ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

63 ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

Posted On February - 12 - 2020

ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਫਰਵਰੀ
ਦਿੱਲੀ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ’ਚ ਕਾਂਗਰਸ ਦੀ ਹਾਲਤ ਪਿਛਲੀਆਂ 2015 ਦੀਆਂ ਵਿਧਾਨ ਸਭਾ ਚੋਣਾਂ ਵਰਗੀ ਹੀ ਰਹੀ ਤੇ ਪਾਰਟੀ ਇਸ ਵਾਰ ਵੀ ਕਿਸੇ ਹਲਕੇ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕੀ। ਸ਼ੀਲਾ ਦੀਕਸ਼ਿਤ ਦੀ ਅਗਵਾਈ ਹੇਠ ਦਿੱਲੀ ’ਚ 15 ਸਾਲ ਲਗਾਤਾਰ ਸਰਕਾਰ ਚਲਾਉਣ ਵਾਲੀ ਕਾਂਗਰਸ ਦੇ 63 ਉਮੀਦਵਾਰ ਆਪਣੀ ਜ਼ਮਾਨਤਾਂ ਵੀ ਨਹੀਂ ਬਚਾ ਸਕੇ। ਕਾਂਗਰਸ ਨੂੰ ਕੁੱਲ ਪਈਆਂ ਵੋਟਾਂ ’ਚੋਂ ਪੰਜ ਫ਼ੀਸਦ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਸਿਰਫ਼ ਗਾਂਧੀ ਨਗਰ ਤੋਂ ਅਰਵਿੰਦਰ ਸਿੰਘ ਲਵਲੀ, ਬਾਦਲੀ ਤੋਂ ਦੇਵੇਂਦਰ ਯਾਦਵ ਤੇ ਕਸਤੂਰਬਾ ਨਗਰ ਤੋਂ ਅਭਿਸ਼ੇਕ ਦੱਤ ਹੀ ਜ਼ਮਾਨਤਾਂ ਬਚਾਉਣ ’ਚ ਸਫ਼ਲ ਹੋ ਸਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੁਲਾਈ ਵਿਚ ਦੀਕਸ਼ਿਤ ਦਾ ਦੇਹਾਂਤ ਹੋ ਗਿਆ ਸੀ ਤੇ ਚੋਣਾਂ ਵਿਚ ਕਾਂਗਰਸ ਕੋਲ ਕੋਈ ਭਰੋਸੇਯੋਗ ਚਿਹਰਾ ਹੀ ਨਹੀਂ ਸੀ। ਦੋ ਧਰੁਵੀ ਮੁਕਾਬਲਾ ਸਿਰਫ਼ ‘ਆਪ’ ਤੇ ‘ਭਾਜਪਾ’ ਵਿਚਾਲੇ ਹੀ ਹੋ ਨਿੱਬੜਿਆ। ਕਾਂਗਰਸ ਦੀ ਜ਼ਿਆਦਾਤਰ ਚੋਣ ਮੁਹਿੰਮ ਦੀਕਸ਼ਿਤ ਕਾਰਜਕਾਲ ਦੇ ਕੰਮਾਂ ’ਤੇ ਹੀ ਕੇਂਦਰਤ ਸੀ, ਪਰ ਇਹ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੀ। ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀਆਂ ਸੂਬਿਆਂ ’ਚ ਲੋਕਾਂ ਵੱਲੋਂ ਆਗੂ ’ਚ ਭਰੋਸਾ ਜ਼ਾਹਿਰ ਕਰਨ ’ਤੇ ਹੀ ਜਿੱਤ ਰਹੀਆਂ ਹਨ। ਕਾਂਗਰਸ ਨੂੰ ਭਵਿੱਖ ’ਚ ਨੌਜਵਾਨ ਤੇ ਸਿੱਖਿਅਤ ਚਿਹਰਾ ਉਭਾਰਨ ਦੀ ਲੋੜ ਹੈ। ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ‘ਆਪ’ ਦੀ ਕਾਰਗੁਜ਼ਾਰੀ ਦੀ ਸਿਫ਼ਤ ਕੀਤੀ ਤੇ ਕਿਹਾ ਕਿ ਭਾਜਪਾ ਦਾ ‘ਵੰਡਪਾਊ ਤੇ ਖ਼ਤਰਨਾਕ ਏਜੰਡਾ’ ਹਾਰ ਗਿਆ। ਕਾਂਗਰਸ ਦਾ ਦਫ਼ਤਰ ਸੁੰਨਾ ਰਿਹਾ ਤੇ ਉਹੀ ਲੋਕ ਦਫ਼ਤਰ ਵਿਚ ਮੌਜੂਦ ਸਨ ਜੋ ਆਮ ਕੰਮਕਾਜ ਲਈ ਇੱਥੇ ਹੁੰਦੇ ਹਨ। ਇਸ ਵਾਰ ਤਾਂ ਕਾਂਗਰਸ ਦਾ ਵੋਟ ਫ਼ੀਸਦੀ ਪਹਿਲਾਂ ਨਾਲੋਂ ਵੀ ਹੇਠਾਂ ਡਿੱਗਿਆ ਹੈ ਜਦਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਵੋਟ ਫ਼ੀਸਦ ’ਚ ਮਾਤ ਦੇ ਦਿੱਤੀ ਸੀ। ਕਾਂਗਰਸ ਨੇ ਅੱਜ ਹਾਰ ਸਵੀਕਾਰ ਕਰ ਲਈ ਤੇ ਰਾਸ਼ਟਰੀ ਰਾਜਧਾਨੀ ਵਿਚ ਜ਼ਮੀਨੀ ਪੱਧਰ ’ਤੇ ਆਪਣੇ ਆਪ ਨੂੰ ਦੁਬਾਰਾ ਕਾਇਮ ਕਰਨ ਤੇ ਸੁਰਜੀਤੀ ਲਈ ਯਤਨ ਕਰਨ ਦਾ ਅਹਿਦ ਲਿਆ। ਕਾਂਗਰਸ ਨੇ ਨਾਲ ਹੀ ਕਿਹਾ ਕਿ ਚੋਣ ਨਤੀਜੇ ਭਾਜਪਾ ਲਈ ਵੀ ਸਬਕ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਿੱਢੀ ‘ਬੇਹੱਦ ਜ਼ਹਿਰੀਲੀ ਚੋਣ ਮੁਹਿੰਮ’ ਨੇ ਵੀ ਮਾਤ ਖਾਧੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ‘ਲੋਕ ਫ਼ਤਵਾ ਸਾਡੇ ਵਿਰੁੱਧ ਹੈ, ਅਸੀਂ ਇਸ ਨੂੰ ਸਵੀਕਾਰ ਕਰਦੇ ਹਾਂ। ਦਿੱਲੀ ਕਾਂਗਰਸ ਦੇ ਮੁਖੀ ਸੁਭਾਸ਼ ਚੋਪੜਾ ਨੇ ਕਿਹਾ ਕਿ ਧਰੁਵੀਕਰਨ ਦੀਆਂ ਕੋਸ਼ਿਸ਼ਾਂ ਭਾਜਪਾ ਅਤੇ ‘ਆਪ’ ਨੇ ਕੀਤੀਆਂ ਸਨ ਅਤੇ ਉਹ ਇੱਕ ਹੱਦ ਤੱਕ ਸਫ਼ਲ ਵੀ ਹੋਏ ਹਨ। ਚੋਪੜਾ ਨੇ ਅੱਗੇ ਕਿਹਾ ਕਿ ਨਤੀਜਿਆਂ ਨੇ ਇਹ ਵੀ ਦਰਸਾਇਆ ਹੈ ਕਿ ਦਿੱਲੀ ਦੇ ਲੋਕ ਫ਼ਿਰਕੂ ਤਾਕਤਾਂ ਨਾਲ ਨਹੀਂ ਹਨ।


Comments Off on 63 ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.