ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਰੋਨਾਵਾਇਰਸ: ਕੇਸਾਂ ਦਾ ਅੰਕੜਾ 600 ਤੋਂ ਪਾਰ, ਮੌਤਾਂ ਦੀ ਗਿਣਤੀ 10 ਹੋਈ

Posted On March - 26 - 2020

ਤਾਮਿਲ ਨਾਡੂ ’ਚ ਪਹਿਲੀ ਮੌਤ,
ਸਿਵਲ ਤੇ ਫ਼ੌਜੀ ਹਸਪਤਾਲਾਂ ’ਚ 1900 ਦੇ ਕਰੀਬ ਬਿਸਤਰਿਆਂ ਦੀ ਨਿਸ਼ਾਨਦੇਹੀ

ਨੌਇਡਾ ਵਿੱਚ ਬੁੱਧਵਾਰ ਨੂੰ ਪੁਲੀਸ ਮੁਲਾਜ਼ਮ ਕਰਫਿਊ ਦੀ ਉਲੰਘਣਾ ਕਰਨ ਵਾਲੇ ਨੂੰ ਖਦੇੜਦਾ ਹੋਇਆ। -ਫੋਟੋ: ਪੀਟੀਆਈ

ਨਵੀਂ ਦਿੱਲੀ, 25 ਮਾਰਚ
ਦੇਸ਼ ਵਿੱਚ ਕਰੋਨਾਵਾਇਰਸ ਦੇ ਕੇਸਾਂ ਦਾ ਅੰਕੜਾ 600 ਨੂੰ ਟੱਪਣ ਮਗਰੋਂ ਸਰਕਾਰ ਨੇ ਮਹਾਮਾਰੀ ਖ਼ਿਲਾਫ਼ ਲੜਾਈ ਲਈ ਤਿਆਰੀਆਂ ਨੂੰ ਰਫ਼ਤਾਰ ਦਿੰਦਿਆਂ ਸਿਵਲ ਤੇ ਫ਼ੌਜੀ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਨਿਸ਼ਾਨਦੇਹੀ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਫ਼ੌਜ ਦੀਆਂ ਆਰਡੀਨੈਂਸ ਫੈਕਟਰੀਆਂ ਤੇ ਕੇਂਦਰੀ ਨੀਮ ਫ਼ੌਜੀ ਬਲਾਂ ਦੇ ਹਸਪਤਾਲਾਂ ਵਿੱਚ ਦੋ ਹਜ਼ਾਰ ਤੋਂ ਵੱਧ ਬਿਸਤਰੇ ਤਿਆਰ ਰੱਖਣ ਲਈ ਕਿਹਾ ਹੈ, ਜਿੱਥੇ ਕੋਵਿਡ-19 ਮਰੀਜ਼ਾਂ ਨੂੰ ਆਈਸੋਲੇਸ਼ਨ ਤੇ ਇਲਾਜ ਲਈ ਰੱਖਿਆ ਜਾਵੇਗਾ। ਇਸ ਦੌਰਾਨ ਤਾਮਿਲ ਨਾਡੂ ਵਿੱਚ ਅੱਜ ਕਰੋਨਾਵਾਇਰਸ ਪੀੜਤ ਵਿਅਕਤੀ ਦੀ ਮੌਤ ਹੋ ਗਈ। ਇਸ ਨਾਲ ਦੇਸ਼ ਵਿੱਚ ਹੋਣ ਵਾਲੀਆਂ ਮੌਤਾਂ ਦਾ ਕੁੱਲ ਅੰਕੜਾ ਦਸ ਹੋ ਗਿਆ ਹੈ।
ਸਰਕਾਰ ਵੱਲੋਂ ਹਸਪਤਾਲਾਂ ਦੀ ਨਿਸ਼ਾਨਦੇਹੀ ਲਈ ਸ਼ੁਰੂ ਕੀਤੇ ਅਮਲ ਵਜੋਂ ਹਿਮਾਚਲ ਪ੍ਰਦੇਸ਼ ਵਿੱਚ ਹਮੀਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ) ਦੇ 2000 ਕਮਰਿਆਂ ਵਾਲੇ ਦਸ ਹੋਸਟਲਾਂ ਨੂੰ ਆਈਸੋਲੇਸ਼ਨ ਵਾਰਡ ਵਜੋਂ ਵਰਤਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ 2200 ਬਿਸਤਰਿਆਂ ਵਾਲੇ ਸਰਕਾਰੀ ਹਸਪਤਾਲ ਵਿੱਚ ਕਿਸੇ ਹੋਰ ਰੋਗ ਤੋਂ ਪੀੜਤ ਨਵੇਂ ਮਰੀਜ਼ਾਂ ਦੇ ਦਾਖ਼ਲੇ ’ਤੇ ਰੋਕ ਲਾ ਦਿੱਤੀ ਗਈ ਹੈ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ, ਜਿਨ੍ਹਾਂ ਦੀ ਹਾਲਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ, ਨੂੰ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਨੂੰ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਨੀਮ ਫੌਜੀ ਬਲਾਂ ਨਾਲ ਸਬੰਧਤ ਦੇਸ਼ ਭਰ ਦੇ 32 ਹਸਪਤਾਲਾਂ, ਜਿਨ੍ਹਾਂ ਦੀ ਕੁੱਲ ਸਮਰੱਥਾ 1900 ਬਿਸਤਰਿਆਂ ਦੀ ਹੈ, ਨੂੰ ਸਰਕਾਰ ਨੇ ਆਈਸੋਲੇਸ਼ਨ ਤੇ ਕੋਵਿਡ-19 ਪੀੜਤ ਮਰੀਜ਼ਾਂ ਦੇ ਇਲਾਜ ਲਈ ਆਪਣੇ ਅਧੀਨ ਲੈ ਲਿਆ ਹੈ। ਇਹ ਫੈਸਲਾ ਸਰਹੱਦੀ ਪ੍ਰਬੰਧਨ ਬਾਰੇ ਸਕੱਤਰ ਦੀ ਅਗਵਾਈ ਵਿੱਚ ਹੋਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਸੀਆਰਪੀਐੱਫ, ਬੀਐੱਸਐੱਫ, ਆਈਟੀਬੀਪੀ ਤੇ ਐੱਸਐੱਸਬੀ ਦੇ ਜਿਨ੍ਹਾਂ 32 ਹਸਪਤਾਲਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਉਹ ਗ੍ਰੇਟਰ ਨੌਇਡਾ, ਹੈਦਰਾਬਾਦ, ਗੁਹਾਟੀ, ਜੰਮੂ, ਟੇਕਨਪੁਰ (ਗਵਾਲੀਅਰ), ਦੀਮਾਪੁਰ, ਇੰਫਾਲ, ਨਾਗਪੁਰ, ਸਿਲਚਰ, ਭੋਪਾਲ, ਅਵਡੀ, ਜੋਧਪੁਰ, ਕੋਲਕਾਤਾ, ਪੁਣੇ ਤੇ ਬੰਗਲੂਰੂ ਆਦਿ ਥਾਵਾਂ ’ਤੇ ਹਨ। ਆਈਟੀਬੀਪੀ ਦਿੱਲੀ ਦੇ ਛਾਵਲਾ ਖੇਤਰ ਵਿੱਚ ਪਹਿਲਾਂ ਹੀ ਸੀਏਪੀਐੱਫ ਇਕਾਂਤਵਾਸ ਕੇਂਦਰ ਚਲਾ ਰਹੀ ਹੈ, ਜਿੱਥੇ ਇਕੋ ਵੇਲੇ ਹਜ਼ਾਰ ਲੋਕਾਂ ਨੂੰ ਰੱਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਕੁਝ ਹੋਰ ਬਿਸਤਰਿਆਂ ਦੀ ਵੱਖ ਵੱਖ ਆਰਡੀਨੈਂਸ ਫੈਕਟਰੀਆਂ ’ਚ ਨਿਸ਼ਾਨੇਦਹੀ ਕੀਤੀ ਗਈ ਹੈ। ਇਨ੍ਹਾਂ ਹਸਪਤਾਲਾਂ ਨੂੰ ਹੌਲੀ ਹੌਲੀ ਖਾਲੀ ਕਰਵਾਉਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਬਾਇਓਕੋਨ ਹੋਟਲ ਲੜੀ ਦੀ ਮੁਖੀ ਕਿਰਨ ਮਜ਼ੂਮਦਾਰ ਸ਼ਾਅ ਨੇ ਆਸ ਜਤਾਈ ਕਿ ਜਲਦੀ ਹੀ ਕੁਝ ਹੋਟਲਾਂ ਨੂੰ ਵੀ ਇਕਾਂਤਵਾਸ ਕਮ ਹਸਪਤਾਲ ਜ਼ੋਨ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
ਸਿਹਤ ਮੰਤਰਾਲੇ ਵੱਲੋਂ ਦੇਰ ਸ਼ਾਮ ਜਾਰੀ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਸੌ ਦੇ ਅੰਕੜੇ ਨੂੰ ਪਾਰ ਪਾਉਂਦਿਆਂ 116 ਹੋ ਗਈ ਹੈ। ਕੇਰਲਾ 109 ਕੇਸਾਂ ਨਾਲ ਦੂਜੇ ਸਥਾਨ ’ਤੇ ਹੈ। 70 ਸੱਜਰੇ ਕੇਸਾਂ ਨਾਲ ਦੇਸ਼ ਵਿਚ ਕੁੱਲ ਕੇਸਾਂ ਦਾ ਗਿਣਤੀ 612 ਹੋ ਗਈ ਹੈ। ਇਨ੍ਹਾਂ ਵਿੱਚੋਂ 562 ਸਰਗਰਮ ਕੇਸ ਹਨ ਜਦੋਂਕਿ 40 ਵਿਅਕਤੀ ਇਸ ਲਾਗ ਤੋਂ ਉਭਰ ਆਏ ਹਨ। ਤਾਮਿਲ ਨਾਡੂ ਵਿੱਚ ਅੱਜ ਪਹਿਲੀ ਮੌਤ ਨਾਲ ਦੇਸ਼ ਵਿੱਚ ਮੌਤਾਂ ਦੀ ਗਿਣਤੀ ਦਸ ਹੋ ਗਈ ਹੈ। ਲੰਘੇ ਦਿਨ ਮਹਾਰਾਸ਼ਟਰ ਵਿੱਚ ਹੋਈ ਤੀਜੀ ਮੌਤ, ਜਿਸ ਬਾਬਤ ਬ੍ਰਿਹਨਮੁੰਬਈ ਕਾਰਪੋਰੇਸ਼ਨ ਨੇ ਲੰਘੇ ਦਿਨ ਰਿਪੋਰਟ ਕੀਤਾ ਸੀ, ਨੂੰ ਦੇਸ਼ ਭਰ ਵਿੱਚ ਹੋਈਆਂ ਮੌਤਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਹੀ ਨਹੀਂ ਸਿਹਤ ਮੰਤਰਾਲੇ ਨੇ ਅੰਕੜਿਆਂ ਨੂੰ ਨਵਿਆਉਂਦਿਆਂ ਕਿਹਾ ਕਿ ਦਿੱਲੀ ਵਿੱਚ ਜਿਹੜੀ ਦੂਜੀ ਮੌਤ ਹੋਈ ਸੀ, ਉਸ ਵਿੱਚ ਸਬੰਧਤ ਵਿਅਕਤੀ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ। ਹੁਣ ਤਕ ਦੇਸ਼ ਭਰ ਵਿੱਚ ਮਹਾਰਾਸ਼ਟਰ (ਦੋ), ਬਿਹਾਰ, ਕਰਨਾਟਕ, ਗੁਜਰਾਤ, ਪੰਜਾਬ, ਦਿੱਲੀ, ਪੱਛਮੀ ਬੰਗਾਲ ਤੇ ਹਿਮਾਚਲ ਪ੍ਰਦੇਸ਼ ਤੋਂ ਨੌਂ ਮੌਤਾਂ ਹੋਣ ਦੀ ਰਿਪੋਰਟ ਹੈ।
