ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਇਕ ਬਾਤ ਕਰਤਾਰੋ ਪਾਵੇ…

Posted On March - 7 - 2020

ਸੁਖਦੇਵ ਮਾਦਪੁਰੀ

ਕਿਸੇ ਸਥੂਲ ਜਾਂ ਅਸਥੂਲ ਵਸਤੂ ਦੇ ਸਮੁੱਚੇ ਆਕਾਰ, ਕਿਰਦਾਰ, ਵਿਹਾਰ ਅਤੇ ਸੁਭਾਅ ਨੂੰ ਸਰਲ ਅਤੇ ਸਾਦੇ ਸ਼ਬਦਾਂ ਵਿਚ ਉਲੀਕੇ ਸ਼ਬਦ ਚਿੱਤਰ ਨੂੰ ਬੁਝਾਰਤ ਆਖਦੇ ਹਨ। ਬੁਝਾਰਤ ਵਿਚ ਵਸਤੂ ਦਾ ਨਾਂ ਲੁਪਤ ਹੁੰਦਾ ਹੈ। ਲੁਪਤ ਵਸਤੂ ਨੂੰ ਬੁੱਝਣਾ ਹੀ ਬੁੱਝਣ ਵਾਲੇ ਦੀ ਬੁੱਧੀ ਪ੍ਰੀਖਿਆ ਦੀ ਕਸੌਟੀ ਹੈ। ਪੰਜਾਬੀ ਵਿਚ ਬੁਝਾਰਤਾਂ ਨੂੰ ਬੁੱਝਣ ਵਾਲੀਆਂ ਬਾਤਾਂ, ਬਤੌਲੀ, ਬੁਝੱਕਾ, ਮੁਦਾਵਣੀ ਤੇ ਪਹੇਲੀ ਵੀ ਕਹਿੰਦੇ ਹਨ। ਪੰਜਾਬ ਖੇਤੀ ਪ੍ਰਧਾਨ ਪ੍ਰਾਂਤ ਹੋਣ ਕਰਕੇ ਪੰਜਾਬੀ ਲੋਕ ਸਾਹਿਤ ਅਸਲ ਵਿਚ ਕਿਸਾਨੀ ਲੋਕ ਸਾਹਿਤ ਹੀ ਹੈ। ਬੁਝਾਰਤਾਂ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹਨ। ਪੁਰਾਤਨ ਸਮੇਂ ਤੋਂ ਹੀ ਕਿਸਾਨਾਂ ਵਿਚ ਆਥਣ ਸਮੇਂ ਰੋਟੀ ਟੁੱਕ ਦੇ ਆਹਰ ਮਗਰੋਂ ਬਾਤਾਂ ਪਾਉਣ ਅਤੇ ਬਾਤਾਂ ਬੁੱਝਣ ਦੀ ਪਰੰਪਰਾ ਰਹੀ ਹੈ ਜਿਸ ਸਦਕਾ ਪਰਿਵਾਰ ਦੇ ਸਮੂਹ ਮੈਂਬਰ ਕਿਸਾਨੀ ਜੀਵਨ ਤੇ ਖੇਤੀ ਦੇ ਮੁੱਢਲੇ ਕਿੱਤੇ ਨਾਲ ਜੁੜ ਜਾਂਦੇ ਹਨ।
