ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਕਰਫਿਊ ਦਾ ਦੂਜਾ ਦਿਨ: ਆਖ਼ਰ ਪੁਲੀਸ ਨੇ ਵਰਤੀ ਸਖ਼ਤੀ

Posted On March - 25 - 2020

ਕਰਫ਼ਿਊ ਉਲੰਘਣਾ ਕਰਨ ਵਾਲਿਆਂ ਦੀ ਮੰਗਲਵਾਰ ਨੂੰ ਭੁਗਤ ਸਵਾਰਦੀ ਹੋਈ ਬਠਿੰਡਾ ਪੁਲੀਸ।

ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਮਾਰਚ
ਕਰੋਨਾਵਾਇਰਸ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹਰ ਇਤਹਿਆਤ ਵਰਤੀ ਜਾ ਰਹੀ ਹੈ। ਇਥੇ ਕਰਫਿਊ ਕਾਰਨ ਬਾਜ਼ਾਰ ਤੇ ਮੈਡੀਕਲ ਸਟੋਰ ਭਾਂਵੇ ਬੰਦ ਸਨ ਪਰ ਸ਼ਰਾਬ ਠੇਕਿਆਂ ਦੇ ਸ਼ਟਰ ਦੀ ਮੋਰੀ ਖੁੱਲ੍ਹੀ ਸੀ ਤੇ ਲੋਕ ਇਧਰੋਂ ਉਧਰੋਂ ਲੰਘ ਕੇ ਸ਼ਰਾਬ ਖਰੀਦ ਕਰਦੇ ਵੇਖੇ ਗਏ।
ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ ਵਿਚ ਸ਼ਾਮਲ ਹੋਣ ਵਾਲੇ ਕੁਝ ਲੋਕਾਂ ’ਚ ਇਸ ਖਤਰਨਾਕ ਵਾਇਰਸ ਦੇ ਲੱਛਣ ਪਾਏ ਜਾਣ ਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜੋ ਹੋਲਾ ਮੁਹੱਲਾ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸ੍ਰੀ ਆਨੰਦਪੁਰ ਸਾਹਿਬ ਗਏ ਸਨ। ਉਨ੍ਹਾਂ ਦੱਸਿਆ ਕਿ ਦੋਧੀ ਸਵੇਰੇ 6 ਤੋ 8 ਵਜੇ ਤੱਕ ਅਤੇ ਸ਼ਾਮ 5 ਤੋ 7 ਵਜੇ ਤੱਕ ਘਰਾਂ ਵਿੱਚ ਦੁੱਧ ਸਪਲਾਈ ਕਰ ਸਕਦੇ ਹਨ। । ਉਨ੍ਹਾਂ ਦੱਸਿਆ ਕਿ ਦੋਧੀਆਂ ਦੀ ਮੂਵਮੈਂਟ ਲਈ ਨਾਕਿਆਂ ’ਤੇ ਤਾਇਨਾਤ ਪੁਲੀਸ ਉਨ੍ਹਾਂ ਦੀ ਸ਼ਨਾਖਤ ਕਰਨ ਉਪਰੰਤ ਸਟਿੱਕਰ ਜਾਰੀ ਕਰੇਗੀ। ਇਹ ਸੁਵਿਧਾ ਕੇਵਲ ਦੁੱਧ ਪਾਉਣ ਲਈ ਹੀ ਦਿੱਤੀ ਗਈ ਹੈ। ਬਜ਼ਾਰਾਂ ’ਚ ਫ਼ਾਲਤੂ ਘੁਮ ਰਹੇ ਲੋਕਾਂ ਉੱਤੇ ਪੁਲੀਸ ਨੇ ਡੰਡੇ ਦਾ ਪ੍ਰਯੋਗ ਕਰਕੇ ਉਨ੍ਹਾਂ ਵਾਪਸ ਘਰਾਂ ਵੱਲ ਤੋਰਿਆ। ਮੌਕੇ ’ਤੇ ਪੁਲੀਸ ਦਾ ਡੰਡਾ ਚੱਲਦਿਆਂ ਬਹੁਤੇ ਭੱਜ ਨਿਕਲੇ। ਇਥੇ ਕਰਫ਼ਿਉੂ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਅਤੇ ਉਹ ਪ੍ਰੇਸ਼ਾਨ ਹੋ ਰਹੇ ਹਨ ਜਦੋਂ ਕਿ ਕੁਝ ਸ਼ਰਾਬ ਠੇਕਿਆਂ ਤੋਂ ਲੋਕ ਸ਼ਟਰ ਦੀ ਮੋਰੀ ਰਾਹੀਂ ਸ਼ਰਾਬ ਖਰੀਦ ਕਰ ਰਹੇ ਸਨ।

