ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਰੋਨਾਵਾਇਰਸ: ਤੱਥ, ਹਕੀਕਤ, ਵਿਸ਼ਵਾਸ ਤੇ ਵਿਗਿਆਨ

Posted On March - 27 - 2020

ਡਾ. ਪਿਆਰਾ ਲਾਲ ਗਰਗ

ਕਰੋਨਾਵਾਇਰਸ ਵਬਾ ਬਾਬਤ ਇਸ ਲੇਖ ਰਾਹੀਂ ਇਸ ਵਾਦ-ਵਿਵਾਦ ਵਿੱਚ ਨਾ ਪੈਂਦੇ ਹੋਏ ਕਿ ਇਸ ਦੇ ਫੈਲਣ ਵਿੱਚ ਵਪਾਰਕ ਹਿੱਤ ਹਨ ਜਾਂ ਨਹੀਂ, ਕਿ ਇਸ ਨੂੰ ਫੈਲਾਉਣ ਵਿਚ ਅਮਰੀਕਾ ਜਾਂ ਚੀਨ ਮੋਹਰੀ ਹਨ ਜਾਂ ਨਹੀਂ, ਇੱਕ ਨਿੱਕਾ ਜਿਹਾ ਯਤਨ ਹੈ ਕਿ ਤੱਥ ਉਜਾਗਰ ਕਰ ਕੇ, ਵਿਗਿਆਨ ਤੇ ਵਿਸ਼ਵਾਸ ਦਾ ਵਖਰੇਵਾਂ ਕਰ ਕੇ, ਵਿਸ਼ਵਾਸ ਜਾਂ ਵਿਚਾਰਧਾਰਾ ਤਹਿਤ ਅਵਿਗਿਆਨਿਕ ਕਥਨਾ ਅਤੇ ਤੱਥਾਂ ਦੀ ਤੋੜ ਮਰੋੜ ਤੋਂ ਪਰਦਾ ਚੁੱਕ ਕੇ ਸਹੀ ਤਸਵੀਰ ਪੇਸ਼ ਕੀਤੀ ਜਾਵੇ ਤਾਂ ਕਿ ਪਾਠਕ ਖੁਦ ਕੋਈ ਨਿਰਣਾ ਲੈ ਸਕਣ। ਸਾਰੇ ਅੰਕੜੇ ਸੰਸਾਰ ਸਿਹਤ ਸੰਸਥਾ ਵਰਗੇ ਅਧਿਕਾਰਤ ਸਰੋਤਾਂ ਤੋਂ ਲਏ ਹਨ ਅਤੇ 25 ਮਾਰਚ ਤੱਕ ਦੇ ਹਨ।
ਇੱਕ ਪ੍ਰਚਾਰ ਹੈ ਕਿ ਕਰੋਨਾਵਾਇਰਸ ਤਾਂ ਉਨ੍ਹਾਂ ਵਾਇਰਸਾਂ ਤੇ ਜੀਵਾਣੂਆਂ ਵਿਚੋਂ ਹੀ ਇੱਕ ਹੈ ਜਿਹੜੇ ਅਰਬਾਂ ਖਰਬਾਂ ਦੀ ਤਾਦਾਦ ਵਿੱਚ ਸਾਡੇ ਸਰੀਰ ਵਿਚ ਮੌਜੂਦ ਹਨ ਅਤੇ ਸਾਡੇ ਸਰੀਰ ਦੀ ਸਹੀ ਕਾਰਜ ਪ੍ਰਣਾਲੀ ਵਾਸਤੇ ਜ਼ਰੂਰੀ ਹਨ, ਇਸ ਵਾਸਤੇ ਇਸ ਬਾਬਤ ਜਾਣਬੁਝ ਕੇ ਕਿਸੇ ਗੁਝੇ ਮੰਤਵ ਤਹਿਤ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਤਾਂ ਕਿ ਇਸ ਵਾਸਤੇ ਤਿਆਰ ਹੋਣ ਵਾਲਾ ਵੈਕਸੀਨ ਵਿਕ ਸਕੇ ਜਦਕਿ ਹਕੀਕਤ ਵਿੱਚ ਕਿਸੇ ਰੋਕਥਾਮ ਦੇ ਉਪਾਅ ਦੀ ਲੋੜ ਨਹੀਂ, ਇਨ੍ਹਾਂ ਵਾਇਰਸਾਂ ਕਾਰਨ ਪ੍ਰਭਾਵਿਤ ਹੋਇਆ ਵਿਚੋਂ ਕੇਵਲ 1 ਫ਼ੀਸਦ ਹਸਪਤਾਲਾਂ ਵਿੱਚ ਲਿਜਾਣੇ ਪੈਂਦੇ ਹਨ, ਜਿਨ੍ਹਾਂ ਵਿਚੋਂ ਮੌਤ ਕੇਵਲ 2 ਤੋਂ 10 ਫ਼ੀਸਦ ਦੀ ਹੀ ਹੁੰਦੀ ਹੈ, ਕਈ ਲੋਕ ਕਹਿੰਦੇ ਹਨ ਕਿ ਆਮ ਫਲੂ ਨਾਲ ਅਮਰੀਕਾ ਵਿਚ ਹੀ ਕਰੋਨਾ ਨਾਲੋਂ ਵੱਧ ਮੌਤ ਦਰ ਹੈ, ਇਟਲੀ ਵਿਚ ਕਰੋਨਾ ਨਾਲ ਮੌਤ ਦਰ 9 ਫ਼ੀਸਦ , ਚੀਨ ਵਿਚ 4 ਫ਼ੀਸਦ ਤੇ ਬਾਕੀ ਦੇਸ਼ਾਂ ਵਿਚ 2 ਤੋਂ 3 ਫ਼ੀਸਦ ਹੈ। ਕਈ ਗਊ-ਮੂਤਰ, ਗਊ ਗੋਬਰ ਦੇ ਨਾਲ ਕਰੋਨਾ ਦਾ ਇਲਾਜ ਦੱਸਦੇ ਹਨ ਜਦਕਿ ਕਈ ਹੋਰ ਕਹਿੰਦੇ ਹਨ ਕਿ ਥਾਲੀ/ਘੰਟੀ ਖੜਕਾਉਣ ਜਾਂ ਸ਼ੰਖ ਵਜਾਉਣ ਜਾਂ ਤਾਲੀ ਵਜਾਉਣ ਨਾਲ ਪੈਦਾ ਹੋਈਆਂ ਤਰੰਗਾਂ ਵਾਇਰਸ ਨੂੰ ਮਾਰ ਦਿੰਦੀਆਂ ਹਨ। ਅਵਿਗਿਆਨਕ ਤੇ ਅੰਧ ਵਿਸ਼ਵਾਸ ਫੈਲਾਉਣ ਤੋਂ ਸਿਵਾਏ ਕੁਝ ਵੀ ਨਹੀਂ। ਵਿਟਾਮਿਨ ਸੀ ਨਾਲ ਇਲਾਜ ਹੋਣ ਬਾਰੇ ਕਹਿਣਾ ਵੀ ਠੀਕ ਨਹੀਂ। ਕੋਈ ਹੋਰ ਕਹਿੰਦਾ ਹੈ ਕਿ ਸ਼ਰਾਬ ਪੀਣ ਨਾਲ ਵਾਇਰਸ ਮਰ ਜਾਵੇਗਾ, ਕੋਈ ਕਹਿੰਦਾ ਹੈ ਗਰਮ ਪਾਣੀ ਵਿੱਚ ਨਹਾਉਣ ਨਾਲ ਮਰ ਜਾਵੇਗਾ, ਕੋਈ ਸਰੀਰ ਤੇ ਗਊ-ਗੋਬਰ ਮਲਣ ਦੀ ਸਲਾਹ ਦਿੰਦਾ ਹੈ। ਬੱਸ ਵਿਗਿਆਨ ਅਤੇ ਤੱਥਾਂ ਆਧਾਰਤ ਹੋਕਾ ਦੇਣਾ ਹੀ ਬਿਹਤਰ ਹੈ।

ਡਾ. ਪਿਆਰਾ ਲਾਲ ਗਰਗ

ਦਰਅਸਲ ਇਹ ਤਾਂ ਇੱਕ ਹਕੀਕਤ ਹੈ ਕਿ ਸਾਨੂੰ ਕਰੋਨਾ ਦਾ ਮੁਕਾਬਲਾ ਕਰਨ ਵਾਸਤੇ ਖੁਦ ਆਪਣੇ ਆਪ ਅਤੇ ਸਰਕਾਰ ਰਾਹੀਂ ਅਜਿਹੇ ਕਦਮ ਉਠਾਉਣ ਦੀ ਲੋੜ ਹੈ, ਜਿਹੜੇ ਸੰਭਵ ਹੋਣ, ਜਿਨ੍ਹਾਂ ਨਾਲ ਲੋਕਾਂ ਨੂੰ ਬੇਮਤਲਬੀ ਤਕਲੀਫ ਨਾ ਹੋਵੇ। ਪ੍ਰਸ਼ਾਸਨ ਕੇਵਲ ਹੁਕਮ ਹੀ ਨਾ ਕਰੇ ਬਲਕਿ ਲੋਕਾਂ ਲਈ ਜ਼ਰੂਰੀ ਦਵਾਈਆਂ, ਇਲਾਜ ਦਾ ਪ੍ਰਬੰਧ, ਹਸਪਤਾਲ ਸਮੇਂ ਸਿਰ ਪਹੁੰਚਣ ਦਾ ਪ੍ਰਬੰਧ , ਭੋਜਨ ਅਤੇ ਰੋਜ਼ਾਨਾ ਜੀਵਨ ਦੀਆਂ ਹੋਰ ਵਸਤਾਂ ਤੇ ਜ਼ਰੂਰੀ ਸਫਰ ਦਾ ਪ੍ਰਬੰਧ ਕਰੇ ਨਾ ਕਿ ਦੋਸ਼ੀਆਂ ਦੀ ਤਰ੍ਹਾਂ ਲੁਕਾਈ ਨੂੰ ਬੰਦ ਕਰੇ। ਇਹ ਵੀ ਸੱਚ ਹੈ ਕਿ ਸਰਕਾਰ ਨੇ ਪਹਿਲਾਂ-ਪਹਿਲ ਸਹੀ ਤੇ ਸੌਖੇ ਕਦਮ ਨਹੀਂ ਉਠਾਏ। ਵਰਤਮਾਨ ਦੌਰ ਵਿਚ ਵੀ ਕੁਆਰਨਟੀਨ ਦਾ ਸਹੀ ਪ੍ਰਬੰਧ ਨਹੀਂ, ਘਰਾਂ ਵਿਚ ਕੁਆਰਨਟੀਨ ਬੰਦ ਕਰ ਕੇ ਸਰੋਤ ਵੀ ਵੱਧ ਖਰਚ ਰਹੀ ਹੈ ਤੇ ਜਨਤਾ ਨੂੰ ਖਤਰੇ ਵਿੱਚ ਵੀ ਪਾ ਰਹੀ ਹੈ। ਅਮਰੀਕਾ ਵਰਗੇ ਮੁਲਕ ਵਿੱਚ ਵੀ ਜਿਥੇ 33 ਕਰੋੜ ਦੀ ਆਬਾਦੀ ਵਿੱਚ ਕਰੋਨਾ ਦੇ 62,858 ਪਾਜ਼ੇਟਿਵ ਮਾਮਲੇ ਹਨ ਅਤੇ ਸੰਸਾਰ ਵਿੱਚ ਕਰੋਨਾ ਦੇ ਮਾਮਲੇ ਵਿੱਚ ਚੀਨ ਤੇ ਇਟਲੀ ਤੋਂ ਬਾਅਦ ਤੀਜੇ ਨੰਬਰ ’ਤੇ ਹੈ, ਘਰਾਂ ਵਿਚ ਹੀ ਕੁਆਰਨਟੀਨ ਕੀਤੀ ਜਾ ਰਹੀ ਹੈ ਜਦਕਿ ਅਮਰੀਕਾ ਕੋਲ ਪ੍ਰਤੀ ਵਿਅਕਤੀ ਭਾਰਤ ਨਾਲੋਂ ਕਿਤੇ ਵੱਧ ਹਸਪਤਾਲ, ਡਾਕਟਰ ਤੇ ਹੋਰ ਅਮਲਾ ਹੈ। ਨਾ ਕੋਈ ਕਰਫਿਉ ਹੈ, ਨਾ ਲੋੜੋਂ ਵਧ ਸਖਤੀ, ਨਾ ਕੋਈ ਸਟੋਰ ਬੰਦ ਹੈ, ਕੇਵਲ ਖੋਲ੍ਹਣ ਦਾ ਸਮਾਂ ਘਟਾਇਆ ਹੈ ਪਰ ਭਾਰਤ ਵਿਚ ਤਾਂ ਲੋਕਾਂ ਵਾਸਤੇ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਬਿਨਾਂ ਕਿਸੇ ਮੁਤਬਾਦਲ ਯੋਗ ਪ੍ਰਬੰਧ ਦੇ। ਦੇਸ਼ ਵਿੱਚ ਸਖਤੀ ਦੀ ਲੋੜ ਹੈ, ਜੇ ਕਰੋਨਾ ਦੇ ਕਹਿਰ ਤੋਂ ਬਚਣਾ ਹੈ ਪਰ ਦਿਹਾੜੀ ਕਰ ਕੇ ਖਾਣ ਵਾਲਿਆਂ ਵਾਸਤੇ ਮੁਫ਼ਤ ਸੇਵਾਵਾਂ ਉਪਲਬਧ ਕਰਵਾਉਣੀਆਂ ਤੇ ਗਰੀਬ ਲੋਕਾਂ ਲਈ ਵੱਡੀ ਪੱਧਰ ’ਤੇ ਰਾਹਤਾਂ ਜਾਰੀ ਕਰ ਕੇ ਉਨ੍ਹਾਂ ਦਾ ਵਿਤਰਣ ਨਿਆਂ ਪੂਰਨ, ਭ੍ਰਿਸ਼ਟਾਚਾਰ ਮੁਕਤ ਤੇ ਸੁਸਤੀ ਮੁਕਤ ਹੋਣਾ ਲਾਜ਼ਮੀ ਹੈ। ਉਪਰੋਕਤ ਤੱਥਾਂ ਤੇ ਵਿਗਿਆਨਿਕ ਅਧਿਆਨਾਂ ਦੇ ਮੱਦੇਨਜ਼ਰ ਭਾਰਤ ਵਰਗੇ ਮੁਲਕ ਵਿੱਚ ਸਿਹਤ ਅਮਲੇ ਦੀ ਨਿਗਰਾਨੀ ਹੇਠ ਘਰਾਂ ਵਿਚ ਹੀ ਕੁਆਰਨਟੀਨ ਕਰਨਾ ਇੱਕੋ ਇੱਕ ਸਹੀ ਉਪਾਅ ਹੈ ਨਹੀਂ ਤਾਂ ਕੁਆਰਨਟੀਨ ਰਾਹੀਂ ਹੀ ਮਰੀਜ਼ ਦੀ ਗਿਣਤੀ ਵੱਧਦੀ ਜਾਵੇਗੀ ਕਿਉਂਕਿ ਜੇਕਰ ਕੁਆਰਨਟੀਨ ਕੀਤੇ ਸਮੂਹ ਵਿੱਚ ਇੱਕ ਵੀ ਕਰੋਨਾ ਪਾਜ਼ੇਟਿਵ ਹੋਇਆ ਤਾਂ ਉਸ ਰਾਹੀਂ ਸਾਰਿਆਂ ਦੇ ਬਿਮਾਰ ਹੋ ਜਾਣ ਦਾ ਵੱਡਾ ਖ਼ਤਰਾ ਹੈ।
ਅੰਕੜੇ: ਬੁੱਧੀਜੀਵੀਆਂ ਨੂੰ ਵੀ ਚਾਹੀਦਾ ਹੈ ਕਿ ਅੰਕੜੇ ਤੋੜ ਮਰੋੜ ਕੇ ਪੇਸ਼ ਨਾ ਕਰਨ। ਅਮਰੀਕਾ ਵਿੱਚ ਫਲੂ ਨਾਲ ਮੌਤਾਂ ਦਾ ਸੱਚ ਦੱਸ ਕੇ ਸਹੀ ਤਸਵੀਰ ਪੇਸ਼ ਕਾਰਨ ਦੀ ਥਾਂ ਅੰਕੜਿਆਂ ਦੀ ਖੇਡ ਰਾਹੀਂ ਗੁੰਮਰਾਹ ਕੀਤਾ ਜਾ ਰਿਹਾ ਹੈ। ਅਮਰੀਕਾ ਵਿੱਚ 2010 ਤੋਂ 2019 ਤੱਕ ਫਲੂ ਨਾਲ 12,000 ਤੋਂ 61,000 ਮੌਤਾਂ ਸਾਲਾਨਾ ਹੋਣ ਦੇ ਅੰਕੜੇ ਹਨ। ਸਾਲ 2019 ਦੇ ਅਕਤੂਬਰ ਤੋਂ ਫਰਵਰੀ 2020 ਤੱਕ ਫਲੂ ਦੇ ਤਿੰਨ ਕਰੋੜ ਦਸ ਲੱਖ ਮਰੀਜ਼ਾਂ ਵਿਚੋਂ 2,10,000 ਤੋਂ 3,70,000 ਤੱਕ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਦੇ ਅੰਦਾਜ਼ੇ ਹਨ ਯਾਨੀ ਔਸਤ 1 ਫ਼ੀਸਦ ਤੋਂ ਵੀ ਘੱਟ ਦਾਖਲ ਹੋਏ। ਉਨ੍ਹਾਂ ਵਿੱਚੋਂ ਹਾਲੇ ਤੱਕ 12000 ਤੋਂ 19000 ਦੀਆਂ ਮੌਤਾਂ ਹੋਣ ਦੇ ਅੰਦਾਜ਼ੇ ਹਨ ਪਰ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਮੌਤਾਂ ਦੀ ਗਿਣਤੀ 30,000 ਤੱਕ ਪਹੁੰਚ ਸਕਦੀ ਹੈ। ਇਸ ਦੇ ਉਲਟ ਸਾਰੇ ਸੰਸਾਰ ਵਿੱਚ ਕਰੋਨਾ ਦੇ ਕੇਵਲ ਪੌਣੇ ਪੰਜ ਲੱਖ ਮਰੀਜ਼ ਹਨ, ਜਿਨ੍ਹਾਂ ’ਚੋਂ ਪਹਿਲਾਂ 8 ਫ਼ੀਸਦ ਤੇ ਹੁਣ 4 ਫ਼ੀਸਦ ਅਤਿ ਤੰਗ ਹਨ। ਕਰੋਨਾ ਦੇ ਮਾਮਲੇ ਵਿੱਚ ਫਲੂ ਦੇ ਮੁਕਾਬਲੇ ਹੁਣ ਤਕ ਮੌਤ ਦਰ 15 ਫ਼ੀਸਦ ਹੈ। ਇਸਨੇ ਤੇਜ਼ੀ ਨਾਲ ਸੰਸਾਰ ਦੇ ਵੱਡੇ ਹਿੱਸੇ ਉੱਪਰ ਮਾਰ ਕੀਤੀ ਹੈ, ਇਸ ਕਰ ਕੇ ਜਨ ਸਿਹਤ ਵਿਗਿਆਨ ਦੇ ਨਿਰਧਾਰਤ ਤੇ ਸਰਬ ਪ੍ਰਵਾਨਤ ਮਾਪਦੰਡਾਂ ਅਨੁਸਾਰ ਕਰੋਨਾ ਵਬਾ ਦਾ ਫਲੂ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਫਲੂ ਨਾਲ ਮੌਤਾਂ ਦੇ 30,000 ਤੱਕ ਪਹੁੰਚਣ ਦੇ ਅੰਦਾਜ਼ੇ ਵੀ ਕਰੋਨਾ ਦੀ ਭਿਆਨਕਤਾ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਹਨ।
ਅਮਰੀਕਾ ਦੇ ਸਾਨਫਰਾਂਸਿਸਕੋ ਵਿੱਚ ਰੋਕੇ, ਬਹੁਤੇ ਅਮਰੀਕੀ ਨਾਗਰਿਕਾਂ ਵਾਲੇ, ਸਮੁੰਦਰੀ ਬੇੜੇ ਡਾਇਮੰਡ ਪ੍ਰਿੰਸੈਸ ਦਾ ਅਧਿਐਨ ਚੀਨ ਦੇ ਕਰੋਨਾ ਮਾਮਲਿਆਂ ਦੇ ਅਧਿਐਨ ਤੋਂ ਬਾਅਦ ਦਾ ਸਭ ਤੋਂ ਸਟੀਕ ਅਧਿਐਨ ਹੈ। ਇਸਦੇ 3711 ਯਾਤਰੀਆਂ ਅਤੇ ਜਹਾਜ਼ਰਾਨਾਂ ’ਚੋਂ 712 (19.2%) ਕਰੋਨਾ ਪਾਜ਼ੇਟਿਵ ਪਾਏ ਗਏ, ਇਨ੍ਹਾਂ ਪਾਜ਼ੇਟਿਵ ਵਿਚੋਂ 331 ( 46.5%) ਵਿਚ ਕਰੋਨਾ ਦੇ ਕੋਈ ਲੱਛਣ ਨਹੀਂ ਸਨ ਜਦਕਿ 381 ( 53.6% ) ਵਿਚ ਲੱਛਣ ਪਾਏ ਗਏ , ਇਨ੍ਹਾਂ ਵਿਚੋਂ 37 (9.7%) ਨੂੰ ਇੰਟੈਨਸਿਵ ਕੇਅਰ ਦੀ ਲੋੜ ਪਈ, ਹੁਣ ਤੱਕ ਕੁੱਲ 10 ਮੌਤਾਂ ਹੋਈਆਂ ਹਨ, 587 ਠੀਕ ਹੋ ਗਏ ਹਨ ਤੇ 115 ਜ਼ੇਰੇ ਇਲਾਜ ਹਨ, ਜਿਨ੍ਹਾਂ ਵਿਚੋਂ 15 ਗੰਭੀਰ ਹਨ।
ਹੁਣ ਤੱਕ (25 ਮਾਰਚ 2020 ,19.08 ਜੀਐੱਮਟੀ) ਸੰਸਾਰ ਵਿੱਚ ਕਰੋਨਾ ਦੇ 4,60,065 ਮਰੀਜ਼ ਆ ਚੁੱਕੇ ਹਨ, ਜਿਨ੍ਹਾਂ ’ਚੋਂ 1,13,783 ਠੀਕ ਹੋ ਗਏ ਹਨ ਜਦਕਿ 20,828 ਮੌਤਾਂ ਹੋ ਚੁੱਕੀਆਂ ਹਨ। ਮੌਤ ਦਰ 15 ਫ਼ੀਸਦ ਹੈ। ਬਾਕੀ 3,25,454 ਮਰੀਜ਼ਾਂ ’ਚੋਂ 14,196 (4 ਫ਼ੀਸਦ) ਮਰੀਜ਼ ਗੰਭੀਰ ਹਨ। ਇਟਲੀ ਵਿਚ 9,362 ਮਰੀਜ਼ ਠੀਕ ਹੋਏ ਹਨ ਤੇ 7,503 ( 44.5 ਫ਼ੀਸਦ) ਮੌਤਾਂ ਹੋਈਆਂ ਹਨ, ਅਮਰੀਕਾ ਵਿਚ 392 ਮਰੀਜ਼ ਠੀਕ ਹੋਏ ਹਨ ਜਦ ਕਿ 885 ਮੌਤਾਂ ਹੋ ਚੁੱਕੀਆਂ ਹਨ, ਭਾਰਤ ਵਿਚ 606 ਮਰੀਜ਼ ਹਨ ਤੇ 11 ਮੌਤਾਂ ਹੋ ਚੁੱਕੀਆਂ ਹਨ ਅਤੇ 42 ਮਰੀਜ਼ ਠੀਕ ਹੋ ਚੁੱਕੇ ਹਨ। ਸਪੱਸ਼ਟ ਹੈ ਕਿ ਅੰਕੜੇ ਕਿੰਨੇ ਭਿਆਨਕ ਹਨ। ਇੱਕ ਮਹੀਨਾ ਪਹਿਲਾਂ ਦੇ ਅੰਕੜੇ ਦੇ ਕੇ ਕੀਤੇ ਦਾਅਵੇ ਠੀਕ ਨਹੀਂ ਹਨ। ਸੰਸਾਰ ਦੇ 196 ਦੇਸ਼ਾਂ ਅਤੇ ਇਲਾਕਿਆਂ ਵਿਚ ਇਹ ਵਬਾ ਫੈਲ ਗਈ ਹੈ।
