ਚੰਡੀਗੜ੍ਹ: ਜੂਨ ਦੇ ਅਖੀਰ ’ਚ ਸਕੂਲ ਖੋਲ੍ਹਣ ਦੀ ਤਿਆਰੀ !    ਪੱਛਮੀ ਬੰਗਾਲ ’ਚ ਪਹਿਲੀ ਜੂਨ ਤੋਂ ਧਾਰਮਿਕ ਸਥਾਨ ਖੋਲ੍ਹਣ ਦੀ ਇਜਾਜ਼ਤ !    ਗੈਂਗਸਟਰਾਂ ਨਾਲ ਟੱਕਰ ਲੈਣ ਵਾਲਾ ਬਣਾਇਆ ਏਐੱਸਆਈ !    ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ !    ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ’ਤੇ ਧਰਨਾ !    ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ !    ਇੰਡੀਆ ਦੀ ਥਾਂ ਭਾਰਤ ਜਾਂ ਹਿੰਦੁਸਤਾਨ: ਪਟੀਸ਼ਨ ’ਤੇ ਸੁਣਵਾਈ 2 ਜੂਨ ਨੂੰ !    ਫੀਸ ਮੰਗਣ ’ਤੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਪ੍ਰਦਰਸ਼ਨ !    ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ !    ਹੈਰੋਇਨ ਤਸਕਰੀ: ਚੀਤਾ ਦਾ ਮੁੜ ਪੁਲੀਸ ਰਿਮਾਂਡ, ਭਰਾ ਜੇਲ੍ਹ ਭੇਜਿਆ !    

ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ

Posted On March - 29 - 2020

ਡਾ. ਸ਼ਰਨਜੀਤ ਕੌਰ

ਇਕ ਪੁਸਤਕ – ਇਕ ਨਜ਼ਰ

ਪੰਜਾਬੀ ਸਾਹਿਤਕ ਵਿਧਾਵਾਂ ਵਿਚ ਵਿਧਾ ‘ਸ਼ਬਦ-ਚਿੱਤਰ’ ਤਾਂ ਬਹੁਤ ਲੇਖਕਾਂ ਨੇ ਲਿਖੇ ਹਨ, ਪਰ ‘ਕਾਵਿ-ਚਿੱਤਰ’ ਬਹੁਤ ਘੱਟ ਲਿਖੇ ਗਏ ਹਨ। ‘ਕੁਝ ਪਿਆਰੇ ਕੁਝ ਨਿਆਰੇ’ (ਕੀਮਤ: 150 ਰੁਪਏ; ਸਪਰੈੱਡ ਪਬਲੀਕੇਸ਼ਨ, ਪਟਿਆਲਾ) ਜਗਦੀਪ ਸਿੱਧੂ ਵੱਲੋਂ ਲਿਖਿਆ ਸ਼ਾਇਦ ਪਹਿਲਾ ‘ਕਾਵਿ-ਚਿੱਤਰ’ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਬਦ-ਚਿੱਤਰਾਂ ਵਾਂਗ ‘ਕਾਵਿ-ਚਿੱਤਰ’ ਉਨ੍ਹਾਂ ਲਈ ਹੀ ਲਿਖੇ ਜਾਂਦੇ ਹਨ ਜੋ ਵਿਅਕਤੀ ਵਿਸ਼ੇਸ਼ ਅਤੇ ਗੌਰਵਮਈ ਪ੍ਰਤਿਸ਼ਠਾ ਦੇ ਮਾਲਕ ਹੁੰਦੇ ਹਨ। ਫਿਰ ‘ਕਾਵਿ-ਚਿੱਤਰ’ ਉਨ੍ਹਾਂ ਲਈ ਹੀ ਲਿਖੇ ਜਾਂਦੇ ਹਨ ਜੋ ਤੁਹਾਡੇ ਨੇੜੇ ਹੋਣ, ਤੁਹਾਡੇ ਅੰਦਰ ਵਸੇ ਹੋਣ। ਕਈ ਵਾਰ ਤਤਕਾਲੀ ਸਬੱਬ ਬਣਨ ’ਤੇ ਵੀ ‘ਕਾਵਿ-ਚਿੱਤਰ’ ਲਿਖੇ ਜਾਂਦੇ ਹਨ।
ਅਜੋਕਾ ਸਮਾਂ ਸੂਚਨਾ ਤਕਨਾਲੋਜੀ ਦਾ ਹੈ। ਚਾਰੇ ਪਾਸੇ ਕਿੰਤੂ-ਪ੍ਰੰਤੂ, ਸ਼ੰਕਾ ਹੈ। ਮਖੌਟਾ ਪਹਿਨੀ ਸਾਰੀ ਦੁਨੀਆਂ ਘੁੰਮ ਰਹੀ ਹੈ। ਅਜਿਹੇ ਸਮੇਂ ਕਿਸੇ ਦਾ ਵੀ ‘ਕਾਵਿ-ਚਿੱਤਰ’ ਉਲੀਕਣਾ ਔਖਾ ਕਾਰਜ ਹੈ। ਹੋ ਸਕਦਾ ਹੈ ਕਿ ਜਦੋਂ ਮਨੁੱਖ ਦੂਜੇ ਦੀ ਗੱਲ ਗੌਲਦਾ ਹੈ ਤਾਂ ਜਿਵੇਂ ਕੁਝ ਆਪਣਾ ਵੀ ਓਹਲੇ ਜਿਹੇ ’ਚ ਰੱਖ ਬਿਆਨਦਾ ਹੋਵੇ। ‘ਕਾਵਿ-ਚਿੱਤਰਾਂ’ ਵਿਚ ਚਿੰਨ੍ਹਾਂ ਤੇ ਬਿੰਬਾਂ ਰਾਹੀਂ ਵੇਰਵਾ ਰੂਪਾਂਤ੍ਰਿਤ ਕੀਤਾ ਜਾਂਦਾ ਹੈ। ਕਈ ਥਾਵਾਂ ’ਤੇ ਕਾਵਿ ਬਿੰਬਾਂ ਨਾਲ ਪੰਜਾਬੀ ਮੁਹਾਵਰਾ ਵੀ ਆਪਣਾ ਅਸਰ ਵਧਾਉਂਦਾ ਹੈ। ‘ਕਾਵਿ-ਚਿੱਤਰ’ ਬਿੰਬਾਂ, ਪ੍ਰਤੀਕਾਂ ਸੰਗ ਚਿੱਤਰਾਂ ਨੂੰ ਆਨੰਦਮਈ ਬਣਾਉਂਦਾ ਹੈ। ‘ਕਾਵਿ-ਚਿੱਤਰ’ ਦੀ ਇਕ ਹੋਰ ਖ਼ੂਬੀ ਇਹ ਹੈ ਕਿ ਕਈ ਥਾਈਂ ਵਿਰੋਧਾਭਾਸ ਰਾਹੀਂ ਵਿਕ੍ਰੋਕਤੀ ਆਪਣਾ ਪ੍ਰਵਚਨ ਦ੍ਰਿਸ਼ਟਾਂਤਮਕ ਕਰਦੀ ਕਿਸੇ ਵੀ ਸੋਚਣੀ ਨੂੰ ਹੋਰ ਅਸਰਦਾਇਕ ਬਣਾਉਂਦੀ ਹੈ। ‘ਕੁਝ ਪਿਆਰੇ ਕੁਝ ਨਿਆਰੇ’ ਪੁਸਤਕ ਵਿਚ ਜਗਦੀਪ ਸਿੱਧੂ ਨੇ ਕੁੱਲ ਸਤਾਰਾਂ ਕਾਵਿ-ਚਿੱਤਰ ਚਿਤਰੇ ਹਨ। ਹਰ ਕਾਵਿ-ਚਿੱਤਰ ਆਪਣੇ ਆਪ ਵਿਚ ਪੂਰਾ ਦ੍ਰਿਸ਼ ਪੇਸ਼ ਕਰਦਾ ਫ਼ਿਲਮ ਵਾਂਗ ਅੱਖਾਂ ਅੱਗੋਂ ਵਿਚਰਦਾ ਹੈ।
