ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਓੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ

Posted On March - 21 - 2020

ਨੂਰ ਮੁਹੰਮਦ ਨੂਰ

ਜਦੋਂ ਕੋਈ ਬੰਦਾ ਆਪਣਾ ਜੱਦੀ ਪੇਸ਼ਾ ਤਿਆਗ ਕੇ ਕੋਈ ਹੋਰ ਦੂਜਾ ਕੰਮ ਕਰੇ ਅਤੇ ਅਸਫਲ ਹੋ ਕੇ ਫੇਰ ਪੁਰਾਣੇ ਕੰਮ ’ਤੇ ਪਰਤ ਆਵੇ ਤਾਂ ਅਖਾਣ ‘ਓੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ’ ਬੋਲਿਆ ਜਾਂਦਾ ਹੈ।
ਇਤਿਹਾਸ ਵਿਚ ਇਸ ਅਖਾਣ ਦਾ ਵਰਣਨ ਇਸ ਤਰ੍ਹਾਂ ਮਿਲਦਾ ਹੈ ਕਿ ਮੂਲਾ ਰਾਮ ਨਾਂ ਦਾ ਇਕ ਬਾਣੀਆਂ ਸਿਆਲ ਕੋਟ ਵਿਚ ਦੁਕਾਨਦਾਰੀ ਕਰਦਾ ਸੀ। ਉਹ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ। ਇਕ ਵਾਰ ਜਦੋਂ ਬਾਬਾ ਨਾਨਕ ਦੇਵ ਜੀ ਸਿਆਲ ਕੋਟ ਗਏ ਤਾਂ ਸ਼ਹਿਰ ਤੋਂ ਬਾਹਰ ਉਨ੍ਹਾਂ ਦੀ ਮੁਲਾਕਾਤ ਇਕ ਮੁਸਲਮਾਨ ਫ਼ਕੀਰ ਹਮਜ਼ਾ ਗੌਸ ਨਾਲ ਹੋਈ। ਜਿਸਨੇ ‘ਸਿਆਲਕੋਟੀ ਹਰਾਮ ਦੀ ਬੋਟੀ’ ਕਹਿ ਕੇ ਬਾਬਾ ਜੀ ਦੀ ਜਾਣ-ਪਛਾਣ ਸਿਆਲਕੋਟੀਆਂ ਨਾਲ ਕਰਵਾਈ।
ਬਾਬਾ ਨਾਨਕ ਦੇਵ ਜੀ ਨੇ ਫ਼ਕੀਰ ਨੂੰ ਆਖਿਆ, ‘ਤੁਹਾਨੂੰ ਸਾਰੇ ਸਿਆਲਕੋਟੀਆਂ ਬਾਰੇ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਜਿਸ ਤਰ੍ਹਾਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਉਸੇ ਤਰ੍ਹਾਂ ਸ਼ਹਿਰ ਦੇ ਸਾਰੇ ਲੋਕ ਇਕ ਬਰਾਬਰ ਨਹੀਂ ਹੋ ਸਕਦੇ। ਭੈੜਿਆਂ ਵਿਚ ਚੰਗੇ ਵੀ ਹੁੰਦੇ ਹਨ ਅਤੇ ਚੰਗਿਆਂ ਵਿਚ ਭੈੜੇ ਵੀ।’ ਫ਼ਕੀਰ ਦੇ ਇਸ ਤਰ੍ਹਾਂ ਆਖਣ ’ਤੇ ਬਾਬਾ ਨਾਨਕ ਨੇ ਆਪਣੀ ਗੱਲ ਨੂੰ ਸੱਚੀ ਸਾਬਤ ਕਰਨ ਲਈ ਆਪਣੇ ਸਾਥੀ ਭਾਈ ਮਰਦਾਨੇ ਨੂੰ ਸੱਚ-ਝੂਠ ਖ਼ਰੀਦਣ ਲਈ ਸਿਆਲਕੋਟ ਸ਼ਹਿਰ ਦੇ ਬਾਜ਼ਾਰ ਵਿਚ ਘੱਲਿਆ। ਭਾਈ ਮਰਦਾਨੇ ਨੇ ਜਦੋਂ ਸ਼ਹਿਰ ਜਾ ਕੇ ਦੁਕਾਨਦਾਰਾਂ ਕੋਲੋਂ ਸੱਚ ਝੂਠ ਦਾ ਸੌਦਾ ਮੰਗਿਆ ਤਾਂ ਲੋਕ ਮਰਦਾਨੇ ਨੂੰ ਮਸ਼ਕਰੀਆਂ ਕਰਨ ਦੇ ਨਾਲ ਨਾਲ ਭਾਂਤ ਭਾਂਤ ਦੀਆਂ ਟਿੱਚਰਾਂ ਵੀ ਕਰਨ ਲੱਗੇ। ਸੱਚ ਝੂਠ ਦਾ ਸੌਦਾ ਲੱਭਦਾ ਲੱਭਦਾ ਜਦੋਂ ਮਰਦਾਨਾ ਮੂਲਾ ਰਾਮ ਦੀ ਹੱਟੀ ’ਤੇ ਅੱਪੜਿਆ ਤਾਂ ਉਸਨੇ ਮਰਦਾਨੇ ਵੱਲ ਗ਼ੌਰ ਨਾਲ ਵੇਖਿਆ ਅਤੇ ਇਕ ਕਾਗ਼ਜ਼ ’ਤੇ ਸੱਚ ਝੂਠ ਦਾ ਸੌਦਾ ਲਿਖ ਕੇ ਉਸ ਨੂੰ ਦੇ ਦਿੱਤਾ। ਭਾਈ ਮਰਦਾਨਾ ਕਾਗ਼ਜ਼ ਲੈ ਕੇ ਬਾਬਾ ਨਾਨਕ ਕੋਲ ਫ਼ਕੀਰ ਹਮਜ਼ਾ ਗੌਸ ਦੇ ਡੇਰੇ ਪਹੁੰਚ ਗਿਆ। ਜਦੋਂ ਬਾਬਾ ਨਾਨਕ ਨੇ ਹਮਜ਼ਾ ਗੌਸ ਦੇ ਸਾਹਮਣੇ ਕਾਗਜ਼ ਖੋਲ੍ਹਿਆ ਤਾਂ ਉਸ ’ਤੇ ਲਿਖਿਆ ਸੀ, ‘ਸੱਚ ਮੌਤ, ਝੂਠ ਜ਼ਿੰਦਗੀ।’
ਕੁਝ ਦੇਰ ਬਾਅਦ ਮੂਲਾ ਰਾਮ ਵੀ ਸੱਚ ਝੂਠ ਦੀ ਭਾਲ ਵਿਚ ਆਏ ਮਰਦਾਨੇ ਦਾ ਪਿੱਛਾ ਕਰਦਾ ਕਰਦਾ ਬਾਬਾ ਨਾਨਕ ਜੀ ਕੋਲ ਪਹੁੰਚ ਗਿਆ। ਮੂਲਾ ਰਾਮ ਬਾਬੇ ਨਾਨਕ ਨੂੰ ਮਿਲ ਕੇ ਉਨ੍ਹਾਂ ਦਾ ਹੀ ਹੋ ਬੈਠਿਆ। ਉਹ ਬਾਬਾ ਜੀ ਨੂੰ ਆਖਣ ਲੱਗਿਆ ਕਿ ਉਸਨੇ ਘਰ-ਵਾਰ ਤਿਆਗ ਕੇ ਬਾਬਾ ਨਾਨਕ ਦੇ ਨਾਲ ਜਾਣ ਦਾ ਫ਼ੈਸਲਾ ਕੀਤਾ ਹੈ। ਬਾਬੇ ਨਾਨਕ ਨੇ ਉਸਨੂੰ ਅਜਿਹਾ ਕਰਨੋਂ ਵਰਜਦਿਆਂ ਆਖਿਆ, ‘ਭਾਈ ਮੂਲਿਆ ਤੂੰ ਦੁਨੀਆਂ ਵਿਚ ਰੁੱਝਿਆ ਹੋਇਆ ਬੰਦਾ ਏਂ। ਫ਼ਕੀਰੀ ਬਹੁਤ ਔਖਾ ਕਾਜ ਏ। ਇਹ ਤੇਰੇ ਵੱਸ ਦਾ ਰੋਗ ਨਹੀਂ। ਜਾਹ ਅਤੇ ਜਾ ਕੇ ਆਪਣੀ ਹੱਟੀ ’ਤੇ ਬੈਠ।’ ਜਦੋਂ ਮੂਲੇ ਨੇ ਬਾਬਾ ਜੀ ਨਾਲ ਜਾਣ ਦੀ ਜ਼ਿੱਦ ਕੀਤੀ ਤਾਂ ਬਾਬਾ ਜੀ ਨੇ ਉਸ ਨੂੰ ਅਗਲੇ ਦਿਨ ਨਾਲ ਲੈ ਕੇ ਜਾਣ ਦਾ ਵਾਅਦਾ ਕਰਕੇ ਘਰ ਭੇਜ ਦਿੱਤਾ। ਮੂਲੇ ਦੇ ਜਾਣ ਪਿੱਛੋਂ ਬਾਬਾ ਨਾਨਕ ਅਤੇ ਫ਼ਕੀਰ ਨੇ ਇਕ ਦੂਜੇ ਵੱਲ ਤੱਕਿਆ ਅਤੇ ਚੁੱਪ ਰਹੇ। ਦੋਵਾਂ ਵਿਚੋਂ ਕੋਈ ਵੀ ਕੁਝ ਨਾ ਬੋਲਿਆ।