ਵਾਇਰਸ ਕਿਵੇਂ ਫੈਲਦਾ ਹੈ: ਇਸ ਵਬਾ ਦਾ ਵਾਇਰਸ ਖੰਘ, ਨਿੱਛ ਜਾਂ ਮੂੰਹ ਦੀ ਲਾਰ/ਥੁੱਕ ਦੁਆਰਾ ਫੈਲਦਾ ਹੈ, ਤੰਦਰੁਸਤ ਵਿਅਕਤੀ ਅੰਦਰ ਇਹ ਨੱਕ, ਮੂੰਹ ਜਾਂ ਅੱਖਾਂ ਰਾਹੀਂ ਵੜਦਾ ਹੈ, ਇਸ ਵਾਸਤੇ ਮਰੀਜ਼ ਤੋਂ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ, ਮਰੀਜ਼ ਦਾ ਥੁੱਕ, ਲਾਰ, ਮੁਵਾਦ ਆਦਿ ਅੰਦਰ ਪਹੁੰਚਣ ਤੋਂ ਰੋਕਣ ਵਾਸਤੇ ਆਪਣਾ ਮੂੰਹ ਰੋਗੀ ਤੋਂ ਪਰ੍ਹਾਂ ਕਰ ਕੇ ਰੱਖਣਾ ਜ਼ਰੂਰੀ ਹੈ। ਰੋਗੀ ਕੋਲ ਜਾਣ ਵੇਲੇ ਮਾਸਕ ਪਹਿਨ ਲਿਆ ਜਾਵੇ ਜਾਂ ਨੱਕ-ਮੂੰਹ ਕੱਪੜੇ/ਰੁਮਾਲ ਨਾਲ ਕੱਜ ਲਿਆ ਜਾਵੇ ਅਤੇ ਅੱਖਾਂ ’ਤੇ ਗੌਗਲਜ਼ ਲਗਾ ਲਏ ਜਾਣ। ਰੋਗੀ ਨੂੰ ਵੀ ਚਾਹੀਦਾ ਹੈ ਕਿ ਉਹ ਮਾਸਕ ਪਹਿਨ ਕੇ ਰੱਖੇ, ਖੰਘ ਕਰਨ, ਨਿੱਛ ਮਾਰਨ ਜਾਂ ਲਾਰ ਡਿੱਗਣ ਵੇਲੇ ਮੂੰਹ ਅੱਗੇ ਕੂਹਣੀ ਕਰ ਲਈ ਜਾਵੇ।
ਕੀ ਕਰਨਾ ਚਾਹੀਦਾ ਹੈ: ਬਰਤਨ, ਮੇਜ/ਕੁਰਸੀਆਂ, ਕਾਊਂਟਰ, ਰੇਲਿੰਗ, ਦਰਵਾਜ਼ੇ ਹਾਥੀਆਂ ਤੇ ਚਿੱਟਕਣੀਆਂ ਆਦਿ ਨੂੰ ਸਾਬਣ ਦੇ ਪਾਣੀ, ਸੈਨੇਟਾਈਜ਼ਰ, ਸਪਿਰਟ, ਜ਼ਿਆਦਾ ਨਮਕ ਵਾਲੇ ਪਾਣੀ ਆਦਿ ਨਾਲ ਸਾਫ਼ ਕਰਦੇ ਰਹਿਣਾ ਚਾਹੀਦਾ ਹੈ।
ਬੀਮਾਰੀ ਦਾ ਵਧਣਾ: ਸਰੀਰ ਵਿੱਚ ਕਰੋਨਾਵਾਇਰਸ ਦੇ ਪ੍ਰਵੇਸ਼ ਹੋਣ ’ਤੇ , ਇਹ ਤੇਜ਼ੀ ਨਾਲ ਵੱਧਦਾ ਹੈ ਅਤੇ ਬਿਮਾਰੀ ਦੀਆਂ ਨਿਸ਼ਾਨੀਆਂ ਯਾਨੀ ਤੇਜ਼ ਬੁਖ਼ਾਰ, ਖੰਘ, ਸਾਂਹ ਦੀ ਤਕਲੀਫ ਜਾਂ ਛਾਤੀ ਦੀ ਘੁੱਟਣ ਸ਼ੁਰੂ ਹੋਣ ਵਿਚ 2 ਤੋਂ 14 ਦਿਨ ਲੱਗਦੇ ਹਨ ਪਰ ਆਮ ਤੌਰ ’ਤੇ 4-5 ਦਿਨਾਂ ਵਿਚ ਹੀ ਇਸ ਬਿਮਾਰੀ ਦੀਆਂ ਨਿਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ। ਮਰੀਜ਼ ਵਿੱਚ ਇਨਫੈਕਸ਼ਨ ਹੋਣ ਦੇ ਨਾਲ ਹੀ ਬਿਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ, ਮਰੀਜ਼ ਦੂਜਿਆਂ ਵਿੱਚ ਇਹ ਬਿਮਾਰੀ ਫੈਲਾ ਸਕਦਾ ਹੈ। ਇਸੇ ਕਰ ਕੇ ਰੋਗ ਦੇ ਲੱਛਣ ਪ੍ਰਗਟ ਹੋਣ ਤੋਂ ਪਹਿਲਾਂ ਵਾਲੇ ਸਮਕਰਮਕ ਵਿਅਕਤੀ ਜ਼ਿਆਦਾ ਖ਼ਤਰਨਾਕ ਹਨ ਕਿਉਂ ਜੋ ਇਨ੍ਹਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ। ਸਾਂਹ ਦੀ ਜ਼ਿਆਦਾ ਤਕਲੀਫ, ਛਾਤੀ ਦਾ ਜਕੜਿਆ ਜਾਣਾ, ਸਾਂਹ ਲੈਣ ਵਿਚ ਬਹੁਤ ਜ਼ਿਆਦਾ ਔਖ, ਨਮੂਨੀਆ, ਆਕਸੀਜਨ ਘੱਟਣ ਕਰ ਕੇ ਬੁੱਲ੍ਹਾਂ, ਜੀਭ ਜਾਂ ਨੱਕ ਦਾ ਨੀਲਾ ਹੋ ਜਾਣਾ, ਦਿਮਾਗੀ ਤੌਰ ’ਤੇ ਤੌਰ-ਭੌਰ ਹੋ ਜਾਣਾ ਗੰਭੀਰਤਾ ਦੀਆਂ ਨਿਸ਼ਾਨੀਆਂ ਹਨ।
ਮਰੀਜ਼ ਤੇ ਹਸਪਤਾਲ: ਕਈ ਮਰੀਜ਼ਾਂ ਨੂੰ ਆਈ ਸੀਯੂ ਵਿੱਚ ਰੱਖਣਾ ਪੈਂਦਾ ਹੈ। ਬੈਕਟੀਰੀਆ ਦੀ ਇਨਫੈਕਸ਼ਨ ਰੋਕਣ ਵਾਸਤੇ ਐਂਟੀਬਾਇਓਟਿਕਸ ਵੀ ਦੇਣੀਆਂ ਪੈਂਦੀਆਂ ਹਨ। ਆਮ ਮਰੀਜ਼ਾਂ ਨੂੰ ਬੁਖਾਰ ਦੀ ਸਾਦੀ ਦਵਾ ਜਿਵੇਂ ਪੈਰਾਸੀਟਾਮੋਲ ਨਾਲ ਕੰਮ ਚੱਲ ਜਾਂਦਾ ਹੈ ਤੇ ਲੱਛਣ ਸ਼ੁਰੂ ਹੋਣ ਤੋਂ 14 ਦਿਨਾਂ ਵਿਚ ਆਮ ਮਰੀਜ਼ ਠੀਕ ਹੋ ਜਾਂਦੇ ਹਨ ਜਦਕਿ ਗੰਭੀਰ ਮਰੀਜ਼ਾਂ ਨੂੰ 3-6 ਹਫਤੇ ਲੱਗਦੇ ਹਨ। ਇੱਕ ਵਿਅਕਤੀ ਅਮੂਮਨ 4 ਤੋਂ 7 ਨੂੰ ਇਹ ਸੰਕ੍ਰਮਣ ਫੈਲਾ ਦਿੰਦਾ ਹੈ, ਥਰਮਲ ਸਕੈਨਰ ਕੇਵਲ ਬੁਖਾਰ ਵਾਲੇ ਮਰੀਜ਼ਾਂ ਵਿੱਚ ਹੀ ਬਿਮਾਰੀ ਦਾ ਪਤਾ ਲਗਾ ਸਕਦਾ ਹੈ, ਇਸ ਵਿਚ ਕੁਲ ਔਸਤ ਮੌਤ ਦਰ ਆਮ ਫਲੂ ਨਾਲੋਂ ਕਈ ਗੁਣਾ ਹੈ। ਕਈ ਦਵਾਈਆਂ ਜਿਵੇਂ ਰੈਮਡੇਸੀਵੀਰ, ਕਲੋਰੋਕਿਨ, ਹਾਈਡ੍ਰੋਕਸੀ ਕਲੋਰੋਕਿਨ, ਰਿਟੋਨਵੀਰ, ਲਿਪੋਨੈਵੀਰ ਆਦਿ ਵਰਤੀਆਂ ਜਾਂਦੀਆਂ ਹਨ ਪਰ ਅਜੇ ਇਨ੍ਹਾਂ ਦੇ ਬਾਬਤ ਪੱਕਾ ਕੁਝ ਨਹੀਂ ਕਿਹਾ ਜਾ ਸਕਦਾ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਮੁਲਕਾਂ ਵਿੱਚ ਮਲੇਰੀਆ ਜ਼ਿਆਦਾ ਹੁੰਦਾ ਹੈ, ਉਥੇ ਕਰੋਨਾ ਦਾ ਕਹਿਰ ਬਹੁਤ ਘੱਟ ਹੈ, ਜਿਵੇਂ ਦੱਖਣੀ ਅਮਰੀਕਾ, ਅਫ਼ਰੀਕਾ, ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਆਦਿ। ਇਹ ਵਿਚਾਰ ਸਹੀ ਵੀ ਲਗਦਾ ਹੈ ਕਿਉਂ ਜੋ ਮਲੇਰੀਏ ਦੀ ਦਵਾਈ ਕਲੋਰੋਕਿਨ ਤੇ ਹਾਈਡ੍ਰੋਕਸੀ ਕਲੋਰੋਕਿਨ ਕਰੋਨਾ ਵਿੱਚ ਪ੍ਰਭਾਵਸ਼ਾਲੀ ਪਾਈਆਂ ਗਈਆਂ ਹਨ। ਕੁਝ ਵੀ ਹੋਵੇ ਇਹ ਮਾਮਲਾ ਭਵਿਖ ਦੀ ਖੋਜ ਦਾ ਅਹਿਮ ਵਿਸ਼ਾ ਹੈ। ਕਰੋਨਾ ਦੀ ਵੈਕਸੀਨ ਤਿਆਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਹੁਣ ਤੱਕ ਵੀ ਬੈਕਟੀਰੀਆ ਤੋਂ ਹੋਣ ਵਾਲੀਆਂ ਬਿਮਾਰੀਆਂ ਐਂਟੀਬਾਇਓਟਿਕ ਦਵਾਈਆਂ ਨਾਲ ਠੀਕ ਹੋ ਰਹੀਆਂ ਹਨ ਜਦਕਿ ਵਾਇਰਸ ਵਾਲੀਆਂ ਬਿਮਾਰੀਆਂ ਜਿਵੇਂ, ਚੇਚਕ,ਪੋਲੀਓ, ਖਸਰਾ, ਕਨ-ਪੇੜੇ, ਪੀਲੀਆ ਆਦਿ ਵਾਸਤੇ ਦਵਾਈਆਂ ਦੀ ਥਾਂ ਵੈਕਸੀਨ ਹੀ ਕਾਮਯਾਬ ਹਨ।
ਲੋਕ ਕੀ ਕਰਨ : ਮਰੀਜ਼ ਤੋਂ 6 ਫੁੱਟ ਦੀ ਦੂਰੀ, ਖੰਘ, ਨਿੱਛ ਵੇਲੇ ਮੂੰਹ ਨੂੰ ਰੁਮਾਲ, ਟਿਸ਼ੂ ਪੇਪਰ, ਕੱਪੜੇ ਜਾਂ ਕੂਹਣੀ ਨਾਲ ਢੱਕਣਾ, ਰੋਗੀ ਕੋਲ ਜਾਣ ਵੇਲੇ ਮਾਸਕ ਪਹਿਨਣਾ, ਸਾਬਣ, ਸੈਨੇਟਾਈਜ਼ਰ, ਸਪਿਰਟ, ਗਾੜ੍ਹੇ ਸੇਲਾਈਂਨ /ਨਮਕੀਨ ਪਾਣੀ ਨਾਲ ਹੱਥ ਵਾਰ ਵਾਰ ਧੋਣੇ, ਮੇਜ ਕੁਰਸੀਆਂ, ਦਰਵਾਜ਼ਿਆਂ ਖਿੜਕੀਆਂ, ਰੇਲਿੰਗ ਆਦਿ ਨੂੰ ਛੂਹਣ ਤੋਂ ਬਾਅਦ ਹੱਥ ਧੋਣੇ, ਬਾਹਰ ਘੱਟ ਨਿਕਲਣਾ, ਵਸਤਾਂ ਦੀ ਘੱਟੋ ਘੱਟ ਵਰਤੋਂ ਕਰਨਾ, ਜਖ਼ੀਰੇਬਾਜ਼ੀ ਤੋਂ ਬਚਨ ਦੀ ਲੋੜ ਹੈ।
ਸਰਕਾਰਾਂ ਕੀ ਕਰਨ : ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਪੂਰਤੀ ਕਰਵਾਉਣ, ਆਰਥਿਕ ਰਾਹਤ ਦੇਣ, ਕਮਜ਼ੋਰ ਵਰਗਾਂ, ਦਿਹਾੜੀਦਾਰਾਂ ’ਤੇ ਰੋਜ਼ ਦਾ ਰੋਜ਼ ਕਰ ਕੇ ਚੁੱਲ੍ਹਾ ਤਪਾਉਣ ਵਾਲਿਆਂ ਨੂੰ ਭੋਜਨ ਉਪਲਬਧ ਕਰਵਾਉਣ, ਅਰਥਚਾਰੇ ਨੂੰ ਮੁੜ ਲੀਹ ’ਤੇ ਲਿਆਉਣ ਦੇ ਯਤਨ ਕਰਨ, ਹਾਲ ਦੀ ਘੜੀ ਸਰਕਾਰਾਂ ਤੋੜਣ ਜਾਂ ਦੋਸ਼ ਦੇਣ ਦੇ ਅਮਲਾਂ ਦੀ ਥਾਂ ਸਭ ਦੇ ਸਹਿਯੋਗ ਨਾਲ ਇਸ ਮੁਸੀਬਤ ਵਿਚੋਂ ਨਿਕਲਣ ਦਾ ਰਸਤਾ ਖੋਜਣ, ਸਰੋਤਾਂ ਦੀ ਸਹੀ ਵਰਤੋਂ ਲਈ ਤੇ ਲੋਕਾਂ ਦੀਆਂ ਮੁਸੀਬਤਾਂ ਘਟਾਉਣ ਲਈ ਕਾਰਜਸ਼ੀਲ ਹੋਣ, ਬਿਮਾਰੀ ਨੂੰ ਕੁਆਰਨਟੀਨ ਰਾਹੀਂ ਫੈਲਣ ਤੋਂ ਰੋਕਣ ਵਾਸਤੇ ਧਨ ਤੇ ਸਰੋਤਾਂ ਦੀ ਬਰਬਾਦੀ ਰੋਕ ਕੇ, ਮੌਜੂਦਾ ਢੰਗ ਦੀ ਕਈ ਕਈ ਸ਼ੱਕੀ ਮਰੀਜ਼ਾਂ ਨੂੰ ਇੱਕੋ ਥਾਂ ਤਾੜ ਕੇ ਰੱਖਣ ਦੀ ਪਹੁੰਚ ਨੂੰ ਬਦਲ ਕੇ, ਸਬੰਧਤ ਵਿਅਕਤੀਆਂ ਨੂੰ ਘਰਾਂ ਵਿਚ ਹੀ ਨਿਗਰਾਨੀ ਹੇਠ ਕੁਆਰਨਟੀਨ ਕਰਨ। ਹਸਪਤਾਲਾਂ ਵਿੱਚ ਸਿਹਤ ਅਮਲੇ ਨੂੰ ਲੋੜੀਂਦਾ ਸਾਜੋ ਸਾਮਾਨ ਤੁਰੰਤ ਉਪਲਬਧ ਕਾਰਵਾਉਣ, ਸਿਹਤ ਅਮਲੇ ਦਾ ਅਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਰ ਅਮਲੇ ਦਾ ਜ਼ੋਖਮ ਬੀਮਾ ਵੀ ਜ਼ਰੂਰੀ ਹੈ।
