ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਆਜ਼ਾਦੀ ਦੇ ਸੰਘਰਸ਼ ਵਿੱਚ ਮੁਸਲਮਾਨ ਔਰਤਾਂ ਦਾ ਯੋਗਦਾਨ

Posted On March - 25 - 2020

ਅਮੋਲਕ ਸਿੰਘ

ਬੇਗ਼ਮ ਹਜ਼ਰਤ ਮਹੱਲ

ਇਹ ਕੁਝ ਵੀ ਸਾਡੇ ਸਮਿਆਂ ਵਿਚ ਵਾਪਰਨਾ ਸੀ। ਆਜ਼ਾਦੀ ਤਵਾਰੀਖ਼ ਵਿਚ ਮਾਣਮੱਤਾ ਯੋਗਦਾਨ ਪਾਉਣ ਵਾਲੀਆਂ ਬਹਾਦਰ ਸੰਗਰਾਮਣਾਂ ਦੀ ਅਣ ਸਰਦੇ ਨੂੰ ‘ਮੁਸਲਮਾਨ ਔਰਤਾਂ’ ਦੀ ਆਜ਼ਾਦੀ ਲਹਿਰ ’ਚ ਗੌਰਵਮਈ ਭੂਮਿਕਾ ਲਿਖਣ ਦਾ ਕੌੜਾ ਘੁੱਟ ਪੀਣਾ ਪੈਣਾ ਸੀ। ਮਾੜੇ ਹਾਲਾਤ ਨੇ ਮਜ਼ਹਬ ਦੀ ਸ਼ਨਾਖ਼ਤ ਦੱਸਣਾ ਮਜਬੂਰੀ ਬਣਾ ਧਰਿਆ।
ਜਦੋਂ ਫਿਰਕੂ ਜ਼ਹਿਰ ਦੇ ਵਣਜਾਰੇ ਮੁਸਲਮਾਨ ਭਾਈਚਾਰੇ ਨੂੰ ਚੋਣਵਾਂ ਨਿਸ਼ਾਨਾ ਬਣਾ ਕੇ ਨਸਲਘਾਤ ਕਰਨ, ‘ਗੋਲੀ ਮਾਰੋ… ਕੋ’ ਦੇ ਜ਼ਹਿਰੀ ਬਾਣ ਛੱਡਣ ’ਚ ਮਦਹੋਸ਼ ਹਨ, ਉਨ੍ਹਾਂ ਨੂੰ ‘ਗੱਦਾਰ’, ‘ਦੇਸ਼-ਧ੍ਰੋਹੀ’, ‘ਬਦੇਸ਼ੀ’ ‘ਘੁਸਪੈਠੀਏ’ ਆਦਿ ਗਰਦਾਨ ਕੇ ਦੇਸ਼ ਨਿਕਾਲੇ ਦਾ ਮਾਹੌਲ ਸਿਰਜ ਰਹੇ ਹਨ। ਜਦੋਂ ਮੁਸਲਮਾਨ ਭਾਈਚਾਰੇ ਦੀਆਂ ਬਸਤੀਆਂ, ਘਰਾਂ, ਵਿਅਕਤੀਆਂ, ਉਨ੍ਹਾਂ ਦੇ ਧਾਰਮਿਕ ਅਸਥਾਨਾਂ ਉੱਪਰ ਗੋਲੀਆਂ, ਪੈਟਰੋਲ ਬੰਬਾਂ ਦੀ ਵਾਛੜ ਕੀਤੀ ਜਾ ਰਹੀ ਹੈ। ਜਦੋਂ ਨਾਗਰਿਕਤਾ ਸ਼ਨਾਖ਼ਤ ਦੇ ਪਰਦੇ ਓਹਲੇ ਇਕੋ ਇਕ ਭਗਵੇਂ ਰੰਗ ਦੇ ਅੰਧ-ਰਾਸ਼ਟਰਵਾਦ ਦਾ ਝੰਡਾ ਲਹਿਰਾਉਣ ਦੀ ਮੰਜ਼ਿਲ ਮਿਥ ਕੇ ਰਣਨੀਤੀ ਦੀਆਂ ਲੀਕਾਂ ਖਿੱਚੀਆਂ ਜਾ ਰਹੀਆਂ ਹਨ। ਅਜਿਹੇ ਮੌਕੇ ਮਜਬੂਰਨ ਇਹ ਇਤਿਹਾਸਕ ਦਸਤਾਵੇਜ਼ ਪੇਸ਼ ਕਰਨਾ ਪੈ ਰਿਹਾ ਹੈ ਕਿ ਮੁਲਕ ਦੀ ਆਜ਼ਾਦੀ ਲਹਿਰ ਵਿਚ ਮੁਸਲਮਾਨ ਭਾਈਚਾਰੇ ਵਿਸ਼ੇਸ਼ ਕਰਕੇ ਇਸ ਭਾਈਚਾਰੇ ਦੀਆਂ ਔਰਤਾਂ ਨੇ ਮੋਹਰਲੀ ਕਤਾਰ ’ਚ ਹੋ ਕੇ ਜੂਝਦਿਆਂ ਅਜਿਹੇ ਮੂੰਹ ਬੋਲਦੇ ਇਤਿਹਾਸ ਦੀ ਸਿਰਜਣਾ ਕੀਤੀ ਹੈ, ਜਿਸ ਨੂੰ ਬਲ ਅਤੇ ਛਲ ਦੇ ਜ਼ੋਰ ਨਾਲ ਮੇਟਿਆ ਨਹੀਂ ਜਾ ਸਕਦਾ।
ਵਿਸ਼ੇਸ਼ ਰੰਗ ਦੇ ਠੱਪੇ ਰੰਗੀ ਫਿਰਕੂ ਰਾਜਨੀਤੀ, ਲੋਕ ਮਨਾਂ ਦੀ ਡਾਇਰੀ ਉੱਪਰ ਇਹ ਨਹੀਂ ਉਕਰਨ ਦੇਣਾ ਚਾਹੁੰਦੀ ਕਿ 1857 ਦੀ ਜੰਗ-ਏ-ਆਜ਼ਾਦੀ ਸਮੇਂ ਅਯੁੱਧਿਆ ਦੀ ਧਰਤੀ ਉੱਪਰ ਮੌਲਵੀਆਂ, ਮਹੰਤਾਂ, ਆਮ ਹਿੰਦੂਆਂ, ਮੁਸਲਮਾਨਾਂ ਨੇ ਗਲਵੱਕੜੀ ਪਾ ਕੇ ਹੱਸਦਿਆਂ ਫਾਂਸੀ ਦੇ ਰੱਸੇ ਚੁੰਮੇ। ਮੌਲਾਨਾ ਅਮੀਰ ਅਲੀ ਅਯੁੱਧਿਆ ਦਾ ਨਾਮਵਰ ਮੌਲਵੀ ਸੀ। ਜਦੋਂ ਹਨੂਮਾਨ ਗੜ੍ਹੀ ਦੇ ਪੁਜਾਰੀ ਰਾਮ ਚਰਨ ਦਾਸ ਨੇ ਬਰਤਾਨਵੀ ਰਾਜ ਦਾ ਹਥਿਆਰਬੰਦ ਟਾਕਰਾ ਕਰਨ ਦੀ ਵਿਉਂਤ ਬਣਾਈ ਤਾਂ ਮੌਲਾਨਾ ਅਮੀਰ ਅਲੀ ਉਸ ਫ਼ੌਜ ਦਾ ਕਮਾਂਡਰ ਸੀ। ਅੰਗਰੇਜ਼ੀ ਹਾਕਮਾਂ ਨੇ ਮੌਲਵੀ ਅਤੇ ਪੁਜਾਰੀ ਨੂੰ ਇਕੋ ਦਰੱਖਤ ’ਤੇ ਇਕੋ ਰੱਸੇ ਨਾਲ ਫਾਹੇ ਟੰਗ ਦਿੱਤਾ ਸੀ। ਅਯੁੱਧਿਆ ਦੇ ਇਤਿਹਾਸ ਦਾ ਇਹ ਸੁਨਹਿਰੀ ਸਫ਼ਾ ਹੈ।

