ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਸਮਾਜ ਨੂੰ ਸੇਧ ਦੇਣ ਗਾਇਕ

Posted On February - 22 - 2020

ਦਿਲਬਾਗ ਸਿੰਘ
ਅੱਜ ਦੇ ਪਦਾਰਥਵਾਦੀ ਯੁੱਗ ਵਿਚ ਪੈਸੇ ਦੀ ਹੋੜ ਨੇ ਜਿੱਥੇ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਪੰਜਾਬੀ ਗਾਇਕੀ ਅਛੂਤੀ ਨਹੀਂ। ਅੱਜ ਪੰਜਾਬੀ ਗਾਇਕੀ ਵਿਚ ਕੁਝ ਅਜਿਹੇ ਗੀਤਕਾਰ ਅਤੇ ਗਾਇਕ ਆ ਗਏ ਹਨ ਜੋ ਨਸ਼ਿਆਂ ਤੇ ਹਥਿਆਰਾਂ ਨੂੰ ਗੀਤਾਂ ਵਿਚ ਲਪੇਟ ਕੇ ਸਰੋੋਤਿਆਂ ਅੱਗੇ ਪਰੋਸ ਰਹੇ ਹਨ। ਉਹ ਦੌਲਤ ਤੇ ਸ਼ੋਹਰਤ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਪੰਜਾਬ ਪਹਿਲਾਂ ਹੀ ਬੇਰੁਜ਼ਗਾਰੀ, ਨਸ਼ਿਆਂ ਅਤੇ ਖ਼ੁਦਕੁਸ਼ੀਆਂ ਦੀ ਅੱਗ ਵਿਚ ਮੱਚ ਰਿਹਾ ਹੈ, ਇਹ ਕਤਲਾਂ, ਰਫਲਾਂ, ਨਸ਼ਿਆਂ ਵਾਲੇ ਗੀਤ ਬਲਦੀ ’ਤੇ ਘਿਓ ਪਾ ਰਹੇ ਹਨ। ਅਜਿਹੇ ਗਾਇਕਾਂ ਨੂੰ ਸੁਣ ਕੇ ਲੱਗਦਾ ਹੈ ਕਿ ਜਿਸ ਸਮਾਜ ਲਈ ਇਹ ਗਾ ਰਹੇ ਹਨ, ਆਪਣੇ ਆਪ ਨੂੰ ਉਸ ਦਾ ਹਿੱਸਾ ਨਹੀਂ ਸਮਝਦੇ। ਗੀਤ ਸੰਗੀਤ ਸਾਡੇ ਸਮਾਜਿਕ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਸ ਲਈ ਗੀਤਕਾਰੀ ਵਿਚ ਆਉਣ ਵਾਲਾ ਬਦਲਾਅ ਸਾਡੇ ਜਨ-ਜੀਵਨ ਖ਼ਾਸ ਕਰਕੇ ਨੌਜਵਾਨ ਤਬਕੇ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਸਾਡੇ ਸੰਗੀਤ ਨਾਲ ਸਾਡੇ ਆਪਣਿਆਂ ਨੂੰ ਹੀ ਖ਼ਤਰਾ ਪੈਦਾ ਹੋ ਗਿਆ ਹੈ ਜਿਸਨੂੰ ਰੋਕਣ ਲਈ ਸਾਨੂੰ ਅਦਾਲਤਾਂ ਵਿਚ ਕਾਨੂੰਨੀ ਚਾਰਾਜੋਈਆਂ ਕਰਨੀਆਂ ਪੈ ਰਹੀਆਂ ਹਨ। ਗੀਤਕਾਰ, ਗਾਇਕ ਪੈਸੇ ਮਗਰ ਭੱਜਦੇ-ਭੱਜਦੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ। ਚੰਗਾ ਸੰਗੀਤ -ਸਾਹਿਤ ਉਹੀ ਹੈ ਜੋ ਸਮਾਜ ਨੂੰ ਕੁਰਾਹੇ ਨਾ ਪਾਵੇ, ਸਗੋਂ ਸਹੀ ਦਿਸ਼ਾ ਵੱਲ ਜਾਣ ਲਈ ਸੇਧ ਦੇਵੇ।