ਬੁਧੀਜੀਵੀ, ਸਿਖਿਅਤ ਅਮਲਾ, ਸਵੈ-ਸੇਵੀ ਤੇ ਜਨਤਕ ਸਮੂਹ ਕੀ ਕਰ ਸਕਦੇ ਹਨ: ਰੋਗ ਬਾਬਤ ਸਹੀ ਜਾਣਕਾਰੀ ,ਜਿਵੇਂ ਧਾਰਮਿਕ ਸਥਾਨ ਬੰਦ ਕਰ ਕੇ ਹਸਪਤਾਲਾਂ ਰਾਹੀਂ ਕੋਸ਼ਿਸ਼ਾਂ ਹੋ ਰਹੀਆਂ ਹਨ ਉਸੇ ਤਰ੍ਹਾਂ ਵਿਸ਼ਵਾਸ ਦੀ ਥਾਂ ਵਿਗਿਆਨ ਅਤੇ ਤੱਥਾਂ ’ਤੇ ਅਧਾਰਿਤ ਜਾਣਕਾਰੀ ਦੇਣਾ, ਸਹੀ ਦੱਸਣਾ ਕਿ ਭਾਰਤ ਵਰਗੇ ਮੁਲਕ ਵਿੱਚ ਵੱਡੇ ਪੱਧਰ ’ਤੇ ਕਰੋਨਾ ਵਬਾ ਫੈਲਣ ਉਪਰੰਤ ਇਸਦਾ ਨਿਯੰਤਰਨ ਅਸੰਭਵ ਜਾਪਦਾ ਹੈ, ਰੋਕਥਾਮ ਵਾਸਤੇ ਸਹੀ ਕਦਮ ਦੱਸਣੇ, ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਸਮੇਂ ਸਿਰ ਪਹੁੰਚਾਉਣੀ, ਲੋਕਾਂ ਨੂੰ ਸਵੈ-ਨਿਯੰਤਰਨ ਵਾਸਤੇ ਉਤਸ਼ਾਹਿਤ ਕਰਨਾ ਪਰ ਇਹ ਤਾਂ ਹੀ ਹੋਵੇਗਾ, ਜੇ ਸਿਆਸੀ ਆਗੂ ਤੇ ਅਫਸਰਸ਼ਾਹੀ ਨੀਤ ਅਤੇ ਸਹੀ ਨੀਤੀ ਨਾਲ ਚੱਲਣ ਵਾਸਤੇ ਵਚਨਬੱਧ ਹੋਵੇ , ਅਜੇ ਤੱਕ ਅਧਿਕਾਰੀਆਂ ਨੂੰ ਵਿਗਿਆਨ ਆਧਾਰਿਤ ਅਣਥੱਕ ਕੰਮ ਕਰਨ ਵਾਸਤੇ ਪ੍ਰੇਰਨ ਦਾ ਤਾਂ ਕੋਈ ਕਦਮ ਸਾਹਮਣੇ ਨਹੀਂ ਆਇਆ ਪਰ ਵਿਸ਼ਵਾਸ ਆਧਾਰਤ ਥਾਲੀਆਂ ਦਾ ਅਮਲ ਜਨਤਕ ਹਜੂਮ ਰਾਹੀਂ ਰੋਕਥਾਮ ਦੇ ਸੁਨਹਿਰੀ ਅਸੂਲਾਂ ਦੀਆਂ ਧੱਜੀਆਂ ਉਡਾਉਂਦਾ ਸਪੱਸ਼ਟ ਨਜ਼ਰ ਆਇਆ ਹੈ, ਇਹ ਲਲਾ ਲਲਾ ਕਰ ਕੇ ਕਰਨ ਵਾਲਾ ਕੰਮ ਨਹੀਂ, ਗੰਭੀਰਤਾ ਦੀ ਲੋੜ ਹੈ। ਗੱਲ ਇਹ ਕੀ ਇਸ ਸੰਕਟ ਦੀ ਘੜੀ ਭੀੜ ਤੰਤਰ ਦੀ ਨਹੀਂ, ਸਗੋਂ ਸਾਰੇ ਧਰਮਾਂ, ਜਾਤਾਂ, ਫਿਰਕਿਆਂ ਬੋਲੀਆਂ ਦੇ ਲੋਕਾਂ ਦਾ ਸਾਂਝਾ ਯਤਨ ਜ਼ਰੂਰੀ ਹੈ, ਜਿਸ ਨਾਲ ਇਹ ਕਥਨ ਸੱਚ ਕੀਤਾ ਜਾ ਸਕਦਾ ਹੈ, ਹਿੰਮਤ ਜਿਸ ਕੰਮ ਨੂੰ ਲੱਕ ਬੰਨ੍ਹ ਖਲੋਵੇ ਸੁੱਕਾ ਕੰਡਾ ਫੁੱਲ ਕੇ ਗੁਲਦਸਤਾ ਹੋਵੇ ਪਰ ਇਹ ਤਾਂ ਹੀ ਹੋਵੇਗਾ ਜੇ ਅਸੀਂ ਸਾਰੇ ਭਾਰਤ ਵਾਸੀ ਸਮੂਹਕ ਯਤਨ ਕਰੀਏ।
‘ਇੱਕ ਵੇਰਾਂ ਜੇ ਰਲ ਕੇ ਹਿੰਦੀਓ, ਨੱਚ ਪਾਓ ਏਦਾਂ ਨਾਲ ਵਲੇ, ਕਿਓਂ ਨਾ ਹੋਣ ਫਿਰ ਸੱਚ ਤੁਹਾਡੇ, ਸੁਪਨੇ ਅਤੇ ਖਿਆਲ ਵਲੇ।’

ਸੰਪਰਕ ਵਾਟਸਐਪ ’ਤੇ: 99145-05009


Comments Off on ਕਰੋਨਾਵਾਇਰਸ: ਤੱਥ, ਹਕੀਕਤ, ਵਿਸ਼ਵਾਸ ਤੇ ਵਿਗਿਆਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.