ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਾਬੁਲ: ਗੁਰਦੁਆਰੇ ’ਚ ਫਿਦਾਈਨ ਹਮਲਾ, 25 ਹਲਾਕ

Posted On March - 26 - 2020

ਅੱਠ ਹੋਰ ਜ਼ਖ਼ਮੀ;
ਛੇ ਘੰਟੇ ਦੀ ਕੋਸ਼ਿਸ਼ ਮਗਰੋਂ ਸੁਰੱਖਿਆ ਬਲਾਂ ਨੇ ਚਾਰੋਂ ਫਿਦਾਈਨ ਮਾਰ ਮੁਕਾਏ

ਕਾਬੁਲ ਵਿੱਚ ਗੁਰਦੁਆਰੇ ਉੱਤੇ ਫਿਦਾਇਨ ਹਮਲੇ ਤੋਂ ਬਾਅਦ ਇੱਕ ਪੁਲੀਸ ਮੁਲਾਜ਼ਮ ਪਹਿਰਾ ਦਿੰਦਾ ਹੋਇਆ। -ਫੋਟੋ: ਰਾਇਟਰਜ਼

ਕਾਬੁਲ, 25 ਮਾਰਚ
ਅਫ਼ਗਾਨਿਸਤਾਲ ਦੀ ਰਾਜਧਾਨੀ ਕਾਬੁਲ ਵਿੱਚ ਸਥਿਤ ਇਕ ਗੁਰਦੁਆਰੇ ’ਤੇ ਅੱਜ ਭਾਰੀ ਅਸਲੇ ਨਾਲ ਲੈਸ ਬੰਦੂਕਧਾਰੀ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਕਰੀਬ 25 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਸ਼ੋਰ ਬਾਜ਼ਾਰ ਖੇਤਰ ਵਿੱਚ ਸਥਿਤ ਗੁਰਦੁਆਰੇ ਵਿੱਚ ਸਵੇਰੇ 7.45 (ਸਥਾਨਕ ਸਮੇਂ ਅਨੁਸਾਰ) ਵਜੇ ਹਮਲਾ ਕੀਤਾ। ਉਸ ਵੇਲੇ ਗੁਰਦੁਆਰੇ ਦੀ ਇਮਾਰਤ ਵਿੱਚ 150 ਸ਼ਰਧਾਲੂ ਮੌਜੂਦ ਸਨ। ਟੋਲੋ ਨਿਊਜ਼ ਦੀ ਖ਼ਬਰ ਅਨੁਸਾਰ ਕਾਬੁਲ ਦੇ ਪੀਡੀ1 ਵਿੱਚ ਗੁਰਦੁਆਰੇ ’ਤੇ ਹੋਏ ਫਿਦਾਈਨ ਹਮਲੇ ਵਿੱਚ ਕਰੀਬ 25 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਤੋਂ ਬਾਅਦ ਅਫ਼ਗਾਨ ਵਿਸ਼ੇਸ਼ ਬਲਾਂ ਤੇ ਹਮਲਾਵਰਾਂ ਵਿਚਾਲੇ ਕਰੀਬ ਛੇ ਘੰਟੇ ਚੱਲੀ ਜੰਗ ਤੋਂ ਬਾਅਦ ਸੁਰੱਖਿਆ ਬਲਾਂ ਨੇ ਚਾਰੋਂ ਹਮਲਾਵਰਾਂ ਨੂੰ ਮਾਰ ਦਿੱਤਾ।
ਪਹਿਲਾਂ ਵੀ ਸਿੱਖਾਂ ਨੂੰ ਨਿਸ਼ਾਨਾ ਬਣਾ ਚੁੱਕੇ ਆਈਐੱਸਆਈਐੱਸ ਦਹਿਸ਼ਤਗਰਦ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਖਾਮਾ ਪ੍ਰੈੱਸ ਨਿਊਜ਼ ਏਜੰਸੀ ਅਨੁਸਾਰ ਗਰੁੱਪ ਨੇ ਇਕ ਬਿਆਨ ਜਾਰੀ ਕਰ ਕੇ ਇਹ ਪੁਸ਼ਟੀ ਕੀਤੀ ਹੈ ਕਿ ਉਸ ਦੇ ਮੈਂਬਰਾਂ ਨੇ ਹੀ ਕਾਬੁਲ ਵਿੱਚ ਸਿੱਖਾਂ ’ਤੇ ਹਮਲਾ ਕੀਤਾ ਹੈ।
ਘਟਨਾ ਸਥਾਨ ਦੀਆਂ ਤਸਵੀਰਾਂ ਵਿੱਚ ਸੁਰੱਖਿਆ ਬਲ ਜ਼ਖ਼ਮੀ ਲੋਕਾਂ ਨੂੰ ਸਟ੍ਰੈਚਰ ’ਤੇ ਲਿਜਾਂਦੇ ਹੋਏ ਦਿਖ ਰਹੇ ਹਨ। ਅਫ਼ਗਾਨਿਸਤਾਨ ਦੇ ਕੁਝ ਮੀਡੀਆ ਅਦਾਰਿਆਂ ਵੱਲੋਂ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿਚ ਪੀੜਤਾਂ ਦੇ ਪਰਿਵਾਰਕ ਮੈਂਬਰ ਇਕ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ। ਕਾਬੁਲ ਪੁਲੀਸ ਅਨੁਸਾਰ ਗੁਰਦੁਆਰੇ ਵਿੱਚੋਂ ਕਰੀਬ 11 ਬੱਚਿਆਂ ਨੂੰ ਬਚਾਇਆ ਗਿਆ ਹੈ।