ਬਠਿੰਡਾ ਸ਼ਹਿਰ ’ਚ ਮੰਗਲਵਾਰ ਨੂੰ ਫ਼ਲੈਗ ਮਾਰਚ ਕਰਦੇ ਹੋਏ ਪੁਲੀਸ ਅਧਿਕਾਰੀ। -ਫੋਟੋਆਂ: ਪਵਨ ਸ਼ਰਮਾ

ਜੈਤੋ (ਸ਼ਗਨ ਕਟਾਰੀਆ): ਕਰਫ਼ਿਊ ਨੂੰ ਮੌਜ ਮਸਤੀ ਦਾ ਸਾਧਨ ਬਣਾਉਣ ਵਾਲਿਆਂ ਨੂੰ ਅੱਜ ਪੁਲੀਸ ਨੇ ਆਪਣਾ ਅਸਲੀ ਰੰਗ ਦਿਖਾਇਆ। ਸੋਮਵਾਰ ਨੂੰ ਕਰਫ਼ਿਊ ਦੌਰਾਨ ਸੜਕਾਂ ’ਤੇ ਦੜੰਗੇ ਲਾਉਣ ਵਾਲੇ ਆਦਤਨ ਜਦੋਂ ਅੱਜ ਮਟਰ ਗਸ਼ਤੀ ਲਈ ਬਾਹਰ ਨਿਕਲੇ ਤਾਂ ਪੁਲੀਸ ਨੇ ‘ਆਓ-ਭਗਤ’ ਕਰ ਕੇ ਘਰੀਂ ਵਾੜ ਦਿੱਤੇ। ਸਬ-ਡਵੀਜ਼ਨ ਜੈਤੋ ਦੇ ਸਥਾਨਕ ਸ਼ਹਿਰ ਤੋਂ ਇਲਾਵਾ ਇਸ ਦੇ ਪਿੰਡਾਂ ਬਾਜਾਖਾਨਾ, ਬਰਗਾੜੀ ਆਦਿ ’ਚ ਵੀ ਕਰਫ਼ਿਊ ਅਸਰਦਾਰ ਰਿਹਾ। ਕਰਫ਼ਿਊ ਦੌਰਾਨ ਅੱਜ ਸਬਜ਼ੀ ਦੀਆਂ ਕੁਝ ਦੁਕਾਨਾਂ ਖੁੱਲ੍ਹੀਆਂ। ਵੇਖਾ-ਵੇਖੀ ਲੋਕ ਸੜਕਾਂ ’ਤੇ ਆ ਕੇ ਕਰਫ਼ਿਊ ਦਾ ‘ਆਨੰਦ’ ਮਾਨਣ ਲੱਗੇ। ਗਹਿਮਾ-ਗਹਿਮੀ ਵੇਖ ਕੇ ਗਸ਼ਤ ਕਰ ਰਹੀ ਪੁਲੀਸ ਦੀ ਟੁਕੜੀ ਨੇ ਇਨ੍ਹਾਂ ਸਾਰਿਆਂ ਦਾ ਪਿੱਛਾ ਕਰ ਕੇ ਭਜਾਇਆ। ਸਵੇਰੇ 9 ਕੁ ਵਜੇ ਤੋਂ ਬਾਅਦ ਪੁਲੀਸ ਨੇ ਸ਼ਿਕੰਜਾ ਸਖ਼ਤੀ ਨਾਲ ਕੱਸਿਆ ਅਤੇ ਗਲੀਆਂ ’ਚ ਝੁੰਡ ਬਣਾਈ ਬੈਠੇ ਗਲਾਧੜੀਆਂ ਨੂੰ ‘ਸੇਵਾ’ ਕਰ ਕੇ ਘਰੀਂ ਵਾੜਿਆ ਤੇ ਵਾਹਨ ਥਾਣੇ ’ਚ ਬੰਦ ਕਰ ਦਿੱਤੇ।
ਫ਼ਿਰੋਜ਼ਪੁਰ (ਨਿਜੀ ਪੱਤਰ ਪੇ੍ਰਕ): ਮੰਗਲਵਾਰ ਨੂੰ ਲੱਗਾ ਕਰਫ਼ਿਊ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਪੁਲੀਸ ਨੂੰ ਕਈ ਥਾਈਂ ਡੰਡੇ ਦਾ ਸਹਾਰਾ ਲੈਣਾ ਪਿਆ। ਸਵੇਰੇ ਅੱਠ ਵਜੇ ਦੇ ਕਰੀਬ ਪੁਲੀਸ ਨੇ ਸ਼ਹਿਰ ਦੀ ਮੁੱਖ ਸਬਜ਼ੀ ਮੰਡੀ ਵਿਚ ਅਚਾਨਕ ਧਾਵਾ ਬੋਲਿਆ। ਉਸ ਵੇਲੇ ਸਬਜ਼ੀ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਸਨ ਤੇ ਲੋਕ ਸਬਜ਼ੀ ਦੀ ਖਰੀਦਦਾਰੀ ਕਰ ਰਹੇ ਸਨ। ਪੁਲੀਸ ਨੂੰ ਦੇਖ ਕੇ ਸਬਜ਼ੀਆਂ ਵੇਚਣ ਵਾਲੇ ਦੁਕਾਨਦਾਰ ਆਪਣੀਆਂ ਸਬਜ਼ੀਆਂ ਛੱਡ ਕੇ ਭੱਜ ਗਏ।

ਬਠਿੰਡਾ ’ਚ ਅੱਜ ਨਹੀਂ ਮਿਲੇਗੀ ਕਰਫ਼ਿਊ ’ਚ ਢਿੱਲ
ਬਠਿੰਡਾ (ਨਿਜੀ ਪੱਤਰ ਪੇ੍ਰਕ): ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਆਈਏਐਸ ਨੇ ਸਪੱਸ਼ਟ ਕੀਤਾ ਕਿ 25 ਮਾਰਚ ਨੂੰ ਜ਼ਿਲ੍ਹਾ ਬਠਿੰਡਾ ਵਿਚ ਕਰਫਿਊ ਦੌਰਾਨ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਰਫਿਉੂ ਅਤੇ ਕਰੋਨਾ ਸਬੰਧੀ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤੇ ਜਾਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਮਨੁੱਖਤਾ ਅਤੇ ਸਿਹਤ ਸੁਰੱਖਿਆ ਲਈ ਕਰਫਿਊ ਦਾ ਪਾਲਣ ਕਰਨਾ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਅਨੁਸਾਰ ਅੱਜ ਬਠਿੰਡਾ ਸ਼ਹਿਰ ਵਿਚ ਵੇਰਕਾ ਵੱਲੋਂ ਘਰਾਂ ਤੱਕ ਦੁੱਧ ਦੀ ਸਪਲਾਈ ਕੀਤੀ ਗਈ ਹੈ ਅਤੇ ਉਸੇ ਤਰਜ਼ ’ਤੇ 25 ਮਾਰਚ ਤੋਂ ਸਬਜ਼ੀਆਂ ਦੀ ਸਪਲਾਈ ਵੀ ਘਰਾਂ ਤੱਕ ਦਿੱਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਗਲੀ ਵਿਚ ਜਦ ਵੀ ਵੇਰਕਾ ਦਾ ਵਾਹਨ ਦੁੱਧ ਦੇਣ ਜਾਂ ਸਬਜ਼ੀ ਵਾਲੀ ਰੇਹੜੀ ਆਵੇ ਤਾਂ ਉੱਥੇ ਇਕੱਠ ਨਾ ਕੀਤਾ ਜਾਵੇ।

