ਛੋਟਾ ਪਰਦਾ !    ਸਾਡੇ ਕੋਠੇ ਮਗਰ ਲਸੂੜੀਆਂ ਵੇ... !    ਸਦਾਬਹਾਰ ਗਾਇਕ ਸੁਰਿੰਦਰ ਛਿੰਦਾ !    ਵਿਸ਼ਵ ਰੰਗਮੰਚ ਦਿਵਸ ਮੌਕੇ ਅਹਿਦ !    ਅਦਾਕਾਰੀ ’ਚ ਸਰਗਰਮ ਦਿਲਬਾਗ ਸਿੰਘ ਮਾਨਸਾ !    ਮਿਆਰੀ ਗੀਤਾਂ ਦਾ ਸਿਰਜਕ ਸੁਖਪਾਲ ਔਜਲਾ !    ਸੁਖਾਵੇਂ ਇਨਸਾਨੀ ਰਿਸ਼ਤਿਆਂ ਦਾ ਆਨੰਦ !    ਫਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਲਹਿਰ ਦੇ ਬਾਨੀ !    ਕਿਲ੍ਹੇ ਵਾਲੀ ਦਾਦੀ !    ਇਨਾਮ ਦਾ ਹੱਕਦਾਰ !    

ਕਰੋਨਾ ਰਾਹਤ : ਲੋੜਵੰਦਾਂ ਲਈ 1.70 ਲੱਖ ਕਰੋੜ ਦਾ ਪੈਕੇਜ

Posted On March - 27 - 2020

ਗਰੀਬਾਂ, ਕਿਸਾਨਾਂ, ਮਜ਼ਦੂਰਾਂ, ਦਿਹਾੜੀਦਾਰਾਂ, ਬਜ਼ੁਰਗਾਂ ਅਤੇ ਔਰਤਾਂ ਲਈ ਰਾਹਤ ਐਲਾਨੀ; ਸੈਨੀਟੇਸ਼ਨ ਵਰਕਰਾਂ, ਆਸ਼ਾ ਵਰਕਰਾਂ, ਪੈਰਾ-ਮੈਡੀਕਲ ਸਟਾਫ, ਨਰਸਾਂ ਅਤੇ ਡਾਕਟਰਾਂ ਦਾ ਹੋਵੇਗਾ 50-50 ਲੱਖ ਰੁਪਏ ਦਾ ਮੈਡੀਕਲ ਬੀਮਾ

  • ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਵਾਧੂ 5 ਕਿਲੋ ਚੌਲ ਜਾਂ ਆਟਾ ਅਤੇ ਇਕ ਕਿਲੋ ਦਾਲ ਮੁਫ਼ਤ ਮਿਲੇਗੀ
  • ਸੀਨੀਅਰ ਸਿਟੀਜ਼ਨਜ਼ ਦੇ ਖਾਤਿਆਂ ’ਚ ਦੋ ਕਿਸ਼ਤਾਂ ’ਚ ਇਕ ਹਜ਼ਾਰ ਰੁਪਏ ਪਾਏ ਜਾਣਗੇ
  •  ਉੱਜਵਲਾ ਯੋਜਨਾ ਤਹਿਤ ਔਰਤਾਂ ਨੂੰ ਤਿੰਨ ਮਹੀਨੇ ਗੈਸ ਸਿਲੰਡਰ ਮੁਫ਼ਤ ਮਿਲਣਗੇ
  • ਸੈਲਫ ਹੈਲਪ ਗਰੁੱਪਾਂ ਨੂੰ ਬਿਨਾਂ ਵਿਆਜ ਦੇ 20-20 ਲੱਖ ਰੁਪਏ ਦੇ ਕਰਜ਼ੇ ਦੇਣ ਦਾ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ, 26 ਮਾਰਚ
ਕੇਂਦਰ ਸਰਕਾਰ ਨੇ ਕਰੋਨਾਵਾਇਰਸ ਫੈਲਣ ਕਾਰਨ ਸਮਾਜ ਦੇ ਕਮਜ਼ੋਰ ਵਰਗਾਂ ’ਤੇ ਡਿੱਗੀ ਗਾਜ ਮਗਰੋਂ ਉਨ੍ਹਾਂ ਲਈ ਅੱਜ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਰਾਹਤ ਪੈਕੇਜ ਦਾ ਐਲਾਨ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦਾ ਲਾਭ ਪਰਵਾਸੀ ਮਜ਼ਦੂਰਾਂ, ਦਿਹਾੜੀਦਾਰਾਂ, ਪੇਂਡੂ ਗਰੀਬਾਂ ਅਤੇ ਔਰਤਾਂ ਨੂੰ ਹੋਵੇਗਾ। ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਅੰਤਿਮ ਰਾਹਤ ਪੈਕੇਜ ਨਹੀਂ ਹੈ ਅਤੇ ਇਹ ਸਿਰਫ਼ ਬਹੁਤ ਜ਼ਿਆਦਾ ਗਰੀਬ ਵਿਅਕਤੀਆਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਹਾਰਾ ਦੇਣ ਲਈ ਹੈ। ਪਹਿਲਾਂ ਉਮੀਦ ਲਗਾਈ ਜਾ ਰਹੀ ਸੀ ਕਿ ਸਰਕਾਰ ਸਨਅਤ ਲਈ ਵੀ ਕੋਈ ਰਾਹਤ ਭਰੇ ਕਦਮ ਐਲਾਨ ਸਕਦੀ ਹੈ। ਸੀਤਾਰਾਮਨ ਨੇ ਕਿਹਾ,‘‘ਅਸੀਂ ਕਿਸੇ ਨੂੰ ਭੁੱਖਾ ਨਹੀਂ ਦੇਖਣਾ ਚਾਹੁੰਦੇ। ਇਸ ਕਰਕੇ ਅਸੀਂ ਇੰਨਾ ਕੁ ਪ੍ਰਬੰਧ ਕੀਤਾ ਹੈ ਜਿਸ ਨਾਲ ਉਹ ਆਪਣੇ ਭੋਜਨ ਦੀ ਲੋੜ ਨੂੰ ਪੂਰਾ ਕਰ ਸਕਣ।’’
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕੋਵਿਡ-19 ਦੇ ਮਰੀਜ਼ਾਂ ਨਾਲ ਜੂਝ ਰਹੇ ਸੈਨੀਟੇਸ਼ਨ ਵਰਕਰਾਂ, ਆਸ਼ਾ ਵਰਕਰਾਂ, ਪੈਰਾ-ਮੈਡੀਕਲ ਸਟਾਫ, ਨਰਸਾਂ ਅਤੇ ਡਾਕਟਰਾਂ ਦਾ ਕੇਂਦਰ ਨੇ 50-50 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਵਾਧੂ 5 ਕਿਲੋ ਚੌਲ ਜਾਂ ਆਟਾ ਮੁਫ਼ਤ ਮਿਲੇਗਾ। ਇਸ ਤੋਂ ਇਲਾਵਾ ਇਕ-ਇਕ ਕਿਲੋ ਦਾਲ ਵੀ ਦਿੱਤੀ ਜਾਵੇਗੀ। ਇਸ ਯੋਜਨਾ ਦਾ 80 ਕਰੋੜ ਵਿਅਕਤੀਆਂ ਨੂੰ ਲਾਭ ਮਿਲੇਗਾ। ਮੌਜੂਦਾ ਯੋਜਨਾ ਤਹਿਤ ਮਿਲਦਾ ਰਾਸ਼ਨ ਪਹਿਲਾਂ ਵਾਂਗ ਹੀ ਜਾਰੀ ਰਹੇਗਾ।
ਸ੍ਰੀਮਤੀ ਸੀਤਾਰਾਮਨ ਨੇ ਦੱਸਿਆ ਕਿ ਸਰਕਾਰ ਵੱਲੋਂ ਤਿੰਨ ਕਰੋੜ ਸੀਨੀਅਰ ਸਿਟੀਜ਼ਨਜ਼ ਦੇ ਖਾਤਿਆਂ ’ਚ ਦੋ ਕਿਸ਼ਤਾਂ ’ਚ ਇਕ ਹਜ਼ਾਰ ਰੁਪਏ ਪਾਏ ਜਾਣਗੇ। ਉੱਜਵਲਾ ਰਸੋਈ ਗੈਸ ਕੁਨੈਕਸ਼ਨ ਧਾਰਕਾਂ ਨੂੰ ਅਗਲੇ ਤਿੰਨ ਮਹੀਨਿਆਂ ਤਕ ਐੱਲਪੀਜੀ ਸਿਲੰਡਰ ਮੁਫ਼ਤ ਮਿਲਣਗੇ। ਇਸ ਦਾ ਲਾਭ 8 ਕਰੋੜ ਔਰਤਾਂ ਨੂੰ ਹੋਵੇਗਾ। ਦੀਨਦਯਾਲ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਤਹਿਤ 63 ਲੱਖ ਮਹਿਲਾ ਸੈਲਫ ਹੈਲਪ ਗਰੁੱਪਾਂ ਨੂੰ 20-20 ਲੱਖ ਰੁਪਏ ਦੇ ਕਰਜ਼ੇ ਬਿਨਾਂ ਵਿਆਜ ਤੋਂ ਦਿੱਤੇ ਜਾਣਗੇ। ਇਸ ਸਮੇਂ ਇਸ ਯੋਜਨਾ ਤਹਿਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਂਦਾ ਹੈ। ਇਸ ਨਾਲ ਸੱਤ ਕਰੋੜ ਘਰਾਂ ਨੂੰ ਲਾਭ ਹੋਵੇਗਾ।
ਰਾਹਤ ਦੇ ਇਕ ਹੋਰ ਕਦਮ ਤਹਿਤ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ 100 ਤੋਂ ਘੱਟ ਮੁਲਾਜ਼ਮਾਂ ਵਾਲੇ ਅਦਾਰੇ ਅਤੇ ਜਿਨ੍ਹਾਂ ਦੇ 90 ਫ਼ੀਸਦੀ ਕਰਮਚਾਰੀਆਂ ਦੀ ਤਨਖਾਹ 15 ਹਜ਼ਾਰ ਰੁਪਏ ਮਹੀਨੇ ਤੋਂ ਘੱਟ ਹੈ, ਉਨ੍ਹਾਂ ਦੀ ਸਹਾਇਤਾ ਲਈ ਕੰਪਨੀ ਅਤੇ ਮੁਲਾਜ਼ਮਾਂ ਦੇ ਪੂਰੇ 24 ਫ਼ੀਸਦੀ ਈਪੀਐੱਫ ਯੋਗਦਾਨ ਦਾ ਖ਼ਰਚਾ ਸਰਕਾਰ ਤਿੰਨ ਮਹੀਨਿਆਂ ਲਈ ਸਹਿਣ ਕਰੇਗੀ। ਸੰਗਠਤ ਖੇਤਰ ਲਈ ਈਪੀਐੱਫਓ ਨੇਮਾਂ ’ਚ ਸੋਧ ਕੀਤੀ ਜਾਵੇਗੀ ਤਾਂ ਜੋ ਮੁਲਾਜ਼ਮ 75 ਫ਼ੀਸਦੀ ਫੰਡ ਨਾ-ਮੋੜਨਯੋਗ ਐਡਵਾਂਸ ਜਾਂ ਤਿੰਨ ਮਹੀਨਿਆਂ ਦੀ ਅਗਾਊਂ ਤਨਖਾਹ ਦੇ ਰੂਪ ’ਚ, ਜਿਹੜਾ ਵੀ ਘੱਟ ਹੋਵੇਗਾ, ਲੈ ਸਕਣਗੇ। ਇਸ ਤੋਂ ਇਲਾਵਾ ਕਰੀਬ ਸਾਢੇ ਤਿੰਨ ਕਰੋੜ ਰਜਿਸਟਰਡ ਇਮਾਰਤ ਅਤੇ ਉਸਾਰੀ ਕਾਮਿਆਂ ਨੂੰ 31 ਹਜ਼ਾਰ ਕਰੋੜ ਰੁਪਏ ਦੇ ਭਲਾਈ ਫੰਡਾਂ ’ਚੋਂ ਸਹਾਇਤਾ ਦਿੱਤੀ ਜਾਵੇਗੀ।
-ਆਈਏਐਨਐਸ

ਮਗਨਰੇਗਾ ਵਰਕਰਾਂ ਦੀ ਦਿਹਾੜੀ 20 ਰੁਪਏ ਵਧਾਈ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਮਗਨਰੇਗਾ ਵਰਕਰਾਂ ਦੀ ਦਿਹਾੜੀ ਪਹਿਲੀ ਅਪਰੈਲ ਤੋਂ 20 ਰੁਪਏ ਵਧਾਉਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨਾਲ 13.62 ਕਰੋੜ ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਸਰਕਾਰ ਵੱਲੋਂ ਇਸ ਮਕਸਦ ਲਈ 5600 ਕਰੋੜ ਰੁਪਏ ਖ਼ਰਚੇ ਜਾਣਗੇ। ਹੁਣ ਮਗਨਰੇਗਾ ਵਰਕਰ ਨੂੰ ਮੌਜੂਦਾ 182 ਰੁਪਏ ਦੀ ਥਾਂ ’ਤੇ 202 ਰੁਪਏ ਦਿਹਾੜੀ ਮਿਲੇਗੀ।
-ਆਈਏਐਨਐਸ

ਔਰਤਾਂ ਦੇ ਜਨ-ਧਨ ਖਾਤਿਆਂ ’ਚ ਪੈਣਗੇ 1500 ਰੁਪਏ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਮਹਿਲਾ ਖਾਤਾਧਾਰਕਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ 500 ਰੁਪਏ ਪ੍ਰਤੀ ਮਹੀਨੇ ਦੀ ਸਹਾਇਤਾ ਦਿੱਤੀ ਜਾਵੇਗੀ। ਇਸ ਦਾ ਲਾਭ 20.4 ਕਰੋੜ ਮਹਿਲਾ ਖਾਤਾਧਾਰਕਾਂ ਨੂੰ ਹੋਵੇਗਾ। ਸਰਕਾਰ ਇਸ ਰਾਹਤ ਲਈ ਕੁੱਲ 31 ਹਜ਼ਾਰ ਕਰੋੜ ਰੁਪਏ ਖ਼ਰਚੇਗੀ।
-ਆਈਏਐਨਐਸ

ਰਾਹੁਲ ਗਾਂਧੀ ਵੱਲੋਂ ਰਾਹਤ ਪੈਕੇਜ ਦਾ ਸਵਾਗਤ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਵੱਲੋਂ ਐਲਾਨੇ ਗਏ ਰਾਹਤ ਪੈਕੇਜ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਹੀ ਦਿਸ਼ਾ ਵੱਲ ਉਠਾਇਆ ਗਿਆ ਪਹਿਲਾ ਕਦਮ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਮੁਲਕ ਆਪਣੇ ਕਿਸਾਨਾਂ, ਦਿਹਾੜੀਦਾਰਾਂ, ਮਜ਼ਦੂਰਾਂ, ਔਰਤਾਂ ਅਤੇ ਬਜ਼ੁਰਗਾਂ ਦਾ ਕਰਜ਼ਦਾਰ ਹੈ ਜੋ ਲੌਕਡਾਊਨ ਕਰਕੇ ਦੁਸ਼ਵਾਰੀਆਂ ਝੱਲ ਰਹੇ ਹਨ।
-ਪੀਟੀਆਈ

