ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼

Posted On February - 16 - 2020

ਸੁਰਜੀਤ ਪਾਤਰ
ਜਦ ਉਨ੍ਹਾਂ ਬੁੱਲ੍ਹੇ ਨੂੰ ਪੁੱਛਿਆ
ਬੁੱਲ੍ਹਾ ਕਹਿੰਦਾ:
ਕੀ ਜਾਣਾਂ ਮੈਂ ਕੌਣ

ਨਾ ਮੈਂ ਮੋਮਨ ਵਿਚ ਮਸੀਤਾਂ
ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ
ਨਾ ਮੈਂ ਪਾਕਾਂ ਵਿਚ ਪਲੀਤਾਂ
ਨਾ ਮੈਂ ਮੂਸਾ ਨਾ ਫ਼ਿਰਔਨ
ਬੁੱਲ੍ਹਾ ਕੀ ਜਾਣਾਂ ਮੈਂ ਕੌਣ

ਨਾ ਮੈਂ ਭੇਤ ਮਜ਼੍ਹਬ ਦਾ ਪਾਇਆ
ਨਾ ਮੈਂ ਆਦਮ ਹੱਵਾ ਜਾਇਆ
ਨਾ ਮੈਂ ਅਪਣਾ ਨਾਮ ਧਰਾਇਆ
ਨਾ ਵਿਚ ਬੈਠਣ ਨਾ ਵਿਚ ਭੌਣ
ਬੁੱਲ੍ਹਾ ਕੀ ਜਾਣਾਂ ਮੈਂ ਕੌਣ

ਜੋ ਮਰਜ਼ੀ ਆਖੀ ਜਾ ਬੁੱਲ੍ਹਿਆ
ਸਾਥੋਂ ਤੇਰਾ ਕੁਝ ਨਹੀਂ ਭੁੱਲਿਆ
ਭੇਤ ਹੈ ਸਾਨੂੰ ਤੂੰ ਹੈਂ ਕੌਣ

ਤੇਰਾ ਅਸਲ ਨਾਮ ਅਬਦੁੱਲਾ
ਲੁਕਣ ਛਿਪਣ ਨੂੰ ਬਣ ਗਿਆ ਬੁੱਲ੍ਹਾ

ਉੱਚ ਸ਼ਰੀਫ਼ ’ਚ ਜੰਮਿਆ ਸੀ ਤੂੰ
ਸਈਅਦ ਤੇਰੀ ਜਾਤ
ਸ਼ਾਹ ਇਨਾਇਤ ਅਰਾਂਈਂ
ਤੇਰਾ ਮੁਰਸ਼ਿਦ

ਭੇਤ ਹੈ ਸਾਨੂੰ ਤੂੰ ਹੈਂ ਕੌਣ

ਅੱਲ੍ਹਾ ਬਖਸ਼ ਦੀ ਬਣਾਈ ਤਸਵੀਰ (ਧੰਨਵਾਦ ਅਮਰਜੀਤ ਚੰਦਨ )

ਬੱਸ ਏਹੋ ਹੀ ਭੇਤ ਨੀਂ ਲੱਗਿਆ
ਤੂੰ ਏਧਰ ਕਿੱਦਾਂ ਆ ਵੱਸਿਆ
ਸਾਥੋਂ ਚੋਰੀ
ਲੋਕਾਂ ਦਿਆਂ ਦਿਲਾਂ ਦੇ ਅੰਦਰ

ਸਾਨੂੰ ਸ਼ੱਕ ਹੈ
ਸਾਜ਼ਾਂ ਦੀਆਂ ਸੁਰਾਂ ਵਿਚ ਰਲ਼ ਕੇ
ਗਾਇਕਾਂ ਦਾ ਬੋਲਾਂ ਦੇ ਅੰਦਰ ਲੁਕਦਾ ਛਿਪਦਾ
ਆ ਗਿਆ ਹੋਣੈਂ

ਕੁਝ ਵੀ ਹੈ
ਪਰ ਹੁਣ ਗੱਲ ਇਹ ਹੈ
ਸਾਨੂੰ ਚਾਹੀਦੇ ਕਾਗਜ਼ਾਤ

ਇਹ ਲਉ
ਇਹ ਕੁਝ ਦੋਹੜੇ ਨੇ
ਕੁਝ ਕਾਫ਼ੀਆਂ ਨੇ
ਸੀਹਰਫ਼ੀਆਂ ਨੇ
ਸਤਵਾਰਾ ਹੈ

ਹਾਂ ਇਹ ਵੀ ਸਾਨੂੰ ਚਾਹੀਦੇ
ਕੋਈ ਉੱਚ ਕਮੇਟੀ ਬੈਠੇਗੀ
ਕੁਝ ਚੀਰਫਾੜ ਕਰ ਦੇਖੇਗੀ
ਪਰਖੇਗੀ ਇਨ੍ਹਾਂ ਦਾ ਹਰਫ਼ ਹਰਫ਼
ਨਿਰਖੇਗੀ ਇਨ੍ਹਾਂ ਦਾ ਵਾਕ ਵਾਕ

ਸੁਰਜੀਤ ਪਾਤਰ

ਪਰ ਉਹ ਵੀ ਸਾਨੂੰ ਚਾਹੀਦੇ
ਕੋਈ ਸਨਦ, ਫ਼ਰਦ
ਕੋਈ ਬੈਨਾਮਾ, ਕੋਈ ਖ਼ਸਰਾ ਨੰਬਰ, ਇੰਤਕਾਲ
ਕੋਈ ਰਾਹਦਾਰੀ, ਕੋਈ ਵਾਲਦੀਅਤ

ਉਨ੍ਹਾਂ ਤੋਂ ਹੀ ਨਿਰਣਾ ਹੋਵੇਗਾ
ਕਿ ਕੀ ਹੈ ਸਟੇਟਸ
ਕੀ ਰੁਤਬਾ

ਉਨ੍ਹਾਂ ਤੋਂ ਹੀ ਨਿਰਣਾ ਹੋਵੇਗਾ
ਲੋਕਾਂ ਦੇ ਦਿਲਾਂ ਵਿਚ ਵਸਦਾ ਹੈਂ
ਵਸਦਾ ਹੈਂ ਕਿਸ ਹੈਸੀਅਤ ਵਿਚ?

ਮਸ਼ਕੂਕ ਨਾਗਰਿਕ ਹੈਂ
ਜਾਂ ਕਿ
ਘੁਸਪੈਠੀਆ ਹੈਂ
ਜਾਂ ਰਿਫ਼ਿਊਜੀ?
ਸੰਪਰਕ: 98145-04272


Comments Off on ਸੀਏਏ : ਬੁੱਲ੍ਹੇ ਸ਼ਾਹ ਦੀ ਤਫ਼ਤੀਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.