ਫ਼ਿਰੋਜ਼ਪੁਰ ਦੇ ਦੋ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ
ਫ਼ਿਰੋਜ਼ਪੁਰ (ਪੱਤਰ ਪ੍ਰੇਰਕ): ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਕਰੋਨਾ ਵਾਇਰਸ ਦੇ ਦੋ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੂੰ ਰਾਹਤ ਮਹਿਸੂਸ ਹੋਈ ਹੈ। ਇਹ ਦੋਵੇਂ ਮਰੀਜ਼ ਫ਼ਰੀਦਕੋਟ ਅਤੇ ਲੁਧਿਆਣਾ ਰੈਫ਼ਰ ਕਰ ਦਿੱਤੇ ਗਏ ਸਨ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦਾ ਕੋਈ ਵੀ ਕੇਸ ਅਜੇ ਤੱਕ ਸਾਹਮਣੇ ਨਹੀਂ ਆਇਆ।

ਕਰਫ਼ਿਊ ਉਲੰਘਣ ਵਾਲਿਆਂ ਦੀ ਭੁਗਤ ਸਵਾਰਦੀ ਹੋਈ ਬਠਿੰਡਾ ਪੁਲੀਸ। -ਫੋਟੋ: ਪਵਨ ਸ਼ਰਮਾ

ਕਰਫ਼ਿਊ ਇੰਜੁਆਏ ਕਰਨ ਆਏ, ਪੁਲੀਸ ਨੇ ਸੜਕਾਂ ’ਤੇ ਢਾਹੇ
ਬਠਿੰਡਾ (ਸ਼ਗਨ ਕਟਾਰੀਆ): ਕਰਫ਼ਿਊ ‘ਇਨਜੁਆਏ’ ਕਰਨ ਵਾਲਿਆਂ ਨੂੰ ਪੁਲੀਸ ਨੇ ਅੱਜ ਆਪਣੇ ਹੱਥ ਵਿਖਾਏ। ਕਈਆਂ ਦੀ ਲਾਹ-ਪਾਹ ਹੋਈ, ਕਈ ਮੁਰਗਾ ਬਣੇ, ਕਈਆਂ ਨੇ ਡੰਡ ਬੈਠਕਾਂ ਮਾਰੀਆਂ, ਕਈਆਂ ਨੱਕ ਰਗੜੇ, ਕਈ ਧੌਲ-ਧੱਫੇ ਅਤੇ ਲਾਠੀਆਂ ਦੇ ਸਾਏ ਹੇਠ ਆਏ। ਸੋਮਵਾਰ ਦੀ ਨਰਮਾਈ ਦੇ ਉਲਟ ਅੱਜ ਪੁਲੀਸ ਸਖ਼ਤਾਈ ’ਤੇ ਉੱਤਰੀ। ਪੁਲੀਸ ਵੱਲੋਂ ਅਸਲੀ ਰੂਪ ਵਿਖਾਏ ਜਾਣ ’ਤੇ ਸੜਕਾਂ ’ਤੇ ਗੇੜੀਆਂ ਲਾਉਣ ਵਾਲਿਆਂ ਦੀ ਸ਼ਾਮਤ ਆ ਗਈ। ਪੁਲੀਸ ਹੱਥੋਂ ਬੇਇੱਜ਼ਤ ਹੋਣ ਵਾਲਿਆਂ ’ਚ ਨੌਜਵਾਨ ਜ਼ਿਆਦਾ ਅਤੇ ਮਹਿਲਾਵਾਂ ਘੱਟ ਸਨ। ਆਪਣੇ ਘਰਾਂ ’ਚੋਂ ਬਾਹਰ ਨਿਕਲਣ ਦੀ ਵਾਜਿਬ ਵਜ੍ਹਾ ਨਾ ਬਿਆਨਣ ’ਤੇ ਕਈਆਂ ਨੂੰ ਥਾਣੇ ਦਾ ਮੂੰਹ ਵੇਖਣਾ ਪਿਆ। ਇਨ੍ਹਾਂ ਤੋਂ ਫੜੇ ਦਰਜਨਾਂ ਵਾਹਨ ਪੁਲੀਸ ਸਟੇਸ਼ਨਾਂ ’ਚ ਬੰਦ ਕੀਤੇ ਗਏ। ਸੂਤਰਾਂ ਅਨੁਸਾਰ ਸੋਮਵਾਰ ਨੂੰ ਕਰਫ਼ਿਊ ’ਚ ਢਿੱਲ-ਮੱਠ ਦੀ ਕਨਸੋਅ ਜਦੋਂ ਸਰਕਾਰ ਦੀ ਕੰਨ-ਵਲੇਲ ਬਣੀ ਤਾਂ ਪੁਲੀਸ ਨੂੰ ਸਖ਼ਤੀ ਕਰਨ ਦੇ ਆਦੇਸ਼ ਜਾਰੀ ਹੋਏ। ਸਵੇਰੇ ਕਰੀਬ ਨੌਂ ਵਜੇ ਪਹਿਲਾ ਰੰਗ ਵਟਾ ਕੇ ਪੁਲੀਸ ਅਸਲੀ ਜੌਹਰ ਵਿਖਾਉਣ ਲੱਗੀ। ਘਰੋਂ ਬਾਹਰ ਫਿਰਦਿਆਂ ਦੀ ਪੁੱਛਗਿੱਛ ਹੋਈ ਅਤੇ ਆਪਣੇ ‘ਲੁਕਮਾਨੀ ਨੁਸਖ਼ੇ’ ਨਾਲ ਪੁਲੀਸ ਨੇ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਦਾ ਪਾਠ ਪੜ੍ਹਾਇਆ। ਸਿੱਟੇ ਵਜੋਂ ਦੁਪਹਿਰ ਤੱਕ ਇੱਕੜ-ਦੁੱਕੜ ਕੇਸਾਂ ਨੂੰ ਛੱਡ ਕੇ ਸਭ ਕੁਝ ਛਾਈਂ-ਮਾਈਂ ਹੋ ਗਿਆ।

