ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਕਾਵਿ ਕਿਆਰੀ

Posted On March - 29 - 2020

ਫੱਤੂ ਬਾਬਾ

ਮਨਮੋਹਨ ਸਿੰਘ ਦਾਊਂ

ਕਿੱਥੇ ਗਿਆ ਉਹ
ਸਿਰੜੀ, ਸਿਦਕੀ ਤੇ ਸਬਰ ਵਾਲਾ
ਜੋ ਸੂਰਜ ਚੜ੍ਹਦਿਆਂ ਹੀ
ਆਪਣੇ ਕੰਮ ’ਚ ਰੁੱਝ ਜਾਂਦਾ
ਤੇ ਸੂਰਜ ਦੀ ਟਿੱਕੀ ਛਿਪਣ ਵੇਲੇ
ਚੱਕ ਨੂੰ ਚਲੱਕੜ ਨਾਲ
ਘੁੰਮਾਉਣਾ ਬੰਦ ਕਰ ਦੇਂਦਾ,
ਸੂਰਜ ਥੱਕ ਜਾਂਦਾ
ਪਰ ਉਹ ਨਾ ਥੱਕਦਾ।

ਖਾਣਾ-ਪੀਣਾ ਭੁੱਲ ਜਾਂਦਾ
ਉਸ ਦੀ ਤ੍ਰੇਹ ਤੇ ਭੁੱਖ
ਮਿੱਟੀ ਦਾ ਹੀ ਰੂਪ ਧਾਰ ਲੈਂਦੀ।

ਚੱਕ ’ਤੇ ਸਿਰਜਦਾ
ਉਹ ਭਾਂਡਿਆਂ ਦੀਆਂ ਮੂਰਤਾਂ
ਕਦੇ ਕੁਝ, ਕਦੇ ਕੁਝ।

ਉਸ ਨੂੰ ਭਾਂਡੇ ਪੁੱਤਰ-ਧੀਆਂ ਜਾਪਦੇ
ਦੀਵੜੇ ਤੇ ਦੀਵੜੀਆਂ
ਪੋਤਰੇ ਤੇ ਪੋਤਰੀਆਂ ਲੱਗਦੀਆਂ।

ਉਹ ਉਨ੍ਹਾਂ ਨੂੰ ਸਾਂਭ-ਸਾਂਭ ਰੱਖਦਾ
ਚਿਣਦਾ ਤੇ ਨਜ਼ਰ ਭਰ ਕੇ ਤੱਕਦਾ
ਖ਼ੁਸ਼ ਹੁੰਦਾ।

ਉਸ ਦੇ ਲੱਥ-ਪੱਥ
ਮਟਿਆਲੇ ਹੱਥਾਂ ’ਚ ਰੱਬ ਵਸਦਾ।
ਕਰਤਾ ਤੇ ਕਿਰਤ ਇੱਕ-ਮਿੱਕ ਹੋ ਜਾਂਦੇ।

ਮਿੱਟੀ ਦੀਆਂ ਕਲਾ-ਕਿਰਤਾਂ
ਬੋਲਣ ਲੱਗਦੀਆਂ।
ਕਿੱਥੇ ਗਿਆ ਮੇਰੇ ਪਿੰਡ ਦਾ ਫੱਤੂ
ਜਿਸ ਨੂੰ ਅਸੀਂ-
ਬਾਬਾ ਫੱਤੂ ਕਹਿਕੇ ਪੁਕਾਰਦੇ ਸੀ।

ਸੰਪਰਕ: 98151-23900

ਭਗਤ ਸਿੰਘ ਇਕ ਹੋਰ!

ਹਰਨੇਕ ਸਿੰਘ ਕੋਮਲ
ਦਿਨ ਤਾਂ ਚੜ੍ਹਿਆ ਕਦੋਂ ਦਾ,
ਫਿਰ ਵੀ ਘੁੱਪ ਹਨੇਰ।
ਸੂਰਜ ਅਗਵਾ ਕਰ ਲਿਆ,
ਲੈ ’ਗੇ ਧਨ ਕੁਬੇਰ।।