ਨੂਰ ਮੁਹੰਮਦ ਨੂਰ

ਘਰ ਪਹੁੰਚ ਕੇ ਜਦੋਂ ਮੂਲਾ ਰਾਮ ਨੇ ਆਪਣੀ ਘਰਵਾਲੀ ਨੂੰ ਬਾਬੇ ਨਾਨਕ ਨਾਲ ਹੋਈ ਗੱਲਬਾਤ ਬਾਰੇ ਦੱਸਿਆ ਤਾਂ ਉਸ ਨੇ ਮੂਲੇ ਅੱਗੇ ਦੁਕਾਨਦਾਰੀ, ਘਰ-ਵਾਰ ਅਤੇ ਵਪਾਰ ਬਾਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਜਿਸ ਬਾਰੇ ਸੋਚਦਿਆਂ ਹੀ ਮੂਲਾ ਰਾਮ ਨੇ ਬਾਬੇ ਨਾਨਕ ਨਾਲ ਜਾਣ ਦਾ ਇਰਾਦਾ ਬਦਲ ਦਿੱਤਾ। ਵਾਅਦੇ ਮੁਤਾਬਕ ਜਦੋਂ ਅਗਲੇ ਦਿਨ ਬਾਬਾ ਨਾਨਕ ਅਤੇ ਭਾਈ ਮਰਦਾਨਾ ਉਸਨੂੰ ਘਰੋਂ ਲੈਣ ਗਏ ਅਤੇ ਉਸਦੇ ਬੂਹੇ ’ਤੇ ਖਲੋ ਕੇ ਆਵਾਜ਼ ਮਾਰੀ ਤਾਂ ਮੂਲਾ ਰਾਮ ਦੀ ਘਰਵਾਲੀ ਕਹਿਣ ਲੱਗੀ, ‘ਮੂਲਾ ਘਰ ਨਹੀਂ ਹੈ।’ ਜਦੋਂ ਕਿ ਮੂਲਾ ਘਰ ਵਿਚ ਹੀ ਲੁਕਿਆ ਬੈਠਾ ਸੀ। ਉਦੋਂ ਬਾਬਾ ਨਾਨਕ ਨੇ ਇਹ ਕਹਾਵਤ ਵਾਲੇ ਸ਼ਬਦ ਬੋਲੇ ਸਨ।
ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਕਥਾ ਸੱਚ ਵਿਚ ਵਾਪਰੀ ਜਾਂ ਸ਼ਰਧਾਲੂਆਂ ਵੱਲੋਂ ਘੜੀ ਗਈ ਦੰਦਕਥਾ ਹੈ। ਬਾਅਦ ਵਿਚ ਇਹ ਸ਼ਬਦ ਕਹਾਵਤ ਬਣ ਗਏ, ‘ਓੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ।’

ਸੰਪਰਕ: 98555-51359


Comments Off on ਓੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.