ਕਾਬੁਲ ਵਿੱਚ ਗੁਰਦੁਆਰੇ ਉੱਤੇ ਹਮਲੇ ਬਾਅਦ ਤਾਇਨਾਤ ਸੁਰੱਖਿਆ ਬਲ।-ਫੋਟੋ:ਰਾਇਟਰਜ਼

ਸਿੱਖ ਕਾਨੂੰਨਸਾਜ਼ ਨਰਿੰਦਰ ਸਿੰਘ ਖਾਲਸਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਿਸ ਵੇਲੇ ਇਹ ਹਮਲਾ ਹੋਇਆ, ਉਸ ਵੇਲੇ ਗੁਰਦੁਆਰੇ ਦੇ ਅੰਦਰ ਕਰੀਬ 150 ਲੋਕ ਸਨ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਅੰਦਰ ਫਸੇ ਹੋਏ ਇਕ ਸ਼ਰਧਾਲੂ ਨੇ ਹੀ ਉਨ੍ਹਾਂ ਨੂੰ ਹਮਲੇ ਬਾਰੇ ਸੂਚਨਾ ਦਿੱਤੀ ਸੀ। ਉਹ ਉਸੇ ਵੇਲੇ ਲੋਕਾਂ ਦੀ ਮਦਦ ਲਈ ਨਿਕਲ ਪਏ।
ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਤਾਰੀਕ ਆਰੀਅਨ ਨੇ ਕਿਹਾ, ‘‘ਅਫ਼ਗਾਨ ਬਲਾਂ ਨੇ ਗੁਰਦੁਆਰੇ ਦੀ ਪਹਿਲੀ ਮੰਜ਼ਿਲ ਖਾਲੀ ਕਰਵਾ ਲਈ ਹੈ। ਗੁਰਦੁਆਰੇ ਅੰਦਰ ਫਸੇ ਕਈ ਲੋਕਾਂ ਨੂੰ ਬਚਾਅ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਇਸ ਦੇਸ਼ ਦੇ ਮੁੱਖ ਅਤਿਵਾਦੀ ਸੰਗਠਨ ‘ਤਾਲਿਬਾਨ’ ਨੇ ਹਮਲੇ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਇਕ ਬਿਆਨ ਵਿੱਚ ਕਿਹਾ ਕਿ ਕਾਬੁਲ ਦੇ ਸ਼ੋਰ ਬਾਜ਼ਾਰ ਖੇਤਰ ਵਿੱਚ ਹੋਏ ਹਮਲੇ ਨਾਲ ਸੰਗਠਨ ਦਾ ਕੋਈ ਸਬੰਧ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2018 ਵਿੱਚ ਜਲਾਲਾਬਾਦ ਸ਼ਹਿਰ ’ਚ ਸਿੱਖਾਂ ਤੇ ਹਿੰਦੂਆਂ ਦੀ ਇਕੱਤਰਤਾ ਵਿੱਚ ਆਈਐੱਸਆਈਐੱਸ ਦੇ ਮੈਂਬਰਾਂ ਵੱਲੋਂ ਬੰਬ ਸੁੱਟਿਆ ਗਿਆ ਸੀ, ਜਿਸ ਵਿੱਚ 19 ਵਿਅਕਤੀ ਹਲਾਕ ਹੋ ਗਏ ਸਨ ਅਤੇ 20 ਜਣੇ ਜ਼ਖ਼ਮੀ ਹੋ ਗਏ ਸਨ।
-ਪੀਟੀਆਈ

ਭਾਰਤ ਵੱਲੋਂ ਹਮਲੇ ਦੀ ਨਿਖੇਧੀ

ਨਵੀਂ ਦਿੱਲੀ: ਅਫ਼ਗਾਨਿਸਤਾਨ ਦੀ ਰਾਜਧਾਨ ਕਾਬੁਲ ਵਿੱਚ ਅੱਜ ਹੋਏ ਦਹਿਸ਼ਤੀ ਹਮਲੇ ਦੀ ਭਾਰਤ ਵੱਲੋਂ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਗੁਰਦੁਆਰੇ ’ਚ ਹੋਏ ਹਮਲੇ ਤੋਂ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ। ਉੱਧਰ, ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਭਾਰਤ ਦਿਲੋਂ ਅਫ਼ਸੋਸ ਜ਼ਾਹਿਰ ਕਰਦਾ ਹੈ ਅਤੇ ਜ਼ਖ਼ਮੀ ਹੋਏ ਲੋਕਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦਾ ਹੈ। ਅਫ਼ਗਾਨਿਸਤਾਨ ਦੇ ਪੀੜਤ ਹਿੰਦੂ ਤੇ ਸਿੱਖ ਪਰਿਵਾਰਾਂ ਨੂੰ ਭਾਰਤ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।’’ ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਾਬੁਲ ’ਚ ਹੋਏ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
-ਪੀਟੀਆਈ

ਕੈਪਟਨ ਅਤੇ ਹਰਸਿਮਰਤ ਵੱਲੋਂ ਹਮਲੇ ਦੀ ਨਿਖੇਧੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਬੁਲ ਦੇ ਗੁਰਦੁਆਰੇ ’ਚ ਹੋਏ ਫਿਦਾਈਨ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਕੈਪਟਨ ਨੇ ਟਵੀਟ ਕਰਕੇ ਹਮਲੇ ਨੂੰ ਮੰਦਭਾਗਾ ਅਤੇ ਦਰਦਨਾਕ ਕਰਾਰ ਦਿੱਤਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਕਿਹਾ ਕਿ ਉਹ ਭਾਰਤੀ ਹਾਈ ਕਮਿਸ਼ਨ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ।
-ਪੀਟੀਆਈ


Comments Off on ਕਾਬੁਲ: ਗੁਰਦੁਆਰੇ ’ਚ ਫਿਦਾਈਨ ਹਮਲਾ, 25 ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.