ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ

Posted On February - 19 - 2020

ਮੰਦਿਰ ਦੇ ਬਾਹਰ ਭਗਵਾਨ ਸ਼ਿਵ ਦੀ 50 ਫੁੱਟ ਉੱਚੀ ਮੂਰਤੀ ਅਤੇ ਅੰਦਲਰਾ ਪ੍ਰਾਚੀਨ ਸ਼ਿਵਲਿੰਗ।

21 ਫਰਵਰੀ ਨੂੰ ਮਹਾਸ਼ਿਵਰਾਤਰੀ ’ਤੇ ਵਿਸ਼ੇਸ਼

ਭਗਵਾਨ ਦਾਸ ਸੰਦਲ
ਭਗਵਾਨ ਸ਼ੰਕਰ ਦੇ ਪਵਿੱਤਰ ਅਸਥਾਨਾਂ ’ਚੋਂ ਸਹੋੜਾ ਕੰਢੀ (ਦਸੂਹਾ) ਦੇ ਪ੍ਰਾਚੀਨ ਸ਼ਿਵ ਮੰਦਿਰ ‘ਗਗਨ ਜੀ ਦਾ ਟਿੱਲਾ’ ਦਾ ਆਪਣਾ ਵੱਖਰਾ ਮਹੱਤਵ ਹੈ। ਇਹ ਦਸੂਹਾ ਤੋਂ ਕਰੀਬ 15 ਕਿਲੋਮੀਟਰ ਦੂਰ ਚੱੜ੍ਹਦੇ ਪਾਸੇ ਵੱਲ ਹਾਜ਼ੀਪੁਰ ਰੋਡ ’ਤੇ ਪਿੰਡ ਸਹੋੜਾ ਕੰਢੀ ਦੀਆਂ ਸ਼ਿਵਾਲਿਕ ਪਹਾੜੀਆਂ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਹੈ। ਸ਼ਿਵਰਾਤਰੀ ਅਤੇ ਸਾਉਣ ਦੇ ਮਹੀਨੇ ਇੱਥੇ ਸ਼ਰਧਾਲੂਆਂ ਦੀ ਭਾਰੀ ਆਮਦ ਹੁੰਦੀ ਹੈ। ਮਾਨਤਾ ਹੈ ਕਿ ਇਹ ਪ੍ਰਾਚੀਨ ਮੰਦਿਰ ਪਾਂਡਵ ਕਾਲ ਤੋਂ ਹੋਂਦ ਵਿਚ ਆਇਆ ਸੀ। ਪਾਂਡਵਾਂ ਦੇ ਅਗਿਆਤਵਾਸ ਕੱਟਣ ਤੋਂ ਪਹਿਲਾਂ ਭਗਵਾਨ ਸ੍ਰੀ ਕਿਸ਼ਨ ਨੇ ਪਾਂਡਵਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਪਹਿਲਾਂ ਕਿਸੇ ਸ਼ਾਂਤ ਇਲਾਕੇ ਦੀ ਭਾਲ ਕਰ ਕੇ ਉੱਥੇ ਭਗਵਾਨ ਸ਼ੰਕਰ ਦੀ ਅਰਾਧਨਾ ਕਰਨ। ਕ੍ਰਿਸ਼ਨ ਜੀ ਦੇ ਆਦੇਸ਼ ਮੁਤਾਬਕ ਜਦੋਂ ਪਾਂਡਵ ਦਰੋਪਤੀ ਸਮੇਤ ਦਸੂਹਾ ਦੇ ਪਿੰਡ ਸਹੌੜਾ ਕੰਢੀ ਦੀਆਂ ਪਹਾੜੀਆਂ ’ਚ ਪੁੱਜੇ ਤਾਂ ਇੱਥੇ ਦੇ ਸਭ ਤੋਂ ਉੱਚੇ ਪਹਾੜ ’ਤੇ ਸ਼ਿਵਲਿੰਗ ਸਥਾਪਿਤ ਕਰ ਕੇ ਉਨਾਂ ਭਗਵਾਨ ਸ਼ੰਕਰ ਦੀ ਅਰਾਧਨਾ ਕੀਤੀ। ਸ਼ੰਕਰ ਭਗਵਾਨ ਨੇ ਪਾਂਡਵਾਂ ਦੀ ਭਗਤੀ ਤੋਂ ਖੁਸ਼ ਹੋ ਕੇ ਪਾਂਡਵਾਂ ਨੂੰ ਦਰਸ਼ਨ ਦਿੱਤੇ ਅਤੇ ਇਕ ਅਲੌਕਿਕ ਸ਼ਿਵਲਿੰਗ ਦੇ ਕੇ ਵਰਦਾਨ ਦਿੱਤਾ ਕਿ ਇਹ ਸ਼ਿਵਲਿੰਗ ਜੁਗੋ-ਜੁੱਗ ਅਟੱਲ ਰਹੇਗਾ। ਜੋ ਵੀ ਪ੍ਰਾਣੀ ਇੱਥੇ ਸੱਚੇ ਮਨ ਅਤੇ ਸ਼ਰਧਾ ਨਾਲ ਪੂਜਾ ਕਰੇਗਾ, ਉਨ੍ਹਾਂ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਇਸੇ ਜਗ੍ਹਾ ’ਤੇ ਅੱਜ ਹਰੇ-ਭਰੇ ਜੰਗਲਾਂ ਨਾਲ ਘਿਰੀਆਂ ਪਹਾੜੀਆਂ ਵਿਚਕਾਰ ਸੁੰਦਰ ਮੰਦਿਰ ਦੀ ਇਮਾਰਤ ਸੁਸ਼ੋਭਿਤ ਹੈ। ਇਸ ਮਗਰੋਂ ਪਾਂਡਵ ਦਰੋਪਤੀ ਸਮੇਤ ਅਗਿਆਤਵਾਸ ਸ਼ੁਰੂ ਕਰਨ ਲਈ ਭੇਸ ਬਦਲ ਕੇ ਦਸੂਹਾ ਨਗਰੀ (ਉਸ ਵੇਲੇ ਰਾਜਾ ਵਿਰਾਟ ਦੀ ਨਗਰੀ) ਦੇ ਰਾਜਾ ਵਿਰਾਟ ਦੇ ਰਾਜ ਮਹਿਲ ਵਿਚ ਨੌਕਰ ਬਣ ਕੇ ਰਹੇ। ਇਸ ਦੌਰਾਨ ਹਰੇਕ ਪੂਰਨਮਾਸ਼ੀ ਦੇ ਦਿਨ ਪਾਂਡਵ ਭੇਸ ਬਦਲ ਕੇ ਇਸ ਪਹਾੜੀ ’ਤੇ ਭਗਵਾਨ ਸ਼ਿਵ ਵੱਲੋਂ ਦਿੱਤੇ ਸ਼ਿਵਲਿੰਗ ਦੀ ਪੂਜਾ ਕਰਦੇ। ਕਿਹਾ ਜਾਂਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਇਕ ਰਾਜਾ ਨੂੰ ਔਲਾਦ ਦੀ ਦਾਤ ਇਸੇ ਸ਼ਿਵਲਿੰਗ ਦੀ ਪੂਜਾ ਮਗਰੋਂ ਹੋਈ, ਜਿਸ ਦਾ ਨਾਂ ਗਗਨ ਰੱਖਿਆ ਗਿਆ। ਉਸ ਦਿਨ ਤੋਂ ਇਹ ਮੰਦਿਰ ਗਗਨ ਜੀ ਦੇ ਟਿੱਲੇ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।
ਮੰਦਿਰ ਦੇ ਨੇੜੇ ਹੀ ਕਰੀਬ 50 ਫੁੱਟ ਉੱਚੀ ਭਗਵਾਨ ਸ਼ਿਵ ਦੀ ਮੂਰਤੀ ਸਥਾਪਿਤ ਹੈ, ਜਿਸ ਦੇ ਥੱਲੇ ਇਕ ਗੁਫਾ ਬਣਾਈ ਗਈ ਹੈ। ਮਹਾਂ ਸ਼ਿਵਰਾਤਰੀ ਵਾਲੇ ਦਿਨ ਅਤੇ ਸਾਉਣ ਮਹੀਨੇ ਇਥੇ ਮੇਲਾ ਭਰਦਾ ਹੈ। ਰਾਤ ਨੂੰ ਹੀ ਸ਼ਿਵ ਭਗਤਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਮੰਦਿਰ ਦੇ ਪ੍ਰਬੰਧ ਲਈ ਕਮੇਟੀ ਬਣਾਈ ਗਈ ਹੈ, ਜੋ ਸਾਉਣ ਮਹੀਨੇ ਸ਼ਿਵ ਭਗਤਾਂ ਲਈ 40 ਰੋਜ਼ਾ ਦਸੂਹਾ, ਮੁਕੇਰੀਆਂ, ਹਾਜ਼ੀਪੁਰ ਤੋ ਮੰਦਿਰ ਤੱਕ ਸ਼ਰਧਾਲੂਆਂ ਲਈ ਮੁਫਤ ਯਾਤਰਾ ਦਾ ਪ੍ਰਬੰਧ ਕਰਦੀ ਹੈ। ਮੰਦਿਰ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਮੰਦਿਰ ਤੱਕ ਪੁੱਜਣ ਲਈ ਸ਼ਰਧਾਲੂਆਂ ਨੂੰ ਕਰੀਬ 750 ਪੌੜੀਆਂ ਚੱੜ੍ਹ ਕੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਹੁੰਦੇ ਹਨ। ਇਥੇ ਕੰਜਕਾਂ ਲਈ ਪਿੱਪਲਾਂ ’ਤੇ ਪਈਆਂ ਪੀਘਾਂ ਝੂਟਣ ਦਾ ਨਜ਼ਾਰਾ ਵੀ ਦੇਖਦਿਆਂ ਹੀ ਬਣਦਾ ਹੈ। ਆਪਣੇ ਇਤਿਹਾਸਕ ਮਹੱਤਵ ਅਤੇ ਪ੍ਰਾਚੀਨਤਾ ਕਾਰਨ ਇਹ ਮੰਦਿਰ ਦੇਸ਼ਾਂ-ਵਿਦੇਸ਼ਾਂ ਦੇ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਬਣ ਗਿਆ ਹੈ।
ਸੰਪਰਕ: 98034-91000


Comments Off on ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.