ਮਾਨਸਾ ਜ਼ਿਲ੍ਹੇ ਵਿਚ ਕਰਫਿਊ ਤੋਂ ਨਹੀਂ ਦਿੱਤੀ ਢਿੱਲ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ’ਚ ਕਰਫਿਊ ਵਿਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਢਿੱਲ ਨਾ ਦੇਣ ਦਾ ਫੈਸਲਾ ਲਿਆ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਲੋਕਾਂ ਦਾ ਹਰ ਤਰ੍ਹਾਂ ਦਾ ਖਿਆਲ ਰੱਖਣ ਲਈ ਲਗਾਤਾਰ ਡਿਊਟੀ ਦੇ ਰਿਹਾ ਹੈ। ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਸਿਹਤ ਦਾ ਖਿਆਲ ਰੱਖਣ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਜਿਹੜੇ ਪ੍ਰਸ਼ਾਸਨਿਕ ਹੁਕਮਾਂ ਉਪਰ ਪਹਿਰਾ ਦੇਣ ਤੋਂ ਘੇਸਲ ਮਾਰਦੇ ਹਨ, ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨੂੰ ਸਭ ਤੋਂ ਪਹਿਲਾਂ ਲੋਕ ਹਿਤ ਪਿਆਰੇ ਹਨ। ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਲੋਕ ਹਿਤ ਲਈ ਜਦੋਂ ਲੋੜ ਮਹਿਸੂਸ ਹੋਈ ਤਾਂ ਜ਼ਰੂਰ ਕਰਫਿਊ ਵਿਚ ਢਿੱਲ ਦਿੱਤੀ ਜਾਵੇਗੀ।

