ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਉੱਡ ਭੰਬੀਰੀ ਸਾਵਣ ਆਇਆ

Posted On March - 7 - 2020

ਨੂਰ ਮੁਹੰਮਦ ਨੂਰ

ਜਦੋਂ ਚੰਗਿਆਂ ਨੂੰ ਦਰਸਾਉਣਾ ਹੋਵੇ ਕਿ ਐਸ਼ ਕਰੋ ਚੰਗੇ ਦਿਨ ਆ ਗਏ ਹਨ ਜਾਂ ਭੈੜਿਆਂ ਨੂੰ ਡਰਾਉਣਾ ਹੋਵੇ ਕਿ ਚਾਲੇ ਪਾਵੋ ਹੁਣ ਇੱਥੇ ਤੁਹਾਡੀ ਦਾਲ ਗਲਣ ਵਾਲੀ ਨਹੀਂ ਤਾਂ ‘ਉੱਡ ਭੰਬੀਰੀ ਸਾਵਣ ਆਇਆ’ ਅਖਾਣ ਬੋਲਿਆ ਜਾਂਦਾ ਹੈ। ਪਿਛੋਕੜ ਵਿਚ ਇਸ ਅਖਾਣ ਦੇ ਦੋ ਪਾਤਰ ਕਹੇ ਜਾਂਦੇ ਹਨ ਇਕ ਸਾਵਣ ਦਾ ਮਹੀਨਾ ਅਤੇ ਦੂਸਰਾ ਮੁਲਤਾਨ ਦਾ ਦੀਵਾਨ ਸਾਵਣ ਮੱਲ।
ਦੇਸੀ ਸਾਲ ਦੇ ਚੌਥੇ ਮਹੀਨੇ ਦਾ ਨਾਂ ਸਾਵਣ ਹੈ। ਜਿਸਦਾ ਸਮਾਂ 15 ਜੁਲਾਈ ਤੋਂ 15 ਅਗਸਤ ਤਕ ਹੁੰਦਾ ਹੈ। ਇਸ ਮਹੀਨੇ ਲਗਾਤਾਰ ਮੀਂਹ ਪੈਂਦੇ ਹਨ। ਪੁਰਾਣੇ ਸਮਿਆਂ ਵਿਚ ਜਦੋਂ ਸੜਕਾਂ ਪੱਕੀਆਂ ਨਹੀਂ ਸਨ ਹੁੰਦੀਆਂ ਰਸਤੇ ਚਿੱਕੜੋ-ਚਿੱਕੜ ਹੋ ਜਾਂਦੇ ਸਨ, ਦਰਿਆ ਨੱਕੋ-ਨੱਕ ਭਰ ਕੇ ਕੰਢਿਆਂ ਤੋਂ ਬਾਹਰ ਖੇਤਾਂ-ਖਲਵਾੜਾਂ ਵੱਲ ਮੁਹਾਰਾਂ ਮੋੜ ਲੈਂਦੇ ਸਨ। ਵਾਹੀ ਬੀਜੀ ਦਾ ਕੰਮ ਰੁਕ ਜਾਂਦਾ ਸੀ। ਵਿਹਲੇ ਹੋਏ ਲੋਕ ਮੁਲਾਜ਼ਮ ਪੇਸ਼ਾ ਲੋਕਾਂ ਵਾਂਗ ਛੁੱਟੀਆਂ ਮਨਾਉਣ ਲਈ ਰਿਸ਼ਤੇਦਾਰੀਆਂ ਵਿਚ ਮਿਲਣ ਚਲੇ ਜਾਂਦੇ ਸਨ। ਸੱਥਾਂ ਵਿਚ ਬਰੋਟਿਆਂ ਥੱਲੇ ਤੀਆਂ ਲੱਗਦੀਆਂ ਸਨ। ਵਿਆਹੀਆਂ ਕੁੜੀਆਂ ਤੀਆਂ ਦਾ ਤਿਓਵਾਰ ਮਨਾਉਣ ਲਈ ਵਿਦਾ ਹੋ ਕੇ ਪੇਕੇ ਚਲੀਆਂ ਜਾਂਦੀਆਂ ਸਨ। ਇਸ ਲਈ ਸਾਵਣ ਮਹੀਨੇ ਨੂੰ ਖ਼ੁਸ਼ਹਾਲੀ ਤੋਂ ਵੱਖ ਸੰਜੋਗ ਦਾ ਮਹੀਨਾ ਵੀ ਕਿਹਾ ਜਾਂਦਾ ਹੈ।
