ਛੋਟਾ ਪਰਦਾ !    ਸਾਡੇ ਕੋਠੇ ਮਗਰ ਲਸੂੜੀਆਂ ਵੇ... !    ਸਦਾਬਹਾਰ ਗਾਇਕ ਸੁਰਿੰਦਰ ਛਿੰਦਾ !    ਵਿਸ਼ਵ ਰੰਗਮੰਚ ਦਿਵਸ ਮੌਕੇ ਅਹਿਦ !    ਅਦਾਕਾਰੀ ’ਚ ਸਰਗਰਮ ਦਿਲਬਾਗ ਸਿੰਘ ਮਾਨਸਾ !    ਮਿਆਰੀ ਗੀਤਾਂ ਦਾ ਸਿਰਜਕ ਸੁਖਪਾਲ ਔਜਲਾ !    ਸੁਖਾਵੇਂ ਇਨਸਾਨੀ ਰਿਸ਼ਤਿਆਂ ਦਾ ਆਨੰਦ !    ਫਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਲਹਿਰ ਦੇ ਬਾਨੀ !    ਕਿਲ੍ਹੇ ਵਾਲੀ ਦਾਦੀ !    ਇਨਾਮ ਦਾ ਹੱਕਦਾਰ !    

‘ਅਸੀਂ ਕਿਹੜੇ ਪਾਪ ਕੀਤੇ ਸੀ….ਜੋ ਸਾਡੇ ਨਾਲ ਇਹ ਵਾਪਰਿਆ’

Posted On March - 27 - 2020

ਕਾਬੁਲ ਗੁਰਦੁਆਰੇ ’ਤੇ ਹੋਏ ਫਿਦਾਈਨ ਹਮਲੇ ਦੇ ਪੀੜਤਾਂ ਨੇ ਹੱਡਬੀਤੀ ਬਿਆਨੀ

ਕਾਬੁਲ ਵਿੱਚ ਗੁਰਦੁਆਰੇ ਉੱਤੇ ਹਮਲੇ ਦੌਰਾਨ ਮਾਰੀ ਗਈ ਇੱਕ ਸਿੱਖ ਔਰਤ ਦੀ ਲਾਸ਼ ਉੱਤੇ ਵਿਰਲਾਪ ਕਰਦੀ ਹੋਈ ਉਸਦੀ ਬੱਚੀ। -ਫੋਟੋ: ਰਾਇਟਰਜ਼

