ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਕਰੋਨਾਵਾਇਰਸ: ਮੌਤਾਂ ਦੀ ਗਿਣਤੀ 17 ਹਜ਼ਾਰ ਦੇ ਨੇੜੇ ਢੁੱਕੀ

Posted On March - 25 - 2020

ਆਲਮੀ ਪਧਰ ’ਤੇ 3.86 ਲੱਖ ਕੇਸ ਸਾਹਮਣੇ ਆਏ;
ਇਰਾਨ ਵਿਚ ਇੱਕੋ ਦਿਨ ’ਚ 122 ਲੋਕਾਂ ਦੀ ਮੌਤ

ਵਾਸ਼ਿੰਗਟਨ ਵਿੱਚ ਕਰੋਨਵਾਇਰਸ ਸਬੰਧੀ ਜਾਣਕਾਰੀ ਦੇਣ ਸਮੇਂ ਵ੍ਹਾਈਟ ਹਾਊਸ ਦੇ ਰੋਗ ਸਬੰਧੀ ਰਿਸਪੌਂਸ ਕੋਆਰਡੀਨੇਟਰ ਡਾ. ਦੈਬੋਰਾ ਬਰਕਸ ਤੋਂ ਸਵਾਲ ਪੁੱਛਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ। -ਫੋਟੋ: ਏਪੀ

ਪੈਰਿਸ/ਤਹਿਰਾਨ/ਲੰਡਨ/ਰੋਮ, 24 ਮਾਰਚ
ਕਰੋਨਾਵਾਇਰਸ ਕਰਕੇ ਆਲਮੀ ਪੱਧਰ ’ਤੇ ਮੌਤਾਂ ਦੀ ਗਿਣਤੀ 17 ਹਜ਼ਾਰ ਦੇ ਨੇੜੇ (16,961) ਢੁੱਕ ਗਈ ਹੈ। ਖ਼ਬਰ ਏਜੰਸੀ ਏਐੱਫਪੀ ਵੱਲੋਂ ਇਕੱਤਰ ਅੰਕੜਿਆਂ ਮੁਤਾਬਕ 175 ਮੁਲਕਾਂ ਤੇ ਰਿਆਸਤਾਂ ਵਿੱਚ ਹੁਣ ਤਕ ਕਰੋਨਾਵਾਇਰਸ 3,86,360 ਕੇਸ ਦਰਜ ਹੋ ਚੁੱਕੇ ਹਨ। ਬਹੁਤੇ ਮੁਲਕ ਹੁਣ ਨਮੂਨਿਆਂ ਦੇ ਹੀ ਟੈਸਟ ਕਰ ਰਹੇ ਹਨ, ਜਿੱਥੇ ਮਰੀਜ਼ ਦਾ ਹਸਪਤਾਲ ਵਿੱਚ ਦਾਖ਼ਲ ਹੋਣਾ ਲਾਜ਼ਮੀ ਹੈ। ਇਸ ਦੌਰਾਨ ਇਰਾਨ ਨੇ ਅੱਜ ਐਲਾਨ ਕੀਤਾ ਕਿ ਮੁਲਕ ਵਿੱਚ 122 ਨਵੀਆਂ ਮੌਤਾਂ ਨਾਲ ਕਰੋਨਾਵਾਇਰਸ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1934 ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਰਜਮਾਨ ਕਿਆਨੌਸ਼ ਜਹਾਂਪੌਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਰਿਕਾਰਡ 1762 ਨਵੇਂ ਕੇਸ ਸਾਹਮਣੇ ਆਏ ਹਨ ਤੇ ਇਸ ਲਾਗ ਨਾਲ ਪੀੜਤ ਲੋਕਾਂ ਦੀ ਗਿਣਤੀ 24,811 ਹੋ ਗਈ ਹੈ।
ਮੌਤਾਂ ਦੀ ਗਿਣਤੀ ਪੱਖੋਂ ਇਟਲੀ, ਚੀਨ ਤੇ ਸਪੇਨ ਮਗਰੋਂ ਇਰਾਨ ਚੌਥਾ ਮੁਲਕ ਹੈ। ਸਰਕਾਰ ਵੱਲੋਂ ਘਰਾਂ ਵਿੱਚ ਰਹਿਣ ਦੀ ਅਪੀਲ ਦੇ ਬਾਵਜੂਦ ਅਜੇ ਵੀ ਵੱਡੀ ਗਿਣਤੀ ਲੋਕ ਸੜਕਾਂ ’ਤੇ ਵਿਚਰ ਰਹੇ ਹਨ। ਇਸ ਦੌਰਾਨ ਕਈ ਸਰਕਾਰੀ ਮੁਲਾਜ਼ਮਾਂ ਨੂੰ ਘਰਾਂ ਤੋਂ ਕੰਮ ਕਰਨ ਲਈ ਆਖ ਦਿੱਤਾ ਗਿਆ ਹੈ। ਸਪੇਨ ਵਿੱਚ ਪਿਛਲੇ 24 ਘੰਟਿਆਂ ਦੌਰਾਨ 514 ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਮੌਤਾਂ ਦੀ ਕੁੱਲ ਗਿਣਤੀ 2696 ਹੋ ਗਈ ਹੈ। ਪਾਜ਼ੇਟਿਵ ਪਾਏ ਗਏ ਕੇਸਾਂ ਦੀ ਗਿਣਤੀ 20 ਫੀਸਦ ਦੇ ਵਾਧੇ ਨਾਲ 39,673 ਹੋ ਗਈ ਹੈ।