ਬਠਿੰਡਾ ’ਚ ਦੋ ਪੈਟਰੋਲ ਪੰਪ ਖੁੱਲ੍ਹੇ ਰਹਿਣਗੇ
ਬਠਿੰਡਾ (ਨਿਜੀ ਪੱਤਰ ਪੇ੍ਰਕ): ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੇ ਅੱਜ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਮਾਨਵਤਾ ਲਈ ਪੈਦਾ ਹੋਏ ਕਰੋਨਾ ਵਾਇਰਸ ਦੇ ਖ਼ਤਰੇ ਨੂੰ ਰੋਕਣ ਲਈ ਕਰਫ਼ਿਊ ਦਾ ਸਵੈ-ਜ਼ਾਬਤੇ ਨਾਲ ਪਾਲਣਾ ਕਰਦਿਆਂ ਅਤੇ ਘਰ ਤੋਂ ਬਾਹਰ ਨਾ ਆਇਆ ਜਾਵੇ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਦੀਆਂ ਜ਼ਰੂਰਤਾਂ ਲਈ ਦੋ ਪੈਟਰੋਲ ਪੰਪ ਸ਼ਹਿਰ ਵਿਚ ਖੁੱਲ੍ਹੇ ਰਹਿਣਗੇ ਜਿਨ੍ਹਾਂ ਵਿੱਚ ਪੰਪ ਹਨ ਦੂਜਾ ਫੇਜ਼, ਮਾਡਲ ਟਾਉੂਨ ਅਤੇ ਜੱਸੀ ਪੌ ਵਾਲੀ ਚੌਕ ਸ਼ਾਮਲ ਹਨ।

…ਜਦੋਂ ਉਲੰਘਣਾ ਕਰਨ ਵਾਲਿਆਂ ਦੀਆਂ ਕਢਾਈਆਂ ਡੰਡ ਬੈਠਕਾਂ
ਭਦੌੜ (ਪੱਤਰ ਪੇ੍ਰਕ): ਦੋ ਦਿਨਾਂ ਦੀ ਢਿੱਲ ਤੋਂ ਬਾਅਦ ਭਦੌੜ ਪੁਲੀਸ ਨੇ ਅੱਜ ਆਪਣਾ ਪੁਲਸੀਆ ਢੰਗ ਅਪਣਾਉਂਦੇ ਹੋਏ ਬਾਜਾਖਾਨਾ ਬਰਨਾਲਾ ਰੋਡ ’ਤੇ ਤਿੰਨਕੋਣੀ ਚੌਕ ’ਤੇ ਮੋਟਰਸਾਈਕਲ ਚਾਲਕਾਂ ਦੀਆਂ ਚੰਗੀਆਂ ਡੰਡ ਬੈਠਕਾਂ ਕਢਾਈਆਂ ਤੇ 5 ਮੋਟਰਸਾਈਕਲਾਂ ਦੇ ਚਲਾਨ ਕੱਟੇ ਅਤੇ 5 ਬੰਦ ਕਰ ਦਿੱਤੇ ਜਿਸ ਦੀ ਅਗਾਂਹਵਧੂ ਸੋਚ ਵਾਲਿਆਂ ਨੇ ਸਰਾਹਨਾ ਕੀਤੀ। ਇੰਸਪੈਕਟਰ ਗੁਰਵੀਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਉੱਪਰ ਪੁਲੀਸ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਪਰ ਲੋਕ ਲੱਖ ਸਮਝਾਉਣ ਦੇ ਬਾਵਜੂਦ ਸਮਝ ਨਹੀਂ ਰਹੇ। ਉਨ੍ਹਾਂ ਕਿਹਾ ਕਿ ਅੱਜ ਘਰਾਂ ’ਚੋਂ ਬਾਹਰ ਨਿਕਲਣ ਵਾਲੇ ਵਾਹਨਾਂ ਦੇ ਸਿਰਫ਼ ਚਲਾਨ ਹੀ ਕੱਟੇ ਹਨ, ਅੱਗੇ ਤੋਂ ਚਾਲਕ ’ਤੇ ਵੀ ਪਰਚੇ ਦਰਜ ਕੀਤੇ ਜਾਣਗੇ।


Comments Off on ਕਰਫਿਊ ਦਾ ਦੂਜਾ ਦਿਨ: ਆਖ਼ਰ ਪੁਲੀਸ ਨੇ ਵਰਤੀ ਸਖ਼ਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.