ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ

Posted On February - 24 - 2020

ਆਤਿਸ਼ ਗੁਪਤਾ
ਚੰਡੀਗੜ੍ਹ, 23 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ’ਚ ਕਾਲਜਾਂ ਅਤੇ ਸਕੂਲਾਂ ਨੂੰ ਆਧੁਨਿਕ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲੀਅਤ ਕੁਝ ਹੋਰ ਹੀ ਹੈ। ਇਹ ਕਾਲਜ ਸਰਕਾਰ ਦੀ ਅਣਦੇਖੀ ਕਾਰਨ ਮਿਲਣ ਵਾਲੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਜਦਕਿ ਕਾਗਜ਼ਾਂ ’ਚ ਇਨ੍ਹਾਂ ਕਾਲਜਾਂ ਨੂੰ ਆਧੁਨਿਕ ਰੂਪ ਦਿੱਤਾ ਜਾਂਦਾ ਹੈ। ਵਰਤਮਾਨ ਸਮੇਂ ’ਚ ਪੰਜਾਬ ਦੇ ਵੱਖ ਵੱਖ ਕਾਲਜਾਂ ’ਚ ਪ੍ਰੋਫੈਸਰਾਂ ਦੀਆਂ ਕੁੱਲ 1873 ਦੇ ਕਰੀਬ ਅਸਾਮੀਆਂ ਹਨ ਜਿਨ੍ਹਾਂ ਵਿੱਚੋਂ 1300 ਤੋਂ ਵੱਧ ਖਾਲੀ ਪਈਆਂ ਹਨ।
ਕਾਲਜਾਂ ’ਚ ਅਧਿਆਪਕਾਂ ਦੀ ਘੱਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ, ਜਿਸ ਕਾਰਨ ਕਾਲਜ ਗੈਸਟ ਫੈਕਲਟੀ ਅਤੇ ਠੇਕੇ ’ਤੇ ਰੱਖੇ ਪ੍ਰੋਫੈਸਰਾਂ ਦੇ ਸਿਰ ’ਤੇ ਹੀ ਗੁਜ਼ਾਰਾ ਕਰ ਰਹੇ ਹਨ। ਪੇਂਡੂ ਖੇਤਰ ਦੇ ਕਾਲਜਾਂ ਦੀ ਹਾਲਤ ਸਹੀ ਨਹੀਂ ਹੈ ਜਿੱਥੇ ਪ੍ਰੋਫੈਸਰਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਗਿਣਤੀ ਵੀ ਬਹੁਤ ਘੱਟ ਹੈ। ਸੂਤਰਾਂ ਅਨੁਸਾਰ ਸੂਬੇ ਦੇ ਦਰਜਨ ਭਰ ਕਾਲਜ ਬੰਦ ਹੋਣ ਕਿਨਾਰੇ ਹਨ ਪਰ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਕਾਲਜਾਂ ਨੂੰ ਇਸ ਸਾਲ ਵਧੀਆ ਢੰਗ ਨਾਲ ਮੁੜ ਸ਼ੁਰੂ ਕੀਤਾ ਜਾਵੇਗਾ।
ਜਲੰਧਰ ਜ਼ਿਲ੍ਹੇ ਅਧੀਨ ਪੈਂਦੇ ਸਰਕਾਰੀ ਕਾਲਜ ਜੰਡਿਆਲਾ, ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਕਾਲਜ ਕਾਲਾ ਅਫ਼ਗਾਨਾ, ਜ਼ਿਲ੍ਹਾ ਕਪੂਰਥਲਾ ਦਾ ਸਰਕਾਰੀ ਕਾਲਜ ਭੁਲੱਥ, ਜ਼ਿਲ੍ਹਾ ਮੋਗਾ ਦਾ ਸਰਕਾਰੀ ਕਾਲਜ ਗੁਰੂ ਤੇਗ ਬਹਾਦਰ, ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਕਾਲਜ ਸਰਦਾਰਗੜ੍ਹ ’ਚ ਪ੍ਰੋਫੈਸਰਾਂ ਦੀ ਗਿਣਤੀ ਇੱਕਾ ਦੁੱਕਾ ਹੀ ਹੈ। ਇਸ ਦੇ ਚਲਦਿਆਂ ਕਾਲਜ ’ਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ। ਇਸ ਤੋਂ ਇਲਾਵਾ ਸਰਕਾਰੀ ਕਾਲਜ ਸਿੱਧਸਰ, ਸਰਕਾਰੀ ਆਰਟਸ ਅਤੇ ਸਪੋਰਟਸ ਸੈੱਲ ਜਲੰਧਰ, ਸਰਕਾਰੀ ਕਾਲਜ ਅਜਨਾਲਾ, ਸਰਕਾਰੀ ਕਾਲਜ ਤੇਜੇਵਾਲ, ਸਰਕਾਰੀ ਕਾਲਜ ਜਲਾਲਾਬਾਦ ’ਚ ਵੀ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਕਾਲਜਾਂ ’ਚ ਤਾਂ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਰਕੇ ਪੀਟੀਏ ਫੰਡ ਵੀ ਇਕੱਠਾ ਨਹੀਂ ਹੁੰਦਾ ਜਿਸ ਕਰਕੇ ਲੈਕਚਰਾਰ ਰੱਖਣ ਵਿਚ ਸਮੱਸਿਆ ਆ ਰਹੀ ਹੈ। ਸੂਬੇ ਦੇ ਇਨ੍ਹਾਂ ਕਾਲਜਾਂ ਵੱਲ ਸੂਬਾ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਕਰੋੜਾਂ ਦੀ ਲਾਗਤ ਨਾਲ ਤਿਆਰ ਕੀਤੇ ਗਏ ਕਾਲਜ ਦੀ ਇਮਾਰਤ ਅਤੇ ਹੋਰ ਸਾਮਾਨ ਦੀ ਹਾਲਤ ਵੀ ਖਸਤਾ ਹੋ ਰਹੀ ਹੈ। ਦਲਿਤ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਰੁਪਏ ਵੀ ਕਈ ਸਾਲਾਂ ਦੇ ਬਕਾਇਆ ਖੜ੍ਹੇ ਹਨ। ਸਮਾਜ ਭਲਾਈ ਵਿਭਾਗ ਸਕਾਲਰਸ਼ਿਪ ਸਕੀਮ ਦੇ ਰੁਪਏ ਸਮੇਂ-ਸਮੇਂ ’ਤੇ ਜਾਰੀ ਕਰਨ ਬਾਰੇ ਕਿਹਾ ਜਾਂਦਾ ਹੈ ਪਰ ਉੱਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਜ਼ਰੂਰਤ ਨਾਲੋਂ ਬਹੁਤ ਘੱਟ ਪੈਸੇ ਭੇਜੇ ਜਾਂਦੇ ਹਨ।
ਕਾਲਜਾਂ ’ਚ ਪ੍ਰੋਫੈਸ਼ਨਲ ਕੋਰਸਾਂ ਦੀ ਘਾਟ ਦੇ ਚਲਦਿਆਂ ਵੀ ਵਿਦਿਆਰਥੀਆਂ ਦਾ ਰੁਖ਼ ਨਿੱਜੀ ਕਾਲਜਾਂ ਵੱਲ ਵੱਧ ਰਹਿੰਦਾ ਹੈ। ਕਈ ਕਾਲਜਾਂ ’ਚ ਬੀ.ਐੱਡ. ਸਮੇਤ ਹੋਰ ਵੀ ਕਈ ਸੈਲਫ਼ ਫਾਇਨਾਂਸ ਕੋਰਸ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਦੀਆਂ ਫ਼ੀਸਾਂ ਵੀ ਨਿੱਜੀ ਕਾਲਜਾਂ ਤੋਂ ਕੁਝ ਫ਼ੀਸਦ ਹੀ ਘੱਟ ਹਨ।