ਜਦੋਂ ਬੁਝਾਰਤਾਂ ਪਾਉਣ ਦਾ ਅਖਾੜਾ ਜੰਮਦਾ ਹੈ ਤਾਂ ਕਿਸਾਨ ਦਾ ਪਰਿਵਾਰ ਸਮੁੱਚੇ ਰੂਪ ਵਿਚ ਜੁੜ ਕੇ ਬੈਠ ਜਾਂਦਾ ਹੈ। ਉਹ ਆਪਣੀਆਂ ਫ਼ਸਲਾਂ, ਪਸ਼ੂਆਂ ਅਤੇ ਖੇਤੀਬਾੜੀ ਦੇ ਸੰਦਾਂ ਨੂੰ ਵਧੇਰੇ ਕਰਕੇ ਬੁਝਾਰਤਾਂ ਦਾ ਵਿਸ਼ਾ ਬਣਾਉਂਦੇ। ਦਿਨੇ ਕਪਾਹ ਚੁਗ ਕੇ ਥੱਕੀਆਂ ਹੋਈਆਂ ਸੁਆਣੀਆਂ ਰਾਤੀਂ ਇਸ ਬਾਰੇ ਬੁਝਾਰਤਾਂ ਪਾ ਕੇ ਆਪਣਾ ਥਕੇਵਾਂ ਲਾਹੁੰਦੀਆਂ:
ਮਾਂ ਜੰਮੀ ਪਹਿਲਾਂ ਬਾਪੂ ਜੰਮਿਆ ਪਿੱਛੋਂ
ਬਾਪੂ ਨੇ ਅੱਖ ਮਟਕਾਈ ਵਿਚੋਂ ਦਾਦੀ ਨਿਕਲ ਆਈ।
ਉਪਰੋਕਤ ਬੁਝਾਰਤ ਸੁਣ ਕੇ ਚਾਰੇ ਬੰਨੇ ਹਾਸਾ ਛਣਕ ਪੈਂਦਾ। ਕੋਈ ਸੂਝਵਾਨ ਸਰੋਤਾ ਹੀ ਬੜੇਵੇਂ ਦੇ ਬੀਜਣ ਤੋਂ ਲੈ ਕੇ ਕਪਾਹ ਖਿੜਨ ਤੀਕਰ ਦੀ ਕਹਾਣੀ ਦੱਸ ਕੇ ਉੱਤਰ ਦਿੰਦਾ। ਬੁਝਾਰਤ ਅੱਗੇ ਤੁਰਦੀ ਹੈ:
ਬੀਜੇ ਰੋੜ ਜੰਮੇ ਝਾੜ, ਲੱਗੇ ਨੇਂਬੂ, ਖਿੜੇ ਅਨਾਰ
ਕਪਾਹ ਦਾ ਵਰਣਨ ਸੁਣ ਕੇ ਕਿਸੇ ਚੋਗੀ ਦੀਆਂ ਅੱਖਾਂ ਅੱਗੇ ਖਿੜੀ ਹੋਈ ਕਪਾਹ ਦੇ ਖੇਤ ਦਾ ਨਜ਼ਾਰਾ ਅਤੇ ਚੁਗੇ ਜਾਣ ਮਗਰੋਂ ਖੇਤ ਦੀ ਤਰਸਯੋਗ ਹਾਲਤ ਆ ਲਟਕਦੀ ਹੈ:
ਆੜ ਭਮਾੜ ਮੇਰੀ ਮਾਸੀ ਵਸਦੀ
ਜਦ ਮੈਂ ਜਾਵਾਂ ਖਿੜ-ਖਿੜ ਹੱਸਦੀ
ਜਦ ਮੈਂ ਆਵਾਂ ਰੋ-ਰੋ ਮਰਦੀ
ਜਿੱਥੇ ਕਪਾਹ ਦਾ ਜ਼ਿਕਰ ਆਉਂਦਾ ਹੈ, ਉੱਥੇ ਕਪਾਹ ਦੇ ਜਨਮ ਦਾਤੇ ਬੜੇਵੇਂ ਦੀ ਦੁਰਦਸ਼ਾ ਹਾਸਾ ਉਪਜਾਉਣ ਵਿਚ ਕੋਈ ਕਸਰ ਨਹੀਂ ਛੱਡਦੀ:
ਦਖਾਣੀਂ ਲੁਹਾਰੀਂ ਸੰਦ ਮਿਲੇ, ਮਿਲੇ ਜੱਫੀਆਂ ਪਾ ਕੇ
ਖੋਹ ਦਾੜ੍ਹੀ ਪੱਟ ਮੁੱਛਾਂ, ਛੱਡ ਨੰਗ ਬਣਾ ਕੇ
ਕਿਸੇ ਬੁੱਝਣ ਵਾਲੇ ਦੀਆਂ ਅੱਖਾਂ ਅੱਗੇ ਮੱਕੀ ਦੇ ਲਹਿਰਾਉਂਦੇ ਖੇਤਾਂ ਦਾ ਨਜ਼ਾਰਾ ਵਿਖਾਈ ਦੇ ਜਾਂਦਾ ਹੈ। ਛੱਲੀ ਬਾਰੇ ਬੁਝਾਰਤਾਂ ਪਾਈਆਂ ਜਾਂਦੀਆਂ ਹਨ:
ਹਰੀ ਸੀ ਮਨ ਭਰੀ ਸੀ ਲਾਲ ਮੋਤੀਆਂ ਜੜੀ ਸੀ
ਬਾਬਾ ਜੀ ਦੇ ਖੇਤ ਵਿਚ ਦੁਸ਼ਾਲਾ ਲਈ ਖੜ੍ਹੀ ਸੀ
ਮੱਕੀ ਦਾ ਨਾਂ ਸੁਣ ਕੇ ਕਿਸੇ ਨੂੰ ਕਣਕ ਦਾ ਦਾਣਾ ਯਾਦ ਆ ਜਾਂਦਾ ਹੈ:
ਇਕ ਕੁੜੀ ਦੇ ਢਿੱਡ ’ਚ ਤੇੜ
ਛੋਲਿਆਂ ਦੇ ਬੂਟੇ ਨੂੰ ਭਲਾ ਕੌਣ ਭੁੱਲ ਸਕਦਾ ਹੈ:
ਅੰਬ ਦੀ ਜੜ ਵਿਚ ਨਿੰਬੂ ਜੰਮਿਆ ਪੱਤੋ ਪੱਤ ਖੱਟਿਆਈ
ਬਹੂ ਆਈ ਤੇ ਸਹੁਰਾ ਜੰਮਿਆ ਪੋਤੇ ਦੇਣ ਵਧਾਈ
ਗੰਨਿਆਂ ਦੀ ਸ਼ੌਕੀਨ ਆਪਣੀ ਮਨ ਪਸੰਦ ਬਾਰੇ ਬੁਝਾਰਤ ਪਾ ਦਿੰਦੀ ਹੈ:
ਇਕ ਬਾਤ ਕਰਤਾਰੋ ਪਾਵੇ ਸੁਣ ਵੇ ਭਾਈ ਹਕੀਮਾਂ
ਲੱਕੜੀਆਂ ’ਚੋਂ ਪਾਣੀ ਕੱਢਾਂ ਚੁੱਕ ਬਣਾਵਾਂ ਢੀਮਾਂ
ਮਿੱਠੇ ਗੰਨੇ ਨਾਲ ਕੌੜੀ ਮਿਰਚ ਨੂੰ ਵੀ ਲੋਕ ਅਖਾੜੇ ਵਿਚ ਲਿਆ ਖੜ੍ਹਾ ਕਰਦੇ ਹਨ:
ਹਰੀ ਹਰੀ, ਲਾਲ ਲਾਲ ਮੀਆਂ ਕਰੇ/ਹਾਲ-ਹਾਲ
ਬਤਾਊਂ ਵੀ ਤਾਂ ਮਿਰਚਾਂ ਦੇ ਸਾਥੀ ਹੀ ਹਨ:
ਕਾਲਾ ਸੀ ਕਲੱਤਰ ਸੀ ਕਾਲੇ ਪਿਉ ਦਾ ਪੁੱਤਰ ਸੀ
ਬਾਹਰੋਂ ਆਏ ਦੋ ਮਲੰਗ/ਹਰੀਆਂ ਟੋਪੀਆਂ ਨੀਲੇ ਰੰਗ
ਗਾਜਰਾਂ ਮੂਲੀਆਂ ਬਾਰੇ ਵੀ ਬਾਤਾਂ ਪਾਈਆਂ ਜਾਂਦੀਆਂ ਹਨ:
ਵੇਖੋ ਯਾਰੋ ਰੰਨ ਦੀ ਅੜੀ
ਸਿਰ ਮੁਨਾਕੇ ਚੌਕੇ ਚੜ੍ਹੀ
ਖ਼ਰਬੂਜਿਆਂ ਦੇ ਸ਼ੌਕੀਨ ਨੂੰ ਉਹ ਵਿਅਕਤੀ ਚੰਗਾ ਨਹੀਂ ਲੱਗਦਾ ਜਿਹੜਾ ਖ਼ਰਬੂਜਿਆਂ ਬਾਰੇ ਗਿਆਨ ਨਾ ਰੱਖਦਾ ਹੋਵੇ:
ਗੋਲ ਮੋਲ ਝੱਕਰੀ, ਉੱਤੇ ਪੀਲਾ ਰੰਗ
ਜਿਹੜਾ ਮੇਰੀ ਬਾਤ ਨ੍ਹੀਂ ਬੁੱਝੂ
ਉਹਦਾ ਪਿਓ ਨੰਗ
ਮੂੰਗਫਲੀ ਦੀ ਗੱਠੀ ਦੀ ਗਿਰੀ ਕਿਸੇ ਨੂੰ ਗੁਲਾਬੋ ਜੱਟੀ ਦਾ ਭੁਲੇਖਾ ਪਾ ਜਾਂਦੀ ਹੈ:
ਨਿੱਕੀ ਜੇਹੀ ਹੱਟੀ/ਵਿਚ ਬੈਠੀ ਗੁਲਾਬੋ ਜੱਟੀ
ਕਰੀਰਾਂ ਅਤੇ ਬੇਰੀਆਂ ਦੇ ਦਰੱਖਤਾਂ ਬਾਰੇ ਵੀ ਪਾਲੀ ਬੁਝਾਰਤਾਂ ਸਿਰਜ ਲੈਂਦੇ ਹਨ:
ਹਰਾ ਫੁੱਲ ਮੁੱਖ ਕੇਸਰੀ/ ਬਿਨਾਂ ਪੱਤਾਂ ਦੇ ਛਾਂ
ਰਾਜਾ ਪੁੱਛੇ ਰਾਣੀ ਨੂੰ/ ਕੀ ਬ੍ਰਿਛ ਦਾ ਨਾਂ
ਬੇਰੀਆਂ ਨੂੰ ਬੂਰ ਪੈਣ ਸਮੇਂ ਮੋਤੀਆਂ ਦਾ ਭੁਲੇਖਾ ਪੈਂਦਾ ਹੈ, ਪਰ ਹਵਾ ਦਾ ਬੁੱਲਾ ਮੋਤੀ ਝਾੜ ਦਿੰਦਾ ਹੈ:
ਬਾਤ ਪਾਵਾਂ ਬਤੌਲੀ ਪਾਵਾਂ ਬਾਤ ਨੂੰ ਲਾਵਾਂ ਮੋਤੀ
ਸਾਰੇ ਮੋਤੀ ਝੜ ਗਏ ਸ਼ਾਖ ਰਹੀ ਖੜ੍ਹੀ ਖੜੋਤੀ
ਬੇਰੀਆਂ ਨੂੰ ਲਾਲ ਸੂਹੇ ਬੇਰ ਲੱਗਣ ਤੇ ਸਾਰਾ ਜਹਾਨ ਇੱਟਾਂ ਪੱਥਰ ਲੈ ਇਨ੍ਹਾਂ ਦੇ ਪੇਸ਼ ਪੈ ਜਾਂਦਾ ਹੈ:
ਹਰੀ ਸੀ ਮਨ ਭਰੀ ਸੀ ਬਾਵਾ ਜੀ ਦੇ ਖੇਤ ਵਿਚ
ਦੁਸ਼ਾਲਾ ਲਈ ਖੜ੍ਹੀ ਸੀ ਜਦ ਤੋਂ ਪਹਿਨਿਆਂ ਸੂਹਾ ਬਾਣਾ