ਕਿਹੜੇ ਮੂੰਹੋਂ ਆਖੀਏ,
ਆਈ ਸੋਨ-ਸਵੇਰ।
ਚਾਰ ਘਰਾਂ ਵਿੱਚ ਚਾਨਣਾ,
ਬਾਕੀ ਘੁੱਪ ਹਨੇਰ।।

ਬਦਲ ਗਏ ਹਨ ਤਾਜ-ਤਖ਼ਤ
ਰਾਜੇ ਅਤੇ ਵਜ਼ੀਰ।
ਬਦਲੀ ਨਾ ਪਰ ਅਜੇ ਤੱਕ,
ਲੋਕਾਂ ਦੀ ਤਕਦੀਰ।।

ਬਦਲੀ ਨੀਤੀ ਰੋਜ਼ ਹੀ,
ਬਦਲੀ ਕਦੇ ਨਾ ਨੀਤ।
ਬਦਲੀ ਕਦੇ ਨਾ ਹਾਕਮਾਂ,
ਲੁੱਟ-ਮਾਰ ਦੀ ਰੀਤ।।

ਬਦਲੀ ਭਾਵੇਂ ਕਲਮ ਹੈ,
ਬਦਲੇ ਨਾ ਫ਼ੁਰਮਾਨ।
ਜ਼ਾਰਸ਼ਾਹੀ ਦੇ ਦਿਸ ਰਹੇ,
ਬਾਕੀ ਅਜੇ ਨਿਸ਼ਾਨ।।

ਹਾਲਤ ਮੂੰਹੋਂ ਬੋਲਦੀ,
ਰਹੀ ਹਕੀਕਤ ਦੱਸ।
ਸੋਨ-ਚਿੜੀ ਹੈ ਪੈ ਗਈ,
ਕਾਲੇ ਕਾਵਾਂ ਵੱਸ।।

ਸੁਪਨਾ ਬਣ ਕੇ ਰਹਿ ਗਿਆ,
ਸ਼ਗਨਾਂ ਭਰਿਆ ਚੇਤ।
‘ਚਿੜੀ’ ਦੇਖਦੀ ਰਹਿ ਗਈ,
‘ਕਾਵਾਂ’ ਚੁਗ ਲਿਆ ਖੇਤ।।

ਤੁੱਕੇ ਵਰਗੇ ਲੋਕ ਨੇ,
ਕੁੱਪਾ ਬਣੇ ਵਜ਼ੀਰ।
ਭਾਰਤਵਰਸ਼ ਮਹਾਨ ਦੀ,
ਇਹ ਅਸਲੀ ਤਸਵੀਰ।।

ਢਾਂਚਾ ਸਾਰਾ ਹਿੱਲਿਆ,
ਹੋਇਆ ਚੌੜ-ਚੁਪੱਟ।
ਲੁੱਟਮਾਰ ਦੀ ਦੌੜ ਵਿੱਚ,
ਕੌਣ ਕਿਸੇ ਤੋਂ ਘੱਟ।।

ਜੰਨਤ ਵਰਗੇ ਵਤਨ ਦਾ,
ਗਿਆ ਤਸੱਵੁਰ ਟੁੱਟ।
ਚਾਰ-ਚੁਫ਼ੇਰੇ ਦੇਖ ਕੇ,
ਨਾਦਿਰਸ਼ਾਹੀ ਲੁੱਟ।।

ਰਹੂ ਸਲਾਮਤ ਆਲ੍ਹਣਾ,
ਬਹੁਤੀ ਆਸ ਨਾ ਰੱਖ।
ਚਿੜੀਆਂ ਦੇ ਘਰਬਾਰ ’ਤੇ,
ਬਾਜ਼ਾਂ ਦੀ ਹੈ ਅੱਖ।।

ਜਾਪੇ ਕਿਸ਼ਤੀ ਦੇਸ਼ ਦੀ,
ਫਸੀ ਵਿੱਚ ਮੰਝਧਾਰ।
ਹੈ ਚੁਫ਼ੇਰੇ ਫੈਲਿਆ,
ਇਕ ਮਹਾਂ ਅੰਧਕਾਰ।।

ਪੱਤਾ-ਪੱਤਾ ਬਾਗ਼ ਦਾ,
ਪੁੱਛੇ ਰੋਜ਼ ਸਵਾਲ।
ਬਾਗ਼ਬਾਨ ਨੇ ਬਾਗ਼ ਦਾ,
ਕੀਤਾ ਇਹ ਕੀ ਹਾਲ।।

ਰਾਖੀ ਕੀਤੀ ਬੁੱਤ ਦੀ,
ਬੜੇ ਚੜ੍ਹਾਏ ਫੁੱਲ।
ਪਹਿਰਾ ਉਸ ਦੀ ਸੋਚ ’ਤੇ,
ਦੇਣਾ ਗਏ ਹਾਂ ਭੁੱਲ।।

ਸੂਲੀ ਚੜ੍ਹਿਆ ਜਿਸ ਲਈ,
ਭਗਤ ਸਿੰਘ ਸਰਦਾਰ।
ਸੁਪਨਾ ਉਹ ਸ਼ਹੀਦ ਦਾ,
ਹੋਇਆ ਨਾ ਸਾਕਾਰ।।

ਹਕੂਮਤ ਧਰਮ-ਨਿਆਂ,
ਜਿਹੜਾ ਦੇਵੇ ਮੋੜ।
ਅੱਜ ਹੈ ਮੇਰੇ ਦੇਸ਼ ਨੂੰ,
ਲੋਹ-ਪੁਰਸ਼ ਦੀ ਲੋੜ।।

ਡੱਬ-ਖੜੱਬੇ ਚਿੜੀਮਾਰ,
ਜਾਂਦੇ ਆਪੇ ਭੱਜ।
ਭਗਤ ਸਿੰਘ ਜਿਹਾ ਸੂਰਮਾ,
ਹੁੰਦਾ ਜੇਕਰ ਅੱਜ।।

ਫਿਰਦੇ ਬੜ੍ਹਕਾਂ ਮਾਰਦੇ,
ਠੱਗ, ਲੁਟੇਰੇ, ਚੋਰ।
ਜੰਮ ਨੀ ਮਾਏ ਧਰਤੀਏ,
ਭਗਤ ਸਿੰਘ ਇਕ ਹੋਰ।।
ਸੰਪਰਕ: 93177-61414