ਮਿਆਂਮਾਰ ਵਿੱਚ ਸੋਮਵਾਰ ਦੇਰ ਰਾਤ ਨੂੰ ਨੋਵੇਲ ਕਰੋਨਾਵਾਇਰਸ ਦੇ ਦੋ ਪਲੇਠੇ ਕੇਸ ਸਾਹਮਣੇ ਆਏ ਹਨ। ਮਿਆਂਮਾਰ ਦੇ ਸਿਹਤ ਮੰਤਰੀ ਨੇ ਕਿਹਾ ਕਿ ਪੀੜਤਾਂ ਵਿੱਚੋਂ 36 ਸਾਲਾ ਤੇ 26 ਸਾਲਾ ਦੋ ਵਿਅਕਤੀ ਸ਼ਾਮਲ ਹਨ, ਜੋ ਕ੍ਰਮਵਾਰ ਅਮਰੀਕਾ ਤੇ ਬਰਤਾਨੀਆ ਤੋਂ ਪਰਤੇ ਹਨ। ਦੋਵਾਂ ਦੇ ਨਮੂਨੇ ਪਾਜ਼ੇਟਿਵ ਪਾਏ ਗਏ ਹਨ। ਉਧਰ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੱਲੋਂ ਐਲਾਨੀਆਂ ਤਿੰਨ ਹਫ਼ਤਿਆਂ ਦੀ ਸਖ਼ਤ ਪੇਸ਼ਬੰਦੀਆਂ ਦੇ ਬਾਵਜੂਦ ਮੁਲਕ ਦੀਆਂ ਜ਼ਮੀਨਦੋਜ਼ ਗੱਡੀਆਂ ਵਿੱਚ ਮੁਸਾਫ਼ਰਾਂ ਦਾ ਘੜਮੱਸ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਕੋਵਿਡ-19 ਕਰਕੇ ਮੁਲਕ ਵਿੱਚ ਮੌਤਾਂ ਦੀ ਗਿਣਤੀ ਵਧ ਕੇ 335 ਹੋ ਗਈ ਹੈ। ਜੌਹਨਸਨ ਨੇ ਟੈਲੀਵਿਜ਼ਨ ’ਤੇ ਦੇਸ਼ਵਾਸੀਆਂ ਦੇ ਨਾਂ ਸੁਨੇਹੇ ਵਿਚ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦਿਆਂ ਪਾਬੰਦੀਆਂ ਨੂੰ ਅਮਲ ਵਿੱਚ ਲਿਆਉਣ ਲਈ ਪੁਲੀਸ ਨੂੰ ਵਿਸ਼ੇਸ਼ ਤਾਕਤਾਂ ਦੇਣ ਦਾ ਐਲਾਨ ਕੀਤਾ ਸੀ। ਟਰਾਂਸਪੋਰਟ ਮੰਤਰੀ ਗੈਂਟ ਸ਼ੈਪਸ ਨੇ ਟਵੀਟ ਕਰਕੇ ਲੋਕਾਂ ਨੂੰ ਸੰਭਵ ਹੋ ਸਕੇ ਤਾਂ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।
ਸ਼ੈਪਸ ਨੇ ਕਿਹਾ, ‘ਅੱਜ ਸਵੇਰੇ ਨੱਕੋ-ਨੱਕ ਭਰੀਆਂ ਗੱਡੀਆਂ ਵੇਖ ਕੇ ਫ਼ਿਕਰਮੰਦੀ ਵੱਧ ਗਈ ਹੈ। ਸਲਾਹ ਸ਼ੀਸ਼ੇ ਵਾਂਗ ਸਪਸ਼ਟ ਹੈ: ਘਰਾਂ ਵਿੱਚ ਰਹੋ। ਜਾਨਾਂ ਬਚਾਉਣ ਦਾ ਇਹੀ ਤਰੀਕਾ ਹੈ।’ ਇਸ ਦੌਰਾਨ ਇਟਲੀ ਵਿੱਚ ਡੇਟਾ ਇਕੱਤਰ ਕਰਨ ਵਾਲੀ ਇਕ ਏਜੰਸੀ ਦੇ ਮੁਖੀ ਨੇ ਅੱਜ ਦਾਅਵਾ ਕੀਤਾ ਕਿ ਇਟਲੀ ਵਿੱਚ ਕਰੋਨਾਵਾਇਰਸ ਦੀ ਮਾਰ ਹੇਠ ਆਉਣ ਵਾਲੇ ਅਸਲ ਕੇਸ ਅਧਿਕਾਰਕ ਗਿਣਤੀ ਜੋ ਕਿ ਲਗਪਗ 64000 ਹੈ, ਤੋਂ ਦਸ ਗੁਣਾ ਵੱਧ ਹਨ।
ਸੱਜਰੇ ਅੰਕੜਿਆਂ ਦੀ ਮੰਨੀਏ ਤਾਂ ਪਿਛਲੇ ਇਕ ਮਹੀਨੇ ਦੌਰਾਨ 6077 ਲੋਕ ਲਾਗ ਦੀ ਭੇਟ ਚੜ੍ਹ ਗਏ ਹਨ, ਜਦੋਂਕਿ ਚੀਨ ਵਿੱਚ ਇਸ ਤੋਂ ਦੁੱਗਣੀਆਂ ਮੌਤਾਂ ਹੋਈਆਂ ਹਨ।
-ਏਜੰਸੀਆਂ