ਜੱਗ ਨ੍ਹੀਂ ਛੱਡਦਾ ਬੱਚੇ ਖਾਣਾ
ਫ਼ਲਾਂ ਦੇ ਰੁੱਖਾਂ ਵਿਚੋਂ ਅੰਬਾਂ ਬਾਰੇ ਬਹੁਤ ਸਾਰੀਆਂ ਬੁਝਾਰਤਾਂ ਪ੍ਰਚੱਲਿਤ ਹਨ:
ਅਸਮਾਨੋਂ ਡਿੱਗਿਆ ਬੱਕਰਾ ਉਹਦੇ ਮੂੰਹ ’ਚੋਂ ਨਿਕਲੀ ਲਾਲ਼
ਢਿੱਡ ਪਾੜ ਕੇ ਦੇਖਿਆ ਉਹਦੀ ਛਾਤੀ ਉੱਤੇ ਬਾਲ਼
ਕੇਲੇ ਬਾਰੇ ਇਕ ਬੁਝਾਰਤ ਹੈ:
ਨਿੱਕਾ ਜਿਹਾ ਸਿਪਾਹੀ
ਉਹਦੀ ਖਿੱਚ ਕੇ ਤੰਬੀ ਲਾਹੀ
ਤੈਨੂੰ ਸ਼ਰਮ ਨਾ ਆਈ
ਜਿੱਥੇ ਕੁਦਰਤ ਨੇ ਸੰਗਤਰੇ ਦੀ ਸਿਰਜਣਾ ਕਰਨ ਵਿਚ ਆਪਣਾ ਕਮਾਲ ਵਿਖਾਇਆ ਹੈ ਉੱਥੇ ਕਿਸੇ ਪੇਂਡੂ ਮਨ ਨੇ ਵੀ ਸੰਗਤਰੇ ਬਾਰੇ ਬੁਝਾਰਤ ਦੀ ਰਚਨਾ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ:
ਇਕ ਖੂਹ ਵਿਚ ਨੌਂ ਦਸ ਪਰੀਆਂ
ਜਦੋਂ ਤੱਕੋ ਸਿਰ ਜੋੜੀ ਖੜ੍ਹੀਆਂ
ਜਦੋਂ ਖੋਲ੍ਹਿਆ ਖੂਹ ਦਾ ਪਾਟ
ਦਿਲ ਕਰਦੈ ਸਭ ਕਰਜਾਂ ਚਾਟ
ਸਨਅਤੀ ਵਿਕਾਸ ਸਦਕਾ ਖੇਤੀਬਾੜੀ ਦਾ ਮਸ਼ੀਨੀਕਰਨ ਹੋ ਗਿਆ ਹੈ। ਬਾਤਾਂ ਪਾਉਣ ਦੀ ਪਰੰਪਰਾ ਵੀ ਖ਼ਤਮ ਹੋ ਗਈ ਹੈ ਜਿਸ ਸਦਕਾ ਸਾਡੀ ਨੌਜਵਾਨ ਪੀੜ੍ਹੀ ਬੁਝਾਰਤਾਂ ਦੀ ਮੁੱਲਵਾਨ ਵਿਰਾਸਤ ਤੋਂ ਮਹਿਰੂਮ ਹੋ ਰਹੀ ਹੈ।

ਸੰਪਰਕ : 94630-34472


Comments Off on ਇਕ ਬਾਤ ਕਰਤਾਰੋ ਪਾਵੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.