ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਰਫਿਊ ਦਾ ਤੀਜਾ ਦਿਨ: 394 ਆੜ੍ਹਤੀਆਂ ਤੇ ਸਬਜ਼ੀ ਵਾਲਿਆਂ ਨੂੰ ਪਰਮਿਟ ਜਾਰੀ

Posted On March - 26 - 2020

ਫਰੀਦਕੋਟ ਵਿੱਚ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਪਰਮਿਟ ਨੂੰ ਦਿਖਾਉਂਦੇ ਹੋਏ ਸਬਜ਼ੀ ਤੇ ਫਲ ਵਿਕਰੇਤਾ।

ਜਸਵੰਤ ਜੱਸ
ਫ਼ਰੀਦਕੋਟ, 25 ਮਾਰਚ
ਅਣਮੱਥੇ ਕਰਫਿਊ ਕਾਰਨ ਪ੍ਰਸ਼ਾਸ਼ਨ ਨੇ ਇਲਾਕੇ ਦੇ ਲੋਕਾਂ ਨੂੰ ਜ਼ਰੂਰੀ ਵਸਤਾਂ ਘਰ-ਘਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਜ ਜ਼ਿਲ੍ਹੇ ਭਰ ਦੇ ਵਿੱਚ ਆੜ੍ਹਤੀਆਂ ਤੇ ਸਬਜ਼ੀ ਵਾਲਿਆਂ ਨੂੰ ਕਰਫਿਊ ਪਰਮਿਟ ਜਾਰੀ ਕੀਤੇ ਗਏ ਅਤੇ ਇਨ੍ਹਾਂ ਨੂੰ ਘਰ-ਘਰ ਜਾ ਕੇ ਸਬਜ਼ੀਆਂ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਪ੍ਰਸ਼ਾਸਨ ਨੇ ਜ਼ਿਲ੍ਹੇ ਭਰ ਵਿੱਚ ਜ਼ਰੂਰੀ ਦਵਾਈਆਂ ਦੀ ਸਪਲਾਈ ਲਈ ਕੁਝ ਮੈਡੀਕਲ ਸਟੋਰ ਖੋਲਣ ਦੀ ਇਜ਼ਾਜਤ ਦੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਫ਼ਰੀਦਕੋਟ ਜ਼ਿਲ੍ਹੇ ਵਿੱਚ 19 ਮੈਡੀਕਲ ਸਟੋਰ ਖੋਲ੍ਹਣ ਦੇ ਆਦੇਸ਼ ਦਿੱਤੇ ਹਨ। ਜ਼ਰੂਰੀ ਵਸਤਾਂ ਦੀ ਸਪਲਾਈ ਲਈ 22 ਕਰਿਆਨਾ ਸਟੋਰਾਂ ਨੂੰ ਵੀ 5 ਵਜੇ ਤੱਕ ਖੁੱਲ੍ਹਾ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸੇ ਤਰ੍ਹਾਂ ਜ਼ਿਲ੍ਹੇ ਭਰ ਵਿੱਚ ਛੇ ਪੈਟਰੋਲ ਪੰਪ ਖੋਲ੍ਹਣ ਦੀ ਵੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਕਰਫਿਊ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਕਰਫ਼ਿਊ ਦੇ ਤੀਜੇ ਦਿਨ ਵੀ ਬਾਜ਼ਾਰ ਅੱਜ ਪੂਰੀ ਤਰ੍ਹਾਂ ਬੰਦ ਰਹੇ, ਜਿਸ ਨਾਲ ਸ਼ਹਿਰ ਵਿੱਚ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਿਹਾ ਪਰ ਗਲੀ ਤੇ ਮੁਹੱਲਿਆਂ ਵਿੱਚ ਲੋਕਾਂ ਦੀ ਆਮ ਚਹਿਲ-ਪਹਿਲ ਰਹੀ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਆਮ ਲੋਕਾਂ ਦੀ ਮਦਦ ਲਈ ਪ੍ਰਸ਼ਾਸਨ ਨੇ ਹੈਲਪ ਡੈਸਕ ਸਥਾਪਤ ਕੀਤੇ ਹਨ ਪਰ ਹਰੀਨੌਂ ਰੋਡ ਵਸਨੀਕ ਹਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਵਾਈਆਂ ਲਈ ਬਹੁਤ ਮੁਸ਼ੱਕਤ ਕਰਨੀ ਪੈ ਰਹੀ ਹੈ।
ਇਸੇ ਤਰ੍ਹਾਂ ਹੀ ਪਾਲਿਕਾ ਬਾਜ਼ਾਰ ਦੇ ਵਸਨੀਕ ਰਵੀਸ਼ ਕੁਮਾਰ ਦਵਾਈਆਂ ਪ੍ਰਾਪਤ ਕਰਨ ਲਈ ਵਾਰ-ਵਾਰ ਜਾਣਕਾਰੀ ਮੰਗ ਰਹੇ ਸਨ। ਜਾਣਕਾਰੀ ਨਾ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਪ ਮੰਡਲ ਮੈਜਿਸਟਰੇਟ ਕੋਟਕਪੂਰਾ ਮੇਜਰ ਅਮਿਤ ਸਰੀਨ ਤੇ ਡੀਐੱਸਪੀ ਕੋਟਕਪੂਰਾ ਬਲਕਾਰ ਸੰਧੂ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਦੱਸਿਆ ਕਿ ਦਵਾਈ ਵਿਕਰੇਤਾਵਾਂ ਦੀ ਸੂਚੀ ਜਨਤਕ ਕਰ ਦਿੱਤੀ ਗਈ ਹੈ ਤੇ ਵੀਰਵਾਰ ਤੋਂ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਦੇ ਵਧਦੇ ਪਰਕੋਪ ਕਰਕੇ ਉਹ ਘਰਾਂ ਵਿੱਚੋਂ ਬਾਹਰ ਨਾ ਨਿਕਲਣ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਪ੍ਰਸ਼ਾਸਨ ਵੱਲੋਂ 01635-225555 ’ਤੇ ਹੈਲਪ ਲਾਈਨ ਸ਼ੁਰੂ ਕੀਤੀ ਗਈ ਹੈ।
ਇਸੇ ਦੌਰਾਨ ਸਬ ਡਵੀਜ਼ਨ ਕੋਟਕਪੁਰਾ ਦੇ ਨਵੇਂ ਆਏ ਐੱਸਡੀਐੱਮ ਮੇਜਰ ਅਮਿਤ ਸਰੀਨ ਨੇ ਅੱਜ ਪੁਲੀਸ ਅਧਿਕਾਰੀਆਂ, ਸਿਹਤ ਅਧਿਕਾਰੀਆਂ ਅਤੇ ਵਪਾਰੀਆਂ ਤੋਂ ਇਲਾਵਾ ਪੱਤਰਕਾਰਾਂ ਨਾਲ ਮਿਲਣੀ ਕੀਤੀ। ਇਸ ਦੌਰਾਨ ਕਰੋਨਾ ਵਾਇਰਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਰਫ਼ਿਊ ਦੌਰਾਨ ਸ਼ਹਿਰ ’ਚ ਕੋਈ ਵੀ ਦੁਕਾਨ ਜਾਂ ਹੋਰ ਕੋਈ ਵੀ ਕਾਰੋਬਾਰ ਖੋਲ੍ਹਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਦੋਧੀ ਅਤੇ ਮਿਲਕ ਪਲਾਂਟ ਵਾਲੇ ਦੁੱਧ ਦੀ ਸਪਲਾਈ ਡੋਰ ਟੂ ਡੋਰ ਕਰ ਸਕਣਗੇ ਅਤੇ ਕਿਸੇ ਨੂੰ ਵੀ ਡੇਅਰੀ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੈਕਟਰੀ ਮਾਰਕੀਟ ਕਮੇਟੀ ਕੋਟਕਪੂਰਾ ਨੀਰਜ ਸ਼ਰਮਾ, ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਨਾਲ ਗੱਲਬਾਤ ਕਰਕੇ ਸਵੇਰੇ 5 ਤੋਂ 7 ਵਜੇ ਤੱਕ ਸਬਜ਼ੀ ਮੰਡੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਸ਼ਹਿਰ ਦੇ ਹਰ ਵਾਰਡ ਵਿੱਚ ਦੋ ਰੇਹੜੀਆਂ ਦੇ ਹਿਸਾਬ ਨਾਲ ਕੁੱਲ 58 ਰੇਹੜੀਆਂ ਕੰਮ ਕਰਨਗੀਆਂ, ਜਿਨ੍ਹਾਂ ਨੂੰ ਬਕਾਇਦਾ ਪਾਸ ਜਾਰੀ ਕੀਤੇ ਗਏ ਹਨ ਅਤੇ ਇਹ ਰੇਹੜੀ ਵਾਲੇ ਦੁਪਹਿਰ 12 ਵਜੇ ਤੱਕ ਹੀ ਸਬਜ਼ੀ ਵੇਚਦ ਸਕਣਗੇ। ਉਨ੍ਹਾਂ ਸਬਜ਼ੀ-ਰੇਹੜੀ ਵਾਲਿਆਂ ਨੂੰ ਮਾਸਕ ਪਾਉਣ ਅਤੇ ਹਰ ਗਾਹਕ ਤੋਂ ਦੋ ਮੀਟਰ ਦੂਰ ਰਹਿ ਕੇ ਗੱਲ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਬਿਮਾਰੀ ਤੋਂ ਡਰਨ ਦੀ ਬਜਾਏ ਸਰਕਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਇਸ ਮੌਕੇ ਕੋਟਕਪੂਰਾ ਦੇ ਡੀਐੱਸਪੀ ਬਲਕਾਰ ਸਿੰਘ ਸੰਧੂ ਵੀ ਮੌਜੂਦ ਸਨ।

ਰਾਸ਼ਨ ਦੀ ਘਾਟ ਕਾਰਨ ਕੈਦੀਆਂ ਨੂੰ ਨਾ ਮਿਲੀ ਸਵੇਰ ਦੀ ਚਾਹ

ਫ਼ਰੀਦਕੋਟ: ਜੇਲ੍ਹ ਵਿੱਚ 2000 ਦੇ ਕਰੀਬ ਕੈਦੀ ਤੇ ਹਵਾਲਾਤੀ ਨਜਰਬੰਦ ਹਨ ਤੇ ਜੇਲ੍ਹ ਵਿੱਚ ਵੀ ਰਾਸ਼ਨ ਦੀ ਵੱਡੀ ਘਾਟ ਦੇਖੀ ਗਈ ਹੈ। ਅੱਜ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਪੁਰਾਣੀ ਦਾਣਾ ਮੰਡੀ ਵਿੱਚੋਂ ਹਵਾਲਾਤੀ ਤੇ ਕੈਦੀਆਂ ਲਈ ਰਾਸ਼ਨ ਖਰੀਦਿਆ। ਕੁਝ ਕੈਦੀਆਂ ਤੇ ਹਵਾਲਾਤੀਆਂ ਨੇ ਫੋਨ ਕਰਕੇ ਦੱਸਿਆ ਕਿ ਜੇਲ੍ਹ ਵਿੱਚ ਦਾਲਾਂ ਤੇ ਦੁੱਧ ਦੀ ਵੱਡੀ ਕਮੀ ਸੀ, ਜਿਸ ਕਰਕੇ ਕੈਦੀਆਂ ਨੂੰ ਨੇਮਾਂ ਅਨੁਸਾਰ ਚਾਹ ਵਗੈਰਾ ਮਿਲੀ ਹੀ ਨਹੀਂ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਕਿਹਾ ਕਿ ਜੇਲ ਦੀ ਕੰਟੀਨ ’ਤੇ ਕੁਝ ਚੀਜ਼ਾਂ ਦੀ ਘਾਟ ਸੀ ਜਿਨ੍ਹਾਂ ਨੂੰ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ ਵਿੱਚ ਬੰਦ ਸਾਰੇ ਕੈਦੀਆਂ ਤੇ ਹਵਾਲਾਤਆਂ ਨੂੰ ਨਿਯਮਾਂ ਅਨੁਸਾਰ ਖਾਣਾ ਵਗੈਰਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜੇਲ੍ਹ ਅਧਿਕਾਰੀਆਂ ਨੇ ਦੋ ਕੈਦੀਆਂ ਨੂੰ ਰਿਹਾਅ ਵੀ ਕਰ ਦਿੱਤਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ’ਚ ਹੋਰ ਕੈਦੀ ਵੀ ਰਿਹਾਅ ਕੀਤੇ ਜਾ ਸਕਦੇ ਹਨ। ਪੁਲੀਸ ਦੀਆਂ ਟੁਕੜੀਆਂ ਜ਼ਿਲ੍ਹੇ ਭਰ ਵਿੱਚ ਗਸ਼ਤ ਕਰ ਰਹੀਆਂ ਹਨ ਅਤੇ ਰੈੱਡ ਕਰਾਸ ਦੀਆਂ ਟੀਮਾਂ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਘਰ-ਘਰ ਜਾ ਰਹੀਆਂ ਹਨ। ਰੈੱਡ ਕਰਾਸ ਟੀਮ ਉੱਪਰ ਹਮਲਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ, ਹਾਲ ਦੀ ਘੜੀ ਇਸ ਮਾਮਲੇ ਵਿੱਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ।

ਘਰਾਂ ’ਚ ਮੁਹੱਈਆ ਕਰਵਾਈਆਂ ਜਾਣਗੀਆਂ ਜ਼ਰੂਰੀ ਵਸਤਾਂ

ਫ਼ਿਰੋਜ਼ਪੁਰ (ਸੰਜੀਵ ਹਾਂਡਾ): ਕਰਫ਼ਿਊ ਦੌਰਾਨ ਅੱਜ ਇੱਥੇ ਸੜਕਾਂ ਉਪਰ ਲੋਕਾਂ ਦੀ ਬੇਲੋੜੀ ਆਵਾਜਾਈ ਘੱਟ ਰਹੀ। ਪ੍ਰਸ਼ਾਸਨ ਵੱਲੋਂ ਕਰਫ਼ਿਊ ਵਿੱਚ ਅਜੇ ਕੋਈ ਢਿੱਲ ਨਹੀਂ ਦਿੱਤੀ ਗਈ ਹੈ ਅਤੇ ਜ਼ਰੂਰੀ ਵਸਤਾਂ ਦੀ ਪੂਰਤੀ ਲਈ ਕੁਝ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਸੀਮਤ ਪਾਸ ਜਾਰੀ ਕੀਤੇ ਗਏ ਹਨ। ਹਾਲਾਂਕਿ ਜਾਰੀ ਕੀਤੇ ਪਾਸ ਨਾਕਾਫ਼ੀ ਸਾਬਤ ਹੋ ਰਹੇ ਹਨ, ਜਿਸ ਨਾਲ ਸਾਰੇ ਇਲਾਕਿਆਂ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਨਹੀਂ ਪਹੁੰਚ ਰਹੀ। ਗੈਸ ਸਿਲੰਡਰਾਂ ਦੀਆਂ ਗੱਡੀਆਂ ਪਿੱਛੋਂ ਨਾ ਆਉਣ ਨਾਲ ਵੀ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਅੱਜ ਨਗਰ ਦੀਆਂ ਦੁਕਾਨਾਂ ’ਤੇ ਬਰੈੱਡ ਦੀ ਸਪਲਾਈ ਵੀ ਨਹੀਂ ਹੋਈ। ਇਸੇ ਤਰ੍ਹਾਂ ਅਖ਼ਬਾਰਾਂ ਦੀ ਸਪਲਾਈ ਵੀ ਅਗਲੇ ਕੁਝ ਦਿਨਾਂ ਲਈ ਅਖ਼ਬਾਰ ਵਿਕਰੇਤਾਵਾਂ ਵੱਲੋਂ ਬੰਦ ਕਰਵਾ ਦਿੱਤੀ ਗਈ ਹੈ। ਛਾਉਣੀ ਦਾ ਖੇਤਰ ਪਿਛਲੇ ਇੱਕ ਹਫ਼ਤੇ ਤੋਂ ਸਿਵਲ ਖੇਤਰ ਨਾਲੋਂ ਕੱਟ ਦਿੱਤਾ ਗਿਆ ਹੈ। ਛਾਉਣੀ ਦੇ ਆਰਮੀ ਖੇਤਰ ਵਿੱਚ ਆਮ ਲੋਕਾਂ ਦੀ ਆਵਾਜਾਈ ਬਿਲਕੁਲ ਬੰਦ ਹੈ। ਜਿਹੜੇ ਮਰੀਜ਼ਾਂ ਦਾ ਇਲਾਜ ਦੂਜੇ ਜ਼ਿਲ੍ਹਿਆਂ ਵਿਚੋਂ ਚੱਲ ਰਿਹਾ ਹੈ ਉਨ੍ਹਾਂ ਨੂੰ ਵੀ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਅਜਿਹੇ ਮਰੀਜ਼ਾਂ ਨੂੰ ਪਾਸ ਬਣਵਾਉਣ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ। ਸ਼ਹਿਰ ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਅੱਜ ਸਬਜ਼ੀਆਂ ਦੇ ਭਾਅ ਦੀ ਇੱਕ ਲਿਸਟ ਜਾਰੀ ਕਰਕੇ ਕਿਹਾ ਗਿਆ ਹੈ ਕਿ ਜੇਕਰ ਕੋਈ ਰੇਹੜੀ ਵਾਲਾ ਇਸ ਤੋਂ ਵੱਧ ਭਾਅ ਵਸੂਲਦਾ ਹੈ ਤਾਂ ਉਸ ਦੀ ਸ਼ਿਕਾਇਤ ਕੀਤੀ ਜਾਵੇ। ਪ੍ਰਸ਼ਾਸਨ ਵੱਲੋਂ ਅੱਜ ਦਵਾਈ ਵਿਕਰੇਤਾਵਾਂ ਦੀ ਇੱਕ ਲਿਸਟ ਵੀ ਜਾਰੀ ਕੀਤੀ ਗਈ ਹੈ ਜੋ ਘਰ-ਘਰ ਜਾ ਕੇ ਦਵਾਈਆਂ ਮੁਹੱਈਆ ਕਰਵਾਉਣਗੇ।

ਤਿੰਨ ਦਿਨਾਂ ਤੋਂ ਕਈ ਪਰਿਵਾਰਾਂ ਦੇ ਚੁੱਲ੍ਹਿਆਂ ’ਚ ਨਹੀਂ ਬਲੀ ਅੱਗ

ਮਲੋਟ (ਲਖਵਿੰਦਰ ਸਿੰਘ): ਕਰੋਨਾ ਕਾਰਨ ਕਰਫਿਊ ਦੌਰਾਨ ਦਿਹਾੜੀਦਾਰ ਕਾਮਿਆਂ ਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਨਗਰ ਕੌਂਸਲ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਰਾਸ਼ਨ ਵਿੱਚੋਂ ਵੀ ਪੱਖਪਾਤ ਦੀ ਦੁਰਗੰਧ ਆਉਣ ਲੱਗੀ ਹੈ, ਹਾਲਾਂਕਿ ਇਸ ਸੰਕਟ ਦੀ ਘੜੀ ਵਿੱਚ ਅਜਿਹਾ ਵਰਤਾਰਾ ਚੰਗੀ ਗੱਲ ਨਹੀਂ। ਦਰਅਸਲ ਸਵੇਰੇ ਦਾਨੇਵਾਲਾ ਚੌਕ ਨੇੜੇ ਬੇਰੀ ਵਾਲੇ ਮੰਦਰ ਦੇ ਨੇੜੇ ਰਹਿੰਦੇ ਕੁੱਝ ਕੁ ਪਰਿਵਾਰਾਂ ਨੂੰ ਅੰਦਰ ਖਾਤੇ ਸੁਨੇਹਾ ਲੱਗਿਆ ਕਿ ਉਨ੍ਹਾਂ ਨੂੰ ਇੱਕ ਘੰਟੇ ਤੱਕ ਲੋੜੀਂਦਾ ਰਾਸ਼ਨ ਦਿੱਤਾ ਜਾਵੇਗਾ, ਸੁਨੇਹਾ ਕਿਸ ਨੇ ਲਗਾਇਆ ਇਹ ਗੱਲ ਸਾਫ ਨਹੀਂ ਹੋ ਸਕੀ। ਇਹ ਗੱਲ ਹੌਲੀ-ਹੌਲੀ ਆਸ-ਪਾਸ ਰਹਿੰਦੇ ਹੋਰ ਵੀ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਗਈ, ਸਾਰਿਆਂ ਨੂੰ ਹੀ ਆਸ ਬੱਝ ਗਈ ਕਿ ਖੈਰ ਉਨ੍ਹਾਂ ਨੂੰ ਕੁੱਝ ਦਿਨਾਂ ਦਾ ਰਾਸ਼ਨ ਤਾਂ ਮਿਲੇਗਾ ਪਰ ਜਦ ਨਗਰ ਕੌਂਸਲ ਦੀ ਗੱਡੀ ਆਈ ਤਾਂ ਉਨ੍ਹਾਂ ਚੋਣਵੇਂ ਕੁੱਝ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਤੇ ਚਲੇ ਗਏ ਤੇ ਦੂਜੇ ਲੋੜਵੰਦ ਪਰਿਵਾਰ ਮਿੰਨਤਾਂ ਕਰਦੇ ਰਹਿ ਗਏ। ਦਿਹਾੜੀਦਾਰ ਮਾਨਾ ਰਾਮ, ਉਮ ਪ੍ਰਕਾਸ਼ ਅਤੇ ਬਰਗਰ ਦੀ ਰੇਹੜੀ ਲਾਉਣ ਵਾਲੇ ਸੌਰਵ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਇਸ ਮੌਕੇ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਨਾ ਚਾਹੀਦਾ, ਸਗੋਂ ਹਰ ਲੋੜਵੰਦ ਨੂੰ ਇੱਕ ਨਜ਼ਰ ਨਾਲ ਦੇਖਦਿਆਂ ਮਦਦ ਦੇਣੀ ਚਾਹੀਦੀ ਹੈ। ਕਾਰਜ ਸਾਧਕ ਅਫ਼ਸਰ ਜਗਸੀਰ ਸਿੰਘ ਧਾਲੀਵਾਲ ਨੇ ਇਸ ਸਬੰਧੀ ਕਿਹਾ ਕਿ ਉਹ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਦਾ ਕਰ ਦੇਣਗੇ ਪਰ ਰਾਤ ਹੋਣ ਤੱਕ ਕੋਈ ਵੀ ਅਧਿਕਾਰੀ ਉਨ੍ਹਾਂ ਪਰਿਵਾਰਾਂ ਤੱਕ ਨਹੀਂ ਅੱਪੜਿਆ। ਕਨਸੋਆਂ ਹਨ ਕਿ ਵਾਰਡ ਦੇ ਐੱਮਸੀ ਦੀ ਸਿਫਾਰਸ਼ ’ਤੇ ਰਾਸ਼ਨ ਦਿੱਤਾ ਜਾ ਰਿਹਾ ਹੈ ਪਰ ਜਿਹੜੇ ਅਸਲ ਲੋੜਵੰਦ ਹਨ ਉਨ੍ਹਾਂ ਦੇ ਅਜੇ ਤੱਕ ਕੋਈ ਵੀ ਨੇੜੇ ਅੱਪੜਿਆ, ਜਿਸ ਕਰਕੇ ਕਈ ਅਜਿਹੇ ਵੀ ਪਰਿਵਾਰ ਸਾਹਮਣੇ ਆਏ, ਜਿਨ੍ਹਾਂ ਦੇ ਚੁੱਲ੍ਹਿਆਂ ਵਿੱਚ ਪਿਛਲੇ ਦੋ ਤਿੰਨ ਦਿਨਾਂ ਤੋਂ ਅੱਗ ਨਹੀਂ ਬਲੀ।


Comments Off on ਕਰਫਿਊ ਦਾ ਤੀਜਾ ਦਿਨ: 394 ਆੜ੍ਹਤੀਆਂ ਤੇ ਸਬਜ਼ੀ ਵਾਲਿਆਂ ਨੂੰ ਪਰਮਿਟ ਜਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.