ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ

Posted On February - 24 - 2020

ਦਵਿੰਦਰ ਪਾਲ
ਚੰਡੀਗੜ੍ਹ, 23 ਫਰਵਰੀ
ਪੰਜਾਬ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ, ਅਮਲ ਅਤੇ ਹਕੀਕਤ ਵਿੱਚ ਵੱਡਾ ਪਾੜਾ ਦਿਖਾਈ ਦੇ ਰਿਹਾ ਹੈ। ਕਾਂਗਰਸ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਸੱਤਾ ਹਾਸਲ ਕਰਨ ਲਈ ‘ਘਰ-ਘਰ ਰੁਜ਼ਗਾਰ’ ਦੇ ਨਾਅਰੇ ਦਾ ਕੋਈ ਅਸਰ ਹਕੀਕੀ ਰੂਪ ਵਿੱਚ ਭਾਵੇਂ ਦਿਖਾਈ ਨਹੀਂ ਦੇ ਰਿਹਾ ਪਰ ਹਾਲ ਹੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 11 ਲੱਖ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਜ਼ਰੂਰ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਰੁਜ਼ਗਾਰ ਉਤਪਤੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਜੇਕਰ ਗੌਰ ਕੀਤਾ ਜਾਵੇ ਤਾਂ ਇਸ ਵਿਭਾਗ ਵੱਲੋਂ ਮਹਿਜ਼ ਨਿੱਜੀ ਖੇਤਰ ਦੇ ਕਾਲਜਾਂ ਵੱਲੋਂ ਲਗਾਏ ਗਏ ਨੌਕਰੀ ਮੇਲਿਆਂ ਦੌਰਾਨ ਨੌਜਵਾਨਾਂ ਨੂੰ ਦਿੱਤੇ ਜਾਂਦੇ ਨਿਯੁਕਤੀ ਪੱਤਰਾਂ ਦੇ ਅੰਕੜਿਆਂ ਦੀ ਖੇਡ ਨਾਲ ਹੀ ਬੇਰੁਜ਼ਗਾਰੀ ਨੂੰ ਠੱਲ੍ਹਣ ਦਾ ਭਰਮ ਪਾਲਿਆ ਜਾ ਰਿਹਾ ਹੈ। ਵਿਭਾਗ ਦੇ ਇਨ੍ਹਾਂ ਅੰਕੜਿਆਂ ਦੇ ਸਹਾਰੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਅਤੇ ਕਾਂਗਰਸ ਸਰਕਾਰ ਦੀ ਪਿੱਠ ਥਾਪੜੀ ਸੀ। ਇਸ ਦੇ ਉਲਟ ਇਸੇ ਵਿਭਾਗ ਨਾਲ ਸਬੰਧਤ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਨੌਕਰੀ ਮੇਲਿਆਂ ਦੌਰਾਨ ਜਿੰਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਂਦੇ ਹਨ ਉਨ੍ਹਾਂ ਵਿੱਚ 50 ਫੀਸਦੀ ਤੋਂ ਵੱਧ ਖਾਨਾਪੂਰਤੀ ਹੁੰਦੀ ਹੈ ਜਾਂ ਨੌਜਵਾਨਾਂ ਦੇ ਪਸੰਦ ਦੀਆਂ ਨੌਕਰੀਆਂ ਨਹੀਂ ਹੁੰਦੀਆਂ ਤੇ ਪੰਜਾਬ ਦੇ ਨੌਜਵਾਨ ਇਨ੍ਹਾਂ ਨੌਕਰੀਆਂ ’ਤੇ ਜੁਆਇਨ ਹੀ ਨਹੀਂ ਕਰਦੇ। ਨੌਕਰੀ ਮੇਲਿਆਂ ਰਾਹੀਂ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਿਯੁਕਤੀ ਪੱਤਰ ਦਿਵਾਉਣ ਵਾਲੇ ਇੱਕ ਨਿੱਜੀ ਕਾਲਜ ਦੇ ਮਾਲਕ ਨੇ ਵੀ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਸਰਪ੍ਰਤੀ ਅਧੀਨ ਲੱਗ ਰਹੇ ਨੌਕਰੀ ਮੇਲੇ ਮਹਿਜ਼ ਢਕਵੰਜ ਹਨ ਪਰ ਕਾਲਜ ਮਾਲਕਾਂ ਨੂੰ ਸਰਕਾਰ ਦੇ ਦਬਾਅ ਕਾਰਨ ਗਲ਼ ਪਿਆ ਢੋਲ ਵਜਾਉਣਾ ਪੈਂਦਾ ਹੈ। ਇਸ ਕਲਜ ਦੇ ਮਾਲਕ ਦਾ ਕਹਿਣਾ ਹੈ ਕਿ ਸਥਿਤੀ ਤਾਂ ਇਹ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਪੰਜਾਬ ਦੇ ਤਾਂ ਬਹੁ ਗਿਣਤੀ ਇੰਜਨੀਅਰ ਕਾਲਜ ਬੰਦ ਹੋਣ ਕੰਢੇ ਪਹੁੰਚ ਗਏ ਹਨ।
ਪੰਜਾਬ ਵਿੱਚ ਬੇਰੁਜ਼ਗਾਰਾਂ ਨਾਲ ਸਭ ਤੋਂ ਵੱਡਾ ਮਜ਼ਾਕ ਇਹੀ ਹੈ ਕਿ ਸਰਕਾਰ ਵੱਲੋਂ ਸਭ ਤੋਂ ਭਖਦੇ ਮੁੱਦੇ ਸਬੰਧੀ ਕੋਈ ਸਰਵੇਖਣ ਹੀ ਨਹੀਂ ਕਰਾਇਆ ਗਿਆ। ਬੇਰੁਜ਼ਗਾਰੀ ਸਬੰਧੀ ਤੱਥ ਆਪੋ-ਆਪਣੇ ਹਿਸਾਬ ਨਾਲ ਵੋਟਾਂ ਦੀ ਪ੍ਰਾਪਤੀ ਜਾਂ ਦਾਅਵਿਆਂ ਲਈ ਵਰਤੇ ਜਾਂਦੇ ਹਨ। ਭਾਰਤ ਸਰਕਾਰ ਦੀ ਇੱਕ ਰਿਪੋਰਟ ਅਤੇ ਸਾਲ 2011 ਦੀ ਮਰਦਮਸ਼ੁਮਾਰੀ ਦੇ ਆਧਾਰ ’ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸੱਤਾ ਸੰਭਾਲਣ ਤੋਂ ਐਨ ਪਹਿਲਾਂ ਤੱਕ ਸੂਬੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ 12 ਲੱਖ ਦੇ ਕਰੀਬ ਸੀ। ਅਧਿਕਾਰੀਆ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਵਿੱਚ ਹਰ ਸਾਲ 2 ਲੱਖ ਦੇ ਕਰੀਬ ਨੌਜਵਾਨ ਬੇਰੁਜ਼ਗਾਰ ਅੰਕੜਿਆਂ ’ਚ ਹੋਰ ਸ਼ਾਮਲ ਹੋ ਜਾਂਦੇ ਹਨ। ਇਸ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਤਿੰਨ ਸਾਲਾਂ ਵਿੱਚ 6 ਲੱਖ ਬੇਰੁਜ਼ਗਾਰਾਂ ਦੀ ਫੌਜ ਜੁੜਨ ਨਾਲ ਕੁੱਲ ਬੇਰੁਜ਼ਗਾਰਾਂ ਦੀ ਗਿਣਤੀ 20 ਲੱਖ ਦੇ ਕਰੀਬ ਹੋ ਗਈ। ਪੰਜਾਬ ਦੇ ਰੁਜ਼ਗਾਰ ਉਤਪੱਤੀ ਵਿਭਾਗ ਮੁਤਾਬਕ 50 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਸਾਢੇ ਸੱਤ ਲੱਖ ਨੌਜਵਾਨਾਂ ਨੂੰ ਕਰਜ਼ੇ ਦੇ ਕੇ ਰੋਟੀ-ਰੋਜ਼ੀ ਜੋਗੇ ਕਰ ਦਿੱਤਾ ਹੈ ਤੇ ਸਾਢੇ ਤਿੰਨ ਲੱਖ ਨੂੰ ਨੌਕਰੀ ਮੇਲਿਆਂ ’ਚ ਨੌਕਰੀ ਮਿਲੀ ਹੈ। ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਸ ਤਰ੍ਹਾਂ ਨਾਲ ਹਾਲ ਹੀ ਵਿੱਚ ਨੌਕਰੀਆਂ ਦੇਣ ਸਬੰਧੀ ਜੋ ਅੰਕੜੇ ਜਾਰੀ ਕੀਤੇ ਗਏ ਸਨ ਉਨ੍ਹਾਂ ਮੁਤਾਬਕ ਪਹਿਲੀ ਅਪਰੈਲ 2017 ਤੋਂ ਹੁਣ ਤੱਕ ਰੁਜ਼ਗਾਰ ਦੇ ਪੈਦਾ ਕੀਤੇ ਮੌਕਿਆਂ ਦਾ ਡਾਟਾ 11 ਲੱਖ ਤੋਂ ਵੀ ਵੱਧ ਹੈ।