ਮੀਂਹ ਪੈਣ ਤੋਂ ਪਹਿਲਾਂ ਕਾਲੀਆਂ ਘਟਾਵਾਂ ਚੜ੍ਹ ਕੇ ਆਉਣ ਦਾ ਨਜ਼ਾਰਾ, ਮੀਂਹ ਪੈਣ ਦਾ ਨਜ਼ਾਰਾ ਅਤੇ ਮੀਂਹ ਤੋਂ ਬਾਅਦ ਧੁਲੀ ਹੋਈ ਮਿੱਟੀ-ਘੱਟੇ ਤੋਂ ਸਾਫ਼ ਹਰਿਆਲੀ ਦਾ ਨਜ਼ਾਰਾ, ਆਪਣੀ ਮਿਸਾਲ ਆਪ ਹੁੰਦਾ ਹੈ। ਇਸ ਮਹੀਨੇ ਵਿਚ ਚਾਰੇ ਪਾਸੇ ਹਰਿਆਲੀ ਨਜ਼ਰ ਆਉਂਦੀ ਹੈ ਜਿਸ ਵਿਚ ਨਵੇਂ ਨਵੇਂ ਜੀਵ-ਜੰਤੂ ਪੈਦਾ ਹੋ ਜਾਂਦੇ ਹਨ। ਇਸ ਮੌਸਮ ਵਿਚ ਭੰਬੀਰੀਆਂ ਨਜ਼ਰ ਆਉਂਦੀਆਂ ਹਨ। ਭੰਬੀਰੀ ਤਿਤਲੀ ਦੀ ਕਿਸਮ ਦਾ ਇਕ ਖ਼ੂਬਸੂਰਤ ਜੀਵ ਹੁੰਦਾ ਹੈ ਜਿਹੜਾ ਸਾਵਣ ਦੇ ਦਿਨਾਂ ਵਿਚ ਝੁੰਡਾਂ ਦੀ ਸ਼ਕਲ ਵਿਚ ਉੱਡਦਾ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ ‘ਉੱਡ ਭੰਬੀਰੀ ਸਾਵਣ ਆਇਆ।’
ਦੀਵਾਨ ਸਾਵਣ ਮੱਲ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਦਾ ਹਾਕਮ ਹੋਇਆ ਹੈ ਜਿਸਦੇ ਰਾਜ-ਕਾਜ ਵਿਚ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਅਤੇ ਚੋਰ-ਉਚੱਕਿਆਂ ਨੂੰ ਭਾਜੜਾਂ ਪਈਆਂ। ਸਾਵਣ ਮੱਲ ਦਾ ਜਨਮ 1788 ਵਿਚ ਜ਼ਿਲ੍ਹਾ ਗੁਜਰਾਂਵਾਲਾ ਦੇ ਸ਼ਹਿਰ ਅਕਾਲਗੜ੍ਹ ਉਰਫ਼ ਅਲੀਪੁਰ ਚੱਠਾ ਦੇ ਵਾਸੀ ਹੋਸ਼ਨਾਕ ਰਾਏ ਦੇ ਘਰ ਚੋਪੜਾ ਘਰਾਣੇ ਵਿਚ ਹੋਇਆ। ਉਹ ਆਪਣੇ ਪਿਉ ਦਾ ਤੀਜਾ ਅਤੇ ਸਭ ਤੋਂ ਛੋਟਾ ਪੁੱਤਰ ਸੀ। ਉਸਦਾ ਭਰਾ ਨਾਨਕ ਚੰਦ ਗੁਜਰਾਤ ਦੇ ਦੀਵਾਨ ਮੁਹਕਮ ਚੰਦ ਕੋਲ ਨੌਕਰ ਸੀ। ਸਾਵਣ ਮੱਲ ਵੀ ਨਾਨਕ ਚੰਦ ਨਾਲ ਹੀ ਕੰਮ ਕਰਨ ਲੱਗ ਪਿਆ। ਜਦੋਂ ਉਹ ਕੰਮ ਵਿਚ ਕੁਝ ਪਰਿਪੱਕ ਹੋਇਆ ਤਾਂ ਉਸਦੇ ਭਰਾ ਨੇ ਸਾਵਣ ਮੱਲ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸੇਵਾ ਵਿਚ ਪੇਸ਼ ਕਰਕੇ ਨੌਕਰੀ ਲਈ ਅਰਜ਼ੀ ਪਾ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਸਾਵਣ ਮੱਲ ਨੂੰ ਦੀਵਾਨ ਦਾ ਖ਼ਿਤਾਬ ਦੇ ਕੇ ਮੁਲਤਾਨ ਦੇ ਹਾਕਮ ਬਾਦਾਨ ਹਜ਼ਾਰੀ ਕੋਲ ਮੀਰ ਮੁਹਾਸਿਬ (ਅਕਾਉਂਟੈਟ) ਰਖਵਾ ਦਿੱਤਾ, ਪਰ ਬਾਦਾਨ ਹਜ਼ਾਰੀ ਨਾਲ ਉਸ ਦੀ ਤਬੀਅਤ ਨੇ ਮੇਲ ਨਾ ਖਾਧਾ। ਸਾਵਣ ਮੱਲ ਨੇ ਆਪਣੇ ਭਰਾ ਨਾਨਕ ਚੰਦ ਦੀ ਸਹਾਇਤਾ ਨਾਲ ਸ਼ਾਹ ਆਬਾਦ ਦਾ ਇੰਤਜ਼ਾਮ ਹਾਸਲ ਕਰ ਲਿਆ ਅਤੇ ਬਾਦਾਨ ਹਜ਼ਾਰੀ ਤੋਂ ਵੱਖ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਸਖ਼ਤ ਮਿਹਨਤ ਕਰਕੇ ਸ਼ਾਹ ਆਬਾਦ ਦੀ ਆਮਦਨ ਵਿਚ ਚੋਖਾ ਵਾਧਾ ਕੀਤਾ, ਸਿੱਟੇ ਵਜੋਂ 1821 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਹਾਕਮ ਤੋਂ ਲੈ ਕੇ ਅੱਧਾ ਸੂਬਾ ਸਾਵਣ ਮੱਲ ਨੂੰ ਠੇਕੇ ਉੱਤੇ ਦੇ ਦਿੱਤਾ। 1829 ਵਿਚ ਉਸਦੀ ਚੰਗੀ ਕਾਰਗੁਜ਼ਾਰੀ ਨੂੰ ਮੁੱਖ ਰੱਖਦਿਆਂ ਪੂਰੇ ਦਾ ਪੂਰਾ ਸੂਬਾ ਉਸਦੇ ਹਵਾਲੇ ਕਰ ਦਿੱਤਾ ਜਿਸ ਵਿਚ ਡੇਰਾ ਗ਼ਾਜ਼ੀ ਖ਼ਾਂ, ਮੁਨਕੇਰ, ਝੰਗ, ਖ਼ਾਨਗੜ੍ਹ, ਅਤੇ ਚਨਿਓਟ ਆਦਿ ਦੇ ਇਲਾਕੇ ਸ਼ਾਮਲ ਸਨ।
‘ਲੋਕ ਤਵਾਰੀਖ਼’ ਦਾ ਲੇਖਕ ਸ਼ਨਾਵਰ ਚੱਧੜ ਲਿਖਦਾ ਹੈ, ‘ਸਾਵਣ ਮੱਲ ਜਦੋਂ ਸੂਬੇਦਾਰ ਬਣਿਆ ਸਾਰਾ ਇਲਾਕਾ ਲੰਮੀਆਂ ਲੜਾਈਆਂ ਅਤੇ ਅੰਨ੍ਹੇਵਾਹ ਕਤਲਾਮ ਪਾਰੋਂ ਬੇਆਬਾਦ ਅਤੇ ਰੱਕੜ ਹੋ ਚੁੱਕਿਆ ਸੀ। ਇਥੋਂ ਦੇ ਵਸਨੀਕ ਸੁਰੱਖਿਅਤ ਇਲਾਕਿਆਂ ਨੂੰ ਹਿਜਰਤ ਕਰ ਗਏ ਸਨ। ਜਿਹੜੇ ਰਹਿ ਗਏ ਸਨ ਉਨ੍ਹਾਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ।’ ‘ਮਸ਼ਾਹੀਰੇ ਪੰਜਾਬ ਕਾ ਇਨਸਾਈਕਲੋਪੀਡੀਆ’ ਵਿਚ ਅਜ਼ੀਜ਼ ਅਲੀ ਸ਼ੇਖ਼ ਲਿਖਦੇ ਹਨ, ‘ਸਭ ਤੋਂ ਪਹਿਲਾਂ ਆਉਂਦਿਆਂ ਹੀ ਦੀਵਾਨ ਸਾਵਣ ਮੱਲ ਨੇ ਅਮਨ ਕਾਇਮ ਕੀਤਾ। ਇਲਾਕੇ ਵਿਚ ਹੋ ਰਹੀਆਂ ਚੋਰੀਆਂ-ਚਕਾਰੀਆਂ ਬੰਦ ਕਰਕੇ ਉਸਨੇ ਜ਼ਾਲਮ ਅਤੇ ਤਕੜੇ ਜਗੀਰਦਾਰਾਂ ਦੀਆਂ ਨ੍ਹਾਸੀਂ ਧੂੰਆਂ ਲਿਆ ਦਿੱਤਾ। ਉਹ ਮੁਜਰਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੰਦਾ। ਇਕ ਵਾਰ ਉਸਨੇ ਆਪਣੇ ਇਕ ਸਰਦਾਰ ਨੂੰ ਚੋਰ ਦੀ ਸਿਫ਼ਾਰਸ਼ ਕਰਨ ਉੱਤੇ ਉਸ ਦੇ ਬੂਹੇ ਅੱਗੇ ਹੀ ਫਾਹੇ ਚਾੜ੍ਹ ਦਿੱਤਾ। ਇਹੋ ਕਾਰਨ ਸੀ ਕਿ 1839 ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਮੋਇਆ ਤਾਂ ਸਾਵਣ ਮੱਲ ਦੀ ਵਿਰੋਧਤਾ ਹੋਣ ’ਤੇ ਵੀ ਉਸ ਨੂੰ ਮੁਲਤਾਨ ਦਾ ਪੱਕਾ ਸੂਬੇਦਾਰ ਬਣਾ ਦਿੱਤਾ ਗਿਆ। ਉਸਨੇ ਵਧੀਆ ਫ਼ੌਜ ਤਿਆਰ ਕੀਤੀ ਅਤੇ ਮੁਲਤਾਨ ਦੇ ਹਰ ਮਾਮਲੇ ਵਿਚ ਦਿਲਚਸਪੀ ਲਈ। ਉਸਨੇ ਵਾਹੀ ਬੀਜੀ ਲਈ ਤਿੰਨ ਸੌ ਕੋਹ ਲੰਬੀ ਨਹਿਰ ਦੀ ਖੁਦਵਾਈ ਕਰਵਾਈ ਅਤੇ ਵਾਹੀਕਾਰਾਂ ਦੀ ਸਹੂਲਤ ਲਈ ਕਈ ਸੌਖਾਂ ਦਿੱਤੀਆਂ।’
ਸਰ ਲੇਪਲ ਗਰੇਫ਼ਨ ਲਿਖਦਾ ਹੈ,‘ਸਾਵਣ ਮੱਲ ਦੀ ਹਾਕਮੀ ਉਹਦੇ ਤੋਂ ਪਹਿਲਾਂ ਹੋਏ ਉਨ੍ਹਾਂ ਸਾਰੇ ਹਾਕਮਾਂ ਤੋਂ ਢੇਰ ਚੰਗੀ ਸੀ ਜਿਨ੍ਹਾਂ ਦਾ ਮਕਸਦ ਸਿਰਫ਼ ਬਹੁਤੀ ਤੋਂ ਬਹੁਤੀ ਦੌਲਤ ਇਕੱਠੀ ਕਰਨਾ ਹੁੰਦਾ ਸੀ। ਉਸ ਦੇ ਸਮੇਂ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਅਤੇ ਜਾਨ ਮਾਲ ਦੀ ਰਖਵਾਲੀ ਜਿਹੀਆਂ ਗੱਲਾਂ ਉਤੇ ਇਸ ਲਈ ਜ਼ੋਰ ਦਿੱਤਾ ਜਾਂਦਾ ਸੀ ਕਿ ਇਸ ਤੋਂ ਬਿਨਾਂ ਆਮ ਆਦਮੀ ਖ਼ੁਸ਼ ਨਹੀਂ ਰਹਿ ਸਕਦਾ ਸੀ। ਵਾਹੀ-ਬੀਜੀ ਅਤੇ ਮਾਲ ਗੁਜ਼ਾਰੀ ਦੀ ਰਕਮ ਵਿਚ ਵਾਧਾ ਨਹੀਂ ਹੋ ਸਕਦਾ ਸੀ। ਉਹ ਧਾਰਮਕ ਰਸਮਾਂ ਅਦਾ ਕਰਦਾ ਸੀ। ਗ਼ਰੀਬਾਂ, ਮਸਕੀਨਾਂ ਅਤੇ ਬ੍ਰਾਹਮਣਾਂ ਨੂੰ ਗੁਜ਼ਾਰੇ ਲਈ ਰਕਮਾਂ ਦਿੰਦਾ ਸੀ।’
‘ਤਾਰੀਖ਼-ਏ-ਮੁਲਤਾਨ’ ਵਿਚ ਜ਼ੀਸ਼ਾਨ ਲਿਖਦਾ ਹੈ, ‘ਸਾਵਣ ਮੱਲ ਨੇ ਆਪਣੇ ਵੇਲੇ ਮੁਲਤਾਨ ਵਿਚ ਚੋਰੀ-ਚਕਾਰੀ, ਡਕੈਤੀ, ਬਦਮਾਸ਼ੀ ਅਤੇ ਬਦਕਾਰੀ ਦਾ ਬੀ ਮਾਰ ਕਰ ਛੱਡਿਆ ਸੀ। ਉਸ ਵੱਲੋਂ ਇਹ ਖੁੱਲ੍ਹ ਦਿੱਤੀ ਹੋਈ ਸੀ ਕਿ ਜਿਹੜਾ ਬੰਦਾ ਆਪਣੀ ਜਨਾਨੀ ਨੂੰ ਕਿਸੇ ਦੂਜੇ ਮਰਦ ਨਾਲ ਜ਼ਿਨਾਕਾਰੀ ਕਰਦਾ ਵੇਖੇ ਤਾਂ ਉਹਨੂੰ ਹੱਕ ਹੈ ਕਿ ਉਹ ਦੋਵਾਂ ਨੂੰ ਕਤਲ ਕਰ ਦੇਵੇ। ਬਦਕਾਰੀ ਨੂੰ ਰੋਕਣ ਲਈ ਉਸਨੇ ਜਵਾਨ ਹੁੰਦਿਆਂ ਸਾਰ ਹੀ ਕੁੜੀਆਂ ਦੇ ਵਿਆਹੁਣ ਦਾ ਹੁਕਮ ਦਿੱਤਾ ਹੋਇਆ ਸੀ।’
16 ਸਤੰਬਰ 1844 ਈਸਵੀ ਨੂੰ ਸਾਵਣ ਮੱਲ ਇਕ ਬਲੋਚ ਸਿਪਾਹੀ ਖ਼ੁਦਾ ਦਾਦ ਖ਼ਾਂ ਹੱਥੋਂ ਗੋਲੀ ਨਾਲ ਮਾਰਿਆ ਗਿਆ। ਸਾਵਣ ਮੱਲ ਦੇ ਲੋਕ ਹਿਤੈਸ਼ੀ ਕੰਮਾਂ ਕਰਕੇ ਹੀ ਇਹ ਅਖਾਣ ਪ੍ਰਚੱਲਤ ਹੋਈ ਜਿਸ ਵਿਚ ਲੋਕ ਵਿਰੋਧੀ ਸ਼ਕਤੀਆਂ ਲਈ ਸਿੱਧੀ ਵੰਗਾਰ ਸੀ ਕਿ ਉਹ ਮੁਲਤਾਨ ਦਾ ਇਲਾਕਾ ਛੱਡ ਕੇ ਤੁਰ ਜਾਣ ਜਾਂ ਸੁਧਰ ਜਾਣ।

ਸੰਪਰਕ: 98555-51359


Comments Off on ਉੱਡ ਭੰਬੀਰੀ ਸਾਵਣ ਆਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.