ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਰੋਨਾਵਾਇਰਸ ਦਾ ਸਾਹਮਣਾ ਕਰਨ ਲਈ ਪਿੰਡਾਂ ਦੇ ਲੋਕਾਂ ਵੱਲੋਂ ਯਤਨ ਸ਼ੁਰੂ

Posted On March - 26 - 2020

ਪਿੰਡ ਸਹਿਜੜਾ ਵਿਚ ਕੱਪੜੇ ਦੇ ਮਾਸਕ ਤਿਆਰ ਕਰਦੀਆ ਔਰਤਾਂ।

ਜੋਗਿੰਦਰ ਸਿੰਘ ਮਾਨ
ਮਾਨਸਾ, 25 ਮਾਰਚ
ਕਰੋਨਾਵਾਇਰਸ ਤੋਂ ਬਚਾਅ ਦੇ ਯਤਨਾਂ ਤਹਿਤ ਲਗਾਏ ਕਰਫਿਊ ਦੌਰਾਨ ਲੋਕਾਂ ਦੀਆਂ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਵਿਉਂਤਬੰਦੀ ਅਨੁਸਾਰ ਪੁਲੀਸ ਦੀ ਨਿਗਰਾਨੀ ਵਿਚ ਘਰ-ਘਰ ਫਲ, ਸਬਜ਼ੀਆਂ, ਦੁੱਧ, ਰਾਸ਼ਨ ਅਤੇ ਗੈਸ ਸਿਲੰਡਰ ਪਹੁੰਚਾਏ ਗਏ।
ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਨ੍ਹਾਂ ਲੋੜੀਂਦੀਆਂ ਵਸਤਾਂ ਦੀ ਵੰਡ ਲਈ ਤਰਤੀਬਵਾਰ ਸਮਾਂ ਸਾਰਣੀ ਬਣਾਈ ਗਈ ਹੈ, ਉਸੇ ਅਨੁਸਾਰ ਵੱਖ-ਵੱਖ ਵਸਤਾਂ ਅਲੱਗ ਅਲੱਗ ਸਮੇਂ ’ਤੇ ਲੋਕਾਂ ਤੱਕ ਪਹੁੰਚਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਵਸਤਾਂ ਲਿਜਾਣ ਵਾਲੇ ਵਿਕਰੇਤਾਵਾਂ ਦਾ ਡਾਕਟਰਾਂ ਵੱਲੋਂ ਮੁਕੰਮਲ ਮੈਡੀਕਲ ਚੈੱਕਅਪ ਕੀਤਾ ਗਿਆ। ਇਸ ਉਪਰੰਤ ਹੀ ਉਨ੍ਹਾਂ ਨੂੰ ਵੱਖ-ਵੱਖ ਵਾਰਡਾਂ ਤੇ ਗਲੀਆਂ ਵਿਚ ਭੇਜਿਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਥਿਤੀ ਵਿਚ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਕੋਈ ਵੀ ਸਾਮਾਨ ਲੈਣ ਸਮੇਂ ਇਕੱਠ ਨਾ ਕਰਨ।