ਚੀਨ ਵੱਲੋਂ 8 ਅਪਰੈਲ ਤੋਂ ਤਾਲਾਬੰਦੀ ਖ਼ਤਮ ਕਰਨ ਦੀ ਤਿਆਰੀ

ਪੇਈਚਿੰਗ/ਵੂਹਾਨ: ਚੀਨ ਨੇ ਅੱਜ ਐਲਾਨ ਕੀਤਾ ਕਿ ਉਹ ਕੇਂਦਰੀ ਹੁਬੇਈ ਸੂਬੇ, ਜਿਸ ਨੂੰ ਕਰੋਨਾਵਾਇਰਸ ਮਹਾਮਾਰੀ ਦੀ ਸ਼ੁਰੂਆਤ ਦਾ ਧੁਰਾ ਕਿਹਾ ਜਾਂਦਾ ਹੈ, ਵਿੱਚ ਪਿਛਲੇ ਤਿੰਨ ਮਹੀਨੇ ਤੋਂ ਜਾਰੀ ਮੁਕੰਮਲ ਤਾਲਾਬੰਦੀ ਨੂੰ 8 ਅਪਰੈਲ ਤਕ ਖ਼ਤਮ ਕਰ ਦੇਵੇਗਾ। ਸੂਬੇ ਦੀ ਮੁਕੰਮਲ ਤਾਲਾਬੰਦੀ ਕਰਕੇ 5.6 ਕਰੋੜ ਲੋਕ ਘਰਾਂ ਵਿੱਚ ਪਾਬੰਦੀਆਂ ਅਧੀਨ ਹਨ। ਉਧਰ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੋਰਨਾਂ ਮੁਲਕਾਂ ਵਿੱਚ ਕਰੋਨਾਵਾਇਰਸ ਲਾਗ ਦੇ ਵਧਦੇ ਕੇਸਾਂ ਕਰਕੇ ਚੀਨ ਵਿੱਚ ਕੋਵਿਡ-19 ਮੁੜ ਦਸਤਕ ਦੇ ਸਕਦਾ ਹੈ। ਇਸ ਦੌਰਾਨ ਵੂਹਾਨ, ਜਿੱਥੇ ਕਰੋਨਾਵਾਇਰਸ ਦੇ ਕੇਸ ਸਭ ਤੋਂ ਪਹਿਲਾਂ ਦਸੰਬਰ ਵਿੱਚ ਸਾਹਮਣੇ ਆਏ ਸਨ, ਨੇ ਸੋਮਵਾਰ ਨੂੰ ਕੋਵਿਡ-19 ਦੇ ਨਵੇਂ ਕੇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਪਿਛਲੇ ਪੰਜ ਦਿਨਾਂ ਦੌਰਾਨ ਚੀਨ ਵਿੱਚ ਕਿਸੇ ਨਵੇਂ ਕੇਸ ਦੀ ਕੋਈ ਖ਼ਬਰ ਨਹੀਂ ਸੀ। ਹੁਬੇਈ ਸੂਬੇ ਤੇ ਵੂਹਾਨ ਸ਼ਹਿਰ ਦੀ ਕੁੱਲ ਆਬਾਦੀ 5.6 ਕਰੋੜ ਹੈ, ਜੋ 23 ਜਨਵਰੀ ਤੋਂ ਤਾਲਾਬੰਦੀ ਅਧੀਨ ਹੈ।
-ਪੀਟੀਆਈ

ਕੋਵਿਡ-19 ਏਸ਼ਿਆਈ ਅਮਰੀਕੀਆਂ ਦੀ ਗ਼ਲਤੀ ਨਹੀਂ: ਟਰੰਪ

ਵਾਸ਼ਿੰਗਟਨ: ਨੋਵੇਲ ਕਰੋਨਾਵਾਇਰਸ ਨੂੰ ‘ਚੀਨੀ ਵਾਇਰਸ’ ਦੱਸਣ ਕਰਕੇ ਆਲੋਚਕਾਂ ਦੇ ਨਿਸ਼ਾਨੇ ’ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਇਸ ਮਹਾਮਾਰੀ ਲਈ ਏਸ਼ਿਆਈ ਅਮਰੀਕੀਆਂ ਸਿਰ ਭਾਂਡਾ ਨਹੀਂ ਭੰਨ੍ਹਿਆ ਜਾਣਾ ਚਾਹੀਦਾ। ਬਰਤਾਨਵੀ ਬਰਾਡਕਾਸਟਰ ਬੀਬੀਸੀ ਨੇ ਆਪਣੀ ਇਕ ਰਿਪੋਰਟ ਵਿੱਚ ਟਰੰਪ ਦੇ ਹਵਾਲੇ ਨਾਲ ਕਿਹਾ, ‘ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅਮਰੀਕਾ ਵਿਚਲੇ ਤੇ ਕੁੱਲ ਆਲਮ ਵਿੱਚ ਰਹਿੰਦੇ ਆਪਣੇ ਏਸ਼ਿਆਈ ਅਮਰੀਕੀ ਭਾਈਚਾਰੇ ਦੀ ਪੂਰੀ ਤਰ੍ਹਾਂ ਰੱਖਿਆ ਕਰੀਏ। ਇਹ ਬਹੁਤ ਸ਼ਾਨਦਾਰ ਲੋਕ ਹਨ ਤੇ ਵਾਇਰਸ ਦੇ ਫੈਲਾਅ ਵਿੱਚ ਇਨ੍ਹਾਂ ਦੀ ਕਿਸੇ ਵੀ ਤਰੀਕੇ, ਅਕਾਰ ਜਾਂ ਰੂਪ ਵਿੱਚ ਕੋਈ ਗ਼ਲਤੀ ਨਹੀਂ।’
-ਆਈਏਐੱਨਐੱਸ


Comments Off on ਕਰੋਨਾਵਾਇਰਸ: ਮੌਤਾਂ ਦੀ ਗਿਣਤੀ 17 ਹਜ਼ਾਰ ਦੇ ਨੇੜੇ ਢੁੱਕੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.