ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਸੁਤੰਤਰਤਾ ਸੈਨਾਨੀ ਤੇ ਬੁੱਧੀਜੀਵੀਆਂ ਦਾ ਪਿੰਡ ਹਰਪੁਰਾ

Posted On February - 22 - 2020

ਜ਼ਿੰਦਗੀ ਦਾ ਦੂਜਾ ਨਾਂ ਬਦਲਾਉ ਹੈ। ਦੁਨੀਆਂ ਵਿਚ ਕੋਈ ਵੀ ਚੀਜ਼ ਸਥਿਰ ਤੇ ਸਦੀਵੀ ਨਹੀਂ ਹੈ। ਸਾਡੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਦੀ ਨੁਹਾਰ  ਬਦਲ ਰਹੀ ਹੈ। ਚੰਗੀ ਆਰਥਿਕ ਹਾਲਤ ਵਾਲਾ ਹਰ ਪਰਿਵਾਰ ਜਾਂ ਤਾਂ ਸ਼ਹਿਰ/ ਕਸਬੇ ਵਿਚ ਵੱਸਣਾ ਚਾਹੁੰਦਾ ਹੈ ਜਾਂ ਕੈਨੇਡਾ, ਅਮਰੀਕਾ ਆਦਿ ਨੂੰ ਪਰਵਾਸ ਕਰਨਾ। ‘ਪੰਜਾਬੀ ਟ੍ਰਿਬਿਊਨ’ ਦਾ ਇਹ ਕਾਲਮ ਸਾਡੇ ਪਿੰਡਾਂ ਵਿਚ ਹੋ ਰਹੀਆਂ ਇਨ੍ਹਾਂ ਤਬਦੀਲੀਆਂ ਨੂੰ ਕਲਮਬੰਦ ਕਰਨ ਦਾ ਯਤਨ ਕਰੇਗਾ।

ਸੁਤੰਤਰਤਾ ਸੈਨਾਨੀ ਬਾਪੂ ਉਜਾਗਰ ਸਿੰਘ ਦੀ ਤਸਵੀਰ।

ਹਰਜੀਤ ਸਿੰਘ ਪਰਮਾਰ
ਬਟਾਲਾ ਤੋਂ ਕਰੀਬ 12 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਲਾਕੇ ਦਾ ਪੁਰਾਤਨ ਪਿੰਡ ਹਰਪੁਰਾ ਦੋ ਵਾਰ ਸਮੇਂ ਦੀ ਮਾਰ ਕਾਰਨ ਅਤੇ ਇੱਕ ਵਾਰ ਸਵੈਇੱਛਤ ਉਜਾੜੇ ਦੀ ਮਾਰ ਝੱਲ ਚੁੱਕਾ ਹੈ। ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਪਿੰਡ ਹਰਪੁਰਾ ਦਾ ਰਕਬਾ ਕਰੀਬ 1550 ਏਕੜ ਜ਼ਮੀਨ ਦਾ ਹੈ ਅਤੇ ਸਾਰੀ ਦੀ ਸਾਰੀ ਜ਼ਮੀਨ ਉਪਜਾਊ ਅਤੇ ਵਾਹੀਯੋਗ ਹੈ। ਪਿੰਡ ਦੀ ਜਨਸੰਖਿਆ 3000 ਦੇ ਕਰੀਬ ਹੈ। ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਇਹ ਘੁੱਗ ਵੱਸਦਾ ਸੀ ਪਰ ਪਿੰਡ ਨੂੰ ਪਹਿਲੀ ਮਾਰ ਭਾਰਤ-ਪਾਕਿ ਦੀ ਵੰਡ ਨੇ ਹੀ ਪਾਈ। ਪਿੰਡ ਵਿੱਚ ਵੱਸਦੇ ਬਜ਼ੁਰਗ ਸੁਲੱਖਣ ਸਿੰਘ (73) ਦੱਸਦੇ ਹਨ ਕਿ ਉਨ੍ਹਾਂ ਦਾ ਜਨਮ 1947 ਵਿੱਚ ਹੀ ਹੋਇਆ ਸੀ ਅਤੇ ਉਨ੍ਹਾਂ ਆਪਣੇ ਬਜ਼ੁਰਗਾਂ ਕੋਲੋਂ ਸੁਣਿਆ ਕਿ ਇਸ ਪਿੰਡ ਵਿੱਚ ਵੰਡ ਤੋਂ ਪਹਿਲਾਂ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਰਹਿੰਦੇ ਸਨ ਪਰ ਇੱਥੇ ਬਹੁਗਿਣਤੀ ਮੁਸਲਮਾਨਾਂ ਦੀ ਸੀ ਅਤੇ ਵੰਡ ਸਮੇਂ ਸਿਰਫ਼ ਆਲਮਾ ਦਾਈ ਦੇ ਇੱਕ ਪਰਿਵਾਰ ਨੂੰ ਛੱਡ ਕੇ ਤਕਰੀਬਨ ਸਾਰੇ ਮੁਸਲਮਾਨ ਆਪਣੇ ਘਰ ਅਤੇ ਜਾਇਦਾਦਾਂ ਛੱਡ ਕੇ ਪਾਕਿਸਤਾਨ ਚਲੇ ਗਏ। ਇਸ ਦੌਰਾਨ ਉਨ੍ਹਾਂ ਦੇ ਪਿੰਡ ਵਿੱਚ ਸਿਰਫ਼ ਸਿੱਖਾਂ ਦਾ ਇੱਕ ਪਰਿਵਾਰ ਹੀ ਪਾਕਿਸਤਾਨ ਤੋਂ ਆ ਕੇ ਵੱਸਿਆ। ਆਲਮਾ ਦਾਈ ਦਾ ਪਰਿਵਾਰ ਅੱਜ ਵੀ ਇਸੇ ਪਿੰਡ ਵਿੱਚ ਰਾਜ਼ੀ-ਖ਼ੁਸ਼ੀ ਰਹਿ ਰਿਹਾ ਹੈ। ਪਿੰਡ ਵਿੱਚ ਮੀਆਂਵਾਲ ਪੱਤੀ ਪਿੰਡ ਵਾਸੀਆਂ ਨੂੰ ਅਜੇ ਵੀ ਮੁਸਲਮਾਨਾਂ ਦੀ ਯਾਦ ਦਿਵਾਉਂਦੀ ਹੈ। ਪਿੰਡ ਦਾ ਕਾਫ਼ੀ ਹਿੱਸਾ ਖਾਲੀ ਹੋ ਗਿਆ ਅਤੇ ਹੌਲੀ-ਹੌਲੀ ਪਿੰਡ ਵਿੱਚ ਫਿਰ ਰੌਣਕਾਂ ਮੁੜ ਆਈਆਂ ਪਰ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਆਈ ਹਰੀ ਕ੍ਰਾਂਤੀ ਦੇ ਦੌਰ ਦੌਰਾਨ ਇੱਕ ਵਾਰ

ਬਾਪੂ ਉਜਾਗਰ ਸਿੰਘ ਦੀ ਯਾਦ ਵਿੱਚ ਉਸਾਰੇ ਜਾ ਰਹੇ ਗੇਟ ਦੀ ਤਸਵੀਰ।

ਆਬਾਦ ਪਿੰਡ ’ਤੇ ਫਿਰ ਮਾਰ ਪਈ ਅਤੇ ਵਧੇਰੇ ਜੱਟ ਬਰਾਦਰੀ ਨਾਲ ਸਬੰਧਿਤ ਕਿਸਾਨ ਆਪਣਾ ਘਰ-ਚੁੱਲ੍ਹਾ ਚੁੱਕ ਕੇ ਖੇਤਾਂ ਵਿੱਚ ਜਾ ਵਸੇ। ਖੇਤੀ ਵਿਕਾਸ ਦੇ ਚੱਲਦਿਆਂ ਸਾਂਝੀਆਂ ਕੰਧਾਂ ਦੀਆਂ ਚਾਰਦੀਵਾਰੀਆਂ ਵਿੱਚ ਰਹਿੰਦੇ ਲੋਕ ਸਵੈ-ਇੱਛਾ ਨਾਲ ਖੇਤਾਂ ਵਿੱਚ ਜਾ ਕੇ ਵੱਖੋ-ਵੱਖ ਰਹਿਣ ਲਈ ਮਜਬੂਰ ਹੋ ਗਏ ਅਤੇ ਪਿੰਡ ਵਿੱਚ ਇੱਕ ਵਾਰ ਫਿਰ ਉਜਾੜਾ ਪਸਰ ਗਿਆ। ਅਜੇ ਦਹਾਕਾ ਵੀ ਨਾ ਬੀਤਿਆ ਕਿ ਪੰਜਾਬ ਵਿੱਚ ਫੈਲੀ ਖ਼ਾਲਿਸਤਾਨੀ ਲਹਿਰ ਕਾਰਨ ਪਿੰਡ ਨੂੰ ਇੱਕ ਵਾਰ ਫਿਰ ਉਜਾੜੇ ਦੇ ਦੈਂਤ ਨੇ ਮਾਰ ਮਾਰੀ ਪਰ ਇਸ ਵਾਰ ਵੱਡੀ ਮਾਰ ਹਿੰਦੂ ਭਾਈਚਾਰੇ ਨੂੰ ਸੀ। ਲੰਬੇ ਸਮੇਂ ਤੋ ਪਿੰਡ ਵਿੱਚ ਵੱਸਦੇ ਹਿੰਦੂ ਭਾਈਚਾਰੇ ਦੇ ਕਰੀਬ 50-60 ਪਰਿਵਾਰਾਂ ਨੂੰ ਮਜਬੂਰੀਵੱਸ ਆਪਣੀਆਂ ਜਾਇਦਾਦਾਂ ਕੌਡੀਆਂ ਦੇ ਭਾਅ ਵੇਚ ਕੇ ਪਿੰਡ ਹਰਪੁਰਾ ਛੱਡ ਕੇ ਵੱਖ-ਵੱਖ ਥਾਵਾਂ ’ਤੇ ਦੂਰ-ਦਰੇਡੇ ਟਿਕਾਣਾ ਕਰਨਾ ਪਿਆ। ਪਿੰਡ ਵਿੱਚ ਪੱਤੀ