ਡਾ. ਸੁਰਜੀਤ ਪਾਤਰ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਵੱਡਾ ਥੰਮ੍ਹ ਹੈ ਜਿਸ ਲਈ ਬਹੁਤ ਲਿਖਿਆ ਜਾ ਸਕਦਾ ਸੀ। ਸੱਚਾ ਤੇ ਪੱਕਾ ਸੁਰ- ਸੁਰਜੀਤ ਪਾਤਰ ਦੇ ਕਾਵਿ-ਚਿੱਤਰ ਵਿਚ ਉਸ ਦੇ ਬਚਪਨ ਤੋਂ ਗੱਲ ਤੋਰਦਾ ਹੈ ਤੇ ਅੱਗੇ ਲਿਖਦਾ ਹੈ:
ਸਮਾਂ ਲੰਘਦਾ ਗਿਆ
ਸਮਾਂ ਬਦਲਦਾ ਗਿਆ
ਪੱਤੜ ਤੋਂ ਪਾਤਰ ਬਣ ਗਿਆ
ਤਿਆਰ ਸੀ- ਨਵੇਂ ਕਿਰਦਾਰ ਲਈ
ਫਿਰ ਉਸ ਦਾ ਕਹਿਣਾ ਹੈ ਕਿ ਪੰਜਾਬੀ ਕਵਿਤਾ ਵਿਚ ਉਸ ਦੀ ਥਾਂ ਸਦਾ ਰਹੇਗੀ। ਜੇ ਗਹੁ ਨਾਲ ਸੋਚਿਆ ਜਾਵੇ ਤਾਂ ਇਕ ਤਰ੍ਹਾਂ ਇਹ ਕਾਵਿ-ਚਿੱਤਰ ਸਾਡਾ ਵਿਰਸਾ ਹੁੰਦੇ ਹਨ। ਵਿਰਸੇ ਨੂੰ ਮੁੱਲਵਾਨ ਬਣਾਉਣ ਲਈ ਲੇਖਕ ਆਪਣਾ ਨਿਰਸਵਾਰਥ ਯੋਗਦਾਨ ਪਾਉਂਦੇ ਹਨ।
ਦਰਅਸਲ, ਅਜਿਹੇ ਕਾਵਿ-ਚਿੱਤਰ ਸਾਹਿਤ ਵਿਚ ਨਵੀਆਂ ਪੈੜਾਂ ਪਾਉਂਦੇ ਹਨ। ਮੋਹਨਜੀਤ ਦਾ ਕਾਵਿ-ਚਿੱਤਰ ਲਿਖਦਿਆਂ ਜਗਦੀਪ ਸਿੱਧੂ ਉਸ ਨੂੰ ‘ਖੁੱਲ੍ਹੀ ਕਵਿਤਾ ਦਾ ਵੱਡਾ ਕਵੀ’ ਆਖਦਾ ਹੈ। ਉਸ ਦਾ ਜੱਦੀ ਪਿੰਡ ਅਦਲੀਵਾਲਾ ਹੈ ਅੰਮ੍ਰਿਤਸਰ ਦੇ ਹਵਾਈ ਅੱਡੇ ਨੇੜੇ। ਉਸ ਦੇ ਨਾਂ ਦੀ ਗੱਲ ਕਰਦਾ ਉਹ ਲਿਖਦਾ ਹੈ:
ਮੋਹਨਜੀਤ ਨਾਲੋਂ- ਸਿੰਘ ਸ਼ਾਇਦ ਕਿਧਰੇ
ਸੰਤਾਲੀਆਂ ਚੁਰਾਸੀਆਂ ਵੇਲੇ- ਧਰਮ ਦੀ
ਵੱਢ-ਟੁੱਕ ਵਿਚ ਨਾਲੋਂ ਲਹਿ ਗਿਆ