ਇਹ ਕਿਸ ਦੀ ਕੁੜੀ

ਜੋਗੇ ਭੰਗਲ

ਇਕ ਬੰਗਲੌਰਨ ਕੁੜੀ
ਨਾਂ ਅਮੁੱਲਿਆ
ਜੈਕਾਰੇ ਲਾਉਂਦੀ ਨਾ ਥੱਕੇ
ਕਹਿੰਦੇ ਕਿਸੇ ਨੇ ਘੱਲਿਆ
ਜਿਨ੍ਹਾਂ ਜ਼ਹਿਰ ਉਗਲਣੀ
ਕਿੰਝ ਭਾਵੇਂ ਜ਼ਹਿਰ ਚੂਸਦੀ।
ਭਾਈ ਘਨੱਈਆ ਦੀ ਉਹ ਚੇਲਣ
ਨਾ ਕੋਈ ਵੈਰੀ ਨਾ ਬੇਗਾਨਾ
ਮਸ਼ਕ ਲੈ ਉਹ ਠਾਰਨ ਤੁਰ ਪਈ
ਕਹਿੰਦੀ ਪਿਆਸ ਬੁੱਲ੍ਹਾਂ ਦੀ ਸਾਂਝੀ
ਪਰ ਜੋ ਲਹੂ ਦੇ ਪਿਆਸੇ
ਬੁੱਲ੍ਹ ਉਨ੍ਹਾਂ ਦੇ ਖ਼ੂਨ ਮੰਗਦੇ
ਮਸ਼ਕਾਂ ਨੂੰ ਉਹ ਕਦ ਝੱਲਦੇ।
ਪਰ ਬੰਗਲੌਰਨ ਕੁੜੀ ਨੇ
ਪੜ੍ਹਿਆ ਸ਼ਬਦਕੋਸ਼ ਨਿਰਾਲਾ
ਦੋਸਤ-ਦੁਸ਼ਮਣ ਸਮ ਕੀਤੇ
ਦੋਹਾਂ ਦੇ ਜ਼ਖ਼ਮ ਜਿਉਂ ਉਹਦੇ
ਧੋ-ਧੋ ਸੀਣਾ ਚਾਹੁੰਦੀ
ਤਾਂਹੀਂ ਤੇ ਉਹ ਨਾਰ੍ਹੇ ਲਾਉਂਦੀ
ਭਾਰਤ ਜ਼ਿੰਦਾਬਾਦ ਗੁੰਜਾਉਂਦੀ
ਪਾਕਿ ਵੀ ਜ਼ਿੰਦਾ ਬੰਗਲਾ ਜ਼ਿੰਦਾ
ਭੂਟਾਨ ਵੀ ਉਹਦਾ
ਨਾ ਲੰਕਾ ਨੂੰ ਕਹੇ ਪਰਾਈ
ਅਫ਼ਗਾਨ ਵੀ ਉਹਦੇ ਆਪਣੇ
ਬਰਮਾ ਕਹੇ ਹੈ ਸਭ ਦਾ
ਕਹਿੰਦੀ ਜ਼ਿੰਦਾਬਾਦ ਜਹਾਨ।
ਪਾਕਿ ਨੂੰ ਜ਼ਿੰਦਾਬਾਦ ਕਿਹਾ ਕੀ
ਬਣ ਗਈ ਦੇਸ਼ ਲਈ ਖ਼ਤਰਾ
ਉਹ ਸਤਰੰਗਾ ਫੁੱਲ ਹੈ
ਕਮਲ ਕਿਵੇਂ ਬਣ ਜਾਵੇ
ਸੋਨੇ ਵਰਗੀ ਕੁੜੀ
ਐਲਾਨੀ ਕੋਇਲਾ
ਉਸ ਬੱਦਲਾਂ ਨਾਲ ਪੌੜੀ ਲਾਈ
ਕਹਿੰਦੀ ਬੱਦਲੀਂ ਬਹਿ ਕੇ ਉੜਨਾ
ਪਰ ਐਸੀ ਚੰਦਰੀ ਬਿਜਲੀ ਕੜਕੀ
ਡਿੱਗ ਪਈ ਕੁੜੀ ਅਕਾਸ਼ੋਂ।
ਸੰਪਰਕ: 94659-52938


Comments Off on ਕਾਵਿ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.