ਕਰਨਾਟਕ ਵਿੱਚ ਹੁਣ ਤਕ ਕਰੋਨਾਵਾਇਰਸ ਦੇ 41 ਕੇਸ ਰਿਪੋਰਟ ਹੋਏ ਹਨ। ਤਿਲੰਗਾਨਾ ਵਿੱਚ ਦਸ ਵਿਦੇਸ਼ੀਆਂ ਨਾਲ ਇਹ ਗਿਣਤੀ ਵਧ ਕੇ 35 ਹੋ ਗਈ ਹੈ। ਉੱਤਰ ਪ੍ਰਦੇਸ਼ ਵਿੱਚ 35, ਗੁਜਰਾਤ 33, ਰਾਜਸਥਾਨ 32, ਦਿੱਲੀ 31, ਹਰਿਆਣਾ 28, ਪੰਜਾਬ 31, ਲੱਦਾਖ 13 ਤੇ ਤਾਮਿਲ ਨਾਡੂ ਵਿੱਚ 18 ਕੇਸ ਰਿਪੋਰਟ ਹੋਏ ਹਨ। ਪੱਛਮੀ ਬੰਗਾਲ, ਮੱਧ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਵਿੱਚ 9-9 ਮਰੀਜ਼ ਹਨ। ਚੰਡੀਗੜ੍ਹ ਤੇ ਜੰਮੂ ਕਸ਼ਮੀਰ ਵਿੱਚ ਹੁਣ ਤਕ 7-7 ਕੇਸ ਸਾਹਮਣੇ ਆਏ ਹਨ। ਉੱਤਰਾਖੰਡ ਵਿੱਚ ਚਾਰ ਕੇਸ, ਹਿਮਾਚਲ ਪ੍ਰਦੇਸ਼ ਤੇ ਬਿਹਾਰ ਵਿੱਚ 3-3 ਤੇ ਦੋ ਕੇਸ ਉੜੀਸਾ ਤੋਂ ਨਜ਼ਰ ਵਿੱਚ ਹਨ। ਪੁੱਡੂਚੇਰੀ, ਮਨੀਪੁਰ, ਛੱਤੀਸਗੜ੍ਹ ਤੇ ਮਿਜ਼ੋਰਮ ਵਿੱਚ ਇਕ ਇਕ ਕੇਸ ਰਿਪੋਰਟ ਹੋਇਆ ਹੈ।
-ਪੀਟੀਆਈ

ਕਸ਼ਮੀਰ ਵਿੱਚ ਚਾਰ ਹੋਰ ਦੇ ਟੈਸਟ ਪਾਜ਼ੇਟਿਵ

ਸ੍ਰੀਨਗਰ: ਬਾਂਦੀਪੁਰਾ ਜ਼ਿਲ੍ਹੇ ਨਾਲ ਸਬੰਧਤ ਚਾਰ ਹੋਰ ਵਿਅਕਤੀਆਂ ਦੇ ਕਰੋਨਾਵਾਇਰਸ ਦੇ ਟੈਸਟਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਚਾਰ ਸੱਜਰੇ ਕੇਸਾਂ ਨਾਲ ਜੰਮੂ ਕਸ਼ਮੀਰ ਵਿੱਚ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਸਰਕਾਰ ਦੇ ਬੁਲਾਰੇ ਰੋਹਿਤ ਕਾਂਸਲ ਨੇ ਟਵੀਟ ਕਰ ਕੇ ਦੱਸਿਆ, ‘‘ਅੱਜ ਚਾਰ ਹੋਰ ਵਿਅਕਤੀਆਂ ਦੇ ਟੈਸਟ ਕਰੋਨਾ ਪਾਜ਼ੇਟਿਵ ਆਏ ਹਨ। ਇਹ ਚਾਰੋਂ ਬਾਂਦੀਪੁਰਾ ਤੋਂ ਹਨ। ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਹ ਚਾਰੋਂ ਕੱਲ੍ਹ ਸ੍ਰੀਨਗਰ ਵਿੱਚ ਪਾਜ਼ੇਟਿਵ ਪਾਏ ਗਏ ਮਰੀਜ਼ ਦੇ ਨੇੜਲੇ ਸੰਪਰਕਾਂ ਵਿੱਚੋਂ ਹਨ। ਇਨ੍ਹਾਂ ਪੰਜੋਂ ਜਣਿਆਂ ਨੇ ਇਕੱਠੇ ਇਕ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਸੀ।
