ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਹਿੱਕ ਦੇ ਜ਼ੋਰ ’ਤੇ ਗਾਉਣ ਵਾਲਾ ਦਿਲਸ਼ਾਦ

Posted On February - 15 - 2020

ਸ਼ਮਸ਼ੇਰ ਸਿੰਘ ਸੋਹੀ
ਪੰਜਾਬੀ ਗਾਇਕੀ ਦੇ ਖੇਤਰ ਵਿਚ ਦਮਦਾਰ ਗਾਇਕੀ ਦੀ ਗੱਲ ਕਰੀਏ ਤਾਂ ਦਿਲਸ਼ਾਦ ਅਖ਼ਤਰ ਦੀ ਘਾਟ ਜ਼ਰੂਰ ਮਹਿਸੂਸ ਹੋਵੇਗੀ। ਕਈ ਸਾਲਾਂ ਤਕ ਪੰਜਾਬੀ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਦਿਲਸ਼ਾਦ ਦਾ ਜਨਮ 1965 ਵਿਚ ਮੁਕਤਸਾਰ ਵਿਖੇ ਪਿਤਾ ਕੀੜੇ ਖਾਂ ਸ਼ੌਕੀਨ ਤੇ ਮਾਤਾ ਨਸੀਬ ਬੀਬੀ ਦੇ ਘਰ ਹੋਇਆ। ਚਾਰ ਭੈਣ-ਭਰਾਵਾਂ ’ਚੋਂ ਉਹ ਸਭ ਤੋਂ ਛੋਟਾ ਸੀ। ਉਸਨੂੰ ਗਾਇਕੀ ਦਾ ਮਾਹੌਲ ਘਰ ਵਿਚੋਂ ਹੀ ਮਿਲਿਆ ਕਿਉਂਕਿ ਗਾਇਕੀ ਉਸਦੇ ਪਰਿਵਾਰ ਦਾ ਪੁਸ਼ਤੀ ਕਿੱਤਾ ਸੀ। ਉਹ ਸਕੂਲ ਸਮੇਂ ਬਾਲ ਸਭਾਵਾਂ ਵਿਚ ਗਾਉਂਦਾ ਸੀ। ਉਹ ਮੀਰ ਆਲਮ ਯਾਨੀ ਬਾਬੇ ਮਰਦਾਨੇ ਦੀ ਕੁੱਲ ਵਿਚੋਂ ਕਮਾਲ ਦਾ ਗਵੱਈਆ ਸੀ। ਉਸਦੇ ਪਿਤਾ ਉਸਤਾਦ ਕੀੜੇ ਖਾਂ ਸ਼ੌਕੀਨ ਪ੍ਰਸਿੱਧ ਗਾਇਕ ਤੇ ਸੰਗੀਤਕਾਰ ਸਨ ਜਿਨ੍ਹਾਂ ਕੋਲੋਂ ਦਿਲਸ਼ਾਦ ਨੇ ਸ਼ੁਰੂਆਤੀ ਤਾਲੀਮ ਹਾਸਲ ਕੀਤੀ। ਆਪਣੇ ਪਿਤਾ ਨਾਲ ਸਟੇਜਾਂ ’ਤੇ ਗਾਉਣ ਨਾਲ ਉਸਦਾ ਉਤਸ਼ਾਹ ਹੋਰ ਵਧਦਾ ਗਿਆ। ਉਸਦਾ ਮਾਮਾ ਸਾਬਰ ਹੁਸੈਨ ਤੇ ਤਾਇਆ ਬਾਬੂ ਖ਼ਾਨ ਵੀ ਚੰਗੇ ਗਵੱਈਏ ਸਨ। ਦਿਲਸ਼ਾਦ ਦੀ ਵੱਡੀ ਭੈਣ ਮਨਪ੍ਰੀਤ ਅਖ਼ਤਰ ਨੇ ਵੀ ਪੰਜਾਬੀ ਗਾਇਕੀ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਘਰ ਵਿਚੋਂ ਹੀ ਗਾਇਕੀ ਦਾ ਮਾਹੌਲ ਮਿਲਣ ਕਰਕੇ ਉਹ ਵੀ ਗਾਇਕੀ ਵੱਲ ਤੁਰ ਪਿਆ।
ਸ਼ੁਰੂਆਤੀ ਦਿਨਾਂ ਵਿਚ ਉਹ ਆਪਣੇ ਪਿਤਾ ਨਾਲ ਧਾਰਮਿਕ ਪ੍ਰੋਗਰਾਮਾਂ ’ਤੇ ਜਾਂਦਾ ਸੀ ਤਾਂ ਤੂੰਬੀ ਵੀ ਬਹੁਤ ਵਧੀਆ ਵਜਾਉਂਦਾ ਸੀ। ਬਹੁਤ ਛੋਟੀ ਉਮਰ ਵਿਚ ਉਸਨੇ ਮੁਹੰਮਦ ਸਦੀਕ ਦਾ ਰਿਕਾਰਡ ‘ਸੁੱਚਾ ਸੂਰਮਾ’ ਗਾ ਕੇ ਵਾਹ ਵਾਹ ਖੱਟੀ ਸੀ। ਉਸ ਸਮੇਂ ਉਹ ਸਕੂਲ ’ਚ ਪੜ੍ਹਦਾ ਸੀ, ਪਰ ਪੜ੍ਹਾਈ ’ਚੋਂ ਥੋੜ੍ਹਾ ਕਮਜ਼ੋਰ ਸੀ। ਉਸਨੇ ਗ੍ਰੈਜੂਏਸ਼ਨ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਕੀਤੀ। ਇੱਥੇ ਹੀ ਉਸਨੇ ਨੂਰਮਹਿਲ ਦੇ ਉਸਤਾਦ ਪੰਡਿਤ ਕ੍ਰਿਸ਼ਨ ਕਾਂਤ ਤੋਂ ਗਾਇਕੀ ਦੇ ਗੁਰ ਸਿੱਖੇ। ਉਸਦੀ ਵੱਡੀ ਭੈਣ ਮਨਪ੍ਰੀਤ ਅਖ਼ਤਰ ਵੀ ਇਸ ਦੌਰਾਨ ਉਸਤਾਦ ਪੰਡਿਤ ਕ੍ਰਿਸ਼ਨ ਕਾਂਤ ਕੋਲੋਂ ਗਾਇਕੀ ਦੀ ਤਾਲੀਮ ਹਾਸਲ ਕਰ ਰਹੀ ਸੀ। ਧਰਮ ਸਿੰਘ ਕੰਮੇਆਣਾ ਦੇ ਪਹਿਲੇ ਅਤੇ ਸੱਜਰੇ ਲਿਖੇ ਬੋਲਾਂ ‘ਆਖੇ ਲੱਗ ਜਾ ਨੀਂ ਮੰਨ ਲੈ ਤੂੰ ਫੱਕਰਾਂ ਦੇ ਕਹਿਣੇ, ਇਹ ਜ਼ਿੰਦਗੀ ਦੇ ਦੀਵੇ ਸਦਾ ਬਲਦੇ ਨਾ ਰਹਿਣੇ’ ਨਾਲ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਦਿਲਸ਼ਾਦ ਅਖ਼ਤਰ ਦੀ ਆਵਾਜ਼ ਸੁਣਨ ਨੂੰ ਮਿਲੀ। ਉਸਨੇ ਸ਼ੁਰੂ ਸ਼ਰੂ ਵਿਚ ‘ਚੰਨ ਮੰਗੇ ਚਾਨਣੀ ਗੁਲਾਬ ਮੰਗੇ ਰੰਗ’, ‘ਚੁੰਮ ਚੁੰਮ ਲਾਵਾਂ ਨੀਂ ਮੈਂ ਹਿੱਕ ਨਾਲ ਮੁੰਦਰੀ’, ‘ਹਾਣੀ ਮਰ ਜਾਂਦਾ ਤਾਂ ਜੂਹਾਂ ਸੁੰਨੀਆਂ ਲੱਗਦੀਆਂ’ ਵਰਗੇ ਗੀਤ ਗਾ ਕੇ ਸਰੋਤਿਆਂ ਤਕ ਆਪਣੀ ਆਵਾਜ਼ ਪਹੁੰਚਾਈ। ਪਹਿਲੀ ਕੈਸੇਟ ‘ਧਰਤੀ ਪੰਜ ਦਰਿਆਵਾਂ ਦੀ’ ਵਿਚ ਧਰਮ ਕੰਮੇਆਣਾ ਤੇ ਗੁਰਚਰਨ ਵਿਰਕ ਦੇ ਲਿਖੇ ਗੀਤ ਗਾਉਣ ਨਾਲ ਦਿਲਸ਼ਾਦ ਦੀ ਚੰਗੀ ਪਛਾਣ ਬਣ ਗਈ ਸੀ। ਉਹ ਕੁਲਦੀਪ ਮਾਣਕ ਤੇ ਮੁਹੰਮਦ ਸਦੀਕ ਦੇ ਸਟੇਜੀ ਪ੍ਰ੍ਰੋਗਰਾਮਾਂ ਨੂੰ ਸੁਣਨਾ ਬਹੁਤ ਪਸੰਦ ਕਰਦਾ ਸੀ।
1980 ਦੇ ਕਰੀਬ ਜਲਾਲਾਬਾਦ ਵਿਖੇ ਦਿਲਸ਼ਾਦ ਅਖ਼ਤਰ ਨੂੰ ਆਪਣੇ ਪਹਿਲੇ ਅਖਾੜੇ ਵਿਚ ਹੀ ਸਰੋਤਿਆਂ ਵੱਲੋਂ ਕਾਫ਼ੀ ਹੁੰਗਾਰਾ ਮਿਲਿਆ। ਇਸਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਰੀਰ ਦਾ ਥੋੜ੍ਹਾ ਭਾਰਾ ਦਿਲਸ਼ਾਦ ਹੱਥ ’ਚ ਚਿਮਟਾ ਫੜੀ ਜਦੋਂ ਸਟੇਜ ’ਤੇ ਆਲਮ ਲੁਹਾਰ ਵਰਗੀ ਅੰਦਾਜ਼-ਏ-ਗਾਇਕੀ ਪੇਸ਼ ਕਰਦਾ ਸੀ ਤਾਂ ਵੱਖਰਾ ਹੀ ਮਾਹੌਲ ਸਿਰਜ ਦਿੰਦਾ ਸੀ। ਬੈਂਜੋ, ਤੂੰਬੀ, ਢੱਡ-ਸਾਰੰਗੀ, ਢੋਲਕ ਚਿਮਟਾ ਤੇ ਹਾਰਮੋਨੀਅਮ ਵਰਗੇ ਲੋਕ ਸਾਜ ਉਹ ਖ਼ੁਦ ਵਜਾ ਲੈਂਦਾ ਸੀ।
ਉਸਨੇ ਸਭ ਤੋਂ ਪਹਿਲਾਂ ਬਲਕਰਨ ਵੜਿੰਗ ਦੀ ਪੰਜਾਬੀ ਫ਼ਿਲਮ ‘ਉਡੀਕਾਂ ਸਾਉਣ ਦੀਆਂ’ ਵਿਚ ਗਾਇਆ। ਪੰਜਾਬੀ ਫ਼ਿਲਮ ‘ਕਚਹਿਰੀ’ ਵਿਚ ਸੁਰਜੀਤ ਬਿੰਦਰਖੀਏ ਨਾਲ ਮਿਲ ਕੇ ਗਾਇਆ ਉਸਦਾ ਗੀਤ ‘ਕਹਿੰਦੇ ਹੁੰਦਾ ਡਾਂਗ ਉੱਤੇ ਡੇਰਾ ਜੱਟ ਦਾ’ ਬਹੁਤ ਮਕਬੂਲ ਹੋਇਆ। ‘ਅਣਖ ਜੱਟਾਂ ਦੀ’, ‘ਨਸੀਬੋ’, ‘ਧਰਮ ਜੱਟ ਦਾ’, ‘ਦੇਸੋਂ ਪ੍ਰਦੇਸ’, ‘ਦੁੱਲਾ ਭੱਟੀ’, ‘ਸੁੱਚਾ ਸੂਰਮਾ’ ਤੇ ਕਈ ਹੋਰ ਪੰਜਾਬੀ ਫ਼ਿਲਮਾਂ ਵਿਚ ਵੀ ਉਸਨੇ ਗੀਤ ਗਾਏ।
ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਮੌਤ ਤੋਂ ਬਾਅਦ ਕੁਝ ਸਾਲ ਤਾਂ ਉਸਨੇ ਕਿਸੇ ਵੀ ਕਲਾਕਾਰ ਨੂੰ ਅੱਗੇ ਨਹੀਂ ਲੰਘਣ ਦਿੱਤਾ। ਪੰਜਾਬ ਦੀ ਹਰ ਫ਼ਿਜ਼ਾ ਵਿਚ ਸਿਰਫ਼ ਦਿਲਸ਼ਾਦ ਅਖ਼ਤਰ ਦੀ ਗਾਇਕੀ ਦੀਆਂ ਹੀ ਧੁੰਮਾਂ ਸਨ। ਧਾਰਮਿਕ ਗਾਇਕੀ ਦੀ ਗੱਲ ਕਰੀਏ ਤਾਂ ਉਸ ਦੀਆਂ ਕਈ ਪ੍ਰਸਿੱਧ ਟੇਪਾਂ ਮਾਰਕੀਟ ਵਿਚ ਆਈਆਂ ਜਿਨ੍ਹਾਂ ਵਿਚੋਂ ‘ਜੰਗ ਹਿੰਦ ਪੰਜਾਬ’, ‘ਸੱਚ ਨੂੰ ਫ਼ਾਸੀ’ ਤੇ ‘ਤੱਤੀ ਤਵੀ’ ਉੱਤੇ ਆਦਿ ਪ੍ਰਮੁੱਖ ਹਨ। ਉਸਨੇ ਧਰਮ ਕੰਮੇਆਣਾ, ਮਦਨ ਜਲੰਧਰੀ, ਗੁਰਚਰਨ ਵਿਰਕ, ਬਾਬੂ ਸਿੰਘ ਮਾਨ, ਬਚਨ ਬੇਦਿਲ ਤੇ ਹੋਰ ਕਈ ਪ੍ਰਸਿੱਧ ਗੀਤਕਾਰਾਂ ਦੇ ਲਿਖੇ ਗੀਤਾਂ ਨੂੰ ਬੜੀ ਹੀ ਰੂਹ ਨਾਲ ਗਾਇਆ। ਉਸਦੇ ਗਾਏ ਕੁਝ ਮਸ਼ਹੂਰ ਗੀਤਾਂ ਵਿਚ ਸ਼ਾਮਲ ਹਨ :
* ਦੇਸੀ ਬਾਂਦਰੀ ਵਲੈਤੀ ਚੀਕਾਂ ਮਾਰੇ ਮੁੰਡਿਓ
* ਕਿਤੇ ਸੁਣ ਅੱਲ੍ਹੜੇ ਮੁਟਿਆਰੇ, ਨੀਂ ਚਰਖਾ ਬੋਲ ਪਿਆ
* ਮਨ ਵਿਚ ਵਸਨੈਂ ਸੱਜਣਾ ਵੇ ਰਹਿਨੈਂ ਅੱਖੀਆਂ ਤੋਂ ਦੂਰ
* ਚਿੱਠੀ ਵਿਚ ਲਿਖਦੀਂ ਹੁਣ ਕੀ ਹਾਲ ਪ੍ਰੀਤੋ ਦਾ
* ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਨੀਂ ਕਾਹਨੂੰ ਅੱਥਰੂ ਵਹਾਉਂਦੀ
* ਅਸੀਂ ਤਾਂਬੇ ਦੇ ਤਵੀਤ ’ਚ ਮੜ੍ਹਾ ਕੇ ਸੋਹਣਿਆ,
ਵੇ ਗਲ ਪਾਇਆ ਤੇਰਾ ਨਾਂ
* ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ,
ਤੂੰ ਬੁੱਲ੍ਹੀਆਂ ਦੀ ਚੁੱਪ ਤੋੜ ਦੇ
* ਕੋਲ ਰਹਿ ਕੇ ਵੀ ਜੇ ਦੂਰ ਦੂਰ ਰਹਿਣਾ,
ਵੇ ਸਾਨੂੰ ਸਾਡਾ ਦਿਲ ਮੋੜ ਦੇ
* ਹਾਏ ਨੀਂ ਡੁੱਬ ਜਾਣੀ ਦਾ ਬਚੂੰਗੜਾ ਰੋਵੇ
* ਵੇ ਲੈ ਜਾਵੀਂ ਵੇ ਕਾਂਵਾਂ ਧੀਆਂ ਪਰਦੇਸਣਾਂ ਦਾ ਪਿਆਰ
* ਘੁੰਡ ਕੱਢ ਲੈ ਪਤਲੀਏ ਨਾਰੇ,
ਨੀਂ ਸਹੁਰਿਆਂ ਦਾ ਪਿੰਡ ਆ ਗਿਆ
* ਕਿਹੜੇ ਅੰਬਰਾਂ ਦੇ ਉੱਤੇ ਘਰ ਪਾ ਲਿਆ,
ਕਿੱਥੇ ਰਹਿੰਦੀਆਂ ਨੇ ਹੁਣ ਸਰਕਾਰਾਂ
* ਚੀਚੀ ’ਤੇ ਨਚਾਉਣਾ ਨੀਂ ਤੂੰ ਕਿੱਥੋਂ ਸਿੱਖਿਆ,
ਲਾਰਾ ਲੱਪਾ ਲਾਉਣਾ ਨੀਂ ਤੂੰ ਕਿੱਥੋਂ ਸਿੱਖਿਆ
(ਦੋਗਾਣਾ ਪਰਮਿੰਦਰ ਸੰਧੂ)
* ਤੂੰ ਹੁਣ ਕਿਉਂ ਰੋਨੀ ਏਂ ਬਿੱਲੋ ਜੇ ਤੇਰਾ ਜੀਜਾ ਲੈ ਗਿਆ ਸਾਕ,
ਹਾਏ ਮੈਂ ਮਰਗੀ ਵੇ ਜੀਜਾ ਮੁੰਡਾ ਕੱਲ੍ਹ ਦਾ ਜੁਆਕ
(ਦੋਗਾਣਾ ਸਵਿਤਾ ਸਾਥੀ)
ਦਿਲਸ਼ਾਦ ਅਖ਼ਤਰ ਦਾ ਵਿਆਹ ਕੁਲਵਿੰਦਰ ਕੌਰ ਨਾਲ ਹੋਇਆ, ਪਰ ਉਸਦੇ ਕੋਈ ਔਲਾਦ ਨਹੀਂ ਸੀ। ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਦਿਲਸ਼ਾਦ ਇਕ ਗਾਇਕ ਹੋਣ ਦੇ ਨਾਲ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ। ਅੰਤਲੇ ਸਮੇਂ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗਾ। ਪੰਜਾਬ ਵਿਚ ਛਾਏ ਕਾਲੇ ਦਿਨਾਂ ਦੌਰਾਨ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਤੇ ਫ਼ਿਲਮ ਅਦਾਕਾਰ ਵਰਿੰਦਰ ਦੀ ਮੌਤ ਦਾ ਦਰਦ ਅਜੇ ਲੋਕਾਂ ਨੂੰ ਭੁੱਲਿਆ ਨਹੀਂ ਸੀ ਕਿ 28 ਜਨਵਰੀ, 1996 ਨੂੰ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਪਿੰਡ ਸਿੰਘਪੁਰਾ ਵਿਚ ਸਟੇਜ ਪ੍ਰੋਗਰਾਮ ਦੌਰਾਨ ਪੁਲੀਸ ਅਧਿਕਾਰੀ ਸਵਰਨ ਸਿੰਘ ਹੁੰਦਲ ਦੀ ਗ਼ਲਤੀ ਨਾਲ ਦਿਲਸ਼ਾਦ ਅਖ਼ਤਰ ਸਾਥੋਂ ਸਦਾ ਲਈ ਦੂਰ ਚਲਾ ਗਿਆ।
ਉਹ ਇਕ ਅਜਿਹਾ ਗਾਇਕ ਸੀ ਜਿਸਨੇ ਪੰਜਾਬੀ ਸਰੋਤਿਆਂ ਦੇ ਨਾਲ ਨਾਲ ਪਰਦੇਸ ਵੱਸਦੇ ਪੰਜਾਬੀਆਂ ਨੂੰ ਆਪਣੇ ਗੀਤਾਂ ਨਾਲ ਜੋੜੀ ਰੱਖਿਆ ਸੀ। ਕੁਝ ਨਾਮਵਰ ਗਾਇਕਾਂ ਤੇ ਦਿਲਸ਼ਾਦ ਅਖ਼ਤਰ ਦੇ ਚਾਹੁਣ ਵਾਲਿਆਂ ਦੇ ਕਹਿਣ ’ਤੇ ਹੀ ਉਸਦੀ ਵੱਡੀ ਭੈਣ ਮਨਪ੍ਰੀਤ ਅਖ਼ਤਰ ਗਾਇਕੀ ਵੱਲ ਆਈ ਤੇ ਆਪਣੇ ਪਿਤਾ ਤੇ ਭਰਾ ਦੀ ਵਿਰਾਸਤ ਨੂੰ ਸੰਭਾਲਦਿਆਂ ਗਾਇਕੀ ਦੇ ਖੇਤਰ ਵਿਚ ਪੈਰ ਧਰਿਆ। ਉਹ ਆਪਣੇ ਭਰਾ ਦੀਆਂ ਯਾਦਾਂ ਤਾਜ਼ਾ ਰੱਖਣ ਲਈ ਹਰ ਸਾਲ ਲੌਂਗੋਵਾਲ ਵਿਖੇ ਦਿਲਸ਼ਾਦ ਅਖ਼ਤਰ ਯਾਦਗਾਰੀ ਸੱਭਿਆਚਾਰਕ ਮੇਲਾ ਵੀ ਕਰਵਾਉਂਦੀ ਰਹੀ, ਪਰ ਏਨੇ ਹਿੱਟ ਗੀਤ ਗਾਉਣ ਵਾਲੇ ਇਸ ਕਲਾਕਾਰ ਨੂੰ ਮਰਨ ਉਪਰੰਤ ਕਿਸੇ ਨੇ ਵੀ ਯਾਦ ਨਹੀਂ ਕੀਤਾ ਤੇ ਨਾ ਹੀ ਕੋਈ ਸਨਮਾਨ ਦਿੱਤਾ। ਇਸ ਸਮੇਂ ਅਖ਼ਤਰ ਪਰਿਵਾਰ ਵਿਚ ਸ਼ੈਰੀ ਅਖ਼ਤਰ (ਦਿਲਸ਼ਾਦ ਦੇ ਚਚੇਰੇ ਭਰਾ ਸੰਦੀਪ ਅਖ਼ਤਰ ਦਾ ਲੜਕਾ ਜੋ ਦਿਲਸ਼ਾਦ ਵਾਂਗ ਗਾਉਂਦਾ ਹੈ), ਨਵੀਦ ਅਖ਼ਤਰ ਤੇ ਲਵਦੀਪ ਅਖ਼ਤਰ (ਮਨਪ੍ਰੀਤ ਅਖ਼ਤਰ ਦੇ ਦੋ ਲੜਕੇ) ਇਸ ਪਰਿਵਾਰ ਦੀ ਗਾਇਕੀ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ।


Comments Off on ਹਿੱਕ ਦੇ ਜ਼ੋਰ ’ਤੇ ਗਾਉਣ ਵਾਲਾ ਦਿਲਸ਼ਾਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.