ਉੱਚੇਰੀ ਸਿੱਖਿਆ ਵਿਭਾਗ ਅਨੁਸਾਰ ਸੂਬੇ ਭਰ ’ਚ 625 ਕਾਲਜ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿਚ 51 ਸਰਕਾਰੀ, 136 ਏਡਿਡ ਤੇ ਬਾਕੀ ਨਿੱਜੀ ਕਾਲਜ ਹਨ। ਇਨ੍ਹਾਂ ਕਾਲਜਾਂ ਵਿਚ 74 ਹਜ਼ਾਰ ਵਿਦਿਆਰਥੀ ਸਿੱਖਿਆ ਹਾਸਿਲ ਕਰ ਰਹੇ ਹਨ ਜੋ ਪਿਛਲੇ ਸਾਲ ਦੇ ਮੁਕਾਬਲੇ ਦੋ ਹਜ਼ਾਰ ਵੱਧ ਹਨ। ਸਿੱਖਿਆ ਵਿਭਾਗ ਨੇ 11 ਨਵੇਂ ਕਾਲਜਾਂ ਦਾ ਨਿਰਮਾਣ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਜਲਦ ਤਿਆਰ ਹੋ ਜਾਣਗੇ। ਏਡਿਡ ਕਾਲਜਾਂ ’ਚ ਪ੍ਰੋਫੈਸਰਾਂ ਦੀ ਘੱਟ ਗਿਣਤੀ ਨੂੰ ਵੇਖਦੇ ਹੋਏ ਵਿਭਾਗ ਨੇ ਪਿਛਲੇ ਦਿਨੀਂ 1925 ਸਹਾਇਕ ਪ੍ਰੋਫੈਸਰਾਂ ਦੀਆਂ ਅਸਾਮੀਆਂ ਭਰਨ ਦੇ ਆਦੇਸ਼ ਦਿੱਤੇ ਸਨ ਜਿਨ੍ਹਾਂ ਵਿੱਚੋਂ ਹਾਲੇ 25 ਫ਼ੀਸਦੀ ਅਸਾਮੀਆਂ ਖਾਲੀ ਪਈਆਂ ਹਨ।
ਉੱਚੇਰੀ ਸਿੱਖਿਆ ਵਿਭਾਗ ਦੇ ਏਡੀਪੀਆਈ ਡਾ. ਗੁਰਸ਼ਰਨ ਸਿੰਘ ਬਰਾੜ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਾਲਜਾਂ ’ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ’ਚ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵਲੋਂ ਹਰੇਕ ਕਾਲਜ ’ਚ ਬੱਡੀਜ਼ ਗਰੁੱਪ ਤਿਆਰ ਕੀਤਾ ਗਿਆ ਸੀ ਜਿਸ ਦੇ ਮੈਂਬਰ ਸਮੇਂ-ਸਮੇਂ ’ਤੇ ਕਾਲਜਾਂ ’ਚ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰ ਰਹੇ ਹਨ। ਉਹ ਨੌਜਵਾਨਾਂ ਨੂੰ ਨਵੀਂ ਸੋਚ ਅਤੇ ਦਿਸ਼ਾ ਦੇਣ ’ਚ ਅਹਿਮ ਰੋਲ ਅਦਾ ਕਰ ਰਹੇ ਹਨ।
ਸ੍ਰੀ ਬਰਾੜ ਨੇ ਕਿਹਾ ਕਿ ਵਿਦਿਆਰਥੀਆਂ ’ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮਾਪਿਆਂ ਦੀ ਭੂਮਿਕਾ ਵੀ ਨਿਰਭਰ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਲਜ ’ਚ ਵੀ ਪੈਰੇਂਟਸ ਮੀਟਿੰਗ ਕੀਤੀ ਜਾਂਦੀ ਹੈ ਪਰ ਮਾਪੇ ਉਸ ਮੀਟਿੰਗ ’ਚ ਨਹੀਂ ਆਉਂਦੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ ’ਤੇ ਕਾਲਜ ਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਰਹਿਣ ਤਾਂ ਕਿ ਵਿਦਿਆਰਥੀਆਂ ਦੀ ਸਿੱਖਿਆ ’ਚ ਸੁਧਾਰ ਕੀਤਾ ਜਾ ਸਕੇ।


Comments Off on ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.