-ਪੀਟੀਆਈ

ਵਾਇਰਸ ਅਮੀਰ ਤੇ ਗ਼ਰੀਬ ’ਚ ਫਰਕ ਨਹੀਂ ਕਰਦਾ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੜ ਦੁਹਰਾਇਆ ਕਿ ਕਰੋਨਾਵਾਇਰਸ ਨਾਲ ਸਿੱਝਣ ਦਾ ਇਕੋ ਇਕ ਸਭ ਤੋਂ ਬਿਹਤਰ ਬਦਲ ਸਮਾਜਿਕ ਦੂਰੀ ਬਣਾ ਕੇ ਰੱਖਣਾ ਤੇ ਘਰਾਂ ਵਿੱਚ ਬੰਦ ਰਹਿਣਾ ਹੈ। ਉਨ੍ਹਾਂ ਕਿਹਾ ਕਿ ਵਾਇਰਸ ਗ਼ਰੀਬ ਤੇ ਅਮੀਰ ਵਿੱਚ ਫ਼ਰਕ ਨਹੀਂ ਕਰਦਾ। ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਕਰੋਨਵਾਇਰਸ ਖ਼ਿਲਾਫ਼ ਮੋਹਰੇ ਹੋ ਕੇ ਲੜਾਈ ਲੜਨ ਵਾਲੇ ਡਾਕਟਰਾਂ ਤੇ ਏਅਰਲਾਈਨ ਦੇ ਅਮਲੇ ਨਾਲ ਮਾੜਾ ਸਲੂਕ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਸ਼ੀ, ਜੋ ਕਿ ਵਾਰਾਨਸੀ ਦਾ ਦੂਜਾ ਨਾਮ ਹੈ, ਦੇਸ਼ ਨੂੰ ਸੰਜਮ, ਸਹਿਯੋਗ, ਹਮਦਰਦੀ, ਅਮਨ, ਸਹਿਣਸ਼ੀਲਤਾ, ਸੇਵਾ ਤੇ ਮੁਕਤੀ ਦਾ ਰਾਹ ਵਿਖਾਏਗਾ। ਸ੍ਰੀ ਮੋਦੀ ਇਥੇ ਵੀਡੀਓ ਲਿੰਕ ਜ਼ਰੀਏ ਆਪਣੇ ਸੰਸਦੀ ਹਲਕੇ ਵਾਰਾਨਸੀ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ਲੋਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਸ੍ਰੀ ਮੋਦੀ ਨੇ ਕਿਹਾ, ‘ਹੁਣ ਤਕ ਇਕ ਲੱਖ ਦੇ ਕਰੀਬ ਲੋਕ, ਜੋ ਵਾਇਰਸ ਦੀ ਲਾਗ ਤੋਂ ਪੀੜਤ ਸਨ, ਇਸ ਰੋਗ ਤੋਂ ਉੱਭਰ ਰਹੇ ਹਨ। ਇਸ ਤੱਥ ਨੂੰ ਰੌਸ਼ਨੀ ਵਿੱਚ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਅਮੀਰ ਤੇ ਗ਼ਰੀਬ ਵਿੱਚ ਫ਼ਰਕ ਨਹੀਂ ਕਰਦਾ। ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਵਾਇਰਸ ਕਿੰਨਾ ਮਾਰੂ ਹੈ।’ ਪ੍ਰਧਾਨ ਮੰਤਰੀ ਨੇ ਅੱਜ ਤੋਂ ਸ਼ੁਰੂ ਹੋਏ ‘ਨਵਰਾਤਰਿਆਂ’ ਦਾ ਵਿਸ਼ੇਸ਼ ਹਵਾਲਾ ਦਿੰਦਿਆਂ ਕਿਹਾ ਕਿ ਇਨ੍ਹਾਂ ਨੌਂ ਦਿਨਾਂ ਦੌਰਾਨ ਲੋਕ ਨੌਂ ਗਰੀਬ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨ। ਉਨ੍ਹਾਂ ਕਿਹਾ ਕਿ ਮਾਂ ਦੁਰਗਾ ਪ੍ਰਤੀ ਆਸਥਾ ਵਿਖਾਉਣ ਲਈ ਇਸ ਤੋਂ ਵੱਧ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ। 21 ਦਿਨਾਂ ਦੇ ਲੌਕਡਾਊਨ ਦੌਰਾਨ ਗਰੀਬ ਗੁਰਬੇ ਤੇ ਦਿਹਾੜੀਦਾਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਮਿਲ ਕੇ ਉਨ੍ਹਾਂ ਦੀ ਮਦਦ ਕਰਨਗੀਆਂ। ਸ੍ਰੀ ਮੋਦੀ ਨੇ ਕਿਹਾ, ‘ਇਹ ਮੁਸ਼ਕਲਾਂ ਮਹਿਜ਼ 21 ਦਿਨ ਲਈ ਹਨ। ਪਰ ਜੇਕਰ ਕਰੋਨਾਵਾਇਰਸ ਸੰਕਟ ਨਾ ਟਲਿਆ ਤੇ ਇਸ ਦਾ ਫੈਲਾਅ ਨਾ ਰੁਕਿਆ ਤਾਂ ਅਸੀਂ ਇਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਇਹ ਕੀ ਨੁਕਸਾਨ ਕਰੇਗਾ।’ ਉਨ੍ਹਾਂ ਕਿਹਾ ਕਿ ਮਹਾਭਾਰਤ ਦੀ ਲੜਾਈ 18 ਦਿਨਾਂ ਵਿੱਚ ਜਿੱਤੀ ਗਈ ਸੀ, ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕਰੋਨਾਵਾਇਰਸ ਖ਼ਿਲਾਫ਼ ਜੰਗ ਨੂੰ 21 ਦਿਨਾਂ ਵਿੱਚ ਜਿੱਤੀਏ।’ ਉਨ੍ਹਾਂ ਕਿਹਾ ਕਿ ਸਰਕਾਰ ਨੇ ਵੱਟਸਐਪ ਨਾਲ ਹੱਥ ਮਿਲਾਉਂਦਿਆਂ ਹੈਲਪ ਡੈਸਕ ਸ਼ੁਰੂ ਕੀਤਾ ਹੈ, ਜਿੱਥੇ ਲੋਕ 9013151515 ਨੰਬਰ ’ਤੇ ਸੰਪਰਕ ਕਰਕੇ ਵਾਇਰਸ ਬਾਰੇ ਸਹੀ ਦਿਸ਼ਾ ਨਿਰਦੇਸ਼ ਹਾਸਲ ਕਰ ਸਕਣਗੇ।


Comments Off on ਕਰੋਨਾਵਾਇਰਸ: ਕੇਸਾਂ ਦਾ ਅੰਕੜਾ 600 ਤੋਂ ਪਾਰ, ਮੌਤਾਂ ਦੀ ਗਿਣਤੀ 10 ਹੋਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.