ਅਰੁਨਾ ਆਸਫ ਅਲੀ

ਮੁਲਕ ਨੂੰ ਆਜ਼ਾਦ ਕਰਾਉਣ ਲਈ ਮੁਸਲਮਾਨ ਭਾਈਚਾਰੇ ਦੀ ਅਮਿਟ ਦੇਣ ਦੀ ਵਿਸਥਾਰ ਪੂਰਵਕ ਚਰਚਾ ਨਾ ਕਰਦੇ ਹੋਏ ਸਿਰਫ਼ ਇਸ ਭਾਈਚਾਰੇ ਦੀਆਂ ਔਰਤਾਂ ਦੇ ਪਾਏ ਯੋਗਦਾਨ ਉੱਪਰ ਪੰਛੀ ਝਾਤ ਮਾਰਿਆਂ ਹੀ ਉਨ੍ਹਾਂ ਨੂੰ ਸਲਾਮ ਕਰਨਾ ਬਣਦਾ ਹੈ।
ਆਜ਼ਾਦੀ ਦਾ ਮੁੱਖੜਾ ਤੱਕਣ ਲਈ ਮੁਸਲਮਾਨ ਔਰਤਾਂ ਨੇ ਆਪਣੇ ਦਿਲਾਂ ਉੱਪਰ ਪੱਥਰ ਰੱਖੇ। ਆਪਣੇ ਪਤੀਆਂ, ਪੁੱਤਰਾਂ, ਮਾਪਿਆਂ ਦਾ ਵਰ੍ਹਿਆਂ ਬੱਧੀ ਮੁੱਖੜਾ ਨਹੀਂ ਤੱਕਿਆ। ਉਨ੍ਹਾਂ ਆਜ਼ਾਦੀ ਘੁਲਾਟੀਆਂ ਵਿਚੋਂ ਕਈ ਔਰਤਾਂ ਦੇ ਪਰਿਵਾਰਕ ਮੈਂਬਰ ਸ਼ਹੀਦੀ ਜਾਮ ਪੀ ਗਏ। ਉਮਰੋਂ ਲੰਮੇ ਗ਼ਮਾਂ ਦੀਆਂ ਭੰਨੀਆਂ ਔਰਤਾਂ ਉਨ੍ਹਾਂ ਦੇ ਮੁੱਖੜੇ ਦੀ ਇਕ ਝਾਤ ਨਾ ਪਾ ਸਕੀਆਂ। ਉਨ੍ਹਾਂ ਸਬਰ ਦਾ ਘੁੱਟ ਭਰਿਆ ਕਿ ਚਲੋ ਪਿਆਰਾ ਦੇਸ਼ ਹੀ ਸਾਡਾ ਸਭ ਕੁਝ ਹੈ। ਆਜ਼ਾਦ ਮੁਲਕ ਦਾ ਹੀ ਮੁੱਖੜਾ ਚੁੰਮਾਂਗੇ। ਔਰਤਾਂ ਬਰਤਾਨਵੀ ਰਾਜ ਨੂੰ ਜੜ੍ਹੋਂ ਉਖੇੜਨ ਲਈ ਮੈਦਾਨ ’ਚ ਆਈਆਂ। ਉਨ੍ਹਾਂ ਦੀ ਜੱਦੋ ਜਹਿਦ 1857 ਤੋਂ ਲੈ ਕੇ 1947 ਅਤੇ ਅੱਜ ਤਕ ਸਿਦਕਦਿਲੀ ਨਾਲ ਜਾਰੀ ਹੈ।
ਬੇਗ਼ਮ ਹਜ਼ਰਤ ਮਹੱਲ, ਅਸਗ਼ਰੀ ਬੇਗ਼ਮ, ਬੀ. ਅੰਮਾ ਨੇ ਬਰਤਾਨਵੀ ਹਾਕਮਾਂ ਵਿਰੁੱਧ ਜੱਦੋਜਹਿਦ ਦਾ ਝੰਡ ਚੁੱਕਿਆ। ਨਵਾਬ ਵਜੀਦ ਅਲੀ ਸ਼ਾਹ ਦੀ ਪਤਨੀ, ਬੇਗ਼ਮ ਹਜ਼ਰਤ ਮਹੱਲ ਨੇ ਉਸ ਮੌਕੇ ਆਪ ਵਾਗਡੋਰ ਸੰਭਾਲੀ ਜਦੋਂ ਅਲੀ ਸ਼ਾਹ ਨੂੰ ਕਲਕੱਤੇ ਬੰਦੀ ਬਣਾ ਲਿਆ। ਬੇਗ਼ਮ ਹਜ਼ਰਤ ਮਹੱਲ ਨੇ ਗੋਰੇ ਹਾਕਮਾਂ ਅੱਗੇ ਗੋਡੇ ਨਾ ਟੇਕੇ। ਉਲਟਾ ਹੈਨਰੀ ਲਾਰੈਂਸ ਅਤੇ ਉਸ ਦੇ ਅਮਲੇ ਫੈਲੇ ਨੂੰ ਕਾਬੂ ਕਰ ਲਿਆ। ਲਾਰੈਂਸ ਨੂੰ ਉਸ ਨੇ ਗੋਲੀ ਨਾਲ ਉਡਾ ਦਿੱਤਾ। ਭਾਵੇਂ ਲਖਨਊ ਉੱਪਰ ਅੰਗਰੇਜ਼ਾਂ ਨੇ ਮੁੜ ਕਬਜ਼ਾ ਕਰ ਲਿਆ, ਪਰ ਉਸ ਨੇ ਮੁਆਫ਼ੀ ਮੰਗਣ ਦੀ ਆਈ ਪੇਸ਼ਕਸ਼ ਠੁਕਰਾ ਦਿੱਤੀ। ਬਰਤਾਨਵੀ ਫ਼ੌਜਾਂ ਦੇ ਹੱਥ ਆਉਣ ਦੀ ਜਗ੍ਹਾ ਬਚ ਨਿਕਲਣ ਦੀ ਜੁਗਤ ਅਮਲ ’ਚ ਲਿਆਂਦੀ।
ਅਸਗਮਰੀ ਬੇਗ਼ਮ, ਮੁਜ਼ੱਫ਼ਰ ਨਗਰ ਦੇ ਇਨਕਲਾਬੀ ਨਾਜ਼ੀ ਅਬਦੁਰ ਰਹੀਮ ਦੇ ਮਾਤਾ ਜੀ ਨੇ ਬਰਤਾਨੀਆਂ ਵਿਰੁੱਧ ਜੰਗ ਕੀਤੀ। ਹਬੀਬਾ ਅਤੇ ਰਾਮਿਨੀ ਨੇ ਅੰਗਰੇਜ਼ਾਂ ਖ਼ਿਲਾਫ਼ ਲੋਕਾਂ ਨੂੰ ਉੱਠਣ ਦਾ ਹੋਕਾ ਦਿੱਤਾ ਤਾਂ ਉਨ੍ਹਾਂ ਦੋਵਾਂ ਨੂੰ ਫਾਂਸੀ ਚਾੜ੍ਹ ਦਿੱਤਾ। ਬੀ. ਅੰਮਾ ਨੇ ਹਿੰਦੂ ਮੁਸਲਿਮ ਏਕਤਾ ਲਈ ਸ਼ਾਨਦਾਰ ਭੂਮਿਕਾ ਨਿਭਾਈ। ਮੌਲਾਨਾ ਸਫ਼ੀ ਦਾਊਦੀ ਦੀ ਪਤਨੀ ਜ਼ੁਬੈਦਾ ਦਾਊਦੀ, ਬਰਤਾਨਵੀ ਹਾਕਮਾਂ ਖ਼ਿਲਾਫ਼ ਧੜੱਲੇ ਨਾਲ ਲੜੀ। ਉਸ ਨੇ ਔਰਤਾਂ ਦੀ ਲਾਮਬੰਦੀ ਅਤੇ ਆਜ਼ਾਦੀ ਲਹਿਰ ਦੀ ਸਫਲਤਾ ਲਈ ਔਰਤ ਸ਼ਕਤੀ ਅਤੇ ਸ਼ਮੂਲੀਅਤ ਉੱਪਰ ਜ਼ੋਰ ਦਿੱਤਾ। ਜਦੋਂ 4 ਜੂਨ 1857 ਨੂੰ ਨਾਨਾ ਸਾਹਿਬ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਜੋਟੀਆਂ ਪਾ ਕੇ ਆਜ਼ਾਦੀ ਲਹਿਰ ’ਚ ਕੁੱਦਣ ਦਾ ਸੱਦਾ ਦਿੱਤਾ ਤਾਂ ਅਜ਼ੀਜ਼ਨ ਨੇ ਜੱਦੀ ਘਰ ਛੱਡ ਕੇ ਦੇਸ਼ ਨੂੰ ਆਪਣੇ ਘਰ ਵਜੋਂ ਅਪਣਾ ਲਿਆ। ਉਸ ਨੇ ਔਰਤਾਂ ਦੀ ਬਟਾਲੀਅਨ ਬਣਾਈ। ਅੰਗਰੇਜ਼ ਹਾਕਮਾਂ ਵੱਲੋਂ ਮੁਲਕ ਦੇ ਲੋਕਾਂ ਉੱਪਰ ਬੋਲੇ ਫ਼ੌਜੀ ਧਾਵੇ ਦਾ ਟਾਕਰਾ ਕਰਨ ਲਈ ਔਰਤਾਂ ਦੀ ਬਟਾਲੀਅਨ ਨੂੰ ਹਥਿਆਰਬੰਦ ਕੀਤਾ। ਫੜ੍ਹੇ ਜਾਣ ’ਤੇ ਅੰਗਰੇਜ਼ਾਂ ਨੇ ਪੇਸ਼ਕਸ਼ ਕੀਤੀ ਕਿ ਉਹ ਆਪਣੇ ‘ਗੁਨਾਹ’ ਕਬੂਲ ਕਰ ਲੈਣ ਤਾਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਜਾਵੇਗਾ। ਉਸ ਬਹਾਦਰ ਸ਼ੀਹਣੀ ਨੇ ਮੁਆਫ਼ੀ ਮੰਗਣ ਦੀ ਜਗ੍ਹਾ ਸ਼ਹੀਦੀ ਪਾਉਣ ਦਾ ਰਾਹ ਚੁਣਿਆ। ਸਲਾਮ ਹੈ! ਅਜ਼ੀਜ਼ਨ ਨੂੰ।
ਡਾ. ਸੈਫ਼-ਓ-ਦੀਨ ਕਿਚਲੂ ਜਿਨ੍ਹਾਂ ਨੂੰ ਜੱਲ੍ਹਿਆਂਵਾਲਾ ਬਾਗ਼ ਦੀ ਖ਼ੂਨੀ ਹੋਲੀ ਖੇਡਣ ਤੋਂ ਪਹਿਲਾਂ ਫੜ ਲਿਆ ਤਾਂ ਉਨ੍ਹਾਂ ਦੀ ਪਤਨੀ ਸਾਦਤ ਬਾਨੋ ਕਿਚਲੂ ਨੇ ਕਿਹਾ: ‘ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਉਹ ਕੌਮ ਦੀ ਸੇਵਾ ਕਾਰਨ ਜੇਲ੍ਹ ਗਏ ਹਨ।’
ਸਾਦਤ ਬਾਨੋ ਖ਼ੁਦ ਵੀ ਓਦੋਂ ਕਵਿਤਾਵਾਂ ਅਤੇ ਲੇਖ ਲਿਖਿਆ ਕਰਦੀ ਸੀ, ਜਦੋਂ ਅਜੇ ਮੁਸਲਮਾਨ ਭਾਈਚਾਰੇ ਅੰਦਰ ਆਮ ਕਰਕੇ ਔਰਤ ਲਈ ਵੰਨ-ਸੁਵੰਨੀਆਂ ਦੀਵਾਰਾਂ ਸਨ। ਮੌਲਾਨਾ ਮੁਹੰਮਦ ਅਲੀ ਜੌਹਰ ਦੀ ਪਤਨੀ ਅਮਜਦੀ ਬੇਗ਼ਮ ਨੇ ਸਤਿਆਗ੍ਰਹਿ ਅੰਦੋਲਨ ਵਿਚ ਅਹਿਮ ਹਿੱਸਾ ਪਾਇਆ। ਜ਼ੁਲੈਖਾ ਬੇਗ਼ਮ, ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਪਤਨੀ ਦਾ ਕੰਮ ਸਦਾ ਯਾਦ ਰੱਖਣਯੋਗ ਹੈ, ਉਸ ਨੇ ਸਤਿਆਗ੍ਰਹਿ ’ਚ ਦਿਨ ਰਾਤ ਇਕ ਕੀਤਾ।

ਅਮੋਲਕ ਸਿੰਘ

ਹਸਰਤ ਮੋਹਾਨੀ ਦੀ ਪਤਨੀ ਨਿਸ਼ਾ ਬੇਗ਼ਮ ਨੇ ਵੀ ਸਰਗਰਮੀ ਨਾਲ ਆਜ਼ਾਦੀ ਸੰਗਰਾਮ ’ਚ ਕੰਮ ਕੀਤਾ। ਰਜ਼ੀਆ ਖ਼ਤੂਨ ਜੋ ਨਸੀਰੂਦੀਨ ਦੀ ਧੀ ਸੀ। ਉਸ ਨੇ ਅੰਗਰੇਜ਼ੀ ਰਾਜ, ਜ਼ੁਲਮ ਖਿਲਾਫ਼ ਔਰਤਾਂ ਨੂੰ ਮੈਦਾਨ ’ਚ ਨਿੱਤਰਨ ਲਈ ਤਿਆਰ ਕੀਤਾ। ਅੰਗਰੇਜ਼ਾਂ ਨੇ ਰਜ਼ੀਆ ਖ਼ਤੂਨ ਨੂੰ ਕਾਲੇ ਪਾਣੀ ਡੱਕ ਦਿੱਤਾ, ਜਿੱਥੇ ਉਹ ਸ਼ਹੀਦੀ ਜਾਮ ਪੀ ਗਈ।
ਅਕਬਰੀ ਬੇਗ਼ਮ ਬੈਰਿਸਟਰ ਆਸਿਫ਼ ਅਲੀ ਦੀ ਮਾਂ ਨੇ ਨਾ ਮਿਲਵਰਤਨ ਲਹਿਰ ’ਚ ਭਰਵਾਂ ਯੋਗਦਾਨ ਪਾਇਆ। ਅਮੀਨਾ ਕੁਰੈਸੀ, ਫ਼ਾਤਿਮਾ ਕੁਰੈਸ਼ੀ, ਫ਼ਾਤਿਮਾ ਤਾਇਬ ਅਲੀ, ਬੀਬੀ ਅਮਾਤੁਲ ਇਸਲਾਮ, ਫ਼ਾਤਿਮਾ ਇਸਮਾਇਲ, ਸੁਲਤਾਨਾ ਹਯਾਤ ਅੰਸਾਰੀ, ਹਜ਼ਾਰਾ ਬੇਗ਼ਮ, ਜ਼ੂਹਰਾ ਅੰਸਾਰੀ ਆਦਿ ਕਿੰਨੀਆਂ ਹੀ ਮੁਸਲਿਮ ਔਰਤਾਂ ਨੇ ਜ਼ੁਰਮਾਨੇ ਭਰੇ, ਜੇਲ੍ਹਾਂ ਅਤੇ ਮੁਸੀਬਤਾਂ ਕੱਟੀਆਂ।
