ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਰੋਨਾਵਾਇਰਸ ਨੇ ਸ਼ਰਾਬ ਦੇ ਠੇਕੇਦਾਰਾਂ ਦੀ ਲੋਰ ਉਤਾਰੀ

Posted On March - 27 - 2020

ਕਰਫ਼ਿਊ ਦੌਰਾਨ ਬਠਿੰਡਾ ਸ਼ਹਿਰ ਵਿੱਚ ਬੰਦ ਪਿਆ ਠੇਕਾ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ
ਬਠਿੰਡਾ, 26 ਮਾਰਚ
ਸ਼ਰਾਬ ਕਾਰੋਬਾਰ ਨੂੰ ਵੀ ਕਰੋਨਾ ਨੇ ਡੰਗ ਲਿਆ ਹੈ। ਇਸ ਆਫ਼ਤ ਕਾਰਨ ਵਿੱਤੀ ਵਰ੍ਹੇ ਦੀ ਅਦਲਾ-ਬਦਲੀ ’ਚ ਆਉਂਦੇ-ਜਾਂਦੇ ਕਾਰੋਬਾਰੀਆਂ ਨੂੰ ਵੱਡਾ ਰਗੜਾ ਲੱਗਣ ਵਾਲਾ ਹੈ। ਆਬਕਾਰੀ ਵਿਭਾਗ ਵੀ ਭੰਵਰਜਾਲ ’ਚ ਫਸਿਆ ਹੋਇਆ ਹੈ। ਉਸ ਦਾ ਫ਼ਿਕਰ ਹੈ ਕਿ ਮੌਜੂਦਾ ਸਾਲ ਦੇ 5800 ਕਰੋੜ ਰੁਪਏ ਦੀ ਬਜਾਏ ਅਗਲੇ ਵਰ੍ਹੇ 6400 ਕਰੋੜ ਰੁਪਏ ਆਬਕਾਰੀ ਮਾਲੀਏ ਵਜੋਂ ਕਿਵੇਂ ਇਕੱਠੇ ਕੀਤੇ ਜਾਣਗੇ।
ਸੂਤਰਾਂ ਅਨੁਸਾਰ ਵਿਭਾਗ ਵੱਲੋਂ ਰਾਜ ਵਿਚ ਸ਼ਰਾਬ ਦੇ ਸਮੁੱਚੇ ਪ੍ਰਚੂਨ ਵਿਕਰੀ ਦੇ ਕਾਰੋਬਾਰ ’ਚੋਂ ਕਰੀਬ 20 ਫੀਸਦੀ ਅਲਾਟਮੈਂਟ ਹਾਲੇ ਬਾਕੀ ਹੈ। ਮਾਰਚ ਠੇਕੇਦਾਰਾਂ ਦੇ ਵਿੱਤੀ ਸੈਸ਼ਨ ਦਾ ਆਖ਼ਰੀ ਮਹੀਨਾ ਹੈ। 22 ਮਾਰਚ ਤੋਂ ਜਾਰੀ ਕਰਫ਼ਿਊ ਨੇ ਸੈਸ਼ਨ ਦੇ ਅੰਤਲੇ ਦਿਨ ਠੇਕੇਦਾਰਾਂ ਲਈ ਖਤਮ ਕਰ ਦਿੱਤੇ ਹਨ। ਠੇਕੇਦਾਰਾਂ ਨੇ 31 ਮਾਰਚ ਨੂੰ ਸਟਾਕ ਖਤਮ ਕਰਨਾ ਹੁੰਦਾ ਹੈ। ਠੇਕੇਦਾਰ ਇਨ੍ਹੀਂ ਦਿਨੀਂ ਸਾਲ ਭਰ ਦੇ ਕੋਟੇ ’ਚੋਂ ਬਚੀ ਸ਼ਰਾਬ ਦੇ ਰੇਟ ਘਟਾਉਂਦੇ ਹਨ। ਕਾਰੋਬਾਰੀਆਂ ਦਾ ਆਖਣਾ ਹੈ ਕਿ ਸਾਲ ਭਰ ਦੀ ਕਮਾਈ ’ਤੇ ਕਰਫ਼ਿਊ ਨੇ ਪਾਣੀ ਫੇਰ ਦਿੱਤਾ ਹੈ। ਉਪਰੋਂ ਮੁਸੀਬਤ ਇਹ ਹੈ ਕਿ ਜਿਨ੍ਹਾਂ ਠੇਕੇਦਾਰਾਂ ਕੋਲ ਅਗਲੇ ਸਾਲ ਕਾਰੋਬਾਰ ਨਹੀਂ, ਉਹ ਬਚੇ ਮਾਲ ਦਾ ਕੀ ਕਰਨਗੇ। ਨਵੇਂ ਸਾਲ ਲਈ ਕਾਰੋਬਾਰ ਲੈ ਚੁੱਕੇ ਪੁਰਾਣੇ ਵਪਾਰੀਆਂ ਦੀ ਤਜਵੀਜ਼ ਹੈ ਕਿ ਜੇ ਆਬਕਾਰੀ ਵਿਭਾਗ ਪੁਰਾਣੇ ਮਾਲ ਨੂੰ ਨਵੇਂ ਸਾਲ ਵਿੱਚ ਵੇਚਣ ਦੀ ਇਜਾਜ਼ਤ ਦੇਵੇ ਤਾਂ ਠੀਕ ਰਹੇਗਾ। ਠੇਕੇਦਾਰਾਂ ਨੇ ਕਿਹਾ ਕਿ ਕਰੋਨਾ ਕੁਦਰਤੀ ਆਫ਼ਤ ਹੈ ਅਤੇ ਸਰਕਾਰ ਇਸ ਦੀ ਭਰਪਾਈ ਠੇਕੇਦਾਰਾਂ ਨੂੰ ਮੁਆਵਜ਼ਾ ਦੇ ਕੇ ਕਰੇ। ਨਵੇਂ ਕਾਰੋਬਾਰੀਆਂ ਦਾ ਪਹਿਲੀ ਅਪਰੈਲ ਤੋਂ ਨਵਾਂ ਵਿੱਤੀ ਵਰ੍ਹਾ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਵੱਲੋਂ ਐਲਾਨਿਆ ਲੌਕਡਾਊਨ ਅਪਰੈਲ ਦੇ ਮੁੱਢਲੇ ਦੋ ਹਫ਼ਤੇ ਜਾਰੀ ਰਹੇਗਾ। ਠੇਕੇ ਭਾਵੇਂ ਬੰਦ ਰਹਿਣਗੇ ਪਰ ਲਾਇਸੈਂਸ ਫੀਸ ਦੀ ਕਿਸ਼ਤ ਠੇਕੇਦਾਰਾਂ ਨੂੰ ਭਰਨੀ ਪਵੇਗੀ। ਨਿਯਮਾਂ ਮੁਤਾਬਿਕ ਠੇਕੇ ਬੰਦ ਰਹਿਣ ਦੇ ਬਾਵਜੂਦ ਕਾਰੋਬਾਰੀ ਦੋ ਹਫ਼ਤਿਆਂ ਦੀ ਸ਼ਰਾਬ ਦਾ ਕੋਟਾ ਕੀਮਤ ਤਾਰ ਕੇ ਖ਼ਰੀਦਣ ਦੇ ਪਾਬੰਦ ਹੋਣਗੇ। ਸੰਭਾਵਿਤ ਸਥਿਤੀ ਮੁਤਾਬਿਕ ਵਿੱਤੀ ਸ਼ੁਰੂਆਤ ਠੇਕੇਦਾਰਾਂ ਲਈ ਨਾ-ਖ਼ੁਸ਼ਗਵਾਰ ਰਹਿਣ ਦੇ ਆਸਾਰ ਹਨ। ਜੇਕਰ ਲੌਕਡਾਊਨ ’ਚ ਵਾਧਾ ਹੁੰਦਾ ਹੈ ਤਾਂ ਹਾਲਤ ਹੋਰ ਮਾੜੀ ਹੋਵੇਗੀ। ਉਂਜ ਨਵੇਂ ਕਾਰੋਬਾਰੀਆਂ ਨੂੰ ਵੀ ਸਰਕਾਰ ਤੋਂ ਰਾਹਤ ਦੀ ਉਮੀਦ ਹੈ। ਇਸ ਮਾਮਲੇ ’ਤੇ ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀ ਕੋਈ ਟਿੱਪਣੀ ਕਰਨ ਤੋਂ ਟਾਲਾ ਵੱਟ ਰਹੇ ਹਨ।

 


Comments Off on ਕਰੋਨਾਵਾਇਰਸ ਨੇ ਸ਼ਰਾਬ ਦੇ ਠੇਕੇਦਾਰਾਂ ਦੀ ਲੋਰ ਉਤਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.