ਸਰਪੰਚ ਸੁਖਜਿੰਦਰ ਕੌਰ

ਨੰਦ ਲਾਲ ਹਿੰਦੂ ਪਰਿਵਾਰਾਂ ਦੇ ਅਤੀਤ ਦੀ ਗਵਾਹ ਹੈ। ਪਿੰਡ ਹਰਪੁਰਾ ਵਿਕਾਸ ਪੱਖੋਂ ਪਿੰਡ ਬੁਰੀ ਤਰ੍ਹਾਂ ਪੱਛੜਿਆ ਹੋਇਆ ਹੈ। ਪੰਜਾਬ ਦੇ ਆਮ ਪਿੰਡਾਂ ਵਾਂਗ ਇੱਥੇ ਵੀ ਗਲੀਆਂ-ਨਾਲੀਆਂ ਅਤੇ ਗੰਦੇ ਪਾਣੀ ਦਾ ਨਿਕਾਸ ਮੁੱਖ ਸਮੱਸਿਆਵਾਂ ਹਨ। ਪਿੰਡ ਹਰਪੁਰਾ ਨੂੰ ਆਲੇ-ਦੁਆਲੇ ਦੇ ਪਿੰਡਾਂ ਧੰਦੋਈ, ਕੰਡੀਲਾ, ਕੋਕਲਪੁਰ, ਕੋਹਾਲੀ, ਧੀਰਾ ਆਦਿ ਨਾਲ ਜੋੜਦੀਆਂ ਲਿੰਕ ਸੜਕਾਂ ਅਜੇ ਕੱਚੀਆਂ ਹਨ। ਪਿੰਡ ਵਿੱਚ ਕੋਈ ਸਿਹਤ ਸਹੂਲਤ ਜਾਂ ਡਿਸਪੈਂਸਰੀ ਨਹੀਂ ਅਤੇ ਨਾ ਕੋਈ ਧਰਮਸ਼ਾਲਾ ਹੈ, ਇੱਥੋਂ ਤਕ ਕਿ ਪਿੰਡ ਪੰਚਾਇਤ ਘਰ ਤਕ ਨਹੀਂ ਹੈ। ਇੱਕ ਖੇਤੀਬਾੜੀ ਸਹਿਕਾਰੀ ਸੁਸਾਇਟੀ ਵੀ ਦਮ ਤੋੜ ਚੁੱਕੀ ਹੈ। ਇਸ ਪਿੰਡ ਨੇ ਵਿੱਦਿਆ, ਸਾਹਿਤ ਅਤੇ ਸੰਗੀਤ ਕਲਾ ਦੇ ਖੇਤਰ ਵਿੱਚ ਵੱਡੀਆਂ ਹਸਤੀਆਂ ਪੈਦਾ ਕੀਤੀਆਂ ਹਨ ਜਿਨ੍ਹਾਂ ਵਿੱਚ ਭਾਸ਼ਾ ਵਿਗਿਆਨੀ ਪ੍ਰੋ. ਵੇਦ ਅਗਨੀਹੋਤਰੀ, ਸੰਗੀਤਕ ਖੇਤਰ ਵਿੱਚ ਕੰਵਰ ਲਾਲ ਅਗਨੀਹੋਤਰੀ ਅਤੇ ਰਾਜਨੀਤਕ ਖੇਤਰ ਵਿੱਚ ਹਰਪਾਲ ਸਿੰਘ ਹਰਪੁਰਾ ਅਤੇ ਸੁਤੰਰਤਾ ਸੈਨਾਨੀ ਉਜਾਗਰ ਸਿੰਘ ਆਦਿ ਪ੍ਰਮੁੱਖ ਹਨ।