ਮੁੱਖ ਮੰਤਰੀ ਮੁਤਾਬਕ ਪਹਿਲੀ ਅਪਰੈਲ 2017 ਤੋਂ 31 ਦਸੰਬਰ 2019 ਤੱਕ 57,905 ਸਰਕਾਰੀ ਨੌਕਰੀਆਂ ਪੈਦਾ ਕੀਤੀਆਂ ਜਦੋਂਕਿ 3,96,775 ਪ੍ਰਾਈਵੇਟ ਤੌਰ ਉਤੇ ਪਲੇਸਮੈਂਟ ਕਰਵਾਈ ਗਈ ਅਤੇ 7,61,289 ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਸਵੈ ਰੁਜ਼ਗਾਰ ਤਹਿਤ ਮੱਦਦ ਮੁਹੱਈਆ ਕਰਵਾਈ ਗਈ। ਮੁੱਖ ਮੰਤਰੀ ਨੇ ਕਿਹਾ ਕਿ ਕੁੱਲ ਵੇਰਵਿਆਂ ਦਾ ਜੋੜ 12,15,969 ਬਣਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਦਾਅਵਾ ਕਰਦਿਆਂ ਕਿਹਾ ਕਿ 20,21,568 ਘਰਾਂ ਨੂੰ ਮਗਨਰੇਗਾ ਸਕੀਮ ਤਹਿਤ ਵੱਖਰਾ ਰੁਜ਼ਗਾਰ ਦਿੱਤਾ ਗਿਆ। ਇਨ੍ਹਾਂ ਤੱਥਾਂ ਅਤੇ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਦੇ ਦਾਅਵਿਆਂ ਨੂੰ ਘੋਖਿਆ ਜਾਵੇ ਤਾਂ ਪੰਜਾਬ ਵਿੱਚੋਂ ਬੇਰੁਜ਼ਗਾਰੀ ਮੁਕੰਮਲ ਤੌਰ ’ਤੇ ਖ਼ਤਮ ਹੋ ਚੁੱਕੀ ਹੈ। ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਢਾਈ ਹਜ਼ਾਰ ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ, ਜੋ ਹੁਣ ਤੱਕ ਵਫ਼ਾ ਨਹੀਂ ਹੋ ਸਕਿਆ। ਰੁਜ਼ਗਾਰ ਉਤਪਤੀ ਵਿਭਾਗ ਵੱਲੋਂ ਵਿੱਤ ਵਿਭਾਗ ਨੂੰ ਕਈ ਵਾਰੀ ਪ੍ਰਸਤਾਵ ਭੇਜਿਆ ਜਾ ਚੁੱਕਾ ਹੈ ਪਰ ਮਾਲੀ ਸੰਕਟ ਕਾਰਨ ਸਰਕਾਰ ਨੌਜਵਾਨਾਂ ਨਾਲ ਕੀਤਾ ਇਹ ਵਾਅਦਾ ਨਿਭਾਉਣ ਤੋਂ ਇੱਕ ਤਰ੍ਹਾਂ ਨਾਲ ਹੱਥ ਹੀ ਖੜ੍ਹੇ ਹਨ। ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਬੇਰੁਜ਼ਗਾਰਾਂ ਨੂੰ ਇਹ ਭੱਤਾ ਦੇਣ ਲਈ 1 ਹਜ਼ਾਰ ਕਰੋੜ ਰੁਪਏ ਸਾਲਾਨਾ ਲੋੜੀਂਦੇ ਹਨ। ਤਿੰਨ ਸਾਲਾਂ ’ਚ ਸਰਕਾਰ ਐਨੀ ਛੋਟੀ ਰਕਮ ਦਾ ਪ੍ਰਬੰਧ ਕਰਨ ਦੇ ਵੀ ਸਮਰੱਥ ਨਹੀਂ ਹੋਈ।


Comments Off on ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.