ਡਾ.ਰਣਜੀਤ ਸਿੰਘ ਰਾਏ ਇੱਕ ਸਬਜ਼ੀ ਵਿਕਰੇਤਾ ਦੀ ਸਿਹਤ ਦੀ ਜਾਂਚ ਕਰਦੇ ਹੋਏ।

ਮਹਿਲ ਕਲਾਂ (ਨਵਕਿਰਨ ਸਿੰਘ): ਕਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਕਾਰਨ ਬਣੀ ਸਥਿਤੀ ਦਾ ਸਾਹਮਣਾ ਕਰਨ ਲਈ ਇਲਾਕਾ ਮਹਿਲ ਕਲਾਂ ’ਚ ਪਿੰਡਾਂ ਦੇ ਲੋਕ ਆਪਣੇ ਪੱਧਰ ’ਤੇ ਸਰਗਰਮ ਹੋ ਗਏ ਹਨ। ਪਿੰਡ ਗੁਰਮ ਦੀ ਪੰਚਾਇਤ ਅਤੇ ਸ਼ਹੀਦ ਭਗਤ ਸਿੰਘ ਸਭਾ ਪਿੰਡ ਗੁਰਮ ਵੱਲੋਂ ਸਰਪੰਚ ਦੀ ਅਗਵਾਈ ਹੇਠ ਪਿੰਡ ਦੀਆਂ ਗਲੀਆਂ ਵਿੱਚ ਸਪਰੇਅ ਕੀਤੀ ਗਈ। ਇਸੇ ਤਰ੍ਹਾਂ ਪਿੰਡ ਨਾਈਵਾਲਾ ਵਾਸੀਆਂ ਨੇ ਵੀ ਪਿੰਡ ’ਚ ਸਪਰੇਅ ਕੀਤੀ ਹੈ। ਪਿੰਡ ਸਹਿਜੜਾ ਦੇ ਕਿਸਾਨ ਆਗੂ ਮਨਜੀਤ ਸਿੰਘ ਤੇ ਉਸ ਦੀ ਪਤਨੀ ਪਰਮਜੀਤ ਕੌਰ ਵੱਲੋਂ ਰਾਣੀ ਕੌਰ, ਕੁਲਵਿੰਦਰ ਕੌਰ ਆਦਿ ਨਾਲ ਰਲ ਕੇ ਮਾਸਕ ਤਿਆਰ ਕੀਤੇ ਜਾ ਰਹੇ ਹਨ ਜੋ ਲੋਕਾਂ ਨੂੰ ਮੁਫ਼ਤ ਵਿੱਚ ਵੰਡੇ ਜਾ ਰਹੇ ਹਨ। ਇਸੇ ਤਰ੍ਹਾਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਵੱਲੋਂ ਗ਼ਰੀਬ ਬਸਤੀਆਂ ਵਿੱਚ ਮੁਫ਼ਤ ਮਾਸਕ ਵੰਡੇ ਜਾ ਰਹੇ ਹਨ।
ਕਰਫਿਊ ਦੌਰਾਨ ਪਿੰਡਾਂ ਵਿੱਚ ਮਜਦੂਰਾਂ ਦੇ ਘਰਾਂ ਦਾ ਰਾਸ਼ਣ ਮੁੱਕਣਾ ਸ਼ੁਰੂ ਹੋ ਗਿਆ ਹੈ। ਪਿੰਡ ਛੀਨੀਵਾਲ ਕਲਾਂ ਦੇ ਮਜ਼ਦੂਰ ਏਕਮ ਸਿੰਘ ਛੀਨੀਵਾਲ ਨੇ ਦੱਸਿਆ ਕਿ ਮਜ਼ਦੂਰੀ ਨਾ ਮਿਲਣ ਕਾਰਨ ਕਿਰਤੀਆਂ ਦੇ ਚੁੱਲ੍ਹੇ ਠੰਢੇ ਹੋ ਰਹੇ ਹਨ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜਦੂਰ ਪਰਿਵਾਰਾਂ ਨੂੰ ਰੋਜਾਨਾ ਘਰੇਲੂ ਵਰਤੋਂ ਦਾ ਸਮਾਨ ਮੁਫਤ ਵਿੱਚ ਮੁਹੱਈਆ ਕੀਤਾ ਜਾਵੇ।
ਜ਼ਰੂਰੀ ਸਾਮਾਨ ਤਰਤੀਬਵਾਰ ਮਿਲੇਗਾ: ਐੱਸਐੱਸਪੀ
ਮਾਨਸਾ ਦੇ ਐੱਸਐੱਸਪੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਘਰ-ਘਰ ਤੱਕ ਪਹੁੰਚ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਦੀ ਨਿਰਗਾਨੀ ਵਿਚ ਨਿਸ਼ਚਿਤ ਸਮੇਂ ਅਨੁਸਾਰ ਤਰਤੀਬਵਾਰ ਸਵੇਰੇ 7 ਤੋਂ 9 ਵਜੇ ਤੱਕ ਦੁੱਧ, 10 ਤੋਂ 12 ਵਜੇ ਤੱਕ ਸਬਜ਼ੀਆਂ, ਫਲ ਤੇ ਰਾਸ਼ਨ, ਸ਼ਾਮ 4 ਤੋਂ 5 ਵਜੇ ਤੱਕ ਪਸ਼ੂਆਂ ਦਾ ਚਾਰਾ, ਸਵੇਰੇ 7 ਤੋਂ 9 ਵਜੇ ਤੱਕ ਅਖ਼ਬਾਰ ਪਹੁੰਚਾਉਣਾ ਤੈਅ ਕੀਤਾ ਹੈ। ਇਸ ਤੋਂ ਇਲਾਵਾ ਗੈਸ ਸਿਲੰਡਰ ਵੀ ਲੋੜਵੰਦਾਂ ਤੱਕ ਪਹੁੰਚਾਏ ਗਏ।


Comments Off on ਕਰੋਨਾਵਾਇਰਸ ਦਾ ਸਾਹਮਣਾ ਕਰਨ ਲਈ ਪਿੰਡਾਂ ਦੇ ਲੋਕਾਂ ਵੱਲੋਂ ਯਤਨ ਸ਼ੁਰੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.