ਜਦੋਂ ਮੰਨੇ ਪ੍ਰਮੰਨੇ ਇਨਕਲਾਬੀ ਖੁਦੀ ਰਾਮ ਬੋਸ ਨੂੰ ਫੜ੍ਹਨ ਲਈ ਬਰਤਾਨਵੀ ਪੁਲਸ ਹਰਲ-ਹਰਲ ਕਰਦੀ ਫਿਰਦੀ ਸੀ ਤਾਂ ਮੌਲਵੀ ਅਬਦੁਲ ਵਾਹਿਦ ਦੀ ਭੈਣ ਨੇ ਉਸ ਨੂੰ ਪਨਾਹ ਦਿੱਤੀ। ਉਹ ‘ਖੁਦੀ ਰਾਮ ਕੀ ਦੀਦੀ’ ਕਰਕੇ ਹੀ ਜਾਣੀ ਜਾਣ ਲੱਗੀ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਜੱਫ਼ਰ ਨਗਰ ਵਿਚ ਪੈਂਦੇ ਕਸਬੇ ‘ਥਾਨਾ ਭਵਨ’ ਵਿਚ ਵੱਖ-ਵੱਖ ਧਰਮਾਂ ਨਾਲ ਸਬੰਧਤ 11 ਔਰਤਾਂ ਨੂੰ ਬਰਤਾਨਵੀ ਹਕੂਮਤ ਖ਼ਿਲਾਫ਼ ਹਥਿਆਰ ਚੁੱਕਣ ਦੇ ਦੋਸ਼ ’ਚ ਫਾਹੇ ਲਾਇਆ ਗਿਆ ਅਤੇ ਕੁਝ ਨੂੰ ਜ਼ਿੰਦਾ ਸਾੜ ਦਿੱਤਾ ਗਿਆ।
ਐੱਮ.ਈ. ਖਵਾਜਾ ਦੀ ਪਤਨੀ ਬੇਗ਼ਮ ਖ਼ੁਰਸ਼ੀਦ ਖ਼ਵਾਜਾ, ਮੌਲਾਨਾ ਆਜ਼ਾਦ ਦੀ ਪਤਨੀ ਜ਼ੁਲੈਖਾ ਬੇਗ਼ਮ, ਸਰਹੱਦੀ ਇਲਾਕੇ ਤੋਂ ਖ਼ਾਦਿਮਾ ਬੇਗ਼ਮ, ਖ਼ੁਰਸ਼ੀਦ ਸਾਹਿਬਾ, ਅਬਦੁਲ ਗਫ਼ਾਰ ਖਾਂ ਦੀ ਧੀ ਮੇਹਰ ਤਾਜ, ਬਿਹਾਰ ਦੇ ਮਸ਼ਹੂਰ ਕੌਮੀ ਆਗੂ ਸਫ਼ੀ ਦਾਊਦੀ ਦੀ ਪਤਨੀ ਜ਼ੁਬੈਦਾ ਬੇਗ਼ਮ, ਕਨੀਜ਼ ਸਾਜਿਦਾ ਬੇਗ਼ਮ, ਮੌਲਾਨਾ ਮਜ਼ਹਰ-ਉੱਲ ਹੱਕ ਦੀ ਪਤਨੀ ਮੁਨੀਰਾ ਬੇਗ਼ਮ, ਬੇਗ਼ਮ ਸਕੀਨਾ, ਲਕਮੀ, ਬੇਗ਼ਮ ਸੁਗ਼ਰਾ ਖ਼ਤੂਨ (ਲਖਨਊ), ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਾ ਦੀ ਪਤਨੀ ਸਫਾਤ-ਉਲ-ਨਿਸ਼ਾ ਬੀਬੀ ਸਮੇਤ ਲੰਮੀ ਲੜੀ ਹੈ ਅਜਿਹੀਆਂ ਸੰਗਰਾਮਣਾਂ ਦੀ। ਜ਼ਿਕਰਯੋਗ ਹੈ ਕਿ ਅਸਗਰੀ ਬੇਗ਼ਮ (ਕਾਜੀ ਅਬਦੁਰ ਰਹੀਮ ਦੀ ਮਾਂ) ਬਰਤਾਨਵੀ ਹਾਕਮਾਂ ਖ਼ਿਲਾਫ਼ ਬਹਾਦਰੀ ਨਾਲ ਲੜੀ ਅਤੇ ਉਸ ਨੂੰ ਬੌਖਲਾਏ ਹਾਕਮਾਂ ਨੇ ਫੜਕੇ ਜ਼ਿੰਦਾ ਸਾੜ ਦਿੱਤਾ।
ਅਜੋਕੇ ਕਾਲੇ ਦੌਰ ਵਿਚ ਵੀ ਟਿਮਟਿਮਾਉਂਦੇ ਜੁਗਨੂੰ, ਸਾਂਝੇ ਵਿਰਸੇ ਦੀ ਲੋਅ ਵੰਡ ਰਹੇ ਹਨ। ਇਕ ਦੂਜੇ ਦੇ ਗਲੇ ਲੱਗ ਕੇ ਸਹਾਰਾ ਬਣ ਰਹੇ ਹਨ। ਉਨ੍ਹਾਂ ਦੇ ਘਰ ਹੀ ਕਬਰਸਤਾਨ ਬਣਾ ਧਰੇ। ਉੱਜੜੇ ਘਰਾਂ ਦੀ ਦਾਸਤਾਂ ਰੁਦਨ ਕਰ ਰਹੀ ਹੈ ਕਿ ‘ਵੈਣਾਂ ਦੀ ਭਾਸ਼ਾ ਇਕੋ ਹੁੰਦੀ ਹੈ’। ਜ਼ਿੰਦਗੀ ਮੁੜ ਕੁਕਨਸ ਦੀ ਕਹਾਣੀ ਪੜ੍ਹ ਰਹੀ ਹੈ।
ਅਜੋਕੇ ਵਕਤ ਦੇ ਬੂਹੇ ’ਤੇ ਦਸਤਕ ਦੇ ਕੇ ਇਹ ਸਭੇ ਆਜ਼ਾਦੀ ਸੰਗਰਾਮਣਾਂ ਸੁਆਲ ਕਰਦੀਆਂ ਪ੍ਰਤੀਤ ਹੁੰਦੀਆਂ ਹਨ ਕਿ ਸਾਡੇ ਭਾਈਚਾਰੇ ਨੂੰ ਅਜੇ ਵੀ ਨਾਗਰਿਕਤਾ ਦਾ ਪ੍ਰਮਾਣ ਦੇਣ ਦੀ ਲੋੜ ਹੈ? ਆਜ਼ਾਦੀ ਦੇ ਬੂਟੇ ਨੂੰ ਲਹੂ ਨਾਲ ਸਿੰਜਣ ਵਾਲੀਆਂ, ਸ਼ਾਹੀਨ ਬਾਗ਼ ਸਮੇਤ ਮੁਲਕ ਦੇ ਅਨੇਕਾਂ ਥਾਵਾਂ ’ਤੇ ਹੱਕ, ਸੱਚ, ਇਨਸਾਫ਼ ਲਈ ਗੀਤ ਗਾਉਂਦੀਆਂ ਔਰਤਾਂ ਇਹ ਕਹਿੰਦੀਆਂ ਪ੍ਰਤੀਤ ਹੁੰਦੀਆਂ ਹਨ:
ਆਜ਼ਾਦੀ ਦੇ ਬੂਟੇ ਨੂੰ ਅਸਾਂ ਲਹੂ ਸੰਗ ਸਿੰਜਿਆ ਹੈ।
ਕੀ ਹੋਇਆ ਜੇ ਪੱਤਿਆਂ ’ਤੇ, ਸਾਡਾ ਨਾਮ ਨਹੀਂ ਹੈ।

ਸੰਪਰਕ: 94170-76735


Comments Off on ਆਜ਼ਾਦੀ ਦੇ ਸੰਘਰਸ਼ ਵਿੱਚ ਮੁਸਲਮਾਨ ਔਰਤਾਂ ਦਾ ਯੋਗਦਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.