ਦਰਸ਼ਨ ਬੁੱਟਰ ਦਾ ਕਾਵਿ-ਚਿੱਤਰ ਲਿਖਦਾ ਉਸ ਨੂੰ ‘ਇਕ ਸਤਰਾ ਖ਼ਤ’ ਆਖਦਾ ਹੈ, ਪਤਾ ਨਹੀਂ ਕਿਉਂ? ਇਸ ਦਾ ਉਹ ਜ਼ਿਕਰ ਨਹੀਂ ਕਰਦਾ। ਉਂਜ, ਖ਼ੂਬਸੂਰਤ ਸਤਰਾਂ ਹਨ:
ਉਹਨੂੰ- ਜਿੰਨੀਆਂ ਲੋਈਆਂ ਮਿਲਦੀਆਂ ਗਈਆਂ
ਉਹ- ਓਨਾ ਨਿੱਘਾ ਹੁੰਦਾ ਗਿਆ
ਬਾਈ ਕਵਿਤਾ ਉਤਸਵ- ਕਰਵਾਏ- ਸਿਰਫ਼
ਭਾਈ-ਬੰਦੀਆਂ ਨੂੰ-
ਸਟੇਜ ’ਤੇ ਚਾੜ੍ਹਣ ਨਾਲ- ਕਾਮਯਾਬ ਤਾਂ ਨਹੀਂ ਹੋਏ
ਕਾਵਿ-ਚਿੱਤਰ ਵਿਚ ਕਿਸੇ ਸ਼ਖ਼ਸੀਅਤ ਦੀ ਹੂ-ਬ-ਹੂ ਤਸਵੀਰ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਗੱਲ ਕਾਵਿ-ਚਿੱਤਰ ਰਾਹੀਂ ਸਪਸ਼ਟ ਹੋਵੇ। ਗੁਰਪ੍ਰੀਤ ਦੇ ਕਾਵਿ-ਚਿੱਤਰ ਵਿਚ ਲੇਖਕ, ਉਸ ਨੂੰ ਸੂਖ਼ਮ ਚਿਤ, ਸਿਆਣਾ ਕਵੀ ਕਹਿੰਦਾ ਹੈ।
ਸੁਖਵਿੰਦਰ ਅੰਮ੍ਰਿਤ ਨੂੰ ਉਹ ‘ਵਲਗਣ ਤੋਂ ਬਾਹਰ ਝਾਕਦੀ ਹਸਰਤ’ ਆਖਦਾ ਹੈ। ਉਹ ਲਿਖਦਾ ਹੈ:
ਪਰ- ਕੱਲ੍ਹੀ ਸ਼ਾਇਰਾ- ਜਿਹਨੂੰ
ਸੁਣਨ ਲੋਕ ਦੂਰੋਂ ਦੂਰੋਂ ਆਉਂਦੇ ਨੇ
ਤਾੜੀਆਂ- ਉਹਨੂੰ ਇਉਂ ਲੱਗਦੀਆਂ ਨੇ- ਜਿਵੇਂ
ਸਰੋਤਿਆਂ ਨੇ- ਉਹਦੇ ਦੁੱਖਾਂ ਨੂੰ-
ਹੱਥਾਂ ’ਚ ਲੈ ਕੇ ਕੁੱਟ ਦਿੱਤਾ ਹੋਵੇ
ਉਸ ਦੇ ਦੁੱਖ ਕਿਹੜੇ ਸਨ? ਜੇ ਇਨ੍ਹਾਂ ਦਾ ਵੇਰਵਾ ਲੇਖਕ ਦਿੰਦਾ ਤਾਂ ਕਾਵਿ-ਚਿੱਤਰ ਭਰਪੂਰ ਪ੍ਰਗੀਤਕ ਚਿੱਤਰ ਪੇਸ਼ ਕਰ ਜਾਂਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦੀ ਕਵਿਤਾ ਕਲਾਤਮਿਕ ਬਿੰਬਾਂ ਸੰਗ ਨਵੀਆਂ ਸੋਚਾਂ ਦੀ ਤਰਜਮਾਨੀ ਕਰਦੀ ਅਜੋਕੀ ਚਰਚਾ ਅਧੀਨ ਕਵਿਤਾ ਦਾ ਮੂਲ ਮਨੋਰਥ ਨਿਰਧਾਰਤ ਕਰਦੀ ਹੈ।