ਪਹਿਲਾਂ ਗੀਤਾਂ ਦੀ ਮਾਰਕੀਟ ਵਧਾਉਣ ਲਈ ਸ਼ਬਦੀ ਲੱਚਰਤਾ ਦਾ ਸਹਾਰਾ ਲਿਆ ਜਾਂਦਾ ਸੀ। ਫਿਰ ਗੀਤਕਾਰਾਂ ਨੇ ਸ਼ਬਦਾਂ ਨੂੰ ਕੱਪੜੇ ਪੁਆ ਦਿੱਤੇ ਅਤੇ ਗੀਤਾਂ ਦੀ ਵੀਡਿਓ ਵਿਚ ਅਭਿਨੈ ਕਰਨ ਵਾਲੀ ਮਾਡਲ ਦੇ ਕੱਪੜੇ ਉਤਾਰ ਦਿੱਤੇ। ਅੱਜਕੱਲ੍ਹ ਗਾਇਕਾਂ ਨੇ ਗੀਤ ਦੀ ਮਸ਼ਹੂਰੀ ਲਈ ਕਤਲ, ਹਥਿਆਰ, ਲੰਡੀਆਂ ਜੀਪਾਂ, ਬੁਲੇਟ ਮੋਟਰ ਸਾਈਕਲਾਂ ਨੂੰ ਅੱਗੇ ਲਾ ਲਿਆ ਹੈ। ਗੀਤਾਂ ਵਿਚ ਕਤਲਾਂ ਤੇ ਹਥਿਆਰਾਂ ਦੀ ਦੁਰਵਰਤੋਂ ਨੂੰ ਸ਼ਰ੍ਹੇਆਮ ਉਤੇਜਿਤ ਕੀਤਾ ਜਾ ਰਿਹਾ ਹੈ। ਕਾਨੂੰਨ ਅਤੇ ਨਿਆਂ-ਵਿਵਸਥਾ ਵਿਚ ਲੋਕਾਂ ਦਾ ਵਿਸ਼ਵਾਸ ਉੱਠ ਰਿਹਾ ਹੈ। ਅਜਿਹੇ ਗੀਤਾਂ ਦੀ ਇਕ ਵੰਨਗੀ ਹੈ:
ਕਰਨਾ ਅੱਜ ਕਤਲ ਜੱਟ ਨੇ, ਵੈਰੀ ਜੇ ਟੱਕਰਿਆ
ਪੀਤੀ ਆ ਪਹਿਲੇ ਤੋੜ ਦੀ (ਦੇਸੀ ਦਾਰੂ)।
ਮੰਨਦੇ ਨਾ ਜੱਟ ਫੈਸਲੇ, ਜੱਜਾਂ ਵਕੀਲਾਂ ਦੇ
ਬੁਜ਼ਦਿਲ ਡਰਪੋਕ ਸਹਾਰੇ ਲੈਂਦੇ ਤਹਿਸੀਲਾਂ ਦੇ।
ਗਾਇਕ ਅਜਿਹੇ ਗੀਤ ਗਾ ਕੇ ਨੌਜਵਾਨਾਂ ਨੂੰ ਜੇਲ੍ਹਾਂ ਦਾ ਰਸਤਾ ਦਿਖਾ ਰਹੇ ਹਨ। ਕੀ ਉਹ ਚਾਹੁਣਗੇ ਕਿ ਉਨ੍ਹਾਂ ਦੇ ਬੱਚੇ ਜਾਂ ਪਰਿਵਾਰਕ ਮੈਂਬਰ ਵੀ ਅਜਿਹੀ ਸੋਚ ਦੇ ਧਾਰਨੀ ਹੋਣ? ਪਿਛਲੇ ਦਿਨੀਂ ਇਕ ਹਥਿਆਰਾਂ ਦੀ ਉਸਤਤ ਕਰਨ ਵਾਲੇ ਗੀਤ ਤੋਂ ਪ੍ਰੇਰਿਤ ਹੋ ਕੇ ਦੋ ਸਕੂਲੀ ਬੱਚਿਆਂ ਨੇ ਨਕਲੀ ਹਥਿਆਰ ਹੱਥਾਂ ਵਿਚ ਲੈ ਕੇ ਵੀਡੀਓ ਸੋਸ਼ਲ ਮੀਡੀਆਂ ’ਤੇ ਪਾ ਦਿੱਤੀ। ਉਨ੍ਹਾਂ ਨੇ ਆਪਣੇ ਦੋਸਤ ਨੂੰ ਵੀ ਇਸ ਵੀਡੀਓ ਨੂੰ ਲਾਈਕ ਕਰਨ ਲਈ ਕਿਹਾ ਜਿਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸਤੋਂ ਖਫ਼ਾ ਹੋ ਕੇ ਉਨ੍ਹਾਂ ਆਪਣੇ ਦੋਸਤ ਨੂੰ ਕੁੱਟਿਆ ਅਤੇ ਗੰਭੀਰ ਸੱਟਾਂ ਮਾਰੀਆਂ। ਨੌਜਵਾਨ ਪੀੜ੍ਹੀ ਗਾਇਕਾਂ ਨੂੰ ਆਪਣਾ ਆਦਰਸ਼ ਮੰਨਦੀ ਹੈ। ਉਹ ਉਨ੍ਹਾਂ ਦੀ ਹਰ ਪੱਖੋਂ ਨਕਲ ਕਰਦੇ ਹਨ। ਜੇਕਰ ਕਲਾਕਾਰ ਉਸਾਰੂ ਗੱਲਾਂ ਕਰਨਗੇ ਤਾਂ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲੇਗੀ ਅਤੇ ਉਹ ਦੇਸ਼ ਦਾ ਸਰਮਾਇਆ ਬਣਨਗੇ। ਜੇਕਰ ਕਲਾਕਾਰ ਢਾਹੂ ਗੱਲਾਂ ਕਰਨਗੇ ਤਾਂ ਇਨ੍ਹਾਂ ਦੀ ਨਕਲ ਕਰਨ ਵਾਲੇ ਦੇਸ਼ ਨੂੰ ਢਹਿੰਦੀ ਕਲਾ ਵੱਲ ਲੈ ਜਾਣਗੇ। ਕਿਸੇ ਦਿਨ ਇਨ੍ਹਾਂ ਹਿੰਸਕ ਗੀਤਾਂ ਦੀ ਅੱਗ ਇਨ੍ਹਾਂ ਦੇ ਘਰਾਂ ਦੀ ਦਹਿਲੀਜ਼ ’ਤੇ ਵੀ ਦਸਤਕ ਦੇ ਸਕਦੀ ਹੈ। ਹਥਿਆਰਾਂ ਸਬੰਧੀ ਇਹ ਗਾਇਕ ਤਰਕ ਦਿੰਦੇ ਹਨ ਕਿ ਸਰਕਾਰ ਨੂੰ ਸਾਡੇ ’ਤੇ ਪਾਬੰਦੀ ਲਾਉਣ ਨਾਲੋਂ ਹਥਿਆਰਾਂ ’ਤੇ ਹੀ ਪਾਬੰਦੀ ਲਗਾ ਦੇਣੀ ਚਾਹੀਦੀ ਹੈ।
ਪੇਂਡੂ ਸੱਭਿਆਚਾਰ ਦੀ ਦੁਹਾਈ ਦੇ ਕੇ ਅਤੇ ਸਸਤੀ ਹੋਣ ਦੀ ਦਲੀਲ ਦੇ ਕੇ ਘਰ ਦੀ ਸ਼ਰਾਬ (ਦੇਸੀ ਸ਼ਰਾਬ) ਜਿਸਦੀ ਕਸੀਦ ਕਰਨਾ ਆਬਕਾਰੀ ਕਾਨੂੰਨ ਅਧੀਨ ਜੁਰਮ ਹੈ, ਨੂੰ ਗੀਤਾਂ ਵਿਚ ਵਡਿਆਇਆ ਜਾਂਦਾ ਹੈ। ਜਦੋਂ ਇਨ੍ਹਾਂ ਗਾਇਕਾਂ ਨੂੰ ਅਜਿਹੇ ਗੀਤਾਂ ਬਾਰੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਅਸੀਂ ਸੱਚਾਈ ਬਿਆਨਦੇ ਹਾਂ। ਗੀਤ ਦਾ ਸਬੰਧ ਸਿਰਫ਼ ਗੀਤ ਤਕ ਹੀ ਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਗਾਇਕ ਜੋ ਸਟੇਜ ’ਤੇ ਗਾਉਂਦਾ ਹੈ ਉਹ ਉਸੇ ਤਰ੍ਹਾਂ ਦੀ ਸੋਚ ਵੀ ਰੱਖੇ। ਜੇ ਇਹ ਸਿਰਫ਼ ਗੀਤ ਹੀ ਹੁੰਦਾ ਹੈ ਤਾਂ ਮੈਂ ਅੱਜ ਤਕ ਕੋਈ ਵੀ ਗਾਇਕ ਅਜਿਹਾ ਗੀਤ ਗਾਉਣ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਕਰਦਾ ਨਹੀਂ ਸੁਣਿਆ ਕਿ, ‘ਇਹ ਸਿਰਫ਼ ਗੀਤ ਹੈ। ਮੈਂ ਇਸ ਦੀ ਵਕਾਲਤ ਨਹੀਂ ਕਰਦਾ। ਇਸ ’ਤੇ ਅਮਲ ਨਹੀਂ ਕਰਨਾ।’ ਸ਼ਰਾਬ ਦੇ ਠੇਕਿਆਂ ਅਤੇ ਬੋਤਲਾਂ ’ਤੇ ਵੀ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ। ਜੇ ਸੱਚਾਈ ਬਿਆਨਦੇ ਹੋ ਤਾਂ ਇਹ ਵੀ ਦੱਸੋ ਕਿ ਦੇਸ਼ੀ ਸ਼ਰਾਬ ਕੱਢਣੀ ਜੁਰਮ ਹੈ। ਗਾਇਕ ਅਜਿਹਾ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਸਮਝਦੇ ਹਨ ਕਿ ਅਜਿਹਾ ਕਰਨ ਨਾਲ ਗੀਤ ਦਾ ਤਿੱਖਾਪਣ ਘੱਟ ਜਾਵੇਗਾ। ਜੇਕਰ ਕਰਨਾਟਕ ਦੇ ਪੰਡਤ ਰਾਓ ਜੀ ਜੋ ਚੰਡੀਗੜ੍ਹ ਦੇ ਕਾਲਜ ਵਿਚ ਪ੍ਰੋਫੈਸਰ ਹਨ ਅਜਿਹੇ ਗੀਤਾਂ ਦੇ ਗਾਇਕਾਂ ਨੂੰ ਸਵਾਲ ਕਰਦੇ ਹਨ ਤਾਂ ਇਨ੍ਹਾਂ ਗਾਇਕਾਂ ਦੇ ਪ੍ਰਸੰਸਕ ਉਸਦਾ ਮਜ਼ਾਕ ਉਡਾਉਂਦੇ ਹੋਏ ਉਸਨੂੰ ਕਹਿੰਦੇ ਹਨ ਕਿ ਉਹ ਪਹਿਲਾਂ ਆਪਣਾ ਸੂਬਾ ਤਾਂ ਸੁਧਾਰ ਲੈਣ। ਜੇਕਰ ਪ੍ਰੋ. ਰਾਓ ਸਾਹਿਬ ਪੰਜਾਬ ਨੂੰ ਸੁਧਾਰਨ ਲਈ ਯਤਨਸ਼ੀਲ ਹਨ ਤਾਂ ਸਾਨੂੰ ਉਨ੍ਹਾਂ ਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਹੈ।
ਗੀਤਕਾਰ ਦਾ ਕੰਮ ਸਿਰਫ਼ ਸੱਚਾਈ ਦੱਸਣਾ ਨਹੀਂ ਹੁੰਦਾ, ਬਲਕਿ ਇਸ ਪਿੱਛੇ ਜੋ ਬੁਰਾਈ ਲੁਕੀ ਹੈ ਉਸਨੂੰ ਵੀ ਲੋਕਾਂ ਸਾਹਮਣੇ ਲਿਆ ਕੇ ਉਨ੍ਹਾਂ ਨੂੰ ਸੁਚੇਤ ਕਰਨਾ ਹੁੰਦਾ ਹੈ। ਤੁਸੀਂ ਜੇਕਰ ਕਿਸੇ ਸਮਾਜਿਕ ਸੱਚਾਈ, ਬੁਰਾਈ ਬਾਰੇ ਲਿਖਦੇ ਹੋ ਤਾਂ ਇਸਦਾ ਅੰਤ ਸਿੱਖਿਆਦਾਇਕ ਕਿਉਂ ਨਹੀਂ ਕਰਦੇ? ਕਿੰਨਾ ਚੰਗਾ ਹੁੰਦਾ ਜੇਕਰ ਗੀਤ ‘ਕਰਨਾ ਅੱਜ ਕਤਲ ਜੱਟ ਨੇ’ ਦੇ ਅੰਤ ਵਿਚ ਜੱਟ ਦੀ ਮਾਂ, ਭੈਣ ਜਾਂ ਭਰਾ ਵੱਲੋਂ ਉਸਨੂੰ ਕਤਲ ਦੇ ਖ਼ਤਰਨਾਕ ਸਿੱਟਿਆਂ ਬਾਰੇ ਵੀ ਖ਼ਬਰਦਾਰ ਕਰ ਦਿੱਤਾ ਜਾਂਦਾ, ਜਿਵੇਂ ਮਸ਼ਹੂਰ ਗਾਇਕ ਤੇ ਗੀਤਕਾਰ ਜਸਵੰਤ ਸੰਦੀਲਾ ਕਹਿੰਦਾ ਹੈ ‘ਕਤਲਾਂ ਦੇ ਕੇਸ ਜੇ ਪੈ ਗਏ ਚੁੱਲ੍ਹਿਆਂ ’ਤੇ ਘਾਹ ਉੱਗ ਪੈਣੇ।’ ਸੁੂਫ਼ੀ ਗਾਇਕ ਕੰਵਰ ਗਰੇਵਾਲ ਵੀ ਅਜਿਹੇ ਗਾਇਕਾਂ ਨੂੰ ਸਟੇਜਾਂ ’ਤੇ ਅਕਸਰ ਨਸੀਅਤ ਦਿੰਦੇ ਨਜ਼ਰ ਆਉਂਦੇ ਹਨ ਕਿ ਜੱਟਾਂ ਨੂੰ ਫਾਇਰ ਕਰਦਾ ਦੱਸਣ ਵਾਲੇ ਇਹ ਵੀ ਦੱਸ ਦਿਆ ਕਰਨ ਕੇ ਫਾਇਰ ਕਰਨ ਦੇ ਕਾਨੂੰਨੀ ਸਿੱਟੇ ਕੀ ਹੁੰਦੇ ਹਨ? ਸੁਰਿੰਦਰ ਕੌਰ ਅਤੇ ਆਸਾ ਸਿੰਘ ਮਸਤਾਨਾ ਵੱਲੋਂ ਗਾਇਆ ਗੀਤ ‘ਇਹ ਮੁੰਡਾ ਬੜਾ ਸ਼ਨਿੱਚਰੀ’ ਜਿਸ ਵਿਚ ਜੋਤਸ਼ੀ ਇਕ ਬੱਚੇ ਦੇ ਵਿਗੜੈਲ ਹੋਣ ਦੀ ਭਵਿੱਖਬਾਣੀ ਕਰਦਾ ਹੈ, ਦਾ ਅੰਤ ਵੀ ਸਿੱਖਿਆਦਾਇਕ ਹੈ:
‘ਓ ਭਟਕੇ ਹੋਏ ਜਵਾਨੋਂ, ਇਹ ਕੀ ਫੜਲੇ ਚਾਲੇ ਹੋਸ਼ ਕਰੋ,
ਚੰਨ ਤੀਕਰ ਵੀ ਜਾ ਪਹੁੰਚੇ ਨੇ ਅੱਜ ਦੁਨੀਆਂ ਵਾਲੇ, ਹੋਸ਼ ਕਰੋ।
ਸਹੁੰ ਭਗਤ ਸਿੰਘ ਦੀ ਖਾ ਕੇ ਤੇ ਬਸ ਏਨਾ ਈ ਅੱਜ ਕਹਿਣਾ ਏ,
ਨਾ ਰੋਲੋ ਏਸ ਜਵਾਨੀ ਨੂੰ ਇਹ ਭਾਰਤ ਮਾਂ ਦਾ ਗਹਿਣਾ ਏ।
ਸਮੱਸਿਆ ਦੇ ਸਥਾਈ ਹੱਲ ਲਈ ਜ਼ਰੂਰੀ ਹੈ ਕਿ ਅਸੀਂ ਖ਼ੁਦ ਵੀ ਜਾਗਰੂਕ ਹੋਈਏ, ਆਪਣੀ ਸੋਚ ਬਦਲੀਏ, ਲੀਹੋਂ ਲੱਥੇ ਗਾਇਕਾਂ ਤੋਂ ਫਾਸਲਾ ਬਣਾਈਏ ਅਤੇ ਚੰਗਿਆਂ ਦੇ ਨੇੜੇ ਜਾਈਏ। ਜਦੋਂ ਇਨ੍ਹਾਂ ਨੂੰ ਕੋਈ ਸੁਣਨ ਵਾਲਾ ਨਹੀਂ ਲੱਭੇਗਾ ਤਾਂ ਗੀਤਕਾਰੀ ਅਤੇ ਗਾਇਕੀ ਵਿਚ ਆਪੇ ਗੁਣਵੱਤਾ ਆਵੇਗੀ। ਸੀਨੀਅਰ ਵਕੀਲ ਐੱਚ.ਸੀ. ਅਰੋੜਾ ਵੱਲੋਂ ਦਾਇਰ ਕੀਤੀ ਇਕ ਜਨਹਿੱਤ ਪਟੀਸ਼ਨ ਦਾ ਫ਼ੈਸਲਾ ਸੁਣਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੀ.ਜੀ.ਪੀ. ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਦਿਸ਼ਾ ਨਿਰਦੇਸ਼ ਦਿੱਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਥਿਆਰਾਂ, ਹਿੰਸਾ, ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਾ ਵੱਜਣ। ਸੂਬਾ ਸਰਕਾਰ ਵੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਹਰਕਤ ਵਿਚ ਆਈ ਹੈ। ਸਰਕਾਰਾਂ ਗਾਇਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਡਰਦੀਆਂ ਹਨ ਕਿਉਂਕਿ ਨੌਜੁਆਨ ਤਬਕਾ ਇਨ੍ਹਾਂ ਦਾ ਅੰਨ੍ਹਾ ਪ੍ਰਸੰਸਕ ਹੁੰਦਾ ਹੈ। ਇਸ ਲਈ ਸਮਾਜ ਦੇ ਕਿਸੇ ਵਰਗ ਦੀ ਨਾਰਾਜ਼ਗੀ ਕੋਈ ਵੀ ਸਰਕਾਰ ਮੁੱਲ ਲੈਣਾ ਨਹੀਂ ਚਾਹੁੰਦੀ। 1860 ਵਿਚ ਅੰਗਰੇਜ਼ਾਂ ਸਮੇਂ ਬਣੀ ਭਾਰਤੀ ਦੰਡ ਸੰਘਤਾ ਵਿਚ ਮੌਜੂਦਾ ਸਥਿਤੀ ਨਾਲ ਨਿਪਟਣ ਲਈ ਕਾਰਗਰ ਧਾਰਾਵਾਂ ਨਹੀਂ। ਜੇਕਰ ਸੁੂਬਾ ਸਰਕਾਰ ਵਿਚ ਇੱਛਾ ਸ਼ਕਤੀ ਹੈ ਕਿ ਸਮਾਜ ਗੰਧਲਾਉਣ ਵਾਲੀ ਗੀਤਕਾਰੀ ਅਤੇ ਗਾਇਕੀ ’ਤੇ ਨੱਥ ਪਾਉਣੀ ਹੈ ਤਾਂ ਆਈ. ਪੀ.ਸੀ. ਵਿਚ ਢੁਕਵੀਂਆਂ ਧਾਰਾਵਾਂ ਜੋੜਨ ਲਈ ਨਵਾਂ ਬਿੱਲ ਲਿਆਂਦਾ ਜਾ ਸਕਦਾ ਹੈ। ਜੇਕਰ ਸਰਕਾਰ ਦੇ ਕਾਨੂੰਨੀ ਮਾਹਿਰ ਮਹਿਸੂਸ ਕਰਦੇ ਹਨ ਤਾਂ ਸਪੈਸ਼ਲ ਐਕਟ ਵੀ ਲਿਆਂਦਾ ਜਾ ਸਕਦਾ ਹੈ। ਸਰਕਾਰ ਕੋਲ ਤੀਜਾ ਬਦਲ ਇਹ ਵੀ ਹੈ ਕਿ ਕਿਸੇ ਸ਼ਕਤੀਸ਼ਾਲੀ ਸੈਂਸਰ ਬੋਰਡ ਦਾ ਗਠਨ ਕਰੇ ਜਿਸ ਵਿਚ ਉੱਘੇ ਸਾਹਿਤਕਾਰ ਅਤੇ ਭਾਸ਼ਾ ਪ੍ਰੇਮੀ ਹੋਣ।
ਸੰਪਰਕ : 95924-88028


Comments Off on ਸਮਾਜ ਨੂੰ ਸੇਧ ਦੇਣ ਗਾਇਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.