ਘੰਟਾ ਹੈ। ਤਿਆਰ ਦਾਲਾਂ ਨੂੰ ਪਾਲਿਸ਼ ਕਰਨ ਲਈ ਦਾਲ ਪਾਲਿਸ਼ਰ ਦੀ ਮਦਦ ਲਈ ਜਾ ਸਕਦੀ ਹੈ ਤਾਂ ਜੋ ਦਾਲਾਂ ਦੀ ਦਿੱਖ ਚੰਗੀ ਬਣ ਸਕੇ। ਇਹ ਇੱਕ ਸਾਧਾਰਨ ਮਸ਼ੀਨ ਹੈ ਜਿਸ ਨਾਲ ਅਸੀਂ ਦੋ ਕੁਇੰਟਲ ਪ੍ਰਤੀ ਘੰਟਾ ਦਾਲ ਪਾਲਿਸ਼ ਕਰ ਸਕਦੇ ਹਾਂ।
ਤੇਲ ਬੀਜਾਂ ਦੀ ਪ੍ਰਾਸੈਸਿੰਗ: ਬੇਬੀ ਆਇਲ ਐਕਸਪੈਲਰ ਦੀ ਮਦਦ ਨਾਲ ਅਸੀਂ ਬੀਜਾਂ ਦਾ ਤੇਲ ਕੱਢ ਸਕਦੇ ਹਾਂ ਇੱਕ ਅੰਦਾਜ਼ੇ ਮੁਤਾਬਕ ਬੀਜਾਂ ਦੀ ਜਗ੍ਹਾ ਤੇਲ ਵੇਚਣ ਨਾਲ ਤਿੰਨ ਗੁਣਾ ਮੁਨਾਫ਼ਾ ਹੁੰਦਾ ਹੈ। ਤੇਲ ਕੱਢਣ ਤੋਂ ਬਾਅਦ ਫੋਕ ਦੀ ਵਰਤੋਂ ਫੀਡ ਵਿੱਚ ਹੁੰਦੀ ਹੈ ਜਿਸ ਨੂੰ ਵੇਚ ਕੇ ਵਾਧੂ ਲਾਭ ਲਿਆ ਜਾ ਸਕਦਾ ਹੈ। ਇੱਕ ਛੋਟੀ ਬੇਬੀ ਆਇਲ ਐਕਸਪੈਲਰ ਦੀ ਸਮਰੱਥਾ 60 ਕਿਲੋ ਪ੍ਰਤੀ ਘੰਟਾ ਹੁੰਦੀ ਹੈ।
ਫੀਡ ਤਿਆਰ ਕਰਨਾ: ਸੰਤੁਲਿਤ ਅਤੇ ਪੌਸ਼ਟਿਕ ਪਸ਼ੂ ਖ਼ੁਰਾਕ ਡੇਅਰੀ ਧੰਦੇ ਦੇ ਮੁਨਾਫੇ ਲਈ ਬਹੁਤ ਜ਼ਰੂਰੀ ਹੈ। ਫੀਡ ਮਿੱਲ ਵਿੱਚ ਜਿੱਥੇ ਅਸੀਂ ਦਾਣਿਆਂ ਦੀ ਗਰਾਇੰਡਿੰਗ ਕਰ ਕੇ ਚੂਰਾ ਬਣਾ ਸਕਦੇ ਹਾਂ, ਉੱਥੇ ਹੀ ਅਸੀਂ ਇਸ ਵਿੱਚ ਲੋੜ ਅਨੁਸਾਰ ਜ਼ਰੂਰੀ ਛੋਟੇ ਤੱਤ ਮਿਕਸਰ ਦੀ ਮਦਦ ਨਾਲ ਮਿਲਾ ਸਕਦੇ ਹਾਂ। ਫੀਡ ਵਿੱਚ ਪ੍ਰੋਟੀਨ, ਕਾਰਬੋਹਾਇਡ੍ਰੇਟ, ਰੇਸ਼ੇ ਅਤੇ ਖਣਿਜ ਆਦਿ ਮਿਲਾ ਕੇ ਪੈਲੇਟ ਦਾ ਰੂਪ ਵੀ ਦਿੱਤਾ ਜਾ ਸਕਦਾ ਹੈ। ਇੱਕ ਛੋਟੀ ਫੀਡ ਮਿੱਲ ਦੀ ਸਮਰੱਥਾ ਦੋ ਕੁਇੰਟਲ ਪ੍ਰਤੀ ਘੰਟਾ ਹੁੰਦੀ ਹੈ।