ਸੁਸ਼ੀਲ ਦੁਸਾਂਝ ਨੂੰ ਉਹ ਸ਼ਿਵਾਲਕ ਦਾ ਰਿਸ਼ੀ ਆਖਦਾ ਹੈ, ਕਿਉਂ ਜੁ ਉਹ ਸ਼ਿਵਾਲਕ ਸਿਟੀ ਦੀ ਉਪਰਲੀ ਮੰਜ਼ਿਲ ’ਤੇ ਰਹਿੰਦਾ ਹੈ। ਉਸ ਲਈ ਉਹ ਇਉਂ ਲਿਖਦਾ ਹੈ:
ਕੋਈ ਗੱਲ ਬਣੀ ਨਹੀਂ ਲਗਦੀ-
ਨਿੱਕਰ ਬਣੈਣ ਪਾਈ- ਸਵੇਰ ਤੋਂ
ਕੰਪਿਊਟਰ ਅੱਗੇ-ਦੌੜ- ਆਪਣੇ ਨਾਲ ਹੀ
‘ਹੁਣ’ ਲਈ- ਕੱਲ੍ਹ ਦਾ ਫ਼ਿਕਰ
‘ਆਪਣੇ ਨਾਂ ਜਿਹਾ- ਜਗਵਿੰਦਰ ਜੋਧਾ’ ਪਰ ਕਿਵੇਂ? ਇਹ ਕਿਤੇ ਨਹੀਂ ਲਿਖਦਾ। ਜਗਵਿੰਦਰ ਜੋਧਾ ਵਿਸ਼ੇਸ਼ ਵਿਅਕਤੀ ਹੈ। ਉਸ ਕੋਲ ਲਿਖਣ ਲਈ ਬਹੁਤ ਕੁਝ ਹੈ। ਉਸ ਲਈ ਜਗਦੀਪ ਸਿੱਧੂ ਕਾਵਿ-ਚਿੱਤਰ ਇਉਂ ਲਿਖਦਾ ਹੈ:
ਇਹ- ਉਹ ਹੈ- ਜਿਹੜਾ ਕਹਿੰਦਾ
ਗੰਨਾ ਨਹੀਂ- ਭੇਲੀ ਲੈ ਜਾਵੀਂ
ਇਹਦਾ ਮਤਲਬ- ਇਹ ਨਹੀਂ
ਕਿ ਇਹ ਜੱਟ ਬੂਟ ਹੈ- ਇਹ- ਕੰਮ ਨੂੰ
ਉਹਦੀ ਸੰਪੂਰਨਤਾ ਤਕ- ਲੈ ਕੇ ਜਾਣਾ ਚਾਹਵੇ
ਇਕ ਮਜ਼ਦੂਰ ਪਿਤਾ ਦਾ ਪੁੱਤਰ- ਸ਼ਮਸ਼ੇਰ ਮੋਹੀ ਦਾ ਕਾਵਿ-ਚਿੱਤਰ ਜਿਵੇਂ ਉਸ ਨੇ ਪੂਰੇ ਮਨੋਂ ਲਿਖਿਆ ਹੈ ਕਿ ਮੋਹੀ ਕਿਸੇ ਨਾਲ ਈਰਖ਼ਾ ਨਫ਼ਰਤ ਨਹੀਂ ਕਰਦਾ। ਉਸ ਬਾਰੇ ਲਿਖਦਾ ਹੈ:
ਲੋਕ ਪੱਖੀ ਚੇਤਨਾ- ਸੰਘਰਸ਼ ਦੀਆਂ ਪੈੜਾਂ
ਇਸਦੀ ਸ਼ਾਇਰੀ ਵਿਚ- ਨਜ਼ਰੀਂ ਪੈਂਦੀਆਂ- ਤੇ
ਉਂਗਲੀ ਨਾਲ ਲਿਖਿਆ ਵੀ ਦਿਸਦਾ- ਤੂੰ ਰੇਤੇ ’ਤੇ ਉਂਗਲੀ ਨਾਲ
ਜੋ ਸੀ ਕਿ ਲਿਖਿਆ ਮੇਰੇ ਸਾਹਵੇਂ-
ਉਹ ਮੁੱਦਤ ਬਾਅਦ ਵੀ
ਮੈਥੋਂ ਨਹੀਂ ਦਿਲ ਤੋਂ ਮਿਟਾ ਹੁੰਦਾ।
