ਅੰਮ੍ਰਿਤਸਰ ਵਿੱਚ 8 ਜਣੇ ਹੋਰ ਕਰੋਨਾ ਪਾਜ਼ੇਟਿਵ !    ਜਲੰਧਰ ਵਿੱਚ ਕਰੋਨਾ ਦੇ 16 ਨਵੇਂ ਕੇਸ ਮਿਲੇ !    ਆਈਪੀਐੱਸ ਤੇ ਪੀਪੀਐੱਸ ਅਫ਼ਸਰ ਬਦਲੇ !    ਪੱਤਰਕਾਰਾਂ ਨਾਲ ਦੁਰਵਿਹਾਰ !    ਹਵਾਈ ਉਡਾਣਾਂ ਬਾਰੇ ਭੰਬਲਭੂਸਾ !    ਕੀ ਪੈਕੇਜ ਛੋਟੇ ਉਦਯੋਗਾਂ ਨੂੰ ਸੰਕਟ 'ਚੋਂ ਕੱਢੇਗਾ? !    ਸਜ-ਵਿਆਹੀ ਅਤੇ ਵੀਹ ਕਿੱਲੋ ਸਾਬਣ !    ‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ !    ਸੀਆਈਏ ਸਟਾਫ ਦੇ ਏਐੱਸਆਈ ਨੂੰ ਗੋਲੀ ਵੱਜੀ; ਹਾਲਤ ਸਥਿਰ !    ਕੁੱਟਮਾਰ ਮਾਮਲਾ: ਸਿਹਤ ਮੰਤਰੀ ਨੇ ਪੱਤਰਕਾਰ ਦਾ ਹਾਲ-ਚਾਲ ਪੁੱਛਿਆ !    

ਕਰੋਨਾਵਾਇਰਸ ਤਾਲਾਬੰਦੀ: 93% ਲੋਕਾਂ ਨੂੰ ਦੂਹਰੀ ਮਾਰ ਪਈ

Posted On March - 29 - 2020

ਡਾ. ਸ਼ਿਆਮ ਸੁੰਦਰ ਦੀਪਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਹਫ਼ਤੇ ਦੀ ਤਾਲਾਬੰਦੀ ਦਾ ਐਲਾਨ 23 ਮਾਰਚ ਨੂੰ ਸ਼ਾਮੀਂ 8 ਵਜੇ ਕੀਤਾ ਤੇ ਇਸ ਦੇ ਅੱਧੀ ਰਾਤ ਤੋਂ ਲਾਗੂ ਕਰਨ ਦੀ ਸ਼ੁਰੂਆਤ ਕਰ ਦਿੱਤੀ। ਵਿੱਤ ਮੰਤਰੀ ਵੱਲੋਂ ਵੀ ਰਾਹਤ ਪੈਕੇਜ ਦਾ ਐਲਾਨ ਕਰ ਦਿੱਤਾ ਗਿਆ। ਇਸ ਦੇ ਨਾਲ ਇਹ ਤਸਵੀਰ ਵੀ ਸਾਹਮਣੇ ਆਉਣ ਲੱਗੀ ਕਿ ਮਜ਼ਦੂਰ-ਦਿਹਾੜੀਦਾਰ ਪੈਦਲ ਹੀ ਜਾ ਰਹੇ ਹਨ ਤਿੰਨ-ਚਾਰ ਸੌ ਕਿਲੋਮੀਟਰ। ਕਾਰਖਾਨਿਆਂ ਦੇ ਮਾਲਕਾਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਮ ਦਿਹਾੜੀ ਵਾਲਿਆਂ ਦਾ ਕੰਮ ਬੰਦ ਹੋ ਗਿਆ। ਇਸ ਸਬੰਧ ਵਿਚ ਭਾਵੇਂ ਕਿਰਤ ਮੰਤਰਾਲੇ ਨੇ ਚਿੱਠੀ ਲਿਖੀ ਹੈ ਕਿ ਕਿਸੇ ਨੂੰ ਵੀ ਕੰਮ ਤੋਂ ਕੱਢਿਆ ਨਾ ਜਾਵੇ ਤੇ ਨਾ ਹੀ ਤਨਖਾਹ ਕੱਟੀ ਜਾਵੇ। ਦੇਸ਼ ਦੇ ਸਰਕਾਰੀ ਅੰਕੜੇ ਹਨ ਕਿ ਸਿਰਫ਼ 7 ਫੀਸਦੀ ਹੀ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਬੱਝਵੀਂ ਤਨਖਾਹ, ਪੈਨਸ਼ਨ ਮਿਲਦੀ ਹੈ ਤੇ ਕੁਝ ਹੋਰ ਹਨ ਜੋ ਦੋ ਕੁ ਮਹੀਨਿਆਂ ਦੇ ਬੰਦ ਦੌਰਾਨ ਵੀ ਆਪਣਾ ਕੰਮ ਚਲਾ ਸਕਦੇ ਹਨ। ਦੇਸ਼ ਦੀ 80 ਫ਼ੀਸਦੀ ਆਬਾਦੀ ਅਜਿਹੀ ਹੈ ਜੋ ਰੋਜ਼ ਕਮਾਉਂਦੀ-ਖਾਂਦੀ ਹੈ। ਭਾਵੇਂ ਕਈ ਸਰਕਾਰਾਂ ਨੇ ਹਜ਼ਾਰ ਤੋਂ ਤਿੰਨ ਹਜ਼ਾਰ ਤੱਕ ਰਜਿਸਟਰਡ ਮਜ਼ਦੂਰਾਂ ਦੇ ਖਾਤਿਆਂ ਵਿਚ ਪੈਸੇ ਭੇਜਣ ਦੀ ਗੱਲ ਕੀਤੀ ਹੈ ਪਰ ਨਕਦ ਪੈਸੇ ਲੈਣ ਲਈ ਖਾਤੇ ਸਾਰਿਆਂ ਕੋਲ ਨਹੀਂ ਹਨ। ਇਹ ਸੰਕਟ ਦੀ ਘੜੀ ਫੌਰੀ ਮਦਦ ਦੀ ਹੈ। ਉਨ੍ਹਾਂ ਨੂੰ ਰਾਸ਼ਨ ਅਤੇ ਬੈਂਕ ਤੋਂ ਪੈਸੇ ਕਢਵਾ ਕੇ ਕੁਝ ਖਰੀਦਣ ਦੀ ਥਾਂ, ਦੋ ਟਾਈਮ ਦੀ ਰੋਟੀ ਮਿਲਣ ਦੀ ਚਿੰਤਾ ਵੱਧ ਅਹਿਮੀਅਤ ਰੱਖਦੀ ਹੈ। ਇਸ ਦੇ ਨਾਲ ਹੀ 21 ਦਿਨਾਂ ਦੀ ਤਾਲਾਬੰਦੀ ਦਾ ਜੋ ਮਕਸਦ ਹੈ ਕਿ ਲੋਕ ਘਰਾਂ ਵਿਚ ਰਹਿਣ, ਇਕੱਠ ਵਿਚ ਜਾਂ ਭੀੜ ਬਣਾ ਕੇ ਨਾ ਵਿਚਰਨ। ਇਸ ਲਈ ਧਾਰਾ 144 ਜਾਂ ਕਰਫਿਊ ਵੀ ਲਗਾਏ ਗਏ ਹਨ ਪਰ ਨਾਲ ਹੀ ਸਬਜ਼ੀ, ਰਾਸ਼ਨ ਲੈਣ ਵੇਲੇ ਲੋਕ ਫਿਰ ਇਕੱਠੇ ਹੋ ਰਹੇ ਹਨ। ਇਹ ਗੱਲ ਵੀ ਦੇਖਣ ਵਿਚ ਆ ਰਹੀ ਹੈ ਕਿ ਕਈ ਸਿਆਣੇ ਲੋਕ ਆਪਣੇ ਪੱਧਰ ’ਤੇ ਇਹ ਦੂਰੀ ਬਣਾ ਰਹੇ ਹਨ। ਨਾਲ ਹੀ ਗਰੀਬ ਮਜ਼ਦੂਰ ਘਰਾਂ ਨੂੰ ਪਰਤ ਰਹੇ ਹਨ, ਉਸੇ ਤਰ੍ਹਾਂ ਜਥੇ ਬਣਾ ਕੇ। ਇਸ ਮੁਸੀਬਤ ਦਾ ਫਾਇਦਾ ਲੈਂਦੇ ਹੋਏ ਕਈਆਂ ਨੇ ਬੱਸਾਂ ਕੱਢ ਲਈਆਂ ਹਨ ਤੇ ਕਈ ਗੁਣਾਂ ਵਾਧੂ ਪੈਸੇ ਲੈ ਕੇ ਛੱਤ ’ਤੇ ਅਤੇ ਲੋੜੋਂ ਵੱਧ ਲੋਕਾਂ ਨੂੰ ਪਹੁੰਚਾਉਣ ਦੀ ਗੱਲ ਕਰ ਰਹੇ ਹਨ। ਇਸ ਸਥਿਤੀ ਦੇ ਮੱਦੇਨਜ਼ਰ 27 ਮਾਰਚ ਨੂੰ ਮੇਦਾਂਤਾ ਦੇ ਮਾਹਿਰ ਡਾ. ਨਰੇਸ਼ ਤਰੇਹਨ ਦਾ ਨਾਂ ਦੱਸ ਕੇ ਇਕ ਰਿਕਾਰਡਿੰਗ ਸਭ ਤੱਕ ਪਹੁੰਚਾਈ ਜਾ ਰਹੀ ਹੈ ਕਿ ਅਗਲੇ ਅੱਠ ਦਿਨ 28 ਮਾਰਚ ਤੋਂ 3-4 ਅਪਰੈਲ ਤੱਕ ਕਾਫ਼ੀ ਅਹਿਮ ਹਨ। ਤਾਲਾਬੰਦੀ ਦੌਰਾਨ ਜਿਨ੍ਹਾਂ ਲੋਕਾਂ ਵਿਚ ਵਾਇਰਸ ਪਹੁੰਚਿਆ ਸੀ, ਉਹ ਹੁਣ ਲੱਛਣ ਦਿਖਾਉਣਗੇ ਤੇ ਹੋਰ ਕਈ ਗੁਣਾਂ ਲੋਕਾਂ ਨੂੰ ਬਿਮਾਰੀ ਦੇਣ ਵਾਲੇ ਹੋਣਗੇ। ਇਹ ਸਮਾਂ ਵੱਧ ਸਾਵਧਾਨੀ ਵਰਤਣ ਦਾ ਹੈ। ਇਸ ਤਰ੍ਹਾਂ ਜੇ ਅਣਗਹਿਲੀ ਵਰਤੀ ਤਾਂ ਦੂਸਰਾ ਪੜਾਅ ਤਿੰਨ ਅਪਰੈਲ ਦੇ ਆਸ-ਪਾਸ ਆਉਣ ਵਾਲਾ ਹੈ। ਚਿਤਾਵਨੀ ਉਹੀ ਹੈ, ਹਦਾਇਤਾਂ ਉਹੀ ਹਨ ਕਿ ਤਾਲਾਬੰਦੀ, ਸਹੀ ਅਰਥਾਂ ਵਿਚ ਲੋਕਾਂ ਤੋਂ ਦੂਰੀ ਬਣਾ ਕੇ ਰੱਖਣਾ ਅਹਿਮ ਹੈ। ਡਾ. ਤਰੇਹਨ ਮੁਤਾਬਕ ਇਨ੍ਹਾਂ ਦਿਨਾਂ ਵਿਚ ਕੋਸ਼ਿਸ਼ ਕਰੋ ਕਿ ਮਾਮੂਲੀ ਤੋਂ ਮਾਮੂਲੀ ਚੀਜ਼ਾਂ ਲੈਣ ਵੀ ਬਾਹਰ ਨਾ ਜਾਓ। ਜੇ ਨਹੀਂ ਸਰਦਾ ਤਾਂ ਫੋਨ ਰਾਹੀਂ ਮੰਗਵਾਓ। ਘਰ ਆਈ ਚੀਜ਼ ਨੂੰ ਸਾਵਧਾਨੀ ਨਾਲ ਹਾਸਲ ਕਰੋ। ਮਾਸਕ ਅਤੇ ਦਸਤਾਨਿਆਂ ਦਾ ਇਸਤੇਮਾਲ ਕਰੋ। ਹੱਥਾਂ ਨੂੰ ਧੋਵੋ। ਖਾਂਸੀ-ਛਿੱਕ ਦੇ ਲੱਛਣਾਂ ਵਾਲੇ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ। ਮੈਡੀਕਲ ਵਿਗਿਆਨ ਦੇ ਤੱਥਾਂ ਅਤੇ ਚੀਨ-ਇਟਲੀ ਦੇ ਤਜਰਬੇ ’ਤੇ ਆਧਾਰਤ ਇਹ ਗੱਲ ਸੱਚ ਹੈ ਤੇ ਸਾਨੂੰ ਇਸ ਨਾਜ਼ੁਕ ਸਮੇਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਇਸ ਸਾਰੀ ਜਾਣਕਾਰੀ ਦੇ ਮੱਦੇਨਜ਼ਰ ਸਾਡੇ ਦੇਸ਼ ਦੇ ਬਹੁ-ਗਿਣਤੀ ਲੋਕਾਂ ਦੀ ਹੋ ਰਹੀ ਦੁਰਦਸ਼ਾ ਦੀ ਜ਼ਮੀਨੀ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਦੇ ਮਨ ਨੂੰ ਤਕਲੀਫ਼ ਹੁੰਦੀ ਹੈ। ਸਰਕਾਰ ਆਪਣੇ ਪੱਧਰ ’ਤੇ ਕੰਮ ਕਰ ਰਹੀ ਹੈ ਪਰ ਦੇਸ਼ ਦੇ ਧਨਾਢ, ਅਰਬਪਤੀ, ਦੇਸ਼ ਦੀ 73% ਦੌਲਤ ’ਤੇ ਕਾਬਜ਼ ਇਕ ਫੀਸਦੀ ਲੋਕ ਉਹ ਦਰਿਆਦਿਲੀ ਨਹੀਂ ਦਿਖਾ ਰਹੇ ਜੋ ਉਨ੍ਹਾਂ ਨੂੰ ਦਿਖਾਉਣੀ ਚਾਹੀਦੀ ਹੈ। ਖੁਸ਼ ਰਹਿਣਾ ਵੀ ਸਮੇਂ ਦੀ ਲੋੜ ਹੈ ਤੇ ਭੁੱਖੇ ਦੀ ਮਦਦ ਕਰਨਾ ਵੀ। ਇਹ ਨਾ ਹੋਵੇ ਕਿ ਕਰੋਨਾ ਤੋਂ ਬਚਦੇ-ਬਚਦੇ ਭੁੱਖ ਨਾਲ ਮਰਨ ਵਾਲਿਆਂ ਦੀ ਗਿਣਤੀ ਸ਼ੁਰੂ ਕਰ ਬੈਠੀਏ।

ਸੰਪਰਕ: 98158-08506


Comments Off on ਕਰੋਨਾਵਾਇਰਸ ਤਾਲਾਬੰਦੀ: 93% ਲੋਕਾਂ ਨੂੰ ਦੂਹਰੀ ਮਾਰ ਪਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.