ਮਸਾਲੇ ਤਿਆਰ ਕਰਨਾ: ਪੰਜਾਬ ਵਿੱਚ ਮਸਾਲੇ ਵਾਲੀਆਂ ਫ਼ਸਲਾਂ ਦੀ ਕਾਸ਼ਤ ਛੋਟੇ ਪੱਧਰ ’ਤੇ ਹੁੰਦੀ ਹੈ ਪਰ ਇਹ ਹਰ ਰਸੋਈ ਦਾ ਅਨਿੱਖੜਵਾਂ ਹਿੱਸਾ ਹਨ। ਕਹਿਣ ਤੋਂ ਭਾਵ ਪੰਜਾਬ ਵਿਚ ਮਸਾਲੇ ਕਾਫ਼ੀ ਵੱਡੀ ਮਾਤਰਾ ਵਿਚ ਵਰਤੇ ਜਾਂਦੇ ਹਨ। ਛੋਟੇ ਪੱਧਰ ’ਤੇ ਮਸਾਲੇ ਤਿਆਰ ਕਰਕੇ ਵੀ ਆਮਦਨ ਵਿਚ ਕਾਫ਼ੀ ਵਾਧਾ ਕੀਤਾ ਜਾ ਸਕਦਾ ਹੈ। ਇਸ ਲਈ ਇੱਕ ਛੋਟੇ ਪੱਧਰ ਦਾ ਮਸਾਲਾ ਗਰਾਈਂਡਰ ਸਾਨੂੰ ਚੰਗਾ ਮੁਨਾਫ਼ਾ ਖੱਟ ਕੇ ਦੇ ਸਕਦਾ ਹੈ। ਗਰਾਈਂਡਰ ਵਿੱਚ ਹਲਦੀ ਅਤੇ ਮਿਰਚਾਂ ਦਾ ਪਾਊਡਰ ਤਿਆਰ ਕੀਤਾ ਜਾ ਸਕਦਾ ਹੈ।
ਉੱਪਰ ਦਿੱਤੀਆਂ ਜਿਣਸਾਂ ਦੀ ਪ੍ਰਾਸੈਸਿੰਗ ਲਈ ਸਿਫ਼ਾਰਸ਼ ਮਸ਼ੀਨਾਂ ਨੂੰ ਇੱਕ ਜਗ੍ਹਾ ਲਗਾ ਕੇ ਇੱਕ ਐਗਰੋ. ਇੰਡਸਟਰੀਅਲ ਯੂਨਿਟ ਦਾ ਰੂਪ ਦੇ ਸਕਦੇ ਹਾਂ ਜਿਸ ਵਿੱਚ ਫ਼ਸਲਾਂ ਦੀ ਉਪਲਬਧਤਾ, ਸਰਮਾਇਆ ਲਗਾਉਣ ਦੀ ਸਮਰੱਥਾ ਅਤੇ ਤਿਆਰ ਵਸਤਾਂ ਦੀ ਮੰਗ ਨੂੰ ਦੇਖਦੇ ਹੋਏ ਕੁਝ ਖ਼ਾਸ-ਖ਼ਾਸ ਮਸ਼ੀਨਾਂ ਦੀ ਚੋਣ ਕਰ ਕੇ ਇਸ ਯੂਨਿਟ ਵਿੱਚ ਲਗਾਈਆਂ ਜਾ ਸਕਦੀਆਂ ਹਨ। ਪਿੰਡਾਂ ਵਿੱਚ ਪ੍ਰਾਸੈਸਿੰਗ ਦਾ ਕੰਮ ਸ਼ੁਰੂ ਕਰ ਕੇ ਸੂਝਵਾਨ ਕਿਸਾਨ ਆਪਣੀ ਆਮਦਨ ਵਧਾਉਣ ਦੇ ਨਾਲ-ਨਾਲ ਪਿੰਡਾਂ ਵਿੱਚ ਬੇਰੁਜ਼ਗਾਰੀ ਦਾ ਕੋਹੜ ਵੀ ਖ਼ਤਮ ਕਰ ਸਕਦੇ ਹਨ ਕਿਉਂਕਿ ਜੇਕਰ ਇੱਕ ਆਦਮੀ ਇਹ ਸਿੱਧੇ ਤੌਰ ’ਤੇ ਕੰਮ ਸ਼ੁਰੂ ਕਰਦਾ ਹੈ ਤਾਂ ਇਸ ਨਾਲ ਚਾਰ ਹੋਰ ਲੋਕ ਅਸਿੱਧੇ ਤੌਰ ’ਤੇ ਜੁੜ ਜਾਂਦੇ ਹਨ। ਇਸੇ ਤਰ੍ਹਾਂ ਪਿੰਡਾਂ ਵਿੱਚ ਔਰਤਾਂ ਗਰੁੱਪ ਬਣਾ ਕੇ ਸਬਜ਼ੀਆਂ ਅਤੇ ਫ਼ਲਾਂ ਦੀ ਪ੍ਰਾਸੈਸਿੰਗ ਦਾ ਕੰਮ ਛੋਟੇ ਪੱਧਰ ’ਤੇ ਕਰ ਸਕਦੀਆਂ ਹਨ। ਸਬਜ਼ੀਆਂ ਅਤੇ ਫ਼ਲਾਂ ਦੀ ਵਪਾਰਿਕ ਪੱਧਰ ’ਤੇ ਪ੍ਰਾਸੈਸਿੰਗ ਕਰਨਾ ਮਹਿੰਗਾ ਹੈ। ਇਸ ਲਈ ਜਦੋਂ ਹਾੜ੍ਹੀ ਦੀਆਂ ਸਬਜ਼ੀਆਂ ਦੀ ਪੈਦਾਵਾਰ ਜ਼ਿਆਦਾ ਹੋਣ ਨਾਲ ਇਨ੍ਹਾਂ ਦੀ ਮੰਡੀ ਵਿੱਚ ਕੀਮਤ ਘਟ ਜਾਂਦੀ ਹੈ ਤਾਂ ਪੇਂਡੂ ਸੁਆਣੀਆਂ ਇਨ੍ਹਾਂ ਤੋਂ ਕੁੱਝ ਪਦਾਰਥ ਜਿਵੇਂ ਕਿ ਕੈਂਡੀ, ਆਚਾਰ, ਮੁਰੱਬੇ, ਚਟਣੀ ਤੇ ਜੈਮ ਆਦਿ ਤਿਆਰ ਕਰ ਸਕਦੀਆਂ ਹਨ। ਸਬਜ਼ੀਆਂ ਅਤੇ ਫਲਾਂ ਦੀ ਵੱਖੋ-ਵੱਖ ਕਿਸਮਾਂ ਦੀ ਪੈਕਿੰਗ (ਜਿਵੇਂ ਕਿ modified atmospheric packaging and shrink packaging) ਕਰ ਕੇ ਇਨ੍ਹਾਂ ਦਾ ਮੁੱਲ ਵਧਾਇਆ ਜਾ ਸਕਦਾ ਹੈ। ਧਨੀਆਂ, ਪਾਲਕ, ਮੇਥੀ ਅਤੇ ਸਾਗ ਨੂੰ ਸਾਫ਼ ਕਰ ਕੇ ਛੋਟੀਆਂ ਪੈਕਿੰਗਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਦੀ ਸ਼ਹਿਰ ਵਿੱਚ ਬਹੁਤ ਮੰਗ ਹੈ। ਬੀਬੀਆਂ ਪੁਰਾਣੇ ਸਮੇਂ ਵਾਲਾ ਸਬਜ਼ੀਆਂ ਸੁਕਾਉਣ ਦਾ ਕੰਮ ਵਧੀਆ ਸੋਧੇ ਹੋਏ ਰੂਪ ਵਿੱਚ ਸੋਲਰ ਡਰਾਇਰ ਦੀ ਮਦਦ ਨਾਲ ਕਰ ਸਕਦੀਆਂ ਹਨ। ਸਰਦੀਆਂ ਵਿੱਚ ਬਹੁਤਾਤ ਵਿੱਚ ਮਿਲਣ ਵਾਲੇ ਧਨੀਆ, ਮੇਥੀ, ਕਡੀ ਪੱਤੇ ਨੂੰ ਸੁਕਾ ਕੇ ਮਸਾਲਾ ਪਾਊਡਰ ਬਣਾ ਸਕਦੇ ਹਾਂ ਜਿਸ ਦੀ ਵਰਤੋਂ ਥੁੜ੍ਹ ਵਾਲੇ ਗਰਮੀਆਂ ਅਤੇ ਮੀਂਹਾਂ ਦੇ ਸਮੇਂ ਕਰ ਸਕਦੇ ਹਾਂ। ਇਨ੍ਹਾਂ ਤੋਂ ਇਲਾਵਾ ਸ਼ਹਿਦ, ਹਲਦੀ, ਲਸਣ ਅਤੇ ਗੁੜ ਦੀ ਛੋਟੇ ਪੱਧਰ ਦੀ ਪ੍ਰਾਸੈਸਿੰਗ ਇਨ੍ਹਾਂ ਵਸਤਾਂ ਦੀ ਕੀਮਤ ਵਿੱਚ ਬਹੁਤ ਵਾਧਾ ਕਰਦੀ ਹੈ। ਸੋਇਆਬੀਨ ਤੋਂ ਤਿਆਰ ਦੁੱਧ, ਪਨੀਰ ਦੀ ਵੀ ਸ਼ਹਿਰ ਵਿੱਚ ਬਹੁਤ ਮੰਗ ਹੈ। ਇਸ ਲਈ ਵੀ ਪਲਾਂਟ ਲਗਾ ਕੇ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਛੋਟੇ ਪੱਧਰ ’ਤੇ ਇਸ ਕੰਮ ਦੀ ਸ਼ੁਰੂਆਤ ਬਹੁਤੀ ਮਹਿੰਗੀ ਨਹੀਂ ਹੈ।
ਪੰਜਾਬ ਵਿੱਚ ੳਸਾਨ ਨਾਲ ਕਾਸ਼ਤ ਕੀਤੀਆਂ ਜਾਣ ਵਾਲ਼ੀਆ ਖਰਬੂਜ਼ੇ, ਤਰਬੂਜ਼, ਤਿਲ਼, ਅਲਸੀ, ਸੂਰਜਮੁਖੀ ਦੇ ਬੀਜਾ ਨੂੰ ਮਿਲਾ ਕੇ ਸੁਪਰ ਸੀਡ ਬਣਾ ਸਕਦੇ ਹਾਂ ਜਿਸ ਦੀ ਬਾਜ਼ਾਰ ਵਿੱਚ ਕੀਮਤ 1000 ਰੁਪਏ ਪ੍ਰਤੀ ਕਿਲੋ ਤਕ ਹੈ। ਜ਼ਿਕਰਯੋਗ ਹੈ ਕਿ ਇਸ ਮਹਿੰਗੇ ਵਿਕਣ ਵਾਲੇ ਮਿਸ਼ਰਨ ਨੂੰ ਬੜੀ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ।


Comments Off on ਕਿਸਾਨਾਂ ਲਈ ਲਾਹੇਵੰਦ ਹੈ ਹਾੜ੍ਹੀ ਜਿਣਸਾਂ ਦੀ ਪ੍ਰਾਸੈਸਿੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.