ਵਿਨਸੈਂਟ ਵਾਨ ਗਾਗ, ਜਰਨੈਲ ਸਿੰਘ- ਅਬਨਿੰਦਰ ਗਰੇਵਾਲ, ਗੁਰਪ੍ਰੀਤ, ਅੰਮ੍ਰਿਤਪਾਲ, ਰਾਮ ਸਿੰਘ ਚਾਹਲ ਤੇ ਨਰੇਸ਼ ਸਕਸੈਨਾ ਦੇ ਕਾਵਿ-ਚਿੱਤਰ ਵੀ ਠੀਕ ਹਨ। ਕਾਵਿ-ਚਿੱਤਰ ਸੁਰ-ਤਾਲ-ਲੈਅ ਵਿਚ ਹੋਵੇ ਤਾਂ ਉਸ ਦੀ ਖ਼ੂਬਸੂਰਤੀ ਵੱਡਾ ਰੰਗ ਲਿਆ ਸਕਦੀ ਹੈ। ਉਸ ਵਿਚ ਪਾਠਕਾਂ ਨੂੰ ਝੰਜੋੜਨ ਵਾਲੀਆਂ ਤੇ ਅਜੀਬ ਤਲਿਸਮੀ ਸੋਚ ਵਿਚਾਰ ਹੋਣਾ ਜ਼ਰੂਰੀ ਹੈ। ‘ਕੁਝ ਨਿਆਰੇ ਕੁਝ ਪਿਆਰੇ’ ਦੇ ਕਾਵਿ-ਚਿੱਤਰਾਂ ਵਿਚ ਜਗਦੀਪ ਸਿੱਧੂ ਦੇ ਚੁਣੇ ਸਿਰਲੇਖ ਕਾਬਲੇ-ਤਾਰੀਫ਼ ਹਨ ਜਿਵੇਂ: ਕਮਜ਼ੋਰ ਟਾਹਣੀ ਦਾ ਫੁੱਲ, ਫੁਟਬਾਲ ਦਾ ਜਰਨੈਲ, ਬੁੱਤਾਂ ਵਿਚ ਰੂਹ ਭਰਨ ਵਾਲਾ ਸੁਪਨਸਾਜ਼, ਇਕ ਸੀ ਅੰਮ੍ਰਿਤਪਾਲ, ਕਵਿਤਾ ਦਾ ਬੀਜ, ਕਵਿਤਾ ਦਾ ਨਰੇਸ਼, ਤ੍ਰੇਲ ਦਾ ਮੋਤੀ, ਸੱਚਾ ਤੇ ਪੱਕਾ ਸੁਰ, ਇਕ ਸਤਰਾ ਖ਼ਤ, ਅਣਵੇਖੇ ਰਾਹਾਂ ਦਾ ਪਾਂਧੀ, ਸ਼ਿਅਰ ਦਾ ਇਕ ਮਿਸਰਾ, ਆਪਣੀ ਤੋਰ ਆਪਣਾ ਰਾਹ, ਕਵਿਤਾ ਦੀ ਵੱਖਰੀ ਪੈੜ, ਕੰਕਰੀਟ ਵਿਚ ਉੱਗਿਆ ਫੁੱਲ।
ਬਲਵਿੰਦਰ ਸੰਧੂ ਲਈ ਉਹ ਇਉਂ ਕਾਵਿ-ਚਿੱਤਰ ਬਣਾਉਂਦਾ ਹੈ:
ਉਹ ਪੰਜਾਬੀ ਦਾ ਕਵੀ ਹੈ- ਵਿਦਿਆਰਥੀਆਂ ਨੂੰ- ਮਾਇਨੇ ਦੱਸਦਾ ਅੰਗਰੇਜ਼ੀ ਵਿਚੋਂ ਵੀ – ਪੰਜਾਬੀ – ਕੱਢ ਲੈਂਦਾ।
ਜਗਦੀਪ ਸਿੱਧੂ ਦੀ ਪੁਸਤਕ ‘ਕੁਝ ਪਿਆਰੇ ਕੁਝ ਨਿਆਰੇ’ ਨੂੰ ਪ੍ਰਗੀਤਕ ਤੌਰ ’ਤੇ ਪੜ੍ਹ ਸਕਦੇ ਹਾਂ। ਇਸ ਨੂੰ ਖੁੱਲ੍ਹੀ ਕਵਿਤਾ ਦੇ ਨਾਲ, ਅ-ਕਵਿਤਾ ਕਹਿੰਦਿਆਂ, ਕਾਵਿਕ ਵਾਰਤਕ ਵੀ ਕਿਹਾ ਜਾ ਸਕਦਾ ਹੈ। ਕਾਵਿ-ਚਿੱਤਰ ਸਿੱਧੀ ਸਾਦੀ ਭਾਸ਼ਾ ਵਿਚ ਤਾਂ ਹਨ, ਪਰ ਕਿਤੇ-ਕਿਤੇ ਅਸਪਸ਼ਟਤਾ ਨਜ਼ਰੀਂ ਪੈਂਦੀ ਹੈ।

ਸੰਪਰਕ: 98556-06432


Comments Off on ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.