ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਹਿੰਸਾ ਦਾ ਦੌਰ

Posted On February - 26 - 2020

ਇਕ ਪਾਸੇ ਦੇਸ਼ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਯਾਤਰਾ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ਉੱਤੇ ਹਿੰਸਾ ਹੋ ਰਹੀ ਹੈ। ਲਗਭਗ 2 ਮਹੀਨਿਆਂ ਤੋਂ ਰਾਜਧਾਨੀ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਂਤਮਈ ਅੰਦੋਲਨ ਚੱਲ ਰਿਹਾ ਸੀ ਅਤੇ ਲੋਕਾਂ ਨੇ ਰੋਸ ਪ੍ਰਗਟਾਉਣ ਲਈ ਸ਼ਾਹੀਨ ਬਾਗ਼, ਚਾਂਦ ਬਾਗ਼ ਅਤੇ ਕਈ ਹੋਰ ਥਾਵਾਂ ’ਤੇ ਧਰਨੇ ਦਿੱਤੇ। ਐਤਵਾਰ ਭਾਜਪਾ ਦੇ ਆਗੂ ਕਪਿਲ ਮਿਸ਼ਰਾ, ਜਿਸ ਨੇ ਭਾਜਪਾ ਦੀ ਟਿਕਟ ’ਤੇ ਮਾਡਲ ਟਾਊਨ ਤੋਂ ਚੋਣਾਂ ਲੜੀਆਂ ਅਤੇ ਜਿਹੜਾ ਕਰਵਲ ਨਗਰ ਤੋਂ ਆਮ ਆਦਮੀ ਪਾਰਟੀ ਦਾ ਐੱਮਐੱਲਏ ਰਹਿ ਚੁੱਕਾ ਹੈ, ਨੇ ਟਵਿੱਟਰ ’ਤੇ ਚਿਤਾਵਨੀ ਦਿੱਤੀ ਸੀ ਕਿ ਜਾਫ਼ਰਾਬਾਦ ਦੇ ਨੇੜੇ ਦਿੱਤੇ ਜਾ ਰਹੇ ਧਰਨੇ ਨੂੰ ਸ਼ਾਹੀਨ ਬਾਗ਼ ਨਹੀਂ ਬਣਨ ਦਿੱਤਾ ਜਾਵੇਗਾ। ਇਸ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ ਦੇ ਹਮਾਇਤੀ ਵੀ ਸੜਕਾਂ ’ਤੇ ਉਤਰੇ ਅਤੇ ਦੋਹਾਂ ਧਿਰਾਂ ਵਿਚ ਹੋਈ ਝੜਪ ਦੌਰਾਨ ਕਈ ਲੋਕ ਜ਼ਖ਼ਮੀ ਹੋਏ। ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਗੋਲੀ ਚਲਾਈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡਿਉ ਅਨੁਸਾਰ ਇਕ ਮੁਜ਼ਾਹਰਾਕਾਰੀ ਵੀ ਗੋਲੀ ਚਲਾਉਂਦਾ ਦੇਖਿਆ ਗਿਆ। ਬਾਅਦ ਵਿਚ ਪੁਲੀਸ ਨੇ ਇਸ ਮੁਜ਼ਾਹਰਾਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਹਿੰਸਾ ਵਿਚ 10 ਮੁਜ਼ਾਹਰਾਕਾਰੀਆਂ ਅਤੇ ਪੁਲੀਸ ਦੇ ਇਕ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ।
ਹਿੰਸਾ ਮੁੱਖ ਤੌਰ ’ਤੇ ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਚਾਂਦ ਬਾਗ਼, ਖ਼ੁਰੇਜੀ ਖ਼ਾਸ, ਭਜਨਪੁਰਾ, ਗੋਕੁਲਪੁਰੀ ਆਦਿ ਇਲਾਕਿਆਂ ਵਿਚ ਹੋਈ ਹੈ। ਵੱਖ ਵੱਖ ਖ਼ਬਰਾਂ ਅਨੁਸਾਰ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿਚ ਮੁਜ਼ਾਹਰਾ ਕਰ ਰਹੇ ਲੋਕ ‘ਗੋਲੀ ਮਾਰੋ… ਕੋ’ ਦੇ ਨਾਅਰੇ ਲਾ ਰਹੇ ਸਨ। ਉਨ੍ਹਾਂ ਕੋਲ ਲਾਠੀਆਂ ਤੇ ਪੱਥਰ ਸਨ। ਸੋਸ਼ਲ ਮੀਡੀਆ ’ਤੇ ਵਾਇਰਲ ਕਈ ਵੀਡਿਓਜ਼ ਵਿਚ ਨਾਗਰਿਕਤਾ ਸੋਧ ਕਾਨੂੰਨ ਦੀ ਹਮਾਇਤੀਆਂ ਅਤੇ ਪੁਲੀਸ ਕਰਮਚਾਰੀਆਂ ਨੂੰ ਇਸ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਦੀ ਕੁੱਟ-ਮਾਰ ਤੇ ਗਾਲੀ-ਗਲੋਚ ਕਰਦੇ ਹੋਏ ਦਿਖਾਇਆ ਗਿਆ ਹੈ। ਇਕ ਵੀਡਿਉ ਵਿਚ ਪੁਲੀਸ ਕਰਮਚਾਰੀ ਮੁਜ਼ਾਹਰਾਕਾਰੀਆਂ ਨਾਲ ਕੁੱਟ-ਮਾਰ ਕਰਦੇ ਹੋਏ ਉਨ੍ਹਾਂ ਨੂੰ ਆਜ਼ਾਦੀ ਦੇ ਨਾਅਰੇ ਮਾਰਨ ਬਾਰੇ ਤਨਜ਼ ਕਰ ਰਿਹਾ ਹੈ। ਇਉਂ ਲੱਗਦਾ ਹੈ ਜਿਵੇਂ ਫ਼ਿਰਕਾਪ੍ਰਸਤੀ ਅਤੇ ਨਫ਼ਰਤ ਦੇ ਦੈਂਤ ਨੇ ਲੋਕਾਂ ਦੇ ਮਨ ਉੱਤੇ ਕਬਜ਼ਾ ਕਰ ਲਿਆ ਹੋਵੇ।
ਸਿਆਸੀ ਮਾਹਿਰਾਂ ਅਨੁਸਾਰ ਇਹ ਹਿੰਸਾ ਜਾਣ-ਬੁੱਝ ਕੇ ਭੜਕਾਈ ਗਈ ਹੈ। ਸ਼ਾਹੀਨ ਬਾਗ਼ ਅਤੇ ਕਈ ਹੋਰ ਥਾਵਾਂ ’ਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਸ਼ਾਂਤਮਈ ਮੁਜ਼ਾਹਰਿਆਂ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਿਆ ਅਤੇ ਲੋਕਾਂ ਵਿਚ ਨਵੀਂ ਚੇਤਨਾ ਜਗਾਈ। ਇਨ੍ਹਾਂ ਮੁਜ਼ਾਹਰਿਆਂ ਵਿਚ ਭਾਸ਼ਣ ਦੇਣ ਵਾਲੇ ਵਕਤਿਆਂ, ਔਰਤਾਂ, ਸਮਾਜਿਕ ਕਾਰਕੁਨਾਂ ਅਤੇ ਕਲਾਕਾਰਾਂ ਨੇ ਰੋਸ ਪ੍ਰਗਟ ਕਰਨ ਦੀ ਨਵੀਂ ਭਾਸ਼ਾ ਈਜ਼ਾਦ ਕੀਤੀ ਜਿਸ ਵਿਚ ਇਨਸਾਨੀ ਮੁਹੱਬਤ ਤੇ ਪ੍ਰੇਮ ਦੀਆਂ ਭਾਵਨਾਵਾਂ ਉਜਾਗਰ ਹੋਈਆਂ। ਭਾਜਪਾ ਅਤੇ ਉਸ ਦੇ ਹਮਾਇਤੀਆਂ ਨੂੰ ਲੋਕ-ਮਨ ਨੂੰ ਜਿੱਤ ਲੈਣ ਵਾਲਾ ਇਹੋ ਜਿਹਾ ਰੋਸ ਰਾਸ ਨਹੀਂ ਸੀ ਆ ਰਿਹਾ ਅਤੇ ਫ਼ਿਰਕੂ ਪਾੜੇ ਨੂੰ ਵਧਾਉਣ ਵਾਲੀ ਸਿਆਸਤ ਉਸ ਦੀ ਸਿਆਸੀ ਮਜਬੂਰੀ ਬਣਦੀ ਜਾ ਰਹੀ ਸੀ। ਦਿੱਲੀ ਵਿਚਲੀ ਸਥਿਤੀ ਦਾ ਦੁਖਾਂਤ ਇਹ ਹੈ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਲੰਮੀ ਦੇਰ ਤੋਂ ਚੁੱਪ ਧਾਰੀ ਰੱਖੀ। 25 ਫਰਵਰੀ ਨੂੰ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਵੀ ਮੁੱਖ ਮੰਤਰੀ ਨੇ ਸ਼ਾਂਤੀ ਬਣਾਉਣ ਦੀ ਅਪੀਲ ਤੋਂ ਬਿਨਾਂ ਕੋਈ ਹੋਰ ਵਿਚਾਰਧਾਰਕ ਪੈਂਤੜਾ ਨਹੀਂ ਲਿਆ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ‘ਆਪ’ ਵਿਚਾਰਧਾਰਕ ਤੌਰ ’ਤੇ ਭਾਜਪਾ ਦੇ ਸਾਹਮਣੇ ਗੋਡੇ ਟੇਕ ਚੁੱਕੀ ਹੈ। ਅਜੇ ਵੀ ਚੱਲ ਰਹੀ ਹਿੰਸਾ ਵਿਚ ਭੀੜਾਂ ਨੇ ਕਈ ਲੋਕਾਂ ਨੂੰ ਘੇਰਿਆ ਤੇ ਉਨ੍ਹਾਂ ਤੋਂ ਉਨ੍ਹਾਂ ਦੇ ਧਰਮ ਬਾਰੇ ਪੁੱਛਗਿੱਛ ਕੀਤੀ ਗਈ। ਇਸੇ ਲਈ ਕਈ ਸਿਆਸੀ ਮਾਹਿਰਾਂ ਨੂੰ ਹਿੰਸਾ ਦੀ ਇਸ ਪ੍ਰਕਿਰਿਆ ਵਿਚ 1984 ਵਿਚ ਹੋਏ ਸਿੱਖ ਕਤਲੇਆਮ ਦੀ ਛਾਪ ਦਿਖਾਈ ਦਿੱਤੀ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਵੀਰਵਾਰ ਨੂੰ ਜੰਮੂ-ਕਸ਼ਮੀਰ ਵਿਚ ਇਕ ਨਾਬਾਲਗ਼ ਨੂੰ ਹਿੰਸਾ ਭੜਕਾਉਣ ਵਾਲੀ ਪੋਸਟ ਪਾਉਣ ਉੱਤੇ ਗ੍ਰਿਫ਼ਤਾਰ ਕੀਤਾ ਗਿਆ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਜਪਾ ਦੇ ਵੱਖ ਵੱਖ ਆਗੂਆਂ, ਜਿਹੜੇ ‘ਦੇਸ਼ ਕੋ ਗੱਦਾਰੋਂ ਕੋ, ਗੋਲੀ ਮਾਰੋ… ਕੋ’ ਤੋਂ ਲੈ ਕੇ ਹਿੰਸਾ ਭੜਕਾਉਣ ਵਾਲੀਆਂ ਵੱਖ ਵੱਖ ਟਿੱਪਣੀਆਂ ਕਰ ਚੁੱਕੇ ਹਨ, ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਹਾਲ ਦੀ ਘੜੀ ਪੁਲੀਸ ਨੂੰ ਆਪਣਾ ਧਿਆਨ ਇਸ ਹਿੰਸਾ ਨੂੰ ਰੋਕਣ ’ਤੇ ਕੇਂਦਰਿਤ ਕਰਨਾ ਚਾਹੀਦਾ ਹੈ।


Comments Off on ਹਿੰਸਾ ਦਾ ਦੌਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.