ਰਾਹਤ ਪੈਕੇਜ ਐਲਾਨਣਾ ਸ਼ਲਾਘਾਯੋਗ: ਭਾਜਪਾ

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ 1.7 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨੇ ਜਾਣ ਦਾ ਭਾਰਤੀ ਜਨਤਾ ਪਾਰਟੀ ਨੇ ਸਵਾਗਤ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ 21 ਦਿਨਾਂ ਦੇ ਕੀਤੇ ਗਏ ਦੇਸ਼ਵਿਆਪੀ ਲੌਕਡਾਊਨ ਦੌਰਾਨ ਇਹ ਪੈਕੇਜ ਗਰੀਬਾਂ, ਕਿਸਾਨਾਂ ਤੇ ਸਮਾਜ ਦੇ ਹੋਰ ਜ਼ਰੂਰਤਮੰਦ ਵਰਗਾਂ ਲਈ ਸਹਾਈ ਸਿੱਧ ਹੋਵੇਗਾ। ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਕਟ ਦੀ ਇਸ ਘੜੀ ਵਿੱਚ ਗਰੀਬਾਂ ਲਈ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਕਾਬਜ਼ ਧਿਰ ਦੀ ਕਿਸੇ ਨੂੰ ਭੁੱਖਾ ਨਾ ਰਹਿਣ ਦੇਣ ਦੀ ਵਚਨਬੱਧਤਾ ਨੂੰ ਜ਼ਾਹਿਰ ਕਰਦਾ ਹੈ। ਉੱਧਰ, ਭਾਜਪਾ ਦੇ ਜਨਰਲ ਸਕੱਤਰ ਭੁਪਿੰਦਰ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਗਰੀਬਾਂ ਤੇ ਸਮਾਜ ਦੇ ਹੋਰ ਵਰਗਾਂ ਨਾਲ ਦ੍ਰਿੜ੍ਹਤਾ ਨਾਲ ਖੜ੍ਹੀ ਹੈ ਅਤੇ ਦੇਸ਼ ਨੂੰ ਕਰੋਨਾਵਾਇਰਸ ਮਹਾਮਾਰੀ ’ਚੋਂ ਬਾਹਰ ਕੱਢਣ ਲਈ ਵਚਨਬੱਧ ਹੈ।
-ਪੀਟੀਆਈ

ਹਰੇਕ ਕਿਸਾਨ ਨੂੰ 2 ਹਜ਼ਾਰ ਰੁਪਏ ਦੇਣ ਦਾ ਐਲਾਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਸਰਕਾਰ ਨੇ ਹਰੇਕ ਕਿਸਾਨ ਨੂੰ ਅਪਰੈਲ ’ਚ ਦੋ-ਦੋ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਅਗਾਊਂ ਦੇਣ ਦਾ ਐਲਾਨ ਕੀਤਾ ਹੈ। ਪੀਐੱਮ ਕਿਸਾਨ ਯੋਜਨਾ ਤਹਿਤ ਕਿਸਾਨਾਂ ਨੂੰ ਤਿੰਨ ਕਿਸ਼ਤਾਂ ’ਚ ਸਾਲ ਦੇ ਛੇ ਹਜ਼ਾਰ ਰੁਪਏ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਜਮ੍ਹਾਂ ਕਰਵਾਏ ਜਾਂਦੇ ਹਨ। ਇਸ ਨਾਲ 8.7 ਕਰੋੜ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਨੂੰ ਕਰੀਬ 16 ਹਜ਼ਾਰ ਕਰੋੜ ਰੁਪਏ ਵੰਡੇ ਜਾਣਗੇ।
-ਆਈਏਐਨਐਸ


Comments Off on ਕਰੋਨਾ ਰਾਹਤ : ਲੋੜਵੰਦਾਂ ਲਈ 1.70 ਲੱਖ ਕਰੋੜ ਦਾ ਪੈਕੇਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.