ਪਿੰਡ ਵਾਸੀਆਂ ਨੇ ਦੱਸਿਆ ਕਿ ਸੁਤੰਤਰਤਾ ਸੈਨਾਨੀ ਮਰਹੂਮ ਬਾਪੂ ਉਜਾਗਰ ਸਿੰਘ ਨੇ ਜੇਤੋ ਦੇ ਮੋਰਚੇ ਵਿੱਚ ਵਿੱਚ ਭਾਗ ਲਿਆ ਸੀ ਜਿਸ ਕਰ ਕੇ ਭਾਰਤ ਸਰਕਾਰ ਨੇ ਆਜ਼ਾਦੀ ਉਪੰਰਤ ਉਨ੍ਹਾਂ ਨੂੰ ਸੁਤੰਰਤਤਾ ਸੈਨਾਨੀ ਐਲਾਨਿਆ ਸੀ ਅਤੇ ਤਾਮਰ ਪੱਤਰ ਦੇ ਕੇ ਸਨਮਾਨਿਆ ਸੀ। ਹੁਣ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਪਿੰਡ ਦੇ ਰਸਤੇ ’ਤੇ ਯਾਦਗਰੀ ਗੇਟ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਦੇ ਲੜਕੇ ਹਰਪਾਲ ਸਿੰਘ ਹਰਪੁਰਾ ਨੇ ਸਿਆਸੀ ਪਿੜ ਵਿੱਚ ਨਾਮਣਾ ਖੱਟਿਆ। ਕਾਂਗਰਸ ਪਾਰਟੀ ਦੀ ਟਿਕਟ ’ਤੇ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਰਪਾਲ ਸਿੰਘ ਹਰਪੁਰਾ ਹੁਣ ਜਾਟ ਮਹਾਂ ਸਭਾ ਦੇ ਮੀਤ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਵਿੱਦਿਆ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਪ੍ਰੋ. ਵੇਦ ਅਗਨੀਹੋਤਰੀ ਨੇ ਡੀਏਵੀ ਕਾਲਜ ਜਲੰਧਰ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਈਆਂ ਅਤੇ ਭਾਸ਼ਾ ਵਿਗਿਆਨ ਵਿਸ਼ੇ ’ਤੇ ਕਈ ਕਿਤਾਬਾਂ ਵੀ ਲਿਖੀਆਂ। ਇਸੇ ਸਦਕਾ ਉਨ੍ਹਾਂ ਨੂੰ ਉੱਘੇ ਭਾਸ਼ਾ ਵਿਗਿਆਨੀ ਵਜੋਂ ਵੀ ਜਾਣਿਆ ਜਾਂਦਾ। ਪੰਜਾਬੀ ਭਾਸ਼ਾ ’ਤੇ ਖੋਜ ਕਰਨ ਵਾਲੇ ਖੋਜਾਰਥੀਆਂ ਲਈ ਪ੍ਰੋ. ਵੇਦ ਅਗਨੀਹੋਤਰੀ ਦੀਆਂ ਲਿਖੀਆਂ ਕਿਤਾਬਾਂ ਅਹਿਮ ਹਨ ਅਤੇ ਇਸ ਸਮੇਂ ਜਲੰਧਰ ਵਿਚ ਆਪਣੇ ਪਰਿਵਾਰ ਸਣੇ ਰਹਿ ਰਹੇ ਹਨ। ਪ੍ਰੋ. ਵੇਦ ਅਗਨੀਹੋਤਰੀ ਦੇ ਹੀ ਵੱਡੇ ਭਰਾ ਕੰਵਰ ਲਾਲ ਅਗਨੀਹੋਤਰੀ ਨੇ ਸੰਗੀਤਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਅਤੇ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਨਰਿੰਦਰ ਬੀਬਾ, ਊਸ਼ਾ ਸੇਠ ਤੇ ਪੁਸ਼ਪਾ ਹੰਸ ਵਰਗੀਆਂ ਮਸ਼ਹੂਰ ਗਾਇਕਾਵਾਂ ਨਾਲ ਗੀਤ ਰਿਕਾਰਡ ਕਰਵਾਏ। 1965 ਵਿੱਚ ਕੇ.ਐਲ ਅਗਨੀਹੋਤਰੀ ਦੀ ਗਾਇਕੀ ਦੀ ਚੜ੍ਹਾਈ ਸਿਖ਼ਰਾਂ ’ਤੇ ਸੀ।


Comments Off on ਸੁਤੰਤਰਤਾ ਸੈਨਾਨੀ ਤੇ ਬੁੱਧੀਜੀਵੀਆਂ ਦਾ ਪਿੰਡ ਹਰਪੁਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.