ਕਾਬੁਲ, 26 ਮਾਰਚ
ਅਪਾਰ ਸਿੰਘ ਨੇ ਕਾਬੁਲ ਦੇ ਗੁਰਦੁਆਰੇ ’ਤੇ ਹੋਏ ਫਿਦਾਈਨ ਹਮਲੇ ਨੂੰ ਸੰਖੇਪ ਸ਼ਬਦਾਂ ਵਿੱਚ ਬਿਆਨਦਿਆਂ ਕਿਹਾ, ‘ਉਨ੍ਹਾਂ ਨੇ ਸਾਰਿਆਂ ਨੂੰ ਮਾਰ ਮੁਕਾਇਆ, ਕੋਈ ਵੀ ਜਿਊਂਦਾ ਨਹੀਂ ਛੱਡਿਆ।’ ਲੰਘੇ ਦਿਨ ਪਾਕਿਸਤਾਨ ਅਧਾਰਿਤ ਹੱਕਾਨੀ ਗਰੁੱਪ ਨਾਲ ਸਬੰਧਤ ਇਕਹਿਰੇ ਹਥਿਆਰਬੰਦ ਦਹਿਸ਼ਤਗਰਦ ਵੱਲੋਂ ਕਾਬੁਲ ਸਥਿਤ ਗੁਰਦੁਆਰੇ ’ਤੇ ਕੀਤੇ ਹਮਲੇ ’ਚ 25 ਸ਼ਰਧਾਲੂ ਹਲਾਕ ਤੇ ਅੱਠ ਹੋਰ ਜ਼ਖ਼ਮੀ ਹੋ ਗਏ ਸਨ। ਕਾਬੁਲ ਦੇ ਐਨ ਕੇਂਦਰ ਵਿੱਚ ਘੱਟਗਿਣਤੀ ਸਿੱਖ ਭਾਈਚਾਰੇ ’ਤੇ ਹੋਇਆ ਇਹ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਹੈ। ਕੁਝ ਅਫ਼ਗ਼ਾਨ ਸਿੱਖ, ਜਿਨ੍ਹਾਂ ਇਸ ਹਮਲੇ ਵਿੱਚ ਪਰਿਵਾਰਾਂ ਦੇ ਪਰਿਵਾਰ ਗੁਆ ਲਏ ਹਨ, ਇਸ ਗੱਲੋਂ ਹੈਰਾਨ ਹਨ ਕਿ ਉਨ੍ਹਾਂ ਨੇ ਅਜਿਹੇ ਕਿਹੜੇ ‘ਪਾਪ’ ਕਿਤੇ ਸੀ, ਜਿਸ ਦਾ ਉਨ੍ਹਾਂ ਨੂੰ ਇਹ ਫ਼ਲ ਮਿਲਿਆ। ਮੁਕਾਮੀ ਪ੍ਰਸ਼ਾਸਨ ਤੇ ਸੁਰੱਖਿਆ ਦਸਤਿਆਂ ਨੇ ਹਮਲੇ ਦੇ ਕਈ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਅਫ਼ਗ਼ਾਨਿਸਤਾਨ ਵਿਚਲੇ ਭਾਰਤ ਦੇ ਰਾਜਦੂਤ ਵਿਨੈ ਕੁਮਾਰ ਨੇ ਅੱਜ ਗੁਰਦੁਆਰੇ ਦਾ ਦੌਰਾ ਕੀਤਾ ਤੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ।
ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਪੀੜਤ ਪਰਿਵਾਰਾਂ ਨੇ ਹਮਲੇ ਨੂੰ ‘ਮਨੁੱਖਤਾ ਖ਼ਿਲਾਫ਼’ ਸਪਸ਼ਟ ਹਮਲਾ ਕਰਾਰ ਦਿੱਤਾ ਹੈ। ਹਮਲੇ ਦੌਰਾਨ ਸੱਤ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਇਕ ਸ਼ਖ਼ਸ ਨੇ ਹਮਲੇ ਦੀ ਕਰੂਰਤਾ ਨੂੰ ਯਾਦ ਕਰਦਿਆਂ ਕਿਹਾ, ‘ਖ਼ੁਦਕੁਸ਼ ਬੰਬਾਰ ਨੇ ਇਕ ਵਿਅਕਤੀ, ਔਰਤ ਤੇ ਬੱਚੇ ’ਤੇ ਗੋਲੀਆਂ ਚਲਾਉਣ ਲੱਗਿਆਂ ਭੋਰਾ ਤਰਸ ਨਹੀਂ ਖਾਧਾ।’ ਇਕ ਵਿਅਕਤੀ, ਜਿਸ ਦੀ ਮਾਂ ਹਮਲੇ ਵਿੱਚ ਮਾਰੀ ਗਈ ਸੀ, ਨੇ ਕਿਹਾ, ‘ਮੇਰੀ ਮਾਂ ਨੇ ਕੀ ਪਾਪ ਕੀਤਾ ਸੀ ਤੇ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਇਸ ਤਰੀਕੇ ਨਾਲ ਕਿਉਂ ਨਿਸ਼ਾਨਾ ਬਣਾਇਆ ਜਾ ਰਿਹੈ?’ ਇਕ ਪੀੜਤ ਦੇ ਰਿਸ਼ਤੇਦਾਰ ਨੇ ਕਿਹਾ, ‘ਜੇਕਰ ਅਸੀਂ ਕਿਸੇ ਮੁਸਲਮਾਨ ਨੂੰ ਨੁਕਸਾਨ ਪਹੁੰਚਾਇਆ ਹੋਵੇ ਤਾਂ ਆਓ ਸਾਨੂੰ ਵੱਢ ਸੁੱਟੋ।’ ਇਕ ਹੋਰ ਨੇ ਕਿਹਾ, ‘‘ਸਾਡਾ ਕੀ ਪਾਪ ਸੀ? ਕੋਈ ਸਾਨੂੰ ਆ ਕੇ ਸਾਡੇ ਪਾਪਾਂ ਬਾਰੇ ਦੱਸੇ। ਕੀ ਅਸੀਂ ਕਦੇ ਕਿਸੇ ਮੁਸਲਮਾਨ ਨੂੰ ਨੁਕਸਾਨ ਪਹੁੰਚਾਇਆ ਹੈ?’ ਹਰਵਿੰਦਰ ਸਿੰਘ, ਜਿਸ ਦੇ ਸੱਤ ਪਰਿਵਾਰਕ ਮੈਂਬਰ ਹਮਲੇ ਦੀ ਭੇਟ ਚੜ੍ਹ ਗਏ, ਨੇ ਕਿਹਾ ਕਿ ਹਮਲਾਵਰਾਂ ਨੇ ਉਹਦੀਆਂ ਅੱਖਾਂ ਮੂਹਰੇ ਉਹਦੇ ਪਰਿਵਾਰ ਦੇ ਜੀਆਂ ਨੂੰ ਮਾਰ ਮੁਕਾਇਆ। ਇਕ ਜ਼ਖ਼ਮੀ ਔਰਤ ਨੇ ਕਿਹਾ ਕਿ ਗੁਰਦੁਆਰੇ ਮੱਥਾ ਟੇਕਣ ਲਈ ਆਏ ਪਰਿਵਾਰਕ ਮੈਂਬਰਾਂ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ।
ਉਧਰ ਘੱਟਗਿਣਤੀ ਸਿੱਖਾਂ ’ਤੇ ਹਮਲੇ ਕਰਕੇ ਅਫ਼ਗ਼ਾਨ ਨਾਗਰਿਕਾਂ ’ਚ ਰੋਸ ਹੈ। ਕਾਬੁਲ ਦੇ ਵਸਨੀਕ ਮੁਹੰਮਦ ਮੁਸਤਫ਼ਾ ਨੇ ਕਿਹਾ, ‘ਹਮਲੇ ਤੋਂ ਸਾਫ਼ ਹੈ ਕਿ ਹਮਲਾਵਰਾਂ ਦੇ ਦਿਲਾਂ ’ਚ ਕਿਸੇ ਲਈ ਕੋਈ ਰਹਿਮ ਨਹੀਂ ਹੈ। ਉਹ ਨਾ ਕਿਸੇ ਧਰਮ ਨੂੰ ਤੇ ਨਾ ਹੀ ਕਿਸੇ ਕਾਨੂੰਨ ਨੂੰ ਮੰਨਦੇ ਹਨ।’
-ਪੀਟੀਆਈ

ਕਾਬੁਲ ’ਚ ਸਿੱਖਾਂ ਦੇ ਸਸਕਾਰ ਮੌਕੇ ਬੰਬ ਧਮਾਕਾ

ਕਾਬੁਲ/ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਸਿੱਖ ਸ਼ਮਸ਼ਾਨਘਾਟ ਨੇੜੇ ਹੋਏ ਧਮਾਕੇ ਵਿੱਚ ਇਕ ਬੱਚਾ ਜ਼ਖ਼ਮੀ ਹੋ ਗਿਆ। ਜਦੋਂ ਧਮਾਕਾ ਹੋਇਆ, ਉਦੋਂ ਸ਼ਮਸ਼ਾਨਘਾਟ ਵਿੱਚ ਸਿੱਖ ਭਾਈਚਾਰੇ ਦੇ 25 ਮੈਂਬਰਾਂ ਦਾ ਸਸਕਾਰ ਕੀਤਾ ਜਾ ਰਿਹਾ ਸੀ, ਜੋ ਲੰਘੇ ਦਿਨ ਕਾਬੁਲ ਦੇ ਗੁਰਦੁਆਰੇ ’ਤੇ ਇਸਲਾਮਿਕ ਸਟੇਟ ਦੇ ਫਿਦਾਈਨ ਵੱਲੋਂ ਕੀਤੇ ਹਮਲੇ ਵਿੱਚ ਮਾਰੇ ਗਏ ਸਨ। ਸਥਾਨਕ ਖ਼ਬਰ ਏਜੰਸੀ ਨੇ ਇਕ ਪੁਲੀਸ ਮੁਲਾਜ਼ਮ ਦੇ ਹਵਾਲੇ ਨਾਲ ਕਿਹਾ ਕਿ ਧਮਾਕੇ ਲਈ ਮੈਗਨੇਟਿਕ ਬੰਬ ਦੀ ਵਰਤੋਂ ਕੀਤੀ ਗਈ। ਬੰਬ ਧਮਾਕੇ ਕਰਕੇ ਪੀੜਤਾਂ ਦੀਆਂ ਅੰਤਿਮ ਰਸਮਾਂ ਵਿੱਚ ਵੀ ਵਿਘਨ ਪਿਆ। ਇਸ ਦੌਰਾਨ ਨਵੀਂ ਦਿੱਲੀ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਸੱਜਰੇ ਬੰਬ ਧਮਾਕੇ ’ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕਾਬੁਲ ਸਥਿਤ ਭਾਰਤੀ ਸਫ਼ਾਰਤਖਾਨਾ ਅਫ਼ਗ਼ਾਨ ਸੁਰੱਖਿਆ ਅਥਾਰਿਟੀਜ਼ ਦੇ ਸੰਪਰਕ ਵਿੱਚ ਹੈ। ਉਨ੍ਹਾਂ ਕਿਹਾ ਕਿ ਲੰਘੇ ਦਿਨ ਗੁਰਦੁਆਰੇ ’ਤੇ ਹੋਏ ਹਮਲੇ ਦੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਾਲ ਉਨ੍ਹਾਂ ਦੀ ਘਰਾਂ ਤਕ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾਵੇਗੀ।
-ਪੀਟੀਆਈ

ਪੀੜਤ ਪਰਿਵਾਰਾਂ ਨਾਲ ਸੰਪਰਕ ਬਣਾਇਆ: ਜੈਸ਼ੰਕਰ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਕਾਬੁਲ ਸਥਿਤ ਭਾਰਤੀ ਸਫ਼ਾਰਤਖਾਨੇ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇਕ ਗੁਰਦੁਆਰੇ ’ਤੇ ਹੋਏ ਫ਼ਿਦਾਈਨ ਹਮਲੇ ਵਿੱਚ ਮਾਰੇ ਗਏ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਬਣਾਇਆ ਹੋਇਆ ਹੈ। ਜੈਸ਼ੰਕਰ ਨੇ ਇਕ ਟਵੀਟ ’ਚ ਕਿਹਾ, ‘ਕਾਬੁਲ ਸਥਿਤ ਸਾਡੀ ਅੰਬੈਸੀ ਪੀੜਤ ਪਰਿਵਾਰਾਂ ਦੇ ਲਗਾਤਾਰ ਸੰਪਰਕ ਵਿੱਚ ਹੈ।’ ਵਿਦੇਸ਼ ਮੰਤਰੀ ਨੇ ਕਿਹਾ ਕਿ ਹਮਲੇ ਵਿੱਚ ਗਏ ਪੁਰਾਣੀ ਦਿੱਲੀ ਦੇ ਵਸਨੀਕ ਤਿਆਨ ਸਿੰਘ (71) ਦੀਆਂ ਅਸਥੀਆਂ ਕਾਬੁਲ ਤੋਂ ਵਾਪਸ ਲਿਆਉਣ ਲਈ ਯਤਨ ਜਾਰੀ ਹਨ।
-ਪੀਟੀਆਈ

ਯੂਐੱਨ ਤੇ ਅਮਰੀਕਾ ਵੱਲੋਂ ਕਾਬੁਲ ਹਮਲੇ ਦੀ ਨਿਖੇਧੀ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਲੰਘੇ ਦਿਨ ਕਾਬੁਲ ਦੇ ਗੁਰਦੁਆਰੇ ’ਤੇ ਫਿਦਾਈਨ ਹਮਲੇ ਦੀ ਨਿਖੇਧੀ ਕੀਤੀ ਹੈ। ਹਮਲੇ ਵਿੱਚ 25 ਵਿਅਕਤੀ ਹਲਾਕ ਤੇ ਅੱਠ ਹੋਰ ਜ਼ਖ਼ਮੀ ਹੋ ਗਏ ਸਨ। ਯੂਐੱਨ ਮੁਖੀ ਨੇ ਜ਼ੋਰ ਦੇ ਕੇ ਆਖਿਆ ਕਿ ਆਮ ਨਾਗਰਿਕਾਂ ’ਤੇ ਹਮਲਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ (ਅਪਰਾਧਾਂ) ਨੂੰ ਅੰਜਾਮ ਦੇਣ ਵਾਲਿਆਂ ਦੀ ਜਵਾਬਦੇਹੀ ਨਿਰਧਾਰਿਤ ਕਰਨੀ ਬਣਦੀ ਹੈ। ਯੂਐੱਨ ਮੁਖੀ ਦੇ ਤਰਜਮਾਨ ਸਟੀਫ਼ਨ ਦੁਜਾਰਿਕ ਨੇ ਇਕ ਬਿਆਨ ਵਿੱਚ ਕਿਹਾ, ‘ਸਕੱਤਰ ਜਨਰਲ ਨੇ ਕਾਬੁਲ ਵਿੱਚ ਸਿੱਖ ਗੁਰਦੁਆਰੇ ’ਤੇ ਹੋਏ ਹਮਲੇ, ਜਿਸ ਵਿੱਚ ਦਰਜਨਾਂ ਆਮ ਲੋਕਾਂ ਦੀ ਜਾਨ ਜਾਂਦੀ ਰਹੀ ਸੀ ਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ, ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜ਼ਾਹਿਰ ਕਰਦਿਆਂ ਜ਼ਖ਼ਮੀਆਂ ਦੇ ਜਲਦੀ ਹੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ।’ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਅਫ਼ਗ਼ਾਨ ਸਰਕਾਰ ਤੇ ਉਨ੍ਹਾਂ ਦੇ ਲੋਕਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਇਸ ਮੁਲਕ ਵਿੱਚ ਅਮਨ ਬਹਾਲੀ ਦੇ ਯਤਨਾਂ ਨੂੰ ਹਮਾਇਤ ਜਾਰੀ ਰੱਖੇਗਾ।
ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਵੀ ਗੁਰਦੁਆਰੇ ’ਤੇ ਕੀਤੇ ਫਿਦਾਈਨ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਪੌਂਪੀਓ ਨੇ ਕਿਹਾ ਕਿ ਜੰਗਾਂ ਦੇ ਝੰਬੇ ਇਸ ਮੁਲਕ ਦੇ ਲੋਕ ਵੀ ਇਸਲਾਮਿਕ ਸਟੇਟ ਤੇ ਹੋਰਨਾਂ ਦਹਿਸ਼ਤੀ ਕਾਰਵਾਈਆਂ ਤੋਂ ਮੁਕਤ ਭਵਿੱਖ ਦੇ ਹੱਕਦਾਰ ਹਨ। ਉਨ੍ਹਾਂ ਕਿਹਾ, ‘ਅਫ਼ਗ਼ਾਨਿਸਤਾਨ ਨੂੰ ਦਰਪੇਸ਼ ਸਿਆਸੀ ਚੁਣੌਤੀਆਂ ਦੇ ਬਾਵਜੂਦ ਮੌਜੂਦਾ ਸ਼ਾਂਤੀ ਅਮਲ ਅਫ਼ਗ਼ਾਨਾਂ ਲਈ ਪਹਿਲੀ ਤਰਜੀਹ ਰਹੇਗਾ ਤਾਂ ਕਿ ਸਿਆਸੀ ਸਮਝੌਤੇ ਤਹਿਤ ਇਸਲਾਮਿਕ ਸਟੇਟ ਜਿਹੀ ਅਲਾਮਤ ਖ਼ਿਲਾਫ਼ ਸਾਂਝਾ ਫਰੰਟ ਖੜ੍ਹਾ ਕੀਤਾ ਜਾ ਸਕੇ।’ ਉਧਰ ਦੱਖਣੀ ਤੇ ਕੇਂਦਰੀ ਏਸ਼ੀਆ ਲਈ ਕਾਰਜਕਾਰੀ ਸਕੱਤਰ ਐਲਿਸ ਜੀ. ਵੈਲਜ਼ ਨੇ ਵੀ ਇਕ ਟਵੀਟ ਕਰਕੇ ਕਾਬੁਲ ਵਿੱਚ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਅਮਰੀਕੀ ਅਟਾਰਨੀ ਰਵੀ ਬੱਤਰਾ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਕ ਖੁੱਲ੍ਹੀ ਚਿੱਠੀ ਲਿਖ ਕੇ ‘ਛੋਟੇ ਪ੍ਰਮਾਣੂ ਬੰਬਾਂ’ ਨਾਲ ਇਸਲਾਮਿਕ ਸਟੇਟ ਦਾ ਸਫ਼ਾਇਆ ਕਰਨ ਲਈ ਕਿਹਾ ਹੈ।
-ਪੀਟੀਆਈ


Comments Off on ‘ਅਸੀਂ ਕਿਹੜੇ ਪਾਪ ਕੀਤੇ ਸੀ….ਜੋ ਸਾਡੇ ਨਾਲ ਇਹ